5.8 C
Vancouver
Sunday, November 24, 2024

ਭਾਬੀ ਦੇ ਕਤਲ ਦੇ ਦੋਸ਼ ‘ਚ ਸਰੀ ਦੇ ਹਰਪ੍ਰੀਤ ਸਿੰਘ ਨੂੰ 10 ਸਾਲ ਦੀ ਕੈਦ

 

ਸਰੀ, (ਸਿਮਰਨਜੀਤ ਸਿੰਘ): ਸਰੀ ਦੇ ਰਹਿਣ ਵਾਲੇ 39 ਸਾਲਾ ਹਰਪ੍ਰੀਤ ਸਿੰਘ ਨੂੰ ਆਪਣੀ ਭਾਬੀ ਬਲਜੀਤ ਕੌਰ ਦਾ ਕਤਲ ਕਰਨ ਅਤੇ ਉਸ ਦੀ 2 ਸਾਲ ਦੀ ਬੇਟੀ ਅਤੇ 72 ਸਾਲ ਦੇ ਸਹੁਰੇ ਨੂੰ ਛੁਰੀਆਂ ਨਾਲ ਜ਼ਖ਼ਮੀ ਕਰਨ ਦੇ ਮਾਮਲੇ ‘ਚ ਦੋਸ਼ੀ ਕਰਾਰ ਦਿੱਤਾ ਗਿਆ ਹੈ। ਹਰਪ੍ਰੀਤ ਸਿੰਘ ਨੇ ਅਪਰਾਧ ਦੀ ਪੂਰੀ ਜ਼ਿੰਮੇਵਾਰੀ ਕਬੂਲ ਕੀਤੀ ਹੈ ਜਿਸ ਦੇ ਦੋਸ਼ ਵਿੱਚ ਉਸਨੂੰ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਹਰਪ੍ਰੀਤ ਸਿੰਘ ਨੂੰ ਇਸ ਮਾਮਲੇ ਵਿੱਚ ਸਾਲ 2020 ਵਿੱਚ ਗ੍ਰਿਫਤਾਰੀ ਤੋਂ ਬਾਅਦ ਤੋਂ ਹੀ ਹਿਰਾਸਤ ਵਿੱਚ ਰੱਖਿਆ ਗਿਆ ਸੀ। ਸਜ਼ਾ ਵਿੱਚ ਸਮੇਂ ਦੀ ਕ੍ਰੈਡਿਟ ਦੇਣ ਤੋਂ ਬਾਅਦ, ਉਸਦੀ ਬਾਕੀ ਰਹਿ ਜਾਣ ਵਾਲੀ ਕੈਦ ਦਾ ਸਮਾਂ 4 ਸਾਲ ਅਤੇ 15 ਦਿਨ ਉਹ ਜੇਲ੍ਹ ‘ਚ ਗੁਜ਼ਾਰੇਗਾ। ਜਾਣਕਾਰੀ ਅਨੁਸਾਰ ਇਹ ਘਟਨਾ 20 ਅਕਤੂਬਰ, 2020 ਨੂੰ ਸਰੀ ਦੇ ਨਿਊਟਨ ਇਲਾਕੇ ਦੇ 12700-ਬਲਾਕ 66 ਐਵੇਨਿਊ ‘ਚ ਇਕ ਟਾਊਨਹਾਊਸ ਵਿੱਚ ਵਾਪਰੀ । ਹਰਪ੍ਰੀਤ ਸਿੰਘ ਨੇ ਬਲਜੀਤ ਕੌਰ ‘ਤੇ ਕਈ ਵਾਰ ਛੁਰੀ ਨਾਲ ਹਮਲਾ ਕੀਤਾ ਇਸ ਸਮੇਂ ਬਲਜਤਿ ਕੌਰ ਦੀ 2 ਸਾਲ ਦੀ ਬੇਟੀ ਵੀ ਉਸ ਦੀ ਗੋਦ ਵਿੱਚ ਹੀ ਸੀ । ਹਮਲੇ ਤੋਂ ਬਾਅਦ ਗੰਭੀਰ ਰੂਪ ਨਾਲ ਜ਼ਖਮੀ ਹੋਈ ਬਲਜੀਤ ਕੌਰ ਨੂੰ ਜਦੋਂ ਹਸਪਤਾਲ ਲਿਜਾਇਆ ਗਿਆ ਤਾਂ ਉਥੇ ਉਸ ਦੀ ਮੌਤ ਹੋ ਗਈ।
ਅਦਾਲਤੀ ਕਾਰਵਾਈ ਦੌਰਾਨ ਹਰਪ੍ਰੀਤ ਸਿੰਘ ‘ਤੇ ਬਲਜੀਤ ਕੌਰ ਦੇ ਕਤਲ ਲਈ ਦੂਜੇ ਦਰਜੇ ਦੇ ਕਤਲ ਦਾ ਦੋਸ਼ ਲਾਇਆ ਗਿਆ ਸੀ। ਬ੍ਰਿਟਿਸ਼ ਕੋਲੰਬੀਆ ਦੀ ਸੂਪਰੀਮ ਕੋਰਟ ਦੇ ਨਿਊ ਵੈਸਟਮਿੰਸਟਰ ਅਦਾਲਤ ਵਿੱਚ 9 ਅਕਤੂਬਰ ਨੂੰ ਹਰਪ੍ਰੀਤ ਸਿੰਘ ਨੂੰ ਸਜ਼ਾ ਸੁਣਾਈ ਗਈ। ਹਰਪ੍ਰੀਤ ਸਿੰਘ ਨੇ ਹਮਲੇ ਤੋਂ ਕਰੀਬ 4 ਸਾਲ ਬਾਅਦ ਦੋਸ਼ ਕਬੂਲੇ ਹਨ। ਅਦਾਲਤ ਨੂੰ ਦੱਸਿਆ ਗਿਆ ਕਿ ਹਰਪ੍ਰੀਤ ਸਿੰਘ 2018 ਵਿੱਚ ਆਪਣੇ ਵਿਆਹ ਦੇ ਟੁੱਟਣ ਤੋਂ ਬਾਅਦ ਅਕਸਰ ਗੁੱਸੇ ਵਿੱਚ ਆ ਜਾਂਦਾ ਸੀ ਅਤੇ ਉਸ ਨੂੰ ਕਈ ਵਾਰ ਬਲਜੀਤ ਕੌਰ ਨੂੰ ਮਾਰਨ ਦੀ ਧਮਕੀ ਦੇ ਚੁੱਕਾ ਸੀ। ਜ਼ਿਕਰਯੋਗ ਹੈ ਕਿ ਸਜ਼ਾ ਪੂਰੀ ਹੋਣ ਤੋਂ ਬਾਅਦ ਉਸ ਨੂੰ ਕੈਨੇਡਾ ਤੋਂ ਡਿਪੋਰਟ ਕੀਤਾ ਜਾ ਸਕਦਾ ਹੈ। ਜਾਣਕਾਰੀ ਅਨੁਸਾਰ ਉਸ ਨੂੰ ਭਾਰਤ ਜਾਂ ਅਸਟ੍ਰੇਲੀਆ ਭੇਜਣ ਦੀ ਸੰਭਾਵਨਾ ਹੈ ਕਿਉਂਕਿ ਉਸ ਕੋਲ ਇਨ੍ਹਾਂ ਦੋਵੇਂ ਦੇਸ਼ਾਂ ਦੀ ਨਗਾਰਿਕਤਾ ਹੈ।

Related Articles

Latest Articles