ਸੱਜਰੀ ਸਜੀ, ਸਵੇਰ ਅੱਜ ਦੀ,
ਸੰਦਲੀ ਸ਼ਾਂਤ, ਸਵੇਰ ਅੱਜ ਦੀ।
ਪਾਰਕ ‘ਬੀਕਨ ਹਿੱਲ੍ਹ’ ਟਹਿਲਦੇ,
ਰੌਣਕ ਤੱਕ ਤੱਕ, ਰੂਹ੍ਹ ਰੱਜਦੀ।
ਪੈਲਾਂ ਪਾਉਂਦੇ, ਚੋਗਾ ਚੁਗਦੇ,
ਮੋਰਾਂ ਨਾਲ਼, ਸਵੇਰ ਅੱਜ ਦੀ।
ਕਾਟੋ, ਹਿਰਨ ਤੇ ਬਗ਼ਲੇ ਚਿੜੀਆਂ,
ਫਿਰਦੇ ਕਰਨ, ਕਮਾਈ ਅੱਜ ਦੀ।
ਸਹ੍ਹਿਆਂ ਦੀ ਵੀ, ਢਾਣੀ ਢੁੱਕੀ,
ਲੁਕਦੀ, ਛੁਪਦੀ, ਟੱਪਦੀ, ਭੱਜਦੀ।
ਵੇਲਾਂ, ਬੂੱਟੇ, ਰੁੱਖਾਂ ਥੱਲੇ,
ਫੁੱਲਾਂ ਦੀ, ਗੁਲਜ਼ਾਰ ਫੱਬਦੀ।
ਬੱਤਖਾਂ, ਕੱਛੂ, ਤਾਲ ਤਰੇਂਦੇ,
ਮੁਰਗਾਬੀ, ਪਈ ਤਾਰੀ ਤਰਦੀ।
ਵਿੱਚ ਤਲਾਵਾਂ, ਵਗਣ ਫੁਆਰੇ,
ਧੀਮੀਂ ਧੁੰਨ, ਵਜਾਵਣ ਅੱਜ ਦੀ।
ਰੁੱਖੀਂ ਹਵਾ, ਹੁਲਾਰੇ ਦੇਵੇ,
ਪੌਣ ਪਈ, ਜੋ ਤਾਜ਼ੀ ਵਗਦੀ।
ਸੂਖਮ ਸ਼ੂੱਕ ਜਿਹੀ ਪਈ ਸ਼ੂੱਕੇ,
ਜਾਪੇ ਜਿਵੇਂ, ਵੰਸਰੀ ਵੱਜਦੀ।
ਚ੍ਹੀਲ, ਸਫ਼ੈਦੇ, ਨੱਚਦੇ ਜਾਪਣ,,
ਤਾਲ ਬਣਾ ਕੋਈ, ਵੱਖਰੀ ਅੱਜ ਦੀ।
ਸੂਰਜ ਉੱਚੇ, ਰੁੱਖਾਂ ਵਿੱਚੋਂ,
ਸੱਜਰੀ ਕਰੇ, ਸਲਾਮ ਅੱਜ ਦੀ।
‘ਜੇਮਜ਼ ਬੇਅ’ ਵਿੱਚ, ਹਲਕੀ ਧੁੰਦ ਚੋਂ,
ਝਾਤ-ਪਹਾੜੀ, ਅਜਬ ਅੱਜ ਦੀ।
‘ਸ਼ਾਂਤ-ਮਹਾਂ ਸਾਗਰ’ ਦੇ ਕੰਢੇ,
ਸਾਥੀ ਸੈਰ, ਕਰੇਂਦੇ ਅੱਜ ਦੀ।
ਕਈਆਂ ਹੱਥੀਂ, ਕੱਪ ਫੜੇ ਭਰ,
ਤਾਜ਼ੀ ਕੌਫੀ, ਬਣੀ ਅੱਜ ਦੀ।
ਨਾਲ਼ ਮਾਲਕਾਂ, ਕੂਕਰ ਕੁੱਦਣ,
ਕਰਨ ਕਲੋਲ, ਨਵੇਲੀ ਅੱਜ ਦੀ।
ਬੀਬੀਆਂ, ਬਾਬੇ, ਗੱਭਰੂ, ਘੁੰਮਣ,
ਟੋਲੀ ਫਿਰੇ, ਪਈ ਕੋਈ ਭੱਜਦੀ।
ਚੋਬਰ, ਕੰਨੀਂ, ਟੂਟੀਆਂ ਲਾ ਕੇ,
ਦੇਵਣ ਗੇੜੀ-ਸਾਈਕਲ ਅੱਜ ਦੀ।
ਬੈਠੇ ਵਿੱਚ ਮਲਾਹ ਬੇੜੀਆਂ,
ਕਰਨ ਮਸ਼ਵਰੇ, ਰੈਅ ਕੋਈ ਅੱਜ ਦੀ।
ਸੈਰੀ-ਬੇੜਾ, ਬਿਗ਼ਲ ਵਜਾ ਕੇ,
ਕੂਚ-ਤਿਆਰੀ, ਕਰਦਾ ਅੱਜ ਦੀ।
ਸਾਗਰ-ਲਹਿਰਾਂ, ਖਹਿ ਖਹਿ ਛੇੜਨ,
ਤਾਜ਼ੀ ਤਰਜ਼, ਸੁਰੀਲੀ ਅੱਜ ਦੀ।
ਕਾਦਰ-ਕੁਦਰਤ, ਸਹਿਜ-ਸੁਰੰਗੀ,
ਰੋਮ ਰੋਮ ਵਿੱਚ, ਜਾਪੇ ਵੱਜਦੀ।
ਮਨ ਵਿਸਮਾਦੀਂ, ਬੇਸੁੱਧ ਹੋਇਆ,
ਸੋਚ ਭੁੱਲੀ ਸੱਭ, ਝੇੜੇ-ਝੱਜ ਦੀ।
ਖ਼ਬਰਾਂ ਵਿੱਚ ਮਸਰੂਫ ਮਿੱਤਰੋ,
ਮੋੜੋ ਕੋਨ-ਦ੍ਰਿੱਸ਼ਟੀ ਅੱਜ ਹੀ।
ਇਹ ਵੀ ਤਾਂ ‘ਵਿਕਟੋਰੀਆ ਬੀ ਸੀ’,
ਦੀ ਹੈ ਖ਼ਾਸ, ਖ਼ਬਰ ਇੱਕ ਅੱਜ ਦੀ।
‘ਸੱਜਰੀ ਸਜੀ, ਸਵੇਰ ਅੱਜ ਦੀ,
ਸੰਦਲੀ ਸ਼ਾਂਤ, ਸਵੇਰ ਅੱਜ ਦੀ।’
ਕੁਲਵੰਤ ਸਿੰਘ, ਵੈਨਕੂਵਰ