0.4 C
Vancouver
Saturday, January 18, 2025

ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਸਿਰਜਣਾ

 

ਲੇਖਕ : ਮਨਮੋਹਨ
ਸੰਪਰਕ: 82839-48811
ਮਨੁੱਖੀ ਸਮਰੱਥਾ ਦੀ ਸੰਕਲਪਨਾ ਬਾਰੇ ਪੱਛਮ ਵਿੱਚ ਅਫ਼ਲਾਤੂਨ, ਸੁਕਰਾਤ ਅਤੇ ਅਰਸਤੂ ਤੋਂ ਲੈ ਕੇ ਪੁਨਰ-ਜਾਗਰਤੀ ਅਤੇ ਪ੍ਰਬੁੱਧਤਾ ਕਾਲ ਤੱਕ ਆਉਂਦੇ ਆਉਂਦੇ ਆਧੁਨਿਕਤਾ, ਉਤਰ ਆਧੁਨਿਕਤਾ ਦੇ ਪਿੜ ਵਿੱਚ ਬੜੇ ਵਿਸਤਾਰ ਨਾਲ ਸੋਚ ਵਿਚਾਰ ਹੋਇਆ ਮਿਲਦਾ ਹੈ। ਹੁਣ ਉਤਰ ਅਤੇ ਪਾਰ-ਮਾਨਵਵਾਦੀ ਚਿੰਤਨ ਵਿੱਚ ਵੀ ਇਸ ਸਮਰੱਥਾ ਨੂੰ ਸਮਝਣ ਦਾ ਸਿਲਸਿਲਾ ਜਾਰੀ ਹੈ। ਪੱਛਮੀ ਦਾਰਸ਼ਨਿਕ ਰੈਨੇ ਦੇਕਾਰਤੇ ਕਹਿੰਦਾ ਹੈ ਕਿ ਮੈਂ ਹਾਂ, ਕਿਉਂਕਿ ਮੈਂ ਸੋਚਦਾ ਹਾਂ ਜਾਂ ਮੈਂ ਸੋਚਦਾ ਹਾਂ, ਇਸ ਲਈ ਹਾਂ। ਮਨੁੱਖੀ ਸਮਰੱਥਾ ਦੇ ਵਧਦੇ ਜਾਣ ਦਾ ਕਾਰਨ ਹੈ ਕਿ ਮਨੁੱਖ ਲਗਾਤਾਰ ਸੋਚਦਾ ਹੈ। ਸੋਚਾਂ ਨੂੰ ਸਿਧਾਂਤਬੱਧ ਕਰਦਾ ਹੈ। ਸਿਧਾਤਾਂ ‘ਚੋਂ ਹੀ ਉਹ ਮੁੜ ਆਪਣੀਆਂ ਸਮਰੱਥਾਵਾਂ ਨੂੰ ਵਧਾਉਣ ਹਿੱਤ ਲਗਾਤਾਰ ਖੋਜਾਂ ‘ਚ ਲੱਗਿਆ ਰਹਿੰਦਾ ਹੈ।
ਮਾਨਵੀ ਸਮਰੱਥਾ ਦੀ ਆਪਣੇ ਢੰਗ ਨਾਲ ਵਿਆਖਿਆ ਕਰਦਿਆਂ ਯੁਵਾਲ ਨੋਹ ਹਰਾਰੀ ਆਪਣੀ ਕਿਤਾਬ ‘ਸ਼ੳਪਿੲਨਸ’ ਵਿੱਚ ਲਿਖਦਾ ਹੈ ਕਿ ਮਨੁੱਖ ਹੋਮੋ ਸੇਪੀਅਨਜ਼ ਤੋਂ ਹੀ ਵਿਕਸਤ ਹੋਇਆ ਹੈ। ਇਸ ਦੀ ਭਾਸ਼ਾਈ ਅਤੇ ਸੰਚਾਰੀ ਸਮਰੱਥਾ ਭਾਵ ਅਤੇ ਬਿਰਤਾਂਤ, ਕਥਾ-ਕਹਾਣੀਆਂ ਸਿਰਜਣ ਦੀ ਸਮਰੱਥਾ ਨੇ ਇਸ ਨੂੰ ਹੋਰ ਪ੍ਰਾਣੀਆਂ ਅਤੇ ਪਸ਼ੂਆਂ ਦੇ ਜਗਤ ‘ਤੇ ਆਪਣਾ ਅਧਿਕਾਰ ਅਤੇ ਚੌਧਰ ਸਥਾਪਿਤ ਕਰਨ ਦੀ ਸਮਰੱਥਾ ਅਤੇ ਸ਼ਕਤੀ ਦਿੱਤੀ। ਹੋਮੋ ਸੇਪੀਅਨਜ਼ ਕੋਲ ਹਰ ਵਰਤਾਰੇ ਦੇ ਗਲਪੀਕਰਨ ਦੀ ਸਮਰੱਥਾ ਸੀ। ਭਾਸ਼ਾ ਸੰਚਾਰ ਨੇ ਉਸ ਨੂੰ ਵਰਤਾਰਿਆਂ, ਵਿਸ਼ਵਾਸਾਂ ਅਤੇ ਮਿੱਥਾਂ ਘੜਨ ਦੀ ਯੋਗਤਾ ਦਿੱਤੀ। ਭਾਸ਼ਾ ਰਾਹੀਂ ਉਹ ਉਨ੍ਹਾਂ ਵਰਤਾਰਿਆਂ ਅਤੇ ਵਿਸ਼ਵਾਸਾਂ ਬਾਰੇ ਵੀ ਸੰਚਾਰ ਕਰ ਲੈਂਦਾ ਹੈ ਜੋ ਦਰਅਸਲ ਹੁੰਦੇ ਹੀ ਨਹੀਂ। ਉਸ ਨੇ ਆਪਣੀ ਕਾਲਪਨਿਕ ਸੂਝ ਬੂਝ ਕਾਰਨ ਹੀ ਆਪਣੇ ਆਪ ਨੂੰ ਚਿਰਸਥਾਈ ਰੂਪ ਵਿੱਚ ਬਣਾਈ ਰੱਖਿਆ ਹੈ ਅਤੇ ਅੱਜ ਤੱਕ ਕਾਇਮ ਰੱਖੀ ਆ ਰਿਹਾ ਹੈ। ਸੇਪੀਅਨਜ਼ ਕੋਲ ਭਾਸ਼ਾਈ ਸਮਰੱਥਾ ਸੀ ਜਿਸ ਕਾਰਨ ਉਹ ਆਪਸ ਵਿੱਚ ਸੰਚਾਰ ਕਰ ਸਕਦੇ ਸਨ। ਸੰਗਿਆਨਕ ਕ੍ਰਾਂਤੀ ਨਾਲ ਉਸ ਨੇ ਕਹਾਣੀਆਂ, ਮਿੱਥਾਂ, ਦੇਵੀ ਦੇਵਤਿਆਂ ਅਤੇ ਧਰਮ ਨੂੰ ਘੜ ਕੇ ਆਪਸ ਵਿੱਚ ਸਹਿਕਾਰਤਾ ਪੈਦਾ ਕੀਤੀ ਅਤੇ ਜਗਤ ਦੇ ਹੋਰਾਂ ਪ੍ਰਾਣੀਆਂ ਉੱਪਰ ਆਪਣਾ ਗ਼ਲਬਾ ਅਤੇ ਦਾਬਾ ਪੈਦਾ ਕੀਤਾ।
ਪੱਛਮ ‘ਚ ਪ੍ਰਬੁੱਧਤਾ ਦੌਰ ਤੋਂ ਲੈ ਕੇ ਗਿਆਨ ਵਿਗਿਆਨ ਦੇ ਖੇਤਰ ‘ਚ ਨਵੀਆਂ ਤਕਨੀਕਾਂ ਦੀ ਪੱਧਰ ‘ਤੇ ਕਈ ਇਨਕਲਾਬ ਵਾਪਰ ਚੁੱਕੇ ਹਨ। ਪਹਿਲਾ ਉਦਯੋਗਿਕ ਇਨਕਲਾਬ ਭਾਫ਼ ਦੇ ਇੰਜਣ ਦੀ ਖੋਜ ਨਾਲ ਆਇਆ। ਦੂਜਾ ਉਦਯੋਗਿਕ ਇਨਕਲਾਬ ਬਿਜਲਈ ਊਰਜਾ ਦੀ ਖੋਜ ਨਾਲ ਆਇਆ। ਤੀਜਾ ਉਦਯੋਗਿਕ ਇਨਕਲਾਬ ਕੰਪਿਊਟਰ ਦੀ ਆਮਦ ਨਾਲ ਵਾਪਰਿਆ। ਚੌਥਾ ਉਦਯੋਗਿਕ ਇਨਕਲਾਬ ਵਰਚੁਅਲ ਅਤੇ ਫਿਜ਼ੀਕਲ ਉਤਪਾਦਨੀ ਪ੍ਰਣਾਲੀਆਂ ਦੀ ਆਪਸੀ ਸਹਿਕਾਰਤਾ ਨੂੰ ਆਲਮੀ ਪੱਧਰ ‘ਤੇ ਲਚਕੀਲਾ ਬਣਾਉਣ ਨਾਲ ਹੋਇਆ ਹੈ ਜਿਸ ‘ਚ ਸਮਾਰਟ ਮਸ਼ੀਨਾਂ ਨੂੰ ਜੋੜ ਕੇ ਜ਼ਿਆਦਾ ਸਟੀਕ ਤੇ ਸਮਰੱਥ ਬਣਾਇਆ ਜਾ ਰਿਹਾ ਹੈ। ਪੰਜਵਾਂ ਉਦਯੋਗਿਕ ਇਨਕਲਾਬ ਨਿਰੰਤਰ ਮਾਨਵ ਕੇਂਦਰੀਅਤਾ ਅਤੇ ਵਾਤਾਵਰਣੀ ਸਰੋਕਾਰਾਂ ਦੇ ਨਾਲ ਨਾਲ ਉਦਯੋਗਿਕ ਸੰਰਚਨਾਵਾਂ ਰਾਹੀਂ ਮਸਨੂਈ ਬੁੱਧੀ (ਆਰਟੀਫੀਸ਼ੀਅਲ ਇੰਟੈਲੀਜੈਂਸ), ਇੰਟਰਨੈੱਟ ਆਫ ਥਿੰਗਜ਼, ਇੰਟਰਨੈੱਟ ਆਫ ਐਵਰੀਥਿੰਗ, ਇੰਡਸਟਰੀਅਲ ਇੰਟਰਨੈੱਟ ਆਫ ਥਿੰਗਜ਼, ਬਿੱਗ ਡੇਟਾ, ਐਲਗੋਰਿਦਮਜ਼, ਰੋਬੋਟਿਕਸ ਅਤੇ ਐਨਾਲਿਟਿਕਸ ਦਾ ਪ੍ਰਯੋਗ ਕਰਕੇ ਮਾਨਵੀ ਸਮਰੱਥਾਵਾਂ ‘ਚ ਵਾਧੇ ਰਾਹੀਂ ਉਦਯੋਗਿਕ ਉਤਪਾਦਨ ਨੂੰ ਵਧਾਉਣਾ ਹੈ। ਹੁਣ ਤਾਂ ਛੇਵੇਂ ਉਦਯੋਗਿਕ ਇਨਕਲਾਬ ਦੀ ਵੀ ਗੱਲ ਹੋਣ ਲੱਗ ਪਈ ਹੈ ਜਿਸ ਵਿੱਚ ਐਡਵਾਂਸਡ ਤਕਨੀਕਾਂ ਜਿਵੇਂ ਕੁਆਂਟਮ ਕੰਪਿਊਟਿੰਗ ਅਤੇ ਨੈਨੋ ਤਕਨੀਕਾਂ ਨੂੰ ਪੂਰਵ ਉਸਾਰੀਆਂ ਉਦਯੋਗਿਕ ਸੰਰਚਨਾਵਾਂ ਦੇ ਆਧਾਰ ‘ਤੇ ਵਿਕਸਤ ਕੀਤਾ ਜਾਵੇਗਾ।
ਪੱਛਮ, ਖ਼ਾਸਕਰ ਯੂਰਪ ਵਿੱਚ ਪ੍ਰਬੁੱਧਤਾ ਦੇ ਦੌਰ ਨੇ ਆਧੁਨਿਕਤਾ ਦੇ ਪ੍ਰਾਜੈਕਟ ਵਿੱਚ ਮਸ਼ੀਨ ਦੀ ਮਨੁੱਖੀ ਜੀਵਨ ਵਿੱਚ ਪੂਰੀ ਦਖ਼ਲਅੰਦਾਜ਼ੀ ਰੱਖੀ। ਇਸ ਦੌਰ ਵਿੱਚ ਮਸ਼ੀਨ ਨੇ ਸਵੈ ਅਤੇ ਸੰਚਾਰ ਦੇ ਪੈਰਾਡਾਈਮਜ਼ ਵਿੱਚ ਵੱਡੇ ਪਰਿਵਰਤਨ ਲਿਆਂਦੇ। ਇਨ੍ਹਾਂ ਵਿੱਚ ਮਨੁੱਖ ਕੇਂਦਰ ਵਿੱਚ ਰਿਹਾ। ਆਧੁਨਿਕਤਾ ਪ੍ਰਤੀ ਇਸ ਸੋਚ ਦਾ ਹੁੰਗਾਰਾ ਹਾਂ-ਮੁਖੀ ਸੀ। ਇਸ ਦੇ ਉਲਟ ਇਸ ਵਿੱਚੋਂ ਹੀ ਵਿਗਸੇ ਉਤਰ-ਆਧੁਨਿਕਤਾਵਾਦ ਨੇ ਮਾਨਵ ਕੇਂਦ੍ਰਿਤ ਸਾਰੇ ਮਹਾਬਿਰਤਾਤਾਂ ਨੂੰ ਰੱਦ ਕਰ ਦਿੱਤਾ। ਇਸ ਦਾ ਕਹਿਣਾ ਹੈ ਕਿ ਇਸ ਨਾਲ ਮਨੁੱਖੀ ਸਵੈ ਭਾਵ ਮਾਨਵੀ ਸਥਿਤੀ ਵਿੱਚ ਕੁਝ ਬਦਲਾਅ ਨਹੀਂ ਆਉਂਦਾ। ਇਸ ਦੇ ਮੁਕਾਬਲੇ ਉਤਰ-ਮਾਨਵਵਾਦ ਮਨੁੱਖੀ ਸਵੈ ਦੀਆਂ ਸਥਿਤੀਆਂ ਨੂੰ ਸਮਝਣ ਵਿੱਚ ਬਦਲਾਅ ਲਿਆਉਂਦਾ ਹੈ। ਹੁਣ ਤੱਕ ਸਵੈ ਦੀ ਸਮਝ ਮਾਨਵ ਕੇਂਦਰਿਤ ਰਹੀ। ਇਹ ਮਨੁੱਖ ਕੇਂਦਰਿਤ ਦ੍ਰਿਸ਼ਟੀਕੋਣ ਸਦੀਆਂ ਤੋਂ ਮਨੁੱਖੀ ਸੋਚ ਤੇ ਸਮਝ ‘ਤੇ ਭਾਰੂ ਰਿਹਾ। ਇਹ ਗ਼ੈਰ ਮਾਨਵੀ ਜੀਵਨ ਰੂਪਾਂ ਅਤੇ ਕੁਦਰਤੀ ਯੂਨਿਟਾਂ ਨੂੰ ਮਾਨਵੀ ਹਿੱਤਾਂ ਦੇ ਦ੍ਰਿਸ਼ਟੀਕੋਣ ਤੋਂ ਦੇਖਦਾ ਹੈ। ਇਸ ਦੇ ਬਰਅਕਸ ਮਨੁੱਖੀ ਸਵੈ ਦੀ ਸਮਰੱਥਾ ਨੂੰ ਸਮਝਣ ਲਈ ਪੋਸਟ ਹਿਊਮਨਿਜ਼ਮ ਇੱਕ ਦਾਰਸ਼ਨਿਕ ਅਤੇ ਸਭਿਆਚਾਰਕ ਦ੍ਰਿਸ਼ਟੀਕੋਣ ਹੈ ਜੋ ਮਾਨਵੀ ਵਿਸਤਾਰਵਾਦ ਨੂੰ ਰੱਦ ਕਰਕੇ ਮਨੁੱਖ, ਮਸ਼ੀਨ, ਕੁਦਰਤੀ ਵਰਤਾਰਿਆਂ ਅਤੇ ਇਕਾਈਆਂ ਵਿਚਕਾਰ ਸੀਮਾਵਾਂ ਨੂੰ ਧੁੰਦਲਾ ਕਰਦਾ ਹੈ।
ਮਾਨਵ ਕੇਂਦਰੀਵਾਦ ਸੰਸਾਰ ਨੂੰ ਪ੍ਰਮੁੱਖ ਤੌਰ ‘ਤੇ ਮਾਨਵੀ ਇੱਛਾਵਾਂ ਅਤੇ ਕਦਰਾਂ ਕੀਮਤਾਂ ਦੇ ਪੱਖ ਤੋਂ ਦੇਖਦਾ ਹੈ ਭਾਵ ਮਨੁੱਖ ਨੂੰ ਬ੍ਰਹਿਮੰਡ ਦੇ ਕੇਂਦਰ ਵਿੱਚ ਰੱਖਦਾ ਹੈ। ਇਸ ਦ੍ਰਿਸ਼ਟੀਕੋਣ ਤੋਂ ਵਾਤਾਵਰਣ ਦੇ ਵਿਨਾਸ਼, ਜੀਵਾਂ ਦੇ ਅਲੋਪ ਹੋਣ ਅਤੇ ਸਮਾਜਿਕ ਅਸਮਾਨਤਾਵਾਂ ‘ਚ ਵਾਧਾ ਹੁੰਦਾ ਹੈ। ਇਸ ਲਈ ਮਾਨਵ ਕੇਂਦਰਵਾਦ ਨੂੰ ਰੱਦ ਕਰਦੇ ਪੋਸਟ ਹਿਊਮਨਿਸਟਿਕ ਦ੍ਰਿਸ਼ਟੀਕੋਣ ਤੋਂ ਮਾਨਵ ਵਿਸਤਾਰਵਾਦ ਨੂੰ ਕਾਟੇ ਹੇਠ ਰੱਖਿਆ ਜਾ ਰਿਹਾ ਹੈ। ਮਸਨੂਈ ਬੁੱਧੀ ਭਾਵ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਭਵਿੱਖਮੁਖੀ ਦ੍ਰਿਸ਼ਟੀਕੋਣ ਵਿੱਚ ਇਸ ਕਾਰਨ ਇੱਕ ਵਧੇਰੇ ਇਨਕਲਿਊਸਿਵ- ਇੰਟਰਕੁਨੈਕਟਿਡ ਵਿਸ਼ਵ ਦ੍ਰਿਸ਼ਟੀਕੋਣ ਉਭਰ ਰਿਹਾ ਹੈ। ਇਸ ਦੇ ਅੰਤਰਗਤ ਪਾਰ-ਮਾਨਵਵਾਦ ਤੇ ਉੱਤਰ ਮਾਨਵਵਾਦ ਦੇ ਵਰਗ ਦ੍ਰਿਸ਼ਟੀਕੋਣ ਰਾਹੀਂ ਮਸਨੂਈ ਬੁੱਧੀ (ਆਰਟੀਫੀਸ਼ੀਅਲ ਇੰਟੈਲੀਜੈਂਸ), ਐਲਗੋਰਿਦਮਜ਼, ਡੇਟਾ-ਬਿੱਗ ਡੇਟਾ ਆਦਿ ਸ਼ਾਮਿਲ ਹੋ ਕੇ ‘ੰਿਨਦ-ੰੳਚਹਿਨੲ’, ਜਨੈਟਿਕਿਸ ਅਤੇ ਸਾਈਬੋਰਜੀਨੇਸ਼ਨ ਆਦਿ ਰਾਹੀਂ ਸਵੈ ਪਛਾਣ ਅਤੇ ਮਨੁੱਖੀ ਸੰਚਾਰ ਦੀ ਸੰਭਾਵਨਾਵਾਂ ਨੂੰ ਸੋਚਿਆ ਅਤੇ ਉਲੀਕਿਆ ਜਾ ਰਿਹਾ ਹੈ। ਇੰਟਰਨੈੱਟ ਆਫ ਥਿੰਗਜ਼ ਅਤੇ ਇੰਟਰਨੈੱਟ ਆਫ ਐਵਰੀਥਿੰਗ ਅਤੇ ਬਿੱਗ ਡੇਟਾ ਅਤੇ ਮੈਟਾ ਡੇਟਾ ਨੂੰ ਸਮਝਣ ਸੁਲਝਾਉਣ ਵਾਲੀਆਂ ਵੱਡੀਆਂ ਐਲਗੋਰਿਦਮਜ਼ ਦਾ ਅਧਿਕਾਰ ਇੱਕ ਤਰ੍ਹਾਂ ਦਾ ਨਵਾਂ ਪੂੰਜੀਵਾਦ ਹੈ ਜੋ ਸਦਾ ਆਪਣੀ ਹੀ ਗਤੀ ਅਤੇ ਹੋਂਦ ਵਿਰੁੱਧ ਸੰਘਰਸ਼ ‘ਚ ਰਹੇਗਾ ਅਤੇ ਇਸ ‘ਚ ਚਿੰਤਾ ਸੋਸ਼ਣ ਦੀ ਥਾਂ ਅਪ੍ਰਸੰਗਿਕ ਹੋਣ ਦੀ ਹੋਵੇਗੀ।
ਮਸਨੂਈ ਬੁੱਧੀ ਬਾਰੇ ਇੱਕ ਵਿਚਾਰ ਇਹ ਵੀ ਹੈ ਕਿ ਇਹ ਮਨੁੱਖ ਦੀ ਭਾਸ਼ਾ ਅਤੇ ਗਿਆਨ ਸਮੱਰਥਾ ‘ਚ ਹੋਰ ਇਜ਼ਾਫ਼ਾ/ਵਾਧਾ ਅਤੇ ਵਿਸਤਾਰ ਕਰੇਗੀ ਪਰ ਇਸ ਦਾ ਬਦਲ ਨਹੀਂ ਬਣ ਸਕਦੀ। ਇਹ ਮਨੁੱਖ ਨੂੰ ਹੋਰ ਚੇਤਨ ਅਤੇ ਚੌਕੰਨਾ ਕਰੇਗੀ ਤੇ ਚੈਨ ਨਾਲ ਨਹੀਂ ਬੈਠਣ ਦੇਵੇਗੀ ਕਿਉਂਕਿ ਉਹ ਮਨੁੱਖ ਦੇ ਬਹੁਤ ਸਾਰੇ ਪ੍ਰਸ਼ਨਾਂ ਦਾ ਜਵਾਬ ਦੇਣ ‘ਚ ਸਮਰੱਥ ਹੋਵੇਗੀ। ਮਨੁੱਖ ਬਚੀ ਹੋਈ ਊਰਜਾ ਨੂੰ ਹੋਰ ਵੱਡੀਆਂ ਜਿਗਿਆਸਾਵਾਂ ‘ਚ ਲਾ ਸਕੇਗਾ ਪਰ ਇਸ ਦੀ ਇੱਕ ਉਲਟ ਸਥਿਤੀ ਇਹ ਵੀ ਹੈ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਮਨੁੱਖ ਨੂੰ ਪ੍ਰਸ਼ਨ ਨਹੀਂ ਕਰ ਸਕਦੀ। ਉਸ ਕੋਲ ਜਿਗਿਆਸਾ ਦਾ ਮਾਦਾ ਨਹੀਂ। ਉਹ ਤਾਂ ਸਵਾਲਾਂ ਦਾ ਜਵਾਬ ਦੇਣ ਵਾਸਤੇ ਬਣੀ ਹੈ। ਜਿਗਿਆਸਾ ‘ਤੇ ਸਦਾ ਮਨੁੱਖ ਦਾ ਅਧਿਕਾਰ ਰਹੇਗਾ। ਆਰਟੀਫੀਸ਼ੀਅਲ ਇੰਟੈਲੀਜੈਂਸ ਜਦੋਂ ਮਾਨਵੀ ਸਮਰੱਥਾਵਾਂ ਨੂੰ ਬੜੀ ਵੱਡੀ ਪੱਧਰ ‘ਤੇ ਹੋਰ ਸ਼ਕਤੀਸ਼ਾਲੀ ਅਤੇ ਵਿਆਪਕ ਕਰ ਰਹੀ ਹੋਵੇਗੀ ਤਾਂ ਇਸ ਸਾਰੇ ਵਰਤਾਰੇ ‘ਚ ਮਨੁੱਖੀ ਹਮਦਰਦੀ ਅਤੇ ਸੁਹਿਰਦਤਾ ਦਾ ਸਥਾਨ ਬੜਾ ਸਰਵੋਤਮ ਰਹੇਗਾ। ਇਸ ਨੂੰ ਗੁਰੂ ਨਾਨਕ ਸਾਹਿਬ ਨੇ ”ਧੌਲੁ ਧਰਮੁ ਦਇਆ ਕਾ ਪੂਤੁ॥ ਸੰਤੋਖੁ ਥਾਪਿ ਰਖਿਆ ਜਿਨਿ ਸੂਤਿ॥” ਕਿਹਾ ਹੈ। ਡਾਰਕ ਵਰਲਡ, ਡੀਪ ਫੇਕ ਅਤੇ ਪੋਸਟ ਟਰੁੱਥ ਦੇ ਸਮਿਆਂ ‘ਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਇਸ ਸਾਰੀ ਗਿਆਨਾਤਮਕਤਾ ‘ਚ ਸਦਾਚਾਰਕਤਾ ਦੇ ਨਾਲ ਨਾਲ ਨੈਤਿਕਤਾ ਦਾ ਪਾਰਾਵਾਰ ਸਭ ਤੋਂ ਹਰਮਨ ਪਿਆਰਾ ਹੋਵੇਗਾ।
ਅਸੀਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਯੁੱਗ ਵਿੱਚ ਦਾਖ਼ਲ ਹੋ ਚੁੱਕੇ ਹਾਂ। ਜਿਹੜੀ ਭਾਸ਼ਾ ਇਸ ਦੇ ਪਲੈਟਫਾਰਮ ‘ਤੇ ਨਹੀਂ ਹੋਵੇਗੀ, ਉਸ ਲਈ ਆਪਣੀ ਹੋਂਦ ਬਣਾਈ ਰੱਖਣਾ ਮੁਸ਼ਕਿਲ ਹੀ ਨਹੀਂ, ਅਸੰਭਵ ਹੋ ਜਾਵੇਗਾ। ਪਹਿਲੀ ਫਰਵਰੀ 2024 ਨੂੰ ਗੂਗਲ ਨੇ ਆਪਣਾ ਆਰਟੀਫੀਸ਼ੀਅਲ ਇੰਟੈਲੀਜੈਂਸ ਪਲੇਟਫਾਰਮ ਜੈਮਨਾਈ ਪਰੋ ਰਿਲੀਜ਼ ਕੀਤਾ ਜਿਸ ਵਿੱਚ ਅੱਠ ਭਾਰਤੀ ਭਾਸ਼ਾਵਾਂ ਜਿਵੇਂ ਹਿੰਦੀ (60 ਕਰੋੜ ਭਾਸ਼ਾਹਾਰੀ), ਬੰਗਾਲੀ (27 ਕਰੋੜ ਭਾਸ਼ਾਹਾਰੀ), ਮਰਾਠੀ (9 ਕਰੋੜ ਭਾਸ਼ਾਹਾਰੀ), ਤੇਲਗੂ (8 ਕਰੋੜ ਭਾਸ਼ਾਹਾਰੀ), ਕੰਨੜ (5 ਕਰੋੜ ਭਾਸ਼ਾਹਾਰੀ) ਨੂੰ ਸ਼ਾਮਿਲ ਕੀਤਾ ਗਿਆ, ਪਰ ਪੂਰੀ ਦੁਨੀਆ ‘ਚ 15 ਕਰੋੜ ਲੋਕਾਂ ਦੀ ਭਾਸ਼ਾ ਪੰਜਾਬੀ ਨੂੰ ਸ਼ਾਮਿਲ ਨਹੀਂ ਕੀਤਾ ਗਿਆ। ਅਜਿਹਾ ਕਿਉਂ ਨਹੀਂ ਕੀਤਾ ਗਿਆ? ਇਹ ਸਾਰੇ ਪੰਜਾਬੀਆਂ ਲਈ ਚਿੰਤਾ ਦਾ ਵਿਸ਼ਾ ਹੈ। ਪੰਜਾਬੀ ਭਾਸ਼ਾ ਦੇ ਇਸ ਪਲੈਟਫਾਰਮ ਤੋਂ ਬਾਹਰ ਰਹਿ ਜਾਣ ਦੇ ਕਈ ਨੁਕਸਾਨ ਹਨ। ਕਿਸੇ ਭਾਸ਼ਾ ਦਾ ਭਵਿੱਖ ‘ਚ ਆਪਣੀ ਹੋਂਦ ਬਣਾਈ ਰੱਖਣ ਤੇ ਸੁਰੱਖਿਅਤ ਰਹਿਣ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਪਲੈਟਫਾਰਾਮ ‘ਤੇ ਜ਼ਿੰਦਾ ਰਹਿਣਾ ਜ਼ਰੂਰੀ ਹੋ ਗਿਆ ਹੈ। ਭਾਵੇਂ ਪੰਜਾਬੀ ਭਾਸ਼ਾ ਦੇ ਭਵਿੱਖ ਦਾ ਵੀ ਸਵਾਲ ਹੈ ਪਰ ਇਸ ਨੂੰ ਬਹੁਤਾ ਵਧਾ-ਚੜ੍ਹਾਅ ਕੇ ਨਹੀਂ ਦੇਖਿਆ ਜਾਣਾ ਚਾਹੀਦਾ। ਜੇਕਰ ਗੂਗਲ ਨੇ ਆਪਣੇ ਪਲੈਟਫਾਰਮ ‘ਜੈਮਨਾਈ ਪਰੋ’ ‘ਤੇ ਪੰਜਾਬੀ ਨੂੰ ਨਹੀਂ ਪਾਇਆ ਤਾਂ ਕੋਈ ਗੱਲ ਨਹੀਂ ਕਿਉਂਕਿ ਬਹੁਤ ਸਾਰੀਆਂ ਆਰਟੀਫੀਸ਼ੀਅਲ ਇੰਟੈਲੀਜੈਂਸ ਆਧਾਰਿਤ ਐਪਸ ਨੇ ਪੰਜਾਬੀ ਨੂੰ ਸ਼ਾਮਿਲ ਕੀਤਾ ਹੈ ਅਤੇ ਕਰ ਵੀ ਰਹੀਆਂ ਹਨ। ਇਸ ਵੇਲੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਸਭ ਤੋਂ ਵੱਧ ਸਫ਼ਲ ਅਤੇ ਪ੍ਰਚੱਲਿਤ ਸੰਦ ਚੈਟਜੀਪੀਟੀ ਨੇ ਪੰਜਾਬੀ ਨੂੰ ਕਲਾਵੇ ਵਿੱਚ ਲਿਆ ਹੈ। ਕਲੌਡ 3.5 ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਸਭ ਤੋਂ ਵੱਧ ਸ਼ਕਤੀਸ਼ਾਲੀ ਪਲੈਟਫਾਰਮ ਹੈ ਜਿਸ ਨੇ ਆਪਣੇ 3.5 ਮਾਡਲ ਵਿੱਚ ਸ਼ੁਰੂ ਤੋਂ ਹੀ ਪੰਜਾਬੀ ਨੂੰ ਸ਼ਾਮਿਲ ਕੀਤਾ ਹੈ। ਫੇਸਬੁੱਕ ਅਤੇ ਵਟਸਐਪ ਦੀ ਕਲਾਊਡ ਕੰਪਨੀ ‘ਮੈਟਾ ਏ ਆਈ’ ਵਿੱਚ ਪੰਜਾਬੀ ਨੂੰ ਸ਼ਾਮਿਲ ਕਰਨ ‘ਤੇ ਕੰਮ ਚੱਲ ਰਿਹਾ ਹੈ। ਆਉਣ ਵਾਲੇ ਸਮਿਆਂ ‘ਚ ਗੂਗਲ ਦੀ ਜੈਮਨਾਈ ਪਰੋ ਵੀ ਪੰਜਾਬੀ ਨੂੰ ਸ਼ਾਮਿਲ ਕਰੇਗੀ ਹੀ। ਇਸ ਦਾ ਕਾਰਨ ਹੈ ਕਿ ਕਿਸੇ ਵੀ ਮਾਡਲ ਪਲੈਟਫਾਰਮ ਨੂੰ ਕਿਸੇ ਵੀ ਭਾਸ਼ਾ ‘ਚ ਮੁਹਾਰਤ ਹਾਸਿਲ ਕਰਨ ਲਈ ਆਪਣਾ ਡੇਟਾਬੇਸ ਬੜਾ ਵਿਸ਼ਾਲ ਅਤੇ ਸਮ੍ਰਿਧ ਕਰਨਾ ਪੈਂਦਾ ਹੈ ਤਾਂ ਜੋ ਉਸ ਭਾਸ਼ਾ ਦੀ ਸਮੱਗਰੀ ਦੀ ਗੁਣਵੱਤਾ, ਵਿਭਿੰਨਤਾ ਅਤੇ ਬਹੁਰੂਪਤਾ ‘ਤੇ ਨਿਰਭਰ ਕਰਦਾ ਹੈ। ਇਸੇ ਕਰਕੇ ਤੁਸੀਂ ਦੇਖਿਆ ਹੋਣਾ ਕਿ ਚੈਟਜੀਪੀਟੀ ਸਭ ਤੋਂ ਪੁਰਾਣਾ ਸੰਦ ਹੈ ਪਰ ਕਈ ਵਾਰ ਪੰਜਾਬੀ ਦੇ ਪ੍ਰਸੰਗ ‘ਚ ਉਹ ਜਦ ਕੁਝ ਜੈਨਰੇਟ ਜਾਂ ਪ੍ਰੋਡਿਊਸ ਕਰਦੀ ਹੈ ਤਾਂ ਚੌਥੀ ਪੰਜਵੀਂ ਕਮਾਂਡ ਤੋਂ ਬਾਅਦ ਉਹ ਹਫਣ ਤੇ ਥੱਕਣ ਲੱਗ ਜਾਂਦੀ ਹੈ। ਇਸਦਾ ਕਾਰਨ ਇਹ ਹੈ ਕਿ ਉਸ ਦਾ ਡੇਟਾਬੇਸ ਏਨਾ ਵਿਸ਼ਾਲ ਨਹੀਂ ਪਰ ਜਦੋਂ ਤੁਸੀਂ ਉਹੀ ਕੰਮ ਕਲੌਡ 3.5 ਤੋਂ ਲੈਂਦੇ ਹੋ ਤਾਂ ਉਸ ਵੱਲੋਂ ਜੈਨਰੇਟ ਕੀਤੀ ਸਮੱਗਰੀ ਜ਼ਿਆਦਾ ਅਮੀਰ ਤੇ ਭਰਪੂਰ ਹੁੰਦੀ ਹੈ। ਇੰਝ ਇਹ ਕਿਹਾ ਜਾ ਸਕਦਾ ਹੈ ਕਿ ਪੰਜਾਬੀ ‘ਚ ਏ ਆਈ ਵਿੱਚ ਵੱਖ ਵੱਖ ਪਲੈਟਫਾਰਮਾਂ ਦਾ ਉਤਪਾਦਨ ਮਿਆਰ ਅਤੇ ਗੁਣਵੱਤਾ ਭਿੰਨ-ਭਿੰਨ ਹੈ। ਪੰਜਾਬੀ ਭਾਸ਼ਾ ਵਿੱਚ ਜੇਕਰ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਮਿਆਰ ਵਧਾਉਣਾ ਹੈ ਤਾਂ ਸਾਨੂੰ ਪੰਜਾਬੀ ਭਾਸ਼ਾਹਾਰੀਆਂ ਨੂੰ ਵੱਧ ਤੋਂ ਵੱਧ ਇੰਟਰਨੈੱਟ ਮੁਖੀ ਬਣ ਕੇ ਬਹੁਤ ਵਿਸ਼ਾਲ ਅਤੇ ਸ਼ਕਤੀਸ਼ਾਲੀ ਡੇਟਾਬੇਸ ਬਣਾਉਣਾ ਪਵੇਗਾ ਤਾਂ ਹੀ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਪੈਦਾ ਹੋਈ ਸਾਹਿਤਕ ਕਿਰਤ ਜਾਂ ਕਲਾ ਆਪਣੀ ਵਿਵਿਧਤਾ ਅਤੇ ਵਿਭਿੰਨਤਾ ਨਾਲ ਹਾਜ਼ਰੀ ਲਵਾ ਸਕੇਗੀ।
ਇੱਕ ਗੱਲ ਧਿਆਨਯੋਗ ਹੈ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ‘ਤੇ ਆਧਾਰਿਤ ਸਾਰੀਆਂ ਐਪਸ ਅਤੇ ਪਲੈਟਫਾਰਮਾਂ ਅਤੇ ਟੂਲਜ਼ ਦਾ ਸਾਰਾ ਵਰਤਾਰਾ ਬਾਜ਼ਾਰ ਆਧਾਰਿਤ ਹੈ। ਇਸ ਦੇ ਕਮਰਸ਼ੀਅਲ ਪੱਖ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਸਾਰੀਆਂ ਇਨਫਰਮੇਸ਼ਨ ਟੈਕਨਾਲੋਜੀ ਕੰਪਨੀਆਂ, ਜੋ ਇਨ੍ਹਾਂ ਤਕਨੀਕਾਂ ‘ਤੇ ਬੇਇੰਤਹਾ ਪੈਸਾ ਨਿਵੇਸ਼ ਕਰ ਰਹੀਆਂ ਹਨ, ਦਾ ਮਕਸਦ ਮੁਨਾਫ਼ਾ ਕਮਾਉਣਾ ਹੈ। ਪਹਿਲਾਂ ਉਹ ਸਾਰੇ ਪਲੈਟਫਾਰਮ ਮੁਫ਼ਤ ਮੁਹੱਈਆ ਕਰਵਾਉਣਗੀਆਂ ਜਦੋਂ ਖਪਤਕਾਰ ਆਦੀ ਹੋ ਜਾਣਗੇ ਤਾਂ ਉਹ ਉਨ੍ਹਾਂ ਦੀਆਂ ਲੋੜਾਂ ‘ਚੋਂ ਪੈਸਾ ਕਮਾਉਣਗੀਆਂ। ਭਵਿੱਖ ਦਾ ਬਾਜ਼ਾਰ ਆਰਟੀਫੀਸ਼ੀਅਲ ਇੰਟੈਲੀਜੈਂਸ ਆਧਾਰਿਤ ਹੋਵੇਗਾ।
ਯੁਵਾਲ ਨੋਹ ਹਰਾਰੀ ਆਪਣੀ ਕਿਤਾਬ ‘ਹੋਮੋ ਡਿਊਸ’ ‘ਚ ਕਹਿੰਦਾ ਹੈ ਕਿ ਆਉਣ ਵਾਲੇ ਮਨੁੱਖੀ ਦੇਵਤੇ ਉਹੀ ਹੋਣਗੇ ਜਿਨ੍ਹਾਂ ਕੋਲ ਸਭ ਤੋਂ ਵੱਡਾ ਡੇਟਾਬੇਸ ਅਤੇ ਉਸ ਨਾਲ ਸਿੱਝਣ ਲਈ ਬਹੁਤ ਸ਼ਕਤੀਸ਼ਾਲੀ ਐਲਗੋਰਿਦਮਜ਼ ਹੋਣਗੇ, ਜੋ ਬਹੁਤ ਤੇਜ਼ੀ ਨਾਲ ਹਰ ਰੋਜ਼ ਆਪਣੇ ਨਵੇਂ ਰੂਪਾਂ ‘ਚ ਬਾਜ਼ਾਰ ਵਿੱਚ ਹਾਜ਼ਰੀ ਲਵਾਉਣਗੇ ਕਿਉਂਕਿ ਭਵਿੱਖ ਦਾ ਡਰ ਹੁਣ ਸੋਸ਼ਣ ਦਾ ਨਹੀਂ, ਅਸੰਗਤ ਅਤੇ ਅਪ੍ਰਸੰਗਿਕ ਹੋ ਜਾਣ ਦਾ ਹੈ। ਸਭ ਐਪਸ ਤੇ ਟੂਲਜ਼ ਲੋੜ ‘ਤੇ ਨਿਰਭਰ ਹੋਣਗੇ ਕਿਉਂਕਿ ਇਨ੍ਹਾਂ ਨੂੰ ਸਭਨਾਂ ਨੂੰ ਵਰਤਣਾ ਪੈਣਾ ਹੈ। ਲੋੜ ਮੁਤਾਬਿਕ ਵਰਤੋਂ ਅਤੇ ਵਰਤੋਂ ਮੁਤਾਬਕ ਖ਼ਰੀਦੋ। ਭਵਿੱਖ ਲਈ ਮਾਨਸਿਕ ਤੌਰ ‘ਤੇ ਆਪਣੇ ਆਪ ਨੂੰ ਜਿੰਨੀ ਜਲਦੀ ਤਿਆਰ ਕਰ ਲਈਏ ਓਨਾ ਚੰਗਾ ਹੈ।
ਚਿੱਤਰਕਲਾ-ਪੇਂਟਿੰਗਜ਼ ਦੀ ਦੁਨੀਆ ਵਿੱਚ ਵੀ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਦਖ਼ਲ ਦਿਨੋ ਦਿਨ ਵਿਆਪਕ ਹੁੰਦਾ ਜਾ ਰਿਹਾ ਹੈ। ‘ਮਿੱਡ ਜਰਨੀ’ ਜਿਹੇ ਕਈ ਸੌਫਟਵੇਅਰ ਪ੍ਰੋਗਰਾਮ ਹਨ ਜਿਹੜੇ ਖਪਤਕਾਰ ਦੀ ਮੰਗ ਅਤੇ ਨਿਰਦੇਸ਼ਨਾ ਨੂੰ ਕਲਾ-ਪੇਂਟਿੰਗ ‘ਚ ਬਦਲ ਦਿੰਦੇ ਹਨ। ਉਦਾਹਰਣ ਵਜੋਂ ਜਿਵੇਂ ਤੁਸੀਂ ‘ਮਿੱਡ ਜਰਨੀ’ ਨੂੰ ਕਹੋ ਕਿ ਮੈਨੂੰ ਇਸ ਤਰ੍ਹਾਂ ਦਾ ਚਿੱਤਰ ਚਾਹੀਦਾ ਹੈ ਜਿਸ ਵਿਚ ਦੋ ਪ੍ਰੇਮੀ ਸਮੁੰਦਰ ਕਿਨਾਰੇ ਬੈਠੇ ਹੋਣ૴ ਸ਼ਾਮ ਦਾ ਸਮਾਂ ਹੋਵੇ૴ ਪੰਛੀ ਘਰਾਂ ਨੂੰ ਪਰਤ ਰਹੇ ਹੋਣ૴ ਇਸਦੀ ਸ਼ੈਲੀ ਕਿਊਬਇਜ਼ਮ ਦੀ૴ ਜਾਂ ਦਾਦਾਇਜ਼ਮ ਦੀ૴ ਰਿਅਲਇਜ਼ਮ ਦੀ ਹੋਵੇ૴ ਕਲਾ ਦਾ ਸਮਾਂ ਰੈਨੇਸਾਂ ਦਾ ਹੋਵੇ ਜਾਂ ਪ੍ਰਬੁੱਧਤਾ ਦਾ૴ ਆਦਿ। ਕੁਝ ਮਿੰਟਾਂ ਬਾਅਦ ਹੀ ‘ਮਿੱਡ ਜਰਨੀ’ ਤੁਹਾਡੇ ਨਿਰਦੇਸ਼ਾਂ ਨੂੰ ਕਲਾ ਵਿੱਚ ਬਦਲ ਦੇਵੇਗੀ। ਇਸ ‘ਚ ਕੋਈ ਕਮੀ ਨਹੀਂ ਹੋਵੇਗੀ। ਲਾਈਟ ਅਤੇ ਸ਼ੇਡਜ਼ ਦਾ ਬੜਾ ਵਧੀਆ ਪ੍ਰਯੋਗ ਹੋਵੇਗਾ ਪਰ ਇਸ ਵਿੱਚ ਕਲਾ ਸਿਰਜਣਾ ਦੀਆਂ ਪਾਬਲੋ ਪਿਕਾਸੋ, ਵਾਨਗੌਗ ਜਾਂ ਪਾਲ ਗੋਗਾਂ ਆਦਿ ਦੇ ਹੱਥਾਂ ਜਿਹੀਆਂ ਮਨੁੱਖੀ ਛੋਹਾਂ ਦੀ ਕਮੀ ਮਹਿਸੂਸ ਹੋਵੇਗੀ। ਇਹੋ ਹਾਲ ਸੰਗੀਤ ਦੀ ਦੁਨੀਆ ਦਾ ਹੈ। ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਪੁਰਾਣੇ ਗਾਣਿਆਂ ਨੂੰ ਪੁਰਾਣੇ ਗਾਇਕਾਂ ਦੀ ਆਵਾਜ਼ ‘ਚ ਮੁੜ ਗਾਇਆ ਜਾ ਸਕਦਾ ਹੈ।
ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਆਉਣ ਨਾਲ ਸਾਹਿਤ ‘ਚ ਬੜੇ ਬਦਲਾਅ ਆਉਣ ਦਾ ਖ਼ਦਸ਼ਾ ਹੈ। ਬਹੁਤ ਸਾਰੇ ਪੰਜਾਬੀਆਂ ਦੇ ਮਨਾਂ ‘ਚ ਇਹ ਤੌਖ਼ਲਾ ਹੈ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਕਵਿਤਾ ਬੜੀ ਆਸਾਨੀ ਨਾਲ ਲਿਖੀ ਜਾ ਸਕਦੀ ਹੈ। ਪਿੱਛੇ ਜਿਹੇ ਕਵੀ ਗੁਰਪ੍ਰੀਤ (ਫੇਸਬੁੱਕ ਵਾਲ ਤੋਂ ਲਈ ਸਮੱਗਰੀ ਲਈ ਧੰਨਵਾਦ ਸਹਿਤ) ਨੇ ‘ਕਲੌਡ ਏ ਆਈ 3.5’ ਨੂੰ ਬੇਨਤੀ ਕੀਤੀ ਤੇ ਇੱਕ ਕਵਿਤਾ ਲਿਖ ਦਿੱਤੀ ਗਈ। ਕਵੀ ਦਾ ਕਹਿਣਾ ਸੀ ਕਿ ਠੀਕ ਹੈ ਕਿ ਮੈਂ ਨਾਜ਼ਿਮ ਹਿਕਮਤ ਦੀ ਸ਼ੈਲੀ ‘ਚ ਕਵਿਤਾ ਲਿਖਣ ਦੀ ਕੋਸ਼ਿਸ਼ ਕਰਦਾ ਹਾਂ। ਉਨ੍ਹਾਂ ਦੀ ਕਵਿਤਾ ਅਕਸਰ ਸਮਾਜਿਕ ਅਤੇ ਰਾਜਨੀਤਕ ਵਿਸ਼ਿਆਂ ‘ਤੇ ਕੇਂਦ੍ਰਿਤ ਹੁੰਦੀ ਸੀ, ਨਾਲ ਹੀ ਪ੍ਰੇਮ ਅਤੇ ਮਾਨਵਤਾ ਦੇ ਵਿਸ਼ਿਆਂ ‘ਤੇ ਵੀ। ਏਆਈ ਨੇ ਗੁਰਪ੍ਰੀਤ ਦੀ ਬੇਨਤੀ ‘ਤੇ ਇਉਂ ਕਵਿਤਾ ਲਿਖੀ:
ਅਜ਼ਾਦੀ ਦਾ ਗੀਤ
ਮੈਂ ਦੇਖਿਆ ਹੈ ਇੱਕ ਬੱਚਾ
ਜੋ ਭੁੱਖ ਨਾਲ ਰੋ ਰਿਹਾ ਸੀ
ਉਸਦੀਆਂ ਅੱਖਾਂ ਵਿੱਚ ਸਵਾਲ ਸਨ
”ਕਿਉਂ?”
ਮੈਂ ਦੇਖੀ ਹੈ ਇੱਕ ਔਰਤ
ਜੋ ਆਪਣੇ ਹੱਕਾਂ ਲਈ ਲੜ ਰਹੀ ਸੀ
ਉਸਦੀ ਮੁੱਠੀ ‘ਚ ਤਾਕਤ ਸੀ
”ਕਦੋਂ?”
ਮੈਂ ਦੇਖਿਆ ਹੈ ਇੱਕ ਬਜ਼ੁਰਗ
ਜੋ ਯਾਦਾਂ ਵਿੱਚ ਖੋਇਆ ਸੀ
ਉਸਦੇ ਦਿਲ ‘ਚ ਉਮੀਦ ਸੀ
”ਕਿੱਥੇ?”
ਮੈਂ ਦੇਖਿਆ ਹੈ ਇੱਕ ਲੋਕ
ਜੋ ਇਕੱਠੇ ਖੜ੍ਹੇ ਸਨ
ਉਨ੍ਹਾਂ ਦੀ ਆਵਾਜ਼ ਵਿੱਚ ਜਵਾਬ ਸੀ
”ਹੁਣ!”
ਆਉ ਸਾਥੀਓ
ਅਸੀਂ ਲਿਖੀਏ ਇੱਕ ਨਵਾਂ ਇਤਿਹਾਸ
ਜਿੱਥੇ ਹਰ ਇੱਕ ਦੀ ਆਵਾਜ਼ ਸੁਣੀ ਜਾਵੇ
ਜਿੱਥੇ ਹਰ ਇੱਕ ਦਾ ਹੱਕ ਪੂਰਾ ਹੋਵੇ
ਆਜ਼ਾਦੀ ਦਾ ਗੀਤ ਗਾਓ
ਇਨਕਲਾਬ ਦਾ ਝੰਡਾ ਲਹਿਰਾਓ
ਆਓ, ਅਸੀਂ ਬਦਲੀਏ ਇਹ ਦੁਨੀਆ
ਹੱਥ ਵਿੱਚ ਹੱਥ ਪਾ ਕੇ ਚੱਲੀਏ
ਇਸ ਕਵਿਤਾ ਬਾਰੇ ਦੋ ਐਨ ਵਿਰੋਧੀ ਦ੍ਰਿਸ਼ਟੀਕੋਣ ਸਾਹਮਣੇ ਆਏ। ਕਿਸੇ ਨੇ ਕਿਹਾ ਕਿ ਸਾਨੂੰ ਕਵੀਆਂ ਨੂੰ ਹੁਣ ਕਵਿਤਾ ਲਿਖਣੀ ਛੱਡ ਦੇਣੀ ਚਾਹੀਦੀ ਹੈ।
ਦੂਜੇ ਨੇ ਕਿਹਾ ਕਿ ਬੱਸ ਕਵਿਤਾ ਗ਼ੈਰਹਾਜ਼ਰ ਹੈ- ਬਾਕੀ ਸਭ ਠੀਕ ਹੈ।
ਆਰਟੀਫੀਸ਼ੀਅਲ ਇੰਟੈਲੀਜੈਂਸ ਆਪਣੇ ਪ੍ਰਾਪਤ ਡੇਟਾ ਦੇ ਆਧਾਰ ‘ਤੇ ਕਵਿਤਾ ਪੈਦਾ-ਉਤਪੰਨ ਕਰ ਸਕਦੀ ਹੈ ਪਰ ਕਵਿਤਾ ਸਿਰਜ ਨਹੀਂ ਸਕਦੀ, ਇਸੇ ਲਈ ਮਸ਼ੀਨੀ ਸਿਮਰਤੀ ਦੇ ਆਧਾਰ ਵਾਲੀ ਕਵਿਤਾ ਰੇਚਕੀ ਜਾਂ ਵਿਰੇਚਨੀ ਨਹੀਂ ਹੁੰਦੀ ਕਿਉਂਕਿ ਉਹ ਉਸ ਤਣਾਅ ‘ਚੋਂ ਨਹੀਂ ਨਿਕਲੀ ਹੁੰਦੀ ਜੋ ਕਵੀ ਕਵਿਤਾ ਦੀ ਸਿਰਜਣਾ ਕਰਦਾ ਹੋਇਆ ਆਪਣੇ ਮਨ-ਬੁੱਧੀ ਅਤੇ ਆਤਮਾ ‘ਤੇ ਝੱਲ ਰਿਹਾ ਹੁੰਦਾ ਹੈ। ਮਸ਼ੀਨੀ ਸਿਮਰਤੀ ਦੁਆਰਾ ਲਿਖੀ ਕਵਿਤਾ ਦਾ ਮਾਨਸਿਕ ਧਰਵਾਸ ਨਹੀਂ ਹੋਵੇਗਾ ਕਿਉਂਕਿ ਹਰ ਵੇਲੇ ਅਵਿਸ਼ਵਾਸ ਦੀ ਭਾਵਨਾ ਮਨੁੱਖੀ ਮਨ ਨੂੰ ਘੇਰੀ ਰੱਖੇਗੀ ਕਿ ਇਹ ਕਵਿਤਾ ਮਸ਼ੀਨ ਨੇ ਪੈਦਾ ਕੀਤੀ ਹੈ ਮਨੁੱਖੀ ਮਨ ਨੇ ਨਹੀਂ। ‘ਨਿਦ-ੰੳਚਹਨਇ’ ਦੇ ਇੰਟਰਫੇਸ ਨੂੰ ਪੜ੍ਹਨ-ਸਮਝਣ, ਜਿਉਣ-ਰਹਿਣ ਵਿੱਚੋਂ ਹੀ ਮਨੁੱਖੀ ਸਰੋਕਾਰਾਂ, ਸਿਰਜਣਾ ਅਤੇ ਸੰਵਾਦ/ਸੰਚਾਰ ਦੇ ਗਿਆਨ ਰਾਹੀਂ ਮੁਕਤੀ ਦਾ ਪ੍ਰਵਚਨ ਬਣ ਉਭਰੇਗਾ। ਸਾਨੂੰ ਆਪਣੀ ਨੈਤਿਕਤਾ ‘ਤੇ ਟੇਕ ਰੱਖਣੀ ਚਾਹੀਦੀ ਹੈ। ਗੁਰਬਾਣੀ ‘ਚ ਗੁਰੂ ਗ੍ਰੰਥ ਸਾਹਿਬ ਵਿੱਚ ਅੰਗ 662 ‘ਤੇ ਗੁਰੂ ਨਾਨਕ ਦੇਵ ਜੀ ਵੱਲੋਂ ਰਾਗ ਧਨਾਸਰੀ ‘ਚ ਕਿਹਾ ਇੱਥੇ ਬੜਾ ਪ੍ਰਸੰਗਿਕ ਪ੍ਰਤੀਤ ਹੁੰਦਾ ਹੈ: ਪੜਿਆ ਬੂਝੈ ਸੋ ਪਰਵਾਣੁ॥ ਜਿਸੁ ਸਿਰਿ ਦਰਗਹ ਕਾ ਨੀਸਾਣੁ॥

 

Related Articles

Latest Articles