-0.5 C
Vancouver
Sunday, January 19, 2025

ਬੀ.ਸੀ. ਚੋਣਾਂ ਤੋਂ ਪਹਿਲਾਂ ਓਵਰਡੋਜ਼ ਨਸ਼ਿਆਂ ਦੇ ਮੁੱਦੇ ਪਾਰਟੀਆਂ ਦੇ ਪੇਸ਼ ਕੀਤੀਆਂ ਆਪਣੀਆਂ ਨੀਤੀਆਂ

ਸਰੀ, (ਸਿਮਰਨਜੀਤ ਸਿੰਘ): 19 ਅਕਤੂਬਰ ਨੂੰ ਹੋਣ ਵਾਲੀਆਂ ਬੀ.ਸੀ. ਚੋਣਾਂ ਲਈ ਗਿਣਤੀ ਦੇ ਦਿਨ ਬਾਕੀ ਹਨ ਅਤੇ ਵੱਖ ਵੱਖ ਪਾਰਟੀਆਂ ਵਲੋਂ ਵੋਟਰਾਂ ਨੂੰ ਲੁਭਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਰ ਪਾਰਟੀ ਵਲੋਂ ਆਪਣੀਆਂ ਨਵੀਆਂ ਨਵੀਆਂ ਨੀਤੀਆਂ ਦਾ ਐਲਾਨ ਕੀਤਾ ਜਾ ਰਿਹਾ ਹੈ। ਇਸ ਦੇ ਚਲਦੇ ਇਸ ਸਮੇਂ ਲੋਅਰਮੇਨ ਲੈਂਡ ‘ਚ ਸਭ ਤੋਂ ਸਰਗਰਮ ਮੁੱਦਾ ਹੈ ਨਸ਼ਿਆਂ ਦੀ ਓਵਰਡੋਜ਼ ਨਾਲ ਹੋ ਰਹੀਆਂ ਮੌਤਾਂ ਦਾ। ਬੀ.ਸੀ. ਸੂਬੇ ‘ਚ ਚੋਣ ਲੜ੍ਹ ਰਹੀਆਂ ਤਿੰਨ ਮੁੱਖ ਸਿਆਸੀ ਪਾਰਟੀਆਂ૷ਬੀ.ਸੀ. ਨਿਊ ਡੈਮੋਕ੍ਰੈਟਿਕ ਪਾਰਟੀ, ਬੀ.ਸੀ. ਕੰਜ਼ਰਵੇਟਿਵ ਪਾਰਟੀ ਅਤੇ ਬੀ.ਸੀ. ਗ੍ਰੀਨ ਪਾਰਟੀ ਦੇ ਪ੍ਰਤੀਨਿਧੀਆਂ ਨੇ ਇਸ ਮੁੱਦੇ ਨੂੰ ਲੈ ਕੇ ਸਰਗਰਮੀ ਨਾਲ ਆਪਣੀਆਂ ਨੀਤੀਆਂ ਐਲਾਨੀਆਂ ਹਨ ਪਰ ਹੁਣ ਵੇਖਣਾ ਹੋਵੇਗਾ ਕਿ ਲੋਕ ਕਿਸ ਪਾਰਟੀ ਨਾਲ ਆਪਣੀ ਸਹਿਮਤੀ ਪ੍ਰਗਟਾਉਂਦੇ ਹਨ।
ਜ਼ਿਕਰਯੋਗ ਹੈ ਕਿ ਬ੍ਰਿਟਿਸ਼ ਕੋਲੰਬੀਆ ਵਿੱਚ 10 ਤੋਂ 59 ਸਾਲ ਦੀ ਉਮਰ ਦੇ ਲੋਕਾਂ ਦੀ ਗਿਣਤੀ ਨਸ਼ੇ ਦੀ ਵਰਤੋਂ ਕਰਨ ਅਤੇ ਇਸ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ‘ਚ ਆਉਣ ਲੱਗੀ ਹੈ। ਸੂਬੇ ਵਿੱਚ 2023 ਵਿੱਚ 2,511 ਤੋਂ ਵੱਧ ਲੋਕਾਂ ਦੀ ਮੌਤ ਨਸ਼ਿਆਂ ਦੀ ਓਵਰਡੋਜ਼ ਨਾਲ ਹੋਈ ਜਿਸ ਵਿੱਚ ਮੁੱਖ ਤੌਰ ‘ਤੇ ਸਭ ਤੋਂ ਖਤਰਨਾਕ ਫੈਂਟੇਨਲ ਪਰਦਾਥ ਮੁੱਖ ਕਰਨ ਮੰਨਿਆ ਗਿਆ।
ਸਰੀ ਵਿੱਚ ਸਿਰਫ 2024 ਦੇ ਪਹਿਲੇ ਸੱਤ ਮਹੀਨਿਆਂ ਵਿੱਚ 130 ਤੋਂ ਵੱਧ ਲੋਕਾਂ ਦੀ ਮੌਤ ਹੋ ਚੁਕੀ
ਹੈ, ਜੋ ਸੂਬੇ ਵਿੱਚ ਵੈਨਕੂਵਰ ਤੋਂ ਬਾਅਦ ਦੂਜੇ ਸਥਾਨ ‘ਤੇ ਹੈ। ਇਸੇ ਦੇ ਚਲਦੇ ਸਾਰੀਆਂ ਮੁੱਖ ਪਾਰਟੀਆਂ ਨੇ ਸਹਿਮਤੀ ਜਤਾਈ ਕਿ ਇਹ ਇੱਕ ਗੰਭੀਰ ਸਮੱਸਿਆ ਹੈ ਜੋ ਲਗਾਤਾਰ ਵੱਧ ਰਹੀ ਹੈ।
ਸਰੀ-ਸਰਪੈਂਟੀਨ ਰਿਵਰ ਤੋਂ ਐਨ.ਡੀ.ਪੀ. ਦੇ ਉਮੀਦਵਾਰ, ਬਲਤੇਜ ਸਿੰਘ ਢਿੱਲੋਂ ਨੇ ਕਿਹਾ ਕਿ ਇਹ ਡਰੱਗ ਸੰਕਟ ਕ੍ਰਿਮਿਨਲ ਸਮੱਸਿਆ ਨਹੀਂ ਹੈ, ਸਗੋਂ ਇਹ ਸਿਹਤ ਦਾ ਮਸਲਾ ਹੈ। ਐਨ.ਡੀ.ਪੀ. ਨੇ 650 ਇਲਾਜ ਬੈੱਡਾਂ ਦਾ ਪ੍ਰਬੰਧ ਕੀਤਾ ਹੈ ਅਤੇ ਹੋਰ ਇਲਾਜ ਕੇਂਦਰ ਖੋਲ੍ਹੇ ਜਾਣਗੇ, ਜਿੱਥੇ ਲੋਕਾਂ ਨੂੰ ਸੁਰੱਖਿਅਤ ਡਰੱਗ ਮਿਲ ਸਕਦੀ ਹੈ।
ਢਿੱਲੋਂ ਨੇ ਇਸ ਗੱਲ ਦੀ ਵਿਰੋਧਤਾ ਕੀਤੀ ਕਿ ਸੁਰੱਖਿਅਤ ਖਪਤ ਸਥਾਨਾਂ ਨੂੰ ਬੰਦ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ, “ਸਾਨੂੰ ਇਲਾਜ ਲਈ ਲੋਕਾਂ ਨੂੰ ਕੇਂਦਰਾਂ ਵਿੱਚ ਲਿਜਾਣਾ ਹੈ ਅਤੇ ਉਹਨਾਂ ਦੀ ਮਦਦ ਕਰਨੀ ਹੈ ਤਾਂ ਜੋ ਉਹ ਬਚ ਸਕਣ ਅਤੇ ਠੀਕ ਹੋ ਸਕਣ।”
ਗ੍ਰੀਨ ਪਾਰਟੀ ਨੇ ਇੱਕ ਸਬੂਤ-ਆਧਾਰਿਤ ਯੋਜਨਾ ਪੇਸ਼ ਕੀਤੀ ਹੈ ਜੋ ਸੁਰੱਖਿਅਤ ਡਰੱਗ ਸਪਲਾਈ ਪ੍ਰੋਗਰਾਮਾਂ ਨੂੰ ਵਧਾਉਣ ਅਤੇ ਸੁਰੱਖਿਅਤ ਵਿਕਲਪਾਂ ਲਈ ਪਹੁੰਚ ਲਈ ਨਵੇਂ ਮਾਡਲਾਂ ‘ਤੇ ਕੇਂਦ੍ਰਿਤ ਹੈ। ਗ੍ਰੀਨ ਪਾਰਟੀ ਦੀ ਆਗੂ ਸੋਨਿਆ ਫਰਸਟਿਨਾਓ ਦਾ ਕਹਿਣਾ ਹੈ ਕਿ ਸਰਕਾਰ ਨੂੰ ਲੋਕਾਂ ਦੀਆਂ ਜਾਨਾਂ ਬਚਾਉਣ ‘ਤੇ ਧਿਆਨ ਦੇਣਾ ਚਾਹੀਦਾ ਹੈ, ਨਾਂਕਿ ਨਸ਼ਾ ਕਰਨ ਵਾਲਿਆਂ ਨੂੰ ਅਪਮਾਨਤ ਕਰਨ ‘ਤੇ ।
ਉਧਰ ਸਰੀ-ਕਲੋਵਰਡੇਲ ਤੋਂ ਬੀ.ਸੀ. ਕੰਜ਼ਰਵੇਟਿਵ ਪਾਰਟੀ ਉਮੀਦਵਾਰ, ਐਲਿਨੋਰ ਸਟੁਰਕੋ ਨੇ ਕਿਹਾ ਕਿ ਇਹ ਸਿਹਤ ਦੀ ਸਮੱਸਿਆ ਕਾਫੀ ਵਡੀ ਬਣ ਰਹੀ ਹੈ, ਪਰ ਉਹ ਨਸ਼ੇ ਦੀ ਵਰਤੋਂ ਲਈ ਕ੍ਰਿਮਿਨਲ ਨਿਆਂ ਪ੍ਰਣਾਲੀ ਵਿੱਚ ਕੁਝ ਬਦਲਾਅ ਲਿਆਉਣਗੇ। ਉਨ੍ਹਾਂ ਇਹ ਵੀ ਕਿਹਾ ਕਿ ਸੁਰੱਖਿਅਤ ਡਰੱਗ ਸਪਲਾਈ ਦੀ ਕੋਈ ਗੱਲ ਨਹੀਂ ਹੈ, ਕਿਉਂਕਿ ਹਰੇਕ ਡਰੱਗ ਖ਼ਤਰਨਾਕ ਹੋ ਸਕਦਾ ਹੈ।
ਸਟੁਰਕੋ ਨੇ ਸਿੱਖਿਆ ਦੀ ਘਾਟ ਬਾਰੇ ਵੀ ਚਿੰਤਾ ਜਤਾਈ, ਕਿਉਂਕਿ ਬਹੁਤ ਘੱਟ ਲੋਕਾਂ ਨੂੰ ਸਚਾਈ ਬਾਰੇ ਜਾਣਕਾਰੀ ਮਿਲਦੀ ਹੈ। ਉਹ ਇਸ ਮੰਨਦੇ ਹਨ ਕਿ ਲੋਕਾਂ ਨੂੰ ਨਸ਼ਿਆਂ ਦੀ ਵਰਤੋਂ ਦੇ ਖ਼ਤਰੇ ਬਾਰੇ ਸੂਚਿਤ ਕਰਨਾ ਜ਼ਰੂਰੀ ਹੈ।
ਢਿੱਲੋਂ ਨੇ ਕਿਹਾ ਕਿ ਐਨ.ਡੀ.ਪੀ. ਲੋਕਾਂ ਨੂੰ ਮਦਦ ਦੇਣ ਦੇ ਰਾਹ ‘ਤੇ ਤਿਆਰ ਹੈ, ਪਰ ਉਸੇ ਨਾਲ ਅਪਾਧਿਕ ਗਿਰੋਹਾਂ ਵਿਰੁੱਧ ਵੀ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।

Related Articles

Latest Articles