1.4 C
Vancouver
Saturday, January 18, 2025

ਸਿਹਤ ਖੇਤਰ ਵਿੱਚ ਫਾਰਮਾਸਿਸਟ ਚੁਣੌਤੀਆਂ ਅਤੇ ਮੌਕੇ

ਲੇਖਕ : ਡਾ. ਤੇਜਵੀਰ ਕੌਰ, ਸੰਪਰਕ: 95019-88700
ਫਾਰਮਾਸਿਸਟ ਸਿਹਤ ਸੇਵਾਵਾਂ ਵਿੱਚ ਮਹੱਤਵਪੂਰਨ ਕੜੀ ਹਨ ਜੋ ਡਾਕਟਰਾਂ ਅਤੇ ਮਰੀਜ਼ਾਂ ਦਰਮਿਆਨ ਸੰਚਾਰ ਸੇਤੂ ਬਣਾਉਂਦੇ ਹਨ। ਭਾਰਤ ਵਿੱਚ ਸਿਹਤ ਸਮੱਸਿਆਵਾਂ ਦੇ ਹੱਲ ਵਿੱਚ ਫਾਰਮਾਸਿਸਟ ਦਾ ਅਹਿਮ ਯੋਗਦਾਨ ਹੈ। ਦਵਾਈਆਂ ਦੀ ਵਰਤੋਂ ਤੋਂ ਲੈ ਕੇ ਮਰੀਜ਼ਾਂ ਦੀ ਸਿਹਤ ਦੇ ਪ੍ਰਬੰਧਨ ਤੱਕ ਫਾਰਮਾਸਿਸਟ ਆਪਣੇ ਕੰਮ ਦੇ ਨਾਲ-ਨਾਲ ਸਿਹਤ ਸੇਵਾਵਾਂ ਵਿੱਚ ਵੱਡੇ ਸੁਧਾਰ ਲਿਆ ਸਕਦੇ ਹਨ।
ਫਾਰਮਾਸਿਸਟਾਂ ਦਾ ਪਹਿਲਾ ਕੰਮ ਦਵਾਈਆਂ ਦੇ ਸਹੀ ਵਰਤੋਂ ਵਿੱਚ ਸਹਾਇਕ ਹੋਣਾ ਹੈ। ਵਿਸ਼ਵ ਪੱਧਰ ‘ਤੇ ਦਵਾਈਆਂ ਦੀਆਂ ਵਧਦੀਆਂ ਸਮੱਸਿਆਵਾਂ ਜਿਵੇਂ ਦਵਾਈਆਂ ਦੀ ਕਮੀ, ਸਹੀ ਖੁਰਾਕ ਅਤੇ ਐਂਟੀਮਾਈਕ੍ਰੋਬੀਅਲ ਪ੍ਰਤੀਰੋਧ ਦਾ ਮੁੱਦਾ ਫਾਰਮਾਸਿਸਟਾਂ ਲਈ ਵੱਡੀ ਚੁਣੌਤੀ ਹੈ। ਦਵਾਈਆਂ ਦੀ ਸਹੀ ਵੰਡ ਅਤੇ ਪ੍ਰਬੰਧਨ ਨਾਲ ਇਹ ਪੇਸ਼ੇਵਰ ਰੋਗਾਂ ਦੇ ਇਲਾਜ ਵਿੱਚ ਵੱਡਾ ਯੋਗਦਾਨ ਪਾਉਂਦੇ ਹਨ।
ਫਾਰਮਾਸਿਸਟਾਂ ਨੂੰ ਕਮਿਊਨਿਟੀ ਸਿਹਤ ਵਿੱਚ ਅਹਿਮ ਰੋਲ ਅਦਾ ਕਰਨ ਵਾਲਾ ਸਮਝਿਆ ਜਾਂਦਾ ਹੈ। ਕਮਿਊਨਿਟੀ ਫਾਰਮੇਸੀ ਵਿੱਚ ਉਹ ਮਰੀਜ਼ਾਂ ਨਾਲ ਲਗਾਤਾਰ ਸੰਪਰਕ ਬਣਾ ਕੇ ਰੱਖਦੇ ਹਨ ਅਤੇ ਉਨ੍ਹਾਂ ਨੂੰ ਸਹੀ ਦਵਾਈਆਂ ਦੀ ਸਲਾਹ ਦਿੰਦੇ ਹਨ। ਇਸ ਦਾ ਸਿੱਧਾ ਅਸਰ ਮਰੀਜ਼ਾਂ ਦੀ ਜ਼ਿੰਦਗੀ ‘ਤੇ ਹੁੰਦਾ ਹੈ। ਇਸ ਨਾਲ ਸਿਹਤ ਸੰਭਾਲ ਪ੍ਰਣਾਲੀ ‘ਤੇ ਦਬਾਅ ਵੀ ਘਟਦਾ ਹੈ।
ਫਾਰਮਾਸਿਸਟਾਂ ਦਾ ਕੰਮ ਰੋਗਾਂ ਦੀ ਰੋਕਥਾਮ ਅਤੇ ਸੁਰੱਖਿਆ ਵਿੱਚ ਵੀ ਹੁੰਦਾ ਹੈ। ਜਨਤਕ ਸਿਹਤ ਮੁਹਿੰਮਾਂ ਜਿਵੇਂ ਟੀਕਾਕਰਨ, ਐਂਟੀਬਾਇਓਟਿਕ ਦੀ ਵਰਤੋਂ ਅਤੇ ਮਰੀਜ਼ਾਂ ਦੀ ਸੁਰੱਖਿਆ ਵਧਾਉਣ ਵਾਲੇ ਕਦਮਾਂ ਵਿੱਚ ਉਹ ਭਾਗੀਦਾਰੀ ਕਰਦੇ ਹਨ, ਖਾਸ ਕਰ ਕੇ ਗਰੀਬ ਅਤੇ ਪੱਛੜੇ ਇਲਾਕਿਆਂ ਵਿੱਚ।
ਅਮਰੀਕਾ, ਯੂਕੇ ਅਤੇ ਆਸਟਰੇਲੀਆ ਵਿੱਚ ਫਾਰਮਾਸਿਸਟਾਂ ਦੀ ਭੂਮਿਕਾ ਵਿਆਪਕ ਹੈ ਜਿਸ ਵਿੱਚ ਦਵਾਈ ਪ੍ਰਬੰਧ, ਕਲੀਨਿਕਲ ਸੇਵਾਵਾਂ ਅਤੇ ਚੰਗੀ ਸਿਹਤ ਲਈ ਸਵੈ ਦੇਖਭਾਲ ਸ਼ਾਮਲ ਹੈ। ਉਹ ਅਕਸਰ ਸਿਹਤ ਟੀਮ ਵਿੱਚ ਸਹਿਯੋਗ ਦੇਣ ਵਾਲੇ ਹੁੰਦੇ ਹਨ। ਵਿਦੇਸ਼ਾਂ ਵਿੱਚ ਫਾਰਮਾਸਿਸਟ ਸਿਹਤ ਟੀਮ ਦਾ ਹਿੱਸਾ ਹੁੰਦੇ ਹਨ ਅਤੇ ਡਾਕਟਰਾਂ, ਨਰਸਾਂ ਤੇ ਹੋਰ ਸਿਹਤ ਪੇਸ਼ੇਵਰਾਂ ਨਾਲ ਸਹਿਯੋਗ ਕਰਦੇ ਹਨ। ਇਹ ਯਕੀਨੀ ਬਣਾਉਂਦਾ ਹੈ ਕਿ ਮਰੀਜ਼ਾਂ ਨੂੰ ਸੰਪੂਰਨ ਸਿਹਤ ਸੇਵਾਵਾਂ ਮੁਹੱਈਆ ਕੀਤੀਆਂ ਜਾਣ। ਭਾਰਤ ਵਿੱਚ ਫਾਰਮਾਸਿਸਟਾਂ ਦੀ ਸਿਹਤ ਟੀਮ ਵਿੱਚ ਤਾਲ ਮੇਲ ਦੀ ਘਾਟ ਹੈ। ਜ਼ਿਆਦਾਤਰ ਫਾਰਮਾਸਿਸਟ ਸੁਤੰਤਰ ਤੌਰ ‘ਤੇ ਕੰਮ ਕਰਦੇ ਹਨ। ਅਸਲ ਵਿਚ ਭਾਰਤ ਵਿੱਚ ਕਲੀਨਿਕਲ ਅਤੇ ਜਨਤਕ ਸਿਹਤ ਸੇਵਾਵਾਂ ਵਿੱਚ ਫਾਰਮਾਸਿਸਟਾਂ ਦੀ ਭੂਮਿਕਾ ਅਜੇ ਵਿਕਸਤ ਹੋ ਰਹੀ ਹੈ। ਭਾਰਤ ਅਤੇ ਵਿਦੇਸ਼ਾਂ ਵਿੱਚ ਫਾਰਮਾਸਿਸਟਾਂ ਦੀ ਭੂਮਿਕਾ ਵਿੱਚ ਵੱਡਾ ਫਰਕ ਹੈ। ਵਿਦੇਸ਼ਾਂ ਵਿੱਚ ਫਾਰਮਾਸਿਸਟਾਂ ਨੂੰ ਸੰਪੂਰਨ ਸਿਹਤ ਸੇਵਾਵਾਂ ਵਿੱਚ ਅਹਿਮ ਭੂਮਿਕਾ ਦਿੱਤੀ ਜਾਂਦੀ ਹੈ; ਭਾਰਤ ਵਿੱਚ ਉਹ ਅਜੇ ਵੀ ਰਵਾਇਤੀ ਰੋਲ ਤੱਕ ਸੀਮਤ ਹਨ। ਭਾਰਤ ਵਿੱਚ ਫਾਰਮੇਸੀ ਸਿੱਖਿਆ ਵਿੱਚ ਕਲੀਨਿਕਲ ਖੋਜ ਦੀ ਘਾਟ ਹੈ।
ਭਵਿੱਖ ਵਿੱਚ ਡਿਜੀਟਲ ਤਕਨੀਕਾਂ ਅਤੇ ਸਿਹਤ ਸੇਵਾ ਵਿੱਚ ਨਵੀਂ ਤਕਨੀਕਾਂ ਦੀ ਅਹਿਮੀਅਤ ਵਧ ਰਹੀ ਹੈ। ਫਾਰਮਾਸਿਸਟਾਂ ਨੂੰ ਡਿਜੀਟਲ ਸਿਹਤ ਰਿਕਾਰਡਾਂ, ਆਨਲਾਈਨ ਕੰਸਲਟੇਸ਼ਨ ਅਤੇ ਟੈਲੀਮੈਡੀਸਨ ਵਿੱਚ ਯੋਗਦਾਨ ਪਾਉਣ ਦੀ ਜ਼ਰੂਰਤ ਪਵੇਗੀ। ਪਿਛਲੇ ਕੁਝ ਸਾਲਾਂ ਵਿੱਚ ਭਾਰਤ ਵਿੱਚ ਫਾਰਮਾਸਿਸਟਾਂ ਦੀ ਭੂਮਿਕਾ ਵਿੱਚ ਕੁਝ ਨਵੇਂ ਰੋਲ ਉਭਰ ਰਹੇ ਹਨ: ਕੁਝ ਹਸਪਤਾਲਾਂ ਤੇ ਕਲੀਨਿਕਾਂ ਵਿੱਚ ਫਾਰਮਾਸਿਸਟ ਦਵਾਈ ਪ੍ਰਬੰਧ ਤੇ ਮਰੀਜ਼ਾਂ ਨੂੰ ਸਲਾਹ ਦੇਣ ਵਿੱਚ ਸ਼ਾਮਲ ਹੋ ਰਹੇ ਹਨ ਹਾਲਾਂਕਿ ਇਹ ਰੋਲ ਬਹੁਤਾ ਵਿਆਪਕ ਨਹੀਂ ਹੈ। ਇਸ ਦੇ ਬਾਵਜੂਦ ਭਾਰਤ ਵਿੱਚ ਫਾਰਮੇਸੀ ਖੇਤਰ ਤੇਜ਼ੀ ਨਾਲ ਵਧ ਰਿਹਾ ਹੈ ਜਿਸ ਵਿੱਚ ਬਹੁਤ ਸਾਰੇ ਨਵੇਂ ਰੁਝਾਨ ਅਤੇ ਮੌਕੇ ਉੱਭਰ ਰਹੇ ਹਨ।
ਭਾਰਤ ਵਿੱਚ ਡਿਜੀਟਲ ਸਿਹਤ ਰਿਕਾਰਡਾਂ ਦੀ ਵਰਤੋਂ ਸਿਹਤ ਸੇਵਾਵਾਂ ਨੂੰ ਬਿਹਤਰ ਬਣਾਉਣ ਵੱਲ ਪਹਿਲਕਦਮੀ ਹੈ। ਇਹ ਰਿਕਾਰਡ ਮਰੀਜ਼ਾਂ ਦੀ ਸਿਹਤ ਜਾਣਕਾਰੀ ਨੂੰ ਕੇਂਦਰੀ ਡੇਟਾਬੇਸ ਵਿੱਚ ਸਟੋਰ ਕਰਦੇ ਹਨ ਜਿਸ ਨਾਲ ਫਾਰਮਾਸਿਸਟਾਂ ਨੂੰ ਉਨ੍ਹਾਂ ਦੀਆਂ ਦਵਾਈਆਂ ਅਤੇ ਤੰਦਰੁਸਤੀ ਦੀ ਨਿਗਰਾਨੀ ਕਰਨ ਵਿੱਚ ਸਹੂਲਤ ਰਹਿੰਦੀ ਹੈ। ਨਵੇਂ ਤਕਨੀਕੀ ਯੰਤਰ ਜਿਵੇਂ ਆਟੋਮੇਟਿਡ ਡਿਸਪੈਂਸਿੰਗ ਮਸ਼ੀਨਾਂ ਅਤੇ ਡਰੱਗ ਮਾਨੀਟਰਿੰਗ ਸਿਸਟਮ ਫਾਰਮੇਸੀ ਪ੍ਰੈਕਟਿਸ ਵਿੱਚ ਸੁਧਾਰ ਲਿਆਉਣ ਵਿੱਚ ਸਹਾਇਕ ਹਨ। ਇਹ ਯੰਤਰ ਸਹੀ ਦਵਾਈ ਵੰਡ ਯਕੀਨੀ ਬਣਾਉਂਦੇ ਹਨ ਅਤੇ ਮਰੀਜ਼ਾਂ ਦੀ ਸਹੀ ਦੇਖਭਾਲ ਵਿੱਚ ਸਹਾਇਤਾ ਕਰਦੇ ਹਨ। ਆਟੋਮੇਟਿਡ ਡਿਸਪੈਂਸਿੰਗ ਸਿਸਟਮ ਦੀ ਵਰਤੋਂ ਨਾਲ ਦਵਾਈਆਂ ਦੇ ਵੇਰਵਿਆਂ ਵਿੱਚ ਸੁਧਾਰ ਹੋ ਰਿਹਾ ਹੈ ਅਤੇ ਗਲਤੀਆਂ ਦੀ ਸੰਭਾਵਨਾ ਘਟ ਰਹੀ ਹੈ।
ਦੂਰਦਰਾਜ ਵਾਲੇ ਖੇਤਰਾਂ ਵਿੱਚ ਫਾਰਮੇਸੀ ਸੇਵਾਵਾਂ ਸੁਧਾਰਨ ਲਈ ਨਵੀਆਂ ਸਕੀਮਾਂ ਅਤੇ ਪ੍ਰੋਗਰਾਮ ਸ਼ੁਰੂ ਕੀਤੇ ਜਾ ਰਹੇ ਹਨ। ਟੈਲੀਫਾਰਮੇਸੀ ਸਿਹਤ ਸੇਵਾਵਾਂ ਨੂੰ ਦੂਰਦਰਾਜ ਖੇਤਰਾਂ ਵਿੱਚ ਪਹੁੰਚਾਉਣ ਵਿੱਚ ਮਦਦਗਾਰ ਹੈ। ਇਸ ਤਕਨੀਕ ਨਾਲ ਫਾਰਮਾਸਿਸਟਾਂ ਨੂੰ ਮਰੀਜ਼ਾਂ ਨਾਲ ਦੂਰ-ਦੁਰਾਡੇ ਸਥਾਨਾਂ ਤੋਂ ਜੁੜਨ ਅਤੇ ਉਨ੍ਹਾਂ ਦੀਆਂ ਸਿਹਤ ਬਾਰੇ ਜਾਣਕਾਰੀ ਮੁਹੱਈਆ ਕਰਨ ਦੀ ਸਹੂਲਤ ਮਿਲਦੀ ਹੈ। ਇਸ ਵਿੱਚ ਮੋਬਾਈਲ ਫਾਰਮੇਸੀ ਸੇਵਾਵਾਂ ਅਤੇ ਲੌਜਿਸਟਿਕ ਸੁਧਾਰ ਸ਼ਾਮਲ ਹਨ ਜੋ ਫਾਰਮਾਸਿਸਟਾਂ ਨੂੰ ਦਵਾਈਆਂ ਦੀ ਪਹੁੰਚ ਯਕੀਨੀ ਬਣਾਉਣ ਵਿੱਚ ਮਦਦ ਕਰਦੇ ਹਨ। ਫਾਰਮੇਸੀ ਸੇਵਾਵਾਂ ਦੀ ਮੰਗ ਤੇਜ਼ੀ ਨਾਲ ਵਧ ਰਹੀ ਹੈ ਜਿਸ ਦਾ ਕਾਰਨ ਆਬਾਦੀ ਵਿੱਚ ਵਾਧਾ ਅਤੇ ਸਿਹਤ ਦੀਆਂ ਨਵੀਆਂ ਜ਼ਰੂਰਤਾਂ ਹਨ। ਫਾਰਮੇਸੀ ਖੇਤਰ ਵਿੱਚ ਨਵੇਂ ਖੇਤਰ ਉਭਰ ਰਹੇ ਹਨ ਜਿਵੇਂ ਬਾਇਓਫਾਰਮੇਸੀ ਤੇ ਜੈਨੋਮਿਕਸ। ਇਹ ਖੇਤਰ ਨਵੀਂ ਖੋਜ ਅਤੇ ਵਿਕਾਸ ਦੀ ਸੰਭਾਵਨਾ ਪੇਸ਼ ਕਰਦੇ ਹਨ। ਭਾਰਤ ਵਿੱਚ ਫਾਰਮੇਸੀ ਖੇਤਰ ਵਿੱਚ ਵਿਦੇਸ਼ੀ ਨਿਵੇਸ਼ ਵਧ ਰਿਹਾ ਹੈ ਜਿਸ ਨਾਲ ਨਵੇਂ ਤਕਨੀਕੀ ਸਾਜ਼ੋ-ਸਮਾਨ ਅਤੇ ਸੇਵਾਵਾਂ ਦੇ ਵਿਕਾਸ ਨੂੰ ਮਦਦ ਮਿਲ ਰਹੀ ਹੈ। ਭਾਰਤ ਵਿੱਚ ਫਾਰਮੇਸੀ ਖੇਤਰ ਦਾ ਭਵਿੱਖ ਉਤਸ਼ਾਹ ਵਾਲਾ ਹੈ।
ਭਾਰਤ ਵਿੱਚ ਫਾਰਮਾਸਿਸਟਾਂ ਦੀ ਭੂਮਿਕਾ ਨੂੰ ਵਧਾਉਣ ਅਤੇ ਸੁਧਾਰ ਲਈ ਬਹੁਤ ਸਾਰੀਆਂ ਕੋਸ਼ਿਸ਼ਾਂ ਦੀ ਜ਼ਰੂਰਤ ਹੈ। ਸਿੱਖਿਆ, ਨਿਯਮਾਂ, ਪੇਸ਼ੇਵਰ ਪਛਾਣ, ਨਵੇਂ ਰੁਝਾਨਾਂ ਅਤੇ ਵਿਦੇਸ਼ੀ ਭੂਮਿਕਾ ਨੂੰ ਧਿਆਨ ਵਿੱਚ ਰੱਖਦਿਆਂ ਸਬੰਧਿਤ ਚੁਣੌਤੀਆਂ ਦਾ ਹੱਲ ਜ਼ਰੂਰੀ ਹੈ। ਭਾਰਤ ਵਿੱਚ ਫਾਰਮੇਸੀ ਸਿੱਖਿਆ ਦੇ ਮਿਆਰੀਕਰਨ ਦੀ ਚੁਣੌਤੀ ਸਭ ਤੋਂ ਵੱਡੀ ਹੈ। ਸੂਬਿਆਂ ਵਿੱਚ ਫਾਰਮੇਸੀ ਸਿੱਖਿਆ ਦਾ ਪੱਧਰ ਨੀਵਾਂ ਹੈ।
ਸਿੱਖਿਆ ਦੇ ਨਵੇਂ ਰੁਝਾਨ ਅਤੇ ਤਕਨੀਕੀ ਨਵੀਨੀਕਰਨ ਦੀ ਲੋੜ ਹੈ। ਫਾਰਮੇਸੀ ਕੋਰਸਾਂ ਵਿੱਚ ਕਲੀਨਿਕਲ ਸਿੱਖਿਆ ਦੀ ਘਾਟ ਇੱਕ ਹੋਰ ਵੱਡੀ ਚੁਣੌਤੀ ਹੈ। ਫਾਰਮੇਸੀ ਸਿੱਖਿਆ ਵਿੱਚ ਮਿਆਰੀਕਰਨ ਅਤੇ ਤਕਨੀਕੀ ਤਜਰਬੇ ਵੱਲ ਵਧੇਰੇ ਧਿਆਨ ਦੇ ਕੇ ਫਾਰਮਾਸਿਸਟਾਂ ਦੀ ਯੋਗਤਾ ਤੇ ਸਮਰੱਥਾ ਵਿੱਚ ਸੁਧਾਰ ਕੀਤਾ ਜਾ ਸਕਦਾ ਹੈ। ਫਾਰਮੇਸੀ ਕਾਲਜਾਂ ਵਿੱਚ ਢੁੱਕਵਾਂ ਪ੍ਰਸ਼ਾਸਨਕ ਢਾਂਚਾ, ਯੋਗ ਅਧਿਆਪਕਾਂ ਦੀ ਭਰਤੀ ਅਤੇ ਕਲੀਨਿਕਲ ਤਜਰਬੇ ਵਿਦਿਆਰਥੀਆਂ ਦੀ ਯੋਗਤਾ ਵਿੱਚ ਸੁਧਾਰ ਕਰ ਸਕਦੇ ਹਨ। ਸਿਹਤ ਕੇਂਦਰਾਂ ਵਿੱਚ ਫਾਰਮਾਸਿਸਟਾਂ ਦੀ ਭਰਤੀ ਨੂੰ ਬਿਹਤਰ ਕਰਨ ਲਈ ਨਵੇਂ ਭਰਤੀ ਮਾਡਲਾਂ ‘ਤੇ ਅਮਲ ਜ਼ਰੂਰੀ ਹੈ। ਫਾਰਮਾਸਿਸਟਾਂ ਦੀ ਭੂਮਿਕਾ ਨੂੰ ਬਿਹਤਰ ਬਣਾਉਣ ਲਈ ਸਰਕਾਰੀ ਯੋਜਨਾਵਾਂ ਲਾਗੂ ਕਰਨ ਵਿੱਚ ਸੁਧਾਰ ਲਿਆਉਣ ਦੀ ਵੱਡੀ ਜ਼ਰੂਰਤ ਹੈ। ਇਹੀ ਨਹੀਂ, ਫਾਰਮਾਸਿਸਟਾਂ ਦੀ ਪੇਸ਼ੇਵਰ ਪਛਾਣ ਵਧਾਉਣੀ ਅਤਿਅੰਤ ਜ਼ਰੂਰੀ ਹੈ।
ਭਵਿੱਖ ਵਿੱਚ ਫਾਰਮੇਸੀ ਖੇਤਰ ਵਿੱਚ ਨਵੇਂ ਰੁਝਾਨ ਆਉਣਗੇ। ਡਿਜੀਟਲ ਸਿਹਤ ਰਿਕਾਰਡ, ਟੈਲੀਫਾਰਮੇਸੀ ਅਤੇ ਆਟੋਮੇਟਿਡ ਡਿਸਪੈਂਸਿੰਗ ਸਿਸਟਮ ਨਾਲ ਫਾਰਮਾਸਿਸਟਾਂ ਨੂੰ ਨਵੀਆਂ ਯੋਗਤਾਵਾਂ ਅਤੇ ਸਿੱਖਿਆ ਦੀ ਲੋੜ ਹੋਵੇਗੀ। ਇਨ੍ਹਾਂ ਯਤਨਾਂ ਨਾਲ ਭਾਰਤ ਅਤੇ ਵਿਸ਼ਵ ਵਿੱਚ ਫਾਰਮਾਸਿਸਟਾਂ ਦੀ ਭੂਮਿਕਾ ਵਿੱਚ ਬਿਹਤਰੀ ਅਤੇ ਸੁਧਾਰ ਆਉਣ ਦੀ ਉਮੀਦ ਹੈ। ਫਾਰਮਾਸਿਸਟਾਂ ਦੀ ਸੰਯੁਕਤ ਕੋਸ਼ਿਸ਼ ਅਤੇ ਸਰਕਾਰੀ ਯੋਜਨਾਵਾਂ ਲਾਗੂ ਕਰਨ ਨਾਲ ਸਿਹਤ ਸੇਵਾਵਾਂ ਵਿੱਚ ਕਾਫੀ ਸੁਧਾਰ ਆ ਸਕਦਾ ਹੈ ਜੋ ਸਮਾਜਿਕ ਅਤੇ ਆਰਥਿਕ ਵਿਕਾਸ ਵਿੱਚ ਯੋਗਦਾਨ ਪਾਏਗਾ। ਅੱਜ 25 ਸਤੰਬਰ ਨੂੰ ਸੰਸਾਰ ਫਾਰਮਾਸਿਸਟ ਦਿਵਸ ਮੌਕੇ ਇਸ ਬਾਰੇ ਤਹੱਈਆ ਕਰਨਾ ਚਾਹੀਦਾ ਹੈ।

Related Articles

Latest Articles