3.6 C
Vancouver
Sunday, January 19, 2025

ਕੈਨੇਡਾ ਦੀਆਂ ਸੜਕਾਂ ਉੱਤੇ ਲਾਇਬ੍ਰੇਰੀਆਂ

 

ਲੇਖਕ : ਪ੍ਰਿ. ਵਿਜੈ ਕੁਮਾਰ
ਸੰਪਰਕ : 91 – 98726 – 27136
ਪਿਛਲੇ ਛੇ ਮਹੀਨਿਆਂ ਤੋਂ ਕੈਨੇਡਾ ਵਿੱਚ ਰਹਿੰਦਿਆਂ ਮੇਰਾ ਇਹ ਯਤਨ ਰਿਹਾ ਹੈ ਕਿ ਇਸ ਮੁਲਕ ਦੇ ਪ੍ਰੇਰਨਾਦਾਇਕ ਪਹਿਲੂਆਂ ਨੂੰ ਲੋਕਾਂ ਤਕ ਪਹੁੰਚਾਇਆ ਜਾ ਸਕੇ ਤਾਂਕਿ ਹੋਰ ਲੋਕ ਵੀ ਉਨ੍ਹਾਂ ‘ਤੇ ਅਮਲ ਕਰ ਸਕਣ। ਇੱਕ ਟੈਲੀਵਿਜ਼ਨ ਚੈਨਲ ‘ਤੇ ਇੱਕ ਚਰਚਾ ਵਿੱਚ ਹਿੱਸਾ ਲੈਣ ਜਾਂਦਿਆਂ ਇੱਕ ਵਿਦਵਾਨ ਲੇਖਕ ਨੇ ਮੇਰੇ ਨਾਲ ਇਹ ਗੱਲ ਸਾਂਝੀ ਕੀਤੀ ਕਿ ਕੈਨੇਡਾ ਵਿੱਚ ਵਸਦੇ ਪੁਸਤਕਾਂ ਪੜ੍ਹਨ ਦੇ ਇੱਛੁਕ ਬਹੁਤ ਸਾਰੇ ਖਾਸ ਕਰਕੇ ਅੰਗਰੇਜ਼ ਲੋਕਾਂ ਨੇ ਆਪਣੇ ਘਰ ਦੇ ਅੱਗੇ ਛੋਟੀਆਂ ਛੋਟੀਆਂ ਲਾਇਬ੍ਰੇਰੀਆਂ ਖੋਲ੍ਹੀਆਂ ਹੋਈਆਂ ਹਨ। ਜਿਨ੍ਹਾਂ ਪੁਸਤਕਾਂ ਨੂੰ ਉਹ ਪੜ੍ਹ ਲੈਂਦੇ ਹਨ, ਉਨ੍ਹਾਂ ਪੁਸਤਕਾਂ ਨੂੰ ਉਹ ਆਪਣੇ ਘਰ ਮੂਹਰੇ ਬਣਾਈ ਗਈ ਛੋਟੀ ਜਿਹੀ ਲਾਇਬ੍ਰੇਰੀ ਵਿੱਚ ਰੱਖ ਦਿੰਦੇ ਹਨ। ਉਨ੍ਹਾਂ ਲਾਇਬ੍ਰੇਰੀਆਂ ਨੂੰ ਕੋਈ ਜੰਦਾ ਕੁੰਡਾ ਨਹੀਂ ਹੁੰਦਾ। ਉਨ੍ਹਾਂ ਲਾਇਬ੍ਰੇਰੀਆਂ ਵਿੱਚੋਂ ਕੋਈ ਵੀ ਵਿਅਕਤੀ ਬਿਨਾਂ ਪੁੱਛਿਆ ਪੁਸਤਕ ਲਿਜਾ ਸਕਦਾ ਹੈ। ਇੱਥੋਂ ਦੇ ਲੋਕ ਐਨੇ ਸੂਝਵਾਨ ਹਨ ਕਿ ਉਹ ਲਿਜਾਈ ਗਈ ਪੁਸਤਕ ਪੜ੍ਹਕੇ ਵਾਪਸ ਰੱਖਕੇ ਹੀ ਨਹੀਂ ਜਾਂਦੇ ਸਗੋਂ ਆਪਣੇ ਕੋਲੋਂ ਵੀ ਪੁਸਤਕਾਂ ਲਿਆ ਕੇ ਉਨ੍ਹਾਂ ਲਾਇਬ੍ਰੇਰੀਆਂ ਵਿੱਚ ਰੱਖਕੇ ਪੁਸਤਕਾਂ ਵਿੱਚ ਹੋਰ ਵਾਧਾ ਕਰ ਜਾਂਦੇ ਹਨ। ਇੱਥੋਂ ਤਕ ਕਿ ਬੱਚਿਆਂ ਲਈ ਲਾਭਦਾਇਕ ਪੁਸਤਕਾਂ ਵੀ ਉਨ੍ਹਾਂ ਲਾਇਬ੍ਰੇਰੀਆਂ ਵਿੱਚ ਪਈਆਂ ਹੁੰਦੀਆਂ ਹਨ ਤਾਂਕਿ ਲੋੜਵੰਦ ਬੱਚੇ ਉਨ੍ਹਾਂ ਪੁਸਤਕਾਂ ਦਾ ਲਾਭ ਉਠਾ ਸਕਣ। ਉਸ ਵਿਦਵਾਨ ਨੇ ਇਹ ਵੀ ਦੱਸਿਆ ਕਿ ਇਹ ਲਾਇਬ੍ਰੇਰੀਆਂ ਖੋਲ੍ਹਣ ਦਾ ਮਕਸਦ ਇਹ ਹੈ ਕਿ ਮੁਲਕ ਵਿੱਚ ਪੁਸਤਕਾਂ ਪੜ੍ਹਨ ਦੇ ਸੱਭਿਆਚਾਰ ਨੂੰ ਪ੍ਰਫੁੱਲਤ ਕੀਤਾ ਜਾ ਸਕੇ, ਖਾਸ ਕਰਕੇ ਨਵੀਂ ਪਨੀਰੀ ਵਿੱਚ ਪੁਸਤਕਾਂ ਪੜ੍ਹਨ ਦੀ ਰੁਚੀ ਪੈਦਾ ਕੀਤੀ ਜਾ ਸਕੇ। ਇਸ ਮੁਲਕ ਦੀਆਂ ਸਰਕਾਰਾਂ ਲਾਇਬ੍ਰੇਰੀਆਂ ਦੇ ਮਹੱਤਵ ਨੂੰ ਚੰਗੀ ਤਰ੍ਹਾਂ ਸਮਝਦੀਆਂ ਹਨ। ਸਕੂਲਾਂ, ਕਾਲਜਾਂ, ਯੂਨੀਵਰਸਟੀਆਂ ਅਤੇ ਛੋਟੇ ਵੱਡੇ ਕਸਬਿਆਂ ਅਤੇ ਸ਼ਹਿਰਾਂ ਵਿੱਚ ਲਾਇਬ੍ਰੇਰੀਆਂ ਦੀ ਭਰਮਾਰ ਹੈ।
ਇਸ ਮੁਲਕ ਦੀਆਂ ਲਾਇਬਰੇਰੀਆਂ ਬਹੁਤ ਕਮਾਲ ਦੀਆਂ ਹਨ। ਇਹ ਛੋਟੇ ਬੱਚਿਆਂ ਤੋਂ ਲੈ ਕੇ ਵੱਡੇ ਬਜ਼ੁਰਗਾਂ ਦੀਆਂ ਲੋੜਾਂ ਪੂਰਾ ਕਰਦੀਆਂ ਹਨ। ਇਨ੍ਹਾਂ ਲਾਇਬ੍ਰੇਰੀਆਂ ਵਿੱਚ ਅੰਗਰੇਜ਼ੀ, ਹਿੰਦੀ, ਪੰਜਾਬੀ, ਉਰਦੂ ਤੇ ਹੋਰ ਕਈ ਭਾਸ਼ਾਵਾਂ ਦੀਆਂ ਪੁਸਤਕਾਂ ਅਤੇ ਅਖਬਾਰਾਂ ਪੜ੍ਹਨ ਨੂੰ ਮਿਲ ਜਾਂਦੀਆਂ ਹਨ। ਇਸ ਮੁਲਕ ਵਿੱਚ 162 ਮੁਲਕਾਂ ਦੇ ਲੋਕ ਰਹਿੰਦੇ ਹਨ। ਬਹੁਤ ਸਾਰੇ ਮੁਲਕਾਂ ਅਤੇ ਸੂਬਿਆਂ ਦੇ ਵਿਦਵਾਨ ਲੇਖਕ ਲੋਕ ਆਪਣੇ ਦੇਸ਼ ਦੇ ਲੋਕਾਂ ਦੀ ਸਹੂਲਤ ਅਤੇ ਉਨ੍ਹਾਂ ਦੇ ਪੜ੍ਹਨ ਲਈ ਆਪਣੀਆਂ ਲਿਖੀਆਂ ਪੁਸਤਕਾਂ ਇਸ ਮੁਲਕ ਦੀਆਂ ਲਾਇਬਰੇਰੀਆਂ ਨੂੰ ਭੇਂਟ ਕਰ ਜਾਂਦੇ ਹਨ। ਉਨ੍ਹਾਂ ਪੁਸਤਕਾਂ ਨੂੰ ਬਕਾਇਦਾ ਰਿਕਾਰਡ ਵਿੱਚ ਦਰਜ ਕੀਤਾ ਜਾਂਦਾ ਹੈ ਤੇ ਦੂਜੀਆਂ ਪੁਸਤਕਾਂ ਦੀ ਤਰ੍ਹਾਂ ਪੜ੍ਹਨ ਲਈ ਰੱਖਿਆ ਜਾਂਦਾ ਹੈ। ਜੇਕਰ ਇਸ ਮੁਲਕ ਵਿੱਚ ਰਹਿਣ ਵਾਲੇ ਕਿਸੇ ਮੁਲਕ ਦੇ ਲੋਕ ਮਿਥੀ ਗਿਣਤੀ ਅਨੁਸਾਰ ਇੱਥੋਂ ਦੀ ਸੂਬਾ ਸਰਕਾਰ ਨੂੰ ਆਪਣੀ ਭਾਸ਼ਾ ਦੀਆਂ ਪੁਸਤਕਾਂ ਮੰਗਵਾਕੇ ਰੱਖਣ ਲਈ ਲਿਖਕੇ ਬੇਨਤੀ ਕਰਦੇ ਹਨ ਤਾਂ ਉਸ ਭਾਸ਼ਾ ਦੀਆਂ ਪੁਸਤਕਾਂ ਮੰਗਵਾਕੇ ਰੱਖ ਦਿੱਤੀਆਂ ਜਾਂਦੀਆਂ ਹਨ ਪਰ ਲਾਇਬ੍ਰੇਰੀਆਂ ਵਿੱਚ ਪੁਸਤਕਾਂ ਰੱਖਣ ਤੋਂ ਪਹਿਲਾਂ ਬਣਾਈ ਗਈ ਕਮੇਟੀ ਉਨ੍ਹਾਂ ਪੁਸਤਕਾਂ ਦਾ ਮਿਆਰ ਪਰਖਣ ਤੋਂ ਬਾਅਦ ਹੀ ਉਨ੍ਹਾਂ ਨੂੰ ਲਾਇਬ੍ਰੇਰੀ ਵਿੱਚ ਰੱਖਣ ਦੀ ਸਿਫ਼ਾਰਿਸ਼ ਕਰਦੀ ਹੈ।
ਇਸ ਮੁਲਕ ਦੀਆਂ ਲਾਇਬਰੇਰੀਆਂ ਕੇਵਲ ਇੱਕ ਦੋ ਕਮਰਿਆਂ ਵਿੱਚ ਨਹੀਂ, ਸਗੋਂ ਬਹੁਤ ਵੱਡੀ ਇਮਾਰਤ ਵਿੱਚ ਬਣੀਆਂ ਹੋਈਆਂ ਹੁੰਦੀਆਂ ਹਨ। ਇਹ ਲਾਇਬ੍ਰੇਰੀਆਂ ਦੇਰ ਰਾਤ ਤਕ ਖੁੱਲ੍ਹੀਆਂ ਰਹਿੰਦਿਆਂ ਹਨ ਤਾਂ ਕਿ ਬੱਚੇ ਤੇ ਨੌਕਰੀ ਪੇਸ਼ਾ ਲੋਕ ਛੁੱਟੀ ਤੋਂ ਬਾਅਦ ਲਾਇਬ੍ਰੇਰੀਆਂ ਵਿੱਚ ਜਾਕੇ ਪੜ੍ਹ ਸਕਣ ਤੇ ਪੁਸਤਕਾਂ ਦਾ ਲੈਣ ਦੇਣ ਕਰ ਸਕਣ। ਲਾਇਬ੍ਰੇਰੀਆਂ ਦੀ ਮੈਂਬਰਸ਼ਿੱਪ ਬੇਹੱਦ ਸਸਤੀ ਹੈ। ਕਿਸੇ ਵੀ ਮੁਲਕ ਦੇ ਲੋਕ ਇਸ ਮੈਂਬਰਸ਼ਿੱਪ ਨੂੰ ਹਾਸਲ ਕਰ ਸਕਦੇ ਹਨ। ਬੱਚੇ ਤੋਂ ਬਜ਼ੁਰਗ ਤਕ ਹਰ ਵਿਅਕਤੀ ਲਈ ਇੰਟਰਨੈੱਟ ਦੀ ਸੁਵਿਧਾ ਉਪਲਬਧ ਹੈ। ਇੰਟਰਨੈੱਟ ਦੀ ਜਾਣਕਾਰੀ ਰੱਖਣ ਵਾਲਾ ਅਤੇ ਲਾਇਬ੍ਰੇਰੀ ਦੀ ਮੈਂਬਰਸ਼ਿੱਪ ਰੱਖਣ ਵਾਲਾ ਹਰ ਵਿਅਕਤੀ ਉਸ ਇੰਟਰਨੈੱਟ ਦੀ ਵਰਤੋਂ ਕਰ ਸਕਦਾ ਹੈ।
ਬਿਨਾ ਮੈਂਬਰਸ਼ਿੱਪ ਵਾਲੇ ਲੋਕ ਬਿਨਾ ਇਜਾਜ਼ਤ ਲਿਆਂ ਇਨ੍ਹਾਂ ਲਾਇਬ੍ਰੇਰੀਆਂ ਵਿੱਚ ਬੈਠਕੇ ਆਪਣੇ ਮਨ ਪਸੰਦ ਦੀਆਂ ਪੁਸਤਕਾਂ ਅਤੇ ਅਖਬਾਰਾਂ ਪੜ੍ਹ ਸਕਦੇ ਹਨ। ਪੁਸਤਕ ਸੱਭਿਆਚਾਰ ਦੀ ਚੰਗੀ ਪਰੰਪਰਾ ਨੇ ਲੋਕਾਂ ਨੂੰ ਪੁਸਤਕਾਂ ਪੜ੍ਹਨ ਦੀ ਆਦਤ ਪਾ ਦਿੱਤੀ ਹੈ ਤੇ ਉਨ੍ਹਾਂ ਨੂੰ ਇਹ ਸਿਖਾ ਦਿੱਤਾ ਹੈ ਕਿ ਲਾਇਬ੍ਰੇਰੀਆਂ ਵਿੱਚ ਬੈਠਕੇ ਕਿਵੇਂ ਪੜ੍ਹਨਾ ਹੈ? ਲਾਇਬ੍ਰੇਰੀਆਂ ਦੀ ਸਾਫ ਸਫਾਈ, ਰੌਸ਼ਨੀ ਤੇ ਬੈਠਣ ਦਾ ਪ੍ਰਬੰਧ ਕਮਾਲ ਦਾ ਹੈ। ਕੋਈ ਵੀ ਵਿਅਕਤੀ ਲਾਇਬ੍ਰੇਰੀ ਵਿੱਚ ਨਾ ਫੋਨ ਕਰਦਾ ਮਿਲੇਗਾ ਤੇ ਨਾ ਹੀ ਇੱਕ ਦੂਜੇ ਨਾਲ ਗੱਲਬਾਤ ਕਰਦਾ। ਚੁੱਪ ਸ਼ਾਂਤ ਮਾਹੌਲ ਵੇਖਕੇ ਮਨ ਨੂੰ ਬਹੁਤ ਸਕੂਨ ਪ੍ਰਾਪਤ ਹੁੰਦਾ ਹੈ ਤੇ ਦੇਰ ਤਕ ਪੜ੍ਹਨ ਨੂੰ ਮਨ ਕਰਦਾ ਹੈ। ਸਾਡੇ ਦੇਸ਼ ਦੇ ਲੋਕਾਂ ਵਾਂਗ ਇਸ ਮੁਲਕ ਦੇ ਲੋਕ ਨਾ ਤਾਂ ਪੁਸਤਕਾਂ ਉੱਤੇ ਕੁਝ ਲਿਖਦੇ ਹਨ ਤੇ ਨਾ ਹੀ ਉਨ੍ਹਾਂ ਵਿੱਚੋਂ ਕੁਝ ਪਾੜਕੇ ਲਿਜਾਂਦੇ ਹਨ। ਲੋਕਾਂ ਨੂੰ ਸਮੇਂ ਸਿਰ ਪੁਸਤਕਾਂ ਮੋੜਨ ਦੀ ਆਦਤ ਹੈ। ਜੇਕਰ ਲੋਕ ਆਪਣੇ ਮਤਲਬ ਦੀ ਸਮਗਰੀ ਲਾਇਬ੍ਰੇਰੀ ਦੀ ਪੁਸਤਕ ਤੋਂ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਬਹੁਤ ਘੱਟ ਮੁੱਲ ਤੇ ਲੋੜੀਂਦੀ ਸਾਮਗਰੀ ਲਾਇਬ੍ਰੇਰੀ ਵਿੱਚੋਂ ਹੀ ਫੋਟੋ ਸਟੇਟ ਕਰਵਾਈ ਜਾ ਸਕਦੀ ਹੈ। ਲਾਇਬ੍ਰੇਰੀਆਂ’ਵਿਚ ਕੰਮ ਕਰਦੇ ਕਰਮਚਾਰੀਆਂ ਦੀ ਬੋਲਚਾਲ, ਗੱਲਬਾਤ ਕਰਨ ਦਾ ਢੰਗ ਤੇ ਉਨ੍ਹਾਂ ਦਾ ਸਹਿਯੋਗ ਬੰਦੇ ਨੂੰ ਉਨ੍ਹਾਂ ਦਾ ਮੁਰੀਦ ਬਣਾ ਦਿੰਦਾ ਹੈ। ਪੜ੍ਹਨ ਵਾਲੇ ਬੱਚਿਆਂ ਲਈ ਮੁਕਾਬਲੇ ਦੀਆਂ ਪ੍ਰੀਖਿਆਵਾਂ ਪਾਸ ਕਰਨ ਲਈ ਹਰ ਤਰ੍ਹਾਂ ਦੀਆਂ ਪੁਸਤਕਾਂ ਅਤੇ ਇੰਟਰਨੈੱਟ ਦੀ ਸਹੂਲਤ ਵੱਖਰੇ ਤੌਰ ‘ਤੇ ਉਪਲਬਧ ਕਰਵਾਈ ਜਾਂਦੀ ਹੈ। ਲਾਇਬ੍ਰੇਰੀਆਂ ਦੇ ਇੱਕ ਕਮਰੇ ਵਿੱਚ ਇੱਕ ਸਾਲ ਤੋਂ ਚਾਰ ਸਾਲ ਤਕ ਦੀ ਉਮਰ ਦੇ ਬੱਚਿਆਂ ਲਈ ਸਕੂਲ ਜਾਣ ਤੋਂ ਪਹਿਲਾਂ ਉਨ੍ਹਾਂ ਲਈ ਅਰਲੀ ਆਨ ਪ੍ਰੋਗਰਾਮ ਚਲਾਇਆ ਜਾਂਦਾ ਹੈ। ਇਸ ਪ੍ਰੋਗਰਾਮ ਵਿੱਚ ਸਿਖਲਾਈ ਪ੍ਰਾਪਤ ਅਧਿਆਪਕਾਵਾਂ ਬੱਚਿਆਂ ਨੂੰ ਹਰ ਪੱਖੋਂ ਤਿਆਰ ਕਰਦੀਆਂ ਹਨ। ਇਹ ਪ੍ਰੋਗਰਾਮ ਇੱਥੋਂ ਦੀ ਸਰਕਾਰ ਵੱਲੋਂ ਚਲਾਇਆ ਜਾਂਦਾ ਹੈ ਤੇ ਇਸਦੀ ਕੋਈ ਫੀਸ ਨਹੀਂ ਹੁੰਦੀ।
ਇਨ੍ਹਾਂ ਲਾਇਬ੍ਰੇਰੀਆਂ ਵਿੱਚ ਇੱਕ ਦਿਨ ਲੇਖਕਾਂ ਲਈ ਹੁੰਦਾ ਹੈ। ਇਸ ਦਿਨ ਲੇਖਕ ਇੱਕ ਦੂਜੇ ਨਾਲ ਸਾਹਿਤਕ ਸਾਂਝ ਪਾਉਂਦੇ ਹਨ। ਹਰ ਲਾਇਬਰੇਰੀ ਦੇ ਨਾਲ ਇੱਕ ਆਡੋਟਰੀਅਮ ਹੁੰਦਾ ਹੈ ਜਿਸ ਵਿੱਚ ਬਿਨਾਂ ਕੋਈ ਪੈਸਾ ਦਿੱਤੇ ਸਾਹਿਤਕ ਸਮਾਗਮ ਕਰਵਾਇਆ ਜਾ ਸਕਦਾ ਹੈ। ਬੱਚਿਆਂ ਨੂੰ ਸਾਹਿਤ ਨਾਲ ਜੋੜਨ ਲਈ ਇਸ ਐਡੀਟੋਰੀਅਮ ਵਿੱਚ ਕਵਿਤਾ, ਭਾਸ਼ਣ, ਲੇਖ ਤੇ ਕਹਾਣੀ ਮੁਕਾਬਲੇ ਕਰਵਾਏ ਜਾਂਦੇ ਹਨ। ਇਨ੍ਹਾਂ ਲਾਇਬ੍ਰੇਰੀਆਂ ਵਿੱਚ ਪੁਸਤਕਾਂ ਅਲਮਾਰੀਆਂ ਵਿੱਚ ਨਹੀਂ, ਸਗੋਂ ਸ਼ੈਲਫਾਂ ਉੱਤੇ ਪਈਆਂ ਹਨ ਤਾਂਕਿ ਵਧੇਰੇ ਪਾਠਕ ਉਨ੍ਹਾਂ ਨੂੰ ਪੜ੍ਹ ਸਕਣ। ਇਸ ਦੇਸ਼ ਦੀਆਂ ਲਾਇਬ੍ਰੇਰੀਆਂ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਹਨ। ਇੱਕ ਲਾਇਬ੍ਰੇਰੀ ਤੋਂ ਪੁਸਤਕ ਕਢਵਾ ਕੇ ਕਿਸੇ ਵੀ ਲਾਇਬ੍ਰੇਰੀ ਵਿੱਚ ਜਮ੍ਹਾਂ ਕਰਵਾਈ ਜਾ ਸਕਦੀ ਹੈ। ਪੁਸਤਕ ਪੜ੍ਹਕੇ ਲਾਇਬ੍ਰੇਰੀ ਦੇ ਕਿਸੇ ਵੀ ਮੇਜ਼ ‘ਤੇ ਰੱਖਕੇ ਚਲੇ ਜਾਓ, ਪੁਸਤਕ ਆਪਣੇ ਆਪ ਜਮ੍ਹਾਂ ਹੋ ਜਾਵੇਗੀ ਤੇ ਤੁਹਾਡੇ ਫੋਨ ਉੱਤੇ ਪੁਸਤਕ ਜਮ੍ਹਾਂ ਹੋਣ ਦਾ ਸੁਨੇਹਾ ਚਲੇ ਜਾਵੇਗਾ।
ਪੜ੍ਹੀਆਂ ਹੋਈਆਂ ਪੁਰਾਣੀਆਂ ਪੁਸਤਕਾਂ ਬਹੁਤ ਘੱਟ ਮੁੱਲ ‘ਤੇ ਵੇਚ ਦਿੱਤੀਆਂ ਜਾਂਦੀਆਂ ਹਨ। ਤੁਸੀਂ ਜੇਕਰ ਲਾਇਬ੍ਰੇਰੀ ਨਹੀਂ ਜਾ ਸਕਦੇ ਤਾਂ ਤੁਸੀਂ ਆਪਣੇ ਆਪ ਘਰ ਬੈਠੇ ਆਨ ਲਾਈਨ ਪੁਸਤਕ ਅਲਾਟ ਕਰ ਸਕਦੇ ਹੋ। ਅਲਾਟ ਹੋਣ ਤੋਂ ਬਾਅਦ ਪੁਸਤਕ ਤੁਹਾਡੇ ਕੰਪਿਊਟਰ ਉੱਤੇ ਆ ਜਾਵੇਗੀ। ਪੁਸਤਕ ਪੜ੍ਹਨ ਤੋਂ ਬਾਅਦ ਮਿੱਥੇ ਸਮੇਂ ਤੋਂ ਬਾਅਦ ਉਹ ਪੁਸਤਕ ਤੁਹਾਡੇ ਕੰਪਿਊਟਰ ਤੋਂ ਅਲੋਪ ਹੋ ਜਾਵੇਗੀ। ਇਨ੍ਹਾਂ ਲਾਇਬ੍ਰੇਰੀਆਂ ਵਿੱਚ ਪੁਸਤਕਾਂ ਦੀਆਂ ਸੀਡੀਆਂ ਵੀ ਮਿਲਦੀਆਂ ਹਨ। ਤੁਸੀਂ ਉਹ ਕਿਸੇ ਵੀ ਪੁਸਤਕ ਦੀ ਸੀਡੀ ਆਪਣੇ ਘਰ ਲਿਜਾਕੇ ਉਸ ਨੂੰ ਆਪਣੇ ਕੰਪਿਊਟਰ ਵਿੱਚ ਪਾ ਕੇ ਸੁਣ ਸਕਦੇ ਹੋ।
ਇਸ ਮੁਲਕ ਦੀਆਂ ਲਾਇਬਰੇਰੀਆਂ ਦੀ ਵਿਲੱਖਣਤਾ ਦੂਜੇ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਨੂੰ ਹੈਰਾਨ ਕਰ ਦਿੰਦੀ ਹੈ। ਹੁਣ ਜੇਕਰ ਆਪਣੇ ਦੇਸ਼ ਵਿੱਚ ਲਾਇਬ੍ਰੇਰੀਆਂ ਦੀ ਸਥਿਤੀ ਦੀ ਗੱਲ ਕੀਤੀ ਜਾਵੇ ਤਾਂ ਅਸੀਂ ਇਸ ਮੁਲਕ ਤੋਂ ਬਹੁਤ ਪਿੱਛੇ ਹਾਂ। ਸਾਡੇ ਮੁਲਕ ਦੇ ਜ਼ਿਆਦਾਤਰ ਸਰਕਾਰੀ ਤੇ ਕੇਵਲ ਨਾਂ ਦੇ ਪ੍ਰਾਈਵੇਟ ਸਕੂਲਾਂ ਵਿੱਚ ਲਾਇਬ੍ਰੇਰੀ ਹੁੰਦੀ ਹੀ ਨਹੀਂ। ਜਿਨ੍ਹਾਂ ਸਕੂਲਾਂ ਵਿੱਚ ਹੁੰਦੀ ਵੀ ਹੈ, ਉਨ੍ਹਾਂ ਵਿੱਚੋਂ ਬਹੁਤ ਸਾਰੀਆਂ ਲਈ ਨਾ ਕਮਰਾ ਹੁੰਦਾ ਹੈ ਤੇ ਨਾ ਹੀ ਲਾਇਬ੍ਰੇਰੀਅਨ ਦੀ ਅਸਾਮੀ ਹੁੰਦੀ ਹੈ। ਪੁਸਤਕਾਂ ਸਕੂਲਾਂ ਦੀਆਂ ਲਾਇਬ੍ਰੇਰੀਆਂ ਦੀਆਂ ਅਲਮਾਰੀਆਂ ਵਿੱਚ ਬੰਦ ਪਈਆਂ ਰਹਿੰਦੀਆਂ ਹਨ। ਸਕੂਲਾਂ ਵਿੱਚ ਪੁਸਤਕਾਂ ਪੜ੍ਹਨ ਦੇ ਸੱਭਿਆਚਾਰ ਨੂੰ ਪ੍ਰਫੁੱਲਿਤ ਵੀ ਨਹੀਂ ਕੀਤਾ ਜਾਂਦਾ। ਕੁਝ ਨਾਮੀ ਪ੍ਰਾਈਵੇਟ ਸਕੂਲਾਂ ਨੂੰ ਛੱਡਕੇ ਸਕੂਲਾਂ ਦੀਆਂ ਲਾਇਬ੍ਰੇਰੀਆਂ ਲਈ ਵੱਡੀ ਇਮਾਰਤ, ਇੰਟਰਨੈੱਟ ਤੇ ਹੋਰ ਸਹੂਲਤਾਂ ਹੋਣੀਆਂ ਬਹੁਤ ਦੂਰ ਦੀ ਗੱਲ ਹੈ। ਬਹੁਤ ਘੱਟ ਸਕੂਲ ਮੁਖੀ ਤੇ ਅਧਿਆਪਕ ਬੱਚਿਆਂ ਨੂੰ ਪੁਸਤਕਾਂ ਪੜ੍ਹਨ ਲਈ ਪ੍ਰੇਰਦੇ ਹਨ ਅਤੇ ਲਾਇਬ੍ਰੇਰੀ ਵਿੱਚ ਬੈਠਕੇ ਪੜ੍ਹਨ ਦੇ ਤੌਰ ਤਰੀਕੇ ਸਿਖਾਉਂਦੇ ਹਨ।
ਸਕੂਲਾਂ ਲਈ ਕਰੋੜਾਂ ਰੁਪਏ ਦੀਆਂ ਪੁਸਤਕਾਂ ਤਾਂ ਖਰੀਦੀਆਂ ਜਾਂਦੀਆਂ ਹਨ ਪਰ ਚੰਗੀਆਂ ਲਾਇਬ੍ਰੇਰੀਆਂ, ਉਨ੍ਹਾਂ ਵਿੱਚ ਚੰਗੀਆਂ ਸਹੂਲਤਾਂ, ਚੰਗੇ ਮਾਹੌਲ ਅਤੇ ਪੁਸਤਕਾਂ ਪੜ੍ਹਨ ਦੀ ਰੂਚੀ ਨਾ ਹੋਣ ਕਰਕੇ ਉਹ ਪੁਸਤਕਾਂ ਲਾਇਬ੍ਰੇਰੀਆਂ ਵਿੱਚ ਹੀ ਪਈਆਂ ਰਹਿ ਜਾਂਦੀਆਂ ਹਨ। ਕਾਲਜਾਂ ਅਤੇ ਯੂਨੀਵਰਸਟੀਆਂ ਵਿੱਚ ਸਕੂਲਾਂ ਨਾਲੋਂ ਲਾਇਬ੍ਰੇਰੀਆਂ ਦੀ ਸਥਿਤੀ ਬਿਹਤਰ ਹੁੰਦੀ ਹੈ ਪਰ ਉਨ੍ਹਾਂ ਵਿੱਚ ਵੀ ਇਸ ਮੁਲਕ ਵਾਂਗ ਇੰਟਰਨੈੱਟ ਦੀ ਸਹੂਲਤ, ਵੱਡੀ ਇਮਾਰਤ, ਦੇਰ ਰਾਤ ਤਕ ਖੁੱਲ੍ਹੀ ਰਹਿਣ, ਸਸਤੀ ਮੈਂਬਰਸ਼ਿੱਪ ਅਤੇ ਬੈਠਣ ਦਾ ਵਧੀਆ ਪ੍ਰਬੰਧ ਆਦਿ ਸਹੂਲਤਾਂ ਦੀ ਘਾਟ ਹੁੰਦੀ ਹੈ। ਬੱਚਿਆਂ ਨੂੰ ਲਾਇਬ੍ਰੇਰੀਆਂ ਵਿਚ ਬੈਠਕੇ ਉੱਚੀ ਉੱਚੀ ਫੋਨ ਕਰਨ, ਗੱਲਾਂ ਕਰਨ, ਕਿਤਾਬਾਂ ਉੱਤੇ ਲਿਖਣ ਅਤੇ ਉਨ੍ਹਾਂ ਵਿੱਚੋਂ ਪੰਨੇ ਪਾੜਨ ਦੀ ਆਦਤ ਹੁੰਦੀ ਹੈ। ਭਾਵੇਂ ਸਾਡੇ ਮੁਲਕ ਵਿੱਚ ਵੱਡੇ ਸ਼ਹਿਰਾਂ ਵਿੱਚ ਸਰਕਾਰੀ ਪੱਧਰ ‘ਤੇ ਬਹੁਤ ਵਧੀਆ ਵਧੀਆ ਜਨਤਕ ਲਾਇਬ੍ਰੇਰੀਆਂ ਖੋਲ੍ਹੀਆਂ ਗਈਆਂ ਹਨ, ਉਨ੍ਹਾਂ ਵਿੱਚ ਵੀ ਬਹੁਤ ਸਾਰੀਆਂ ਸਹੂਲਤਾਂ ਮੌਜੂਦ ਹਨ ਪਰ ਫੇਰ ਵੀ ਉਨ੍ਹਾਂ ਵਿੱਚ ਅਜੇ ਵੀ ਬਹੁਤ ਸੁਧਾਰਾਂ ਦੀ ਲੋੜ ਹੈ। ਇਸ ਮੁਲਕ ਵਿੱਚ ਸੜਕਾਂ ਉੱਤੇ ਲਾਇਬਰੇਰੀਆਂ ਹੋਣਾ ਇੱਥੋਂ ਦੇ ਲੋਕਾਂ ਦੇ ਪੁਸਤਕ ਪ੍ਰੇਮੀ ਹੋਣ ਦਾ ਵਧੀਆ ਪ੍ਰਮਾਣ ਹੈ।

Related Articles

Latest Articles