3.6 C
Vancouver
Sunday, January 19, 2025

ਜ਼ਿੰਦਗੀ ਦੇ ਸੰਘਰਸ਼ ਅਤੇ ਪਿਆਰ ਵਿਚਕਾਰ ਸ਼ਬਦਾਂ ਦੀ ਤਾਲ ਹੋਨ ਕਾਂਗ

ਨੋਬੇਲ ਸਾਹਿਤ ਪੁਰਸਕਾਰ-2024

ਲੇਖਕ : ਡਾ. ਕ੍ਰਿਸ਼ਨ ਕੁਮਾਰ ਰੱਤੂ
ਸੰਪਰਕ: 9478-730156
ਉਸ ਧੂੰਏਂ ਵੱਲ ਦੇਖੋ
ਕੁਝ ਹੋਵੇਗਾ
ਇਸ ਵਿਸ਼ਾਲ ਧਰਤੀ ਤੋਂ ਜੋ ਉਠ ਰਿਹਾ ਹੈ
ਹੁਣ ਸਿਰਫ ਜੀਵਨ ਦੇ ਬਾਕੀ ਨਿਸ਼ਾਨ ਹਨ
ਇਹ ਸਾਲ 2024 ਲਈ ਸਾਹਿਤ ਦੇ ਖੇਤਰ ਵਿਚ ਮਿਲੇ ਨੋਬੇਲ ਇਨਾਮ ਜੇਤੂ ਲਿਖਾਰੀ ਹਾਨ ਕਾਂਗ ਦੀ ਕਵਿਤਾ ਦੀਆਂ ਸਤਰਾਂ ਹਨ। ਇਸ ਵਾਰ ਸਾਰੀਆਂ ਸਾਹਿਤਕ ਭਵਿੱਖਬਾਣੀਆਂ ਤੋਂ ਪਾਰ ਦੱਖਣੀ ਕੋਰੀਆ ਦੀ ਨੌਜਵਾਨ ਲੇਖਕ ਹਾਨ ਕਾਂਗ ਨੂੰ ਸਾਹਿਤ ਦਾ ਨੋਬੇਲ ਪੁਰਸਕਾਰ ਦੇਣ ਦੇ ਐਲਾਨ ਨਾਲ ਹੁਣ ਪਤਾ ਲੱਗਾ ਹੈ ਕਿ ਸਾਹਿਤ ਜਗਤ ਵਿਚ ਨਵੀਆਂ ਆਵਾਜ਼ਾਂ ਦੀ ਨਵੀਂ ਲਹਿਰ ਉੱਠ ਰਹੀ ਹੈ। ਹਾਨ ਕਾਂਗ ਦੱਖਣੀ ਕੋਰੀਆ ਤੋਂ ਹੈ। ਦੱਖਣੀ ਕੋਰੀਆ ਅਤੇ ਇਸ ਦੇ ਸਾਹਿਤ ਦੀ ਆਵਾਜ਼ ਨਵੀਂ ਪੂਰਬੀ ਹਵਾ ਵਾਂਗ ਹੈ ਜੋ ਇਸ ਦੇ ਸਮੁੱਚੇ ਸਾਹਿਤ ਵਿੱਚ ਦਿਖਾਈ ਦਿੰਦੀ ਹੈ।
53 ਸਾਲਾਂ ਨੂੰ ਢੁੱਕੀ ਹਾਨ ਕਾਂਗ ਨੇ ਆਪਣੀਆਂ ਕਵਿਤਾਵਾਂ ਅਤੇ ਨਾਵਲਾਂ ਵਿਚ ਆਪਣੇ ਪਿਆਰ ਅਤੇ ਜਿਊਣ ਦੀ ਇੱਛਾ ਨੂੰ ਸ਼ਬਦਾਂ ਦੇ ਵਾਵਰੋਲੇ ਰਾਹੀਂ ਬਿਆਨ ਕੀਤਾ ਹੈ ਤੇ ਸੰਘਰਸ਼ ਦੀ ਕਹਾਣੀ ਬਿਆਨ ਕੀਤੀ ਹੈ। ਉਸ ਨੇ ਆਪਣੇ ਸਿਰਜਣਾਤਮਕ ਅਮਲ ਦੀਆਂ ਅਤਿਅੰਤ ਗੂੰਜਦੀਆਂ ਮਨੁੱਖੀ ਸੰਭਾਵਨਾਵਾਂ ਦੀ ਖੋਜ ਕੀਤੀ ਜਿਸ ਨੇ ਜ਼ਿੰਦਗੀ ਅਤੇ ਦੁਨੀਆ ਦੇ ਯਾਦਗਾਰੀ ਪਲਾਂ ਬਾਰੇ ਲਿਖਿਆ। ਇਹ ਮਨੁੱਖਤਾ ਅਤੇ ਜੀਵਨ ਸੰਵੇਦਨਾ ਨਾਲ ਭਰਪੂਰ ਸਾਹਿਤ ਹੈ।
ਨੋਬੇਲ ਪੁਰਸਕਾਰ ਦੇਣ ਵਾਲੀ ਨੋਬੇਲ ਸਵੀਡਿਸ਼ ਅਕੈਡਮੀ ਨੇ ਕਿਹਾ ਹੈ ਕਿ ਇਹ ਸਨਮਾਨ ਹਾਨ ਕਾਂਗ ਨੂੰ ਉਸ ਦੀ ਡੂੰਘੀ ਕਾਵਿਕ ਅਤੇ ਰੂਹਾਨੀ ਵਾਰਤਕ ਤੇ ਕਵਿਤਾ ਦੀ ਇਤਿਹਾਸਕ ਪ੍ਰਸੰਗਿਕਤਾ ਵਾਲੇ ਸਾਹਿਤਕ ਕਾਰਜ ਲਈ ਦਿੱਤਾ ਗਿਆ ਹੈ। ਹਾਨ ਕਾਂਗ ਦੇ ਸਾਹਿਤ ਰਾਹੀਂ ਮਨੁੱਖੀ ਜੀਵਨ ਦੀਆਂ ਕਈ ਪਰਤਾਂ ਉਜਾਗਰ ਹੋਈਆਂ ਹਨ।
ਹਾਨ ਕਾਂਗ ਦਾ ਜਨਮ 27 ਨਵੰਬਰ 1970 ਨੂੰ ਦੱਖਣੀ ਕੋਰੀਆ ਵਿੱਚ ਹਾਨ ਨਦੀ ਦੇ ਕੰਢੇ ਹੋਇਆ। ਹਾਨ ਕਾਂਗ ਨੇ ਜਾਨਸਨ ਯੂਨੀਵਰਸਿਟੀ ਤੋਂ ਆਪਣੀ ਪੜ੍ਹਾਈ ਪੂਰੀ ਕੀਤੀ। ਉਸ ਦੇ ਪਿਤਾ ਨਾਵਲਕਾਰ ਹਨ। ਹਾਨ ਕਾਂਗ ਨੇ ਆਪਣੀ ਡਾਇਰੀ ਵਿੱਚ ਕਵਿਤਾਵਾਂ, ਕਹਾਣੀਆਂ ਅਤੇ ਨਾਵਲਾਂ ਬਾਰੇ ਖੁੱਲ੍ਹ ਕੇ ਲਿਖਿਆ ਹੈ। ਉਸ ਦੀਆਂ ਇਨ੍ਹਾਂ ਕਿਤਾਬਾਂ ਨੇ ਪੂਰੀ ਦੁਨੀਆ ਵਿੱਚ ਹਲਚਲ ਮਚਾ ਦਿੱਤੀ ਹੈ। ਆਪਣੀ ਕਵਿਤਾ ਦੀ ਇੱਕ ਸਤਰ ਵਿੱਚ ਉਹ ਕਹਿੰਦੀ ਹੈ ਕਿ ਉਹ ਕੋਰੀਆ ਦੇ ਬਸਤੀਵਾਦੀ ਸਮੇਂ ਦੇ ਜੀਵਨ ਤੇ ਇਤਿਹਾਸ ਨੂੰ ਸਮਝਦੀ ਹੈ ਅਤੇ ਉਸ ਨੇ ਆਪਣੇ ਸਮੇਂ ਵਿੱਚ ਆਪਣੀ ਨਸਲ ਨਾਲ ਚਲਦਿਆਂ ਜੋ ਕੁਝ ਦੇਖਿਆ ਹੈ, ਉਹ ਹੈਰਾਨੀਜਨਕ ਹੈ।
ਹਾਨ ਕਾਂਗ ਨੇ 1993 ਵਿੱਚ ਆਪਣੀ ਕਵਿਤਾਵਾਂ ਦੀ ਕਿਤਾਬ ‘ਵਿੰਟਰ ਇੰਸ਼ੋਰੈਂਸ’ ਨਾਲ ਆਪਣੇ ਸਾਹਿਤਕ ਸਫ਼ਰ ਦੀ ਸ਼ੁਰੂਆਤ ਕੀਤੀ। ਉਸ ਦੀਆਂ ਬਹੁਤ ਸਾਰੀਆਂ ਕਿਤਾਬਾਂ ਵਿੱਚ ‘ਰੈੱਡ ਐਂਕਰ’ ਦੇ ਨਾਲ-ਨਾਲ ਉਸ ਦਾ ਪਹਿਲਾ ਕਹਾਣੀ ਸੰਗ੍ਰਹਿ ‘ਲਵ ਐਪ ਯੇਸ਼ੁਆਈ’ ਸ਼ਾਮਲ ਹੈ ਜੋ 1995 ਵਿੱਚ ਪ੍ਰਕਾਸ਼ਿਤ ਹੋਇਆ ਸੀ। 1998 ਵਿੱਚ ਉਸ ਦੀਆਂ ਕਈ ਕਿਤਾਬਾਂ ਸਾਹਮਣੇ ਆਈਆਂ ਜਿਨ੍ਹਾਂ ਵਿੱਚ ‘ਬ੍ਰੈਥ ਫਾਈਟਿੰਗ’, ‘ਗ੍ਰੀਕ ਲੈਸਨ’, ‘ਹਿਊਮਨ ਐਕਟਸ’, ‘ਵ੍ਹਾਈਟ ਬੁੱਕ’ ਆਦਿ ਸ਼ਾਮਲ ਹਨ। 2002 ਵਿੱਚ ‘ਕੋਲਡ ਹੈਂਡ’ ਅਤੇ ‘ਸੰਗ ਸਿੰਗ’ ਤੋਂ ਇਲਾਵਾ ਹੋਰ ਕਿਤਾਬਾਂ ਜਿਵੇਂ ‘ਮੰਗੋਲੀਅਨ ਵੇ’ ਆਈਆਂ। 2018 ਵਿੱਚ ਪ੍ਰਕਾਸ਼ਿਤ ਉਸ ਦਾ ਇਤਿਹਾਸਕ ਨਾਵਲ ‘ਵ੍ਹਾਈਟ ਬੁੱਕ’ ਪੜ੍ਹਦਿਆਂ ਮਹਿਸੂਸ ਹੋਇਆ ਕਿ ਇਹ ਦੁਨੀਆ ਦੀ ਅੱਜ ਦੀ ਕਹਾਣੀ ਦੀ ਉਮਦਾ ਉਦਾਹਰਨ ਹੈ।
ਹਾਨ ਕਾਂਗ ਨੇ ਆਪਣੀ ਮੁੱਢਲੀ ਪੜ੍ਹਾਈ ਦੇ ਨਾਲ-ਨਾਲ ਪਹਿਲਾਂ ਪਹਿਲ ਕਵਿਤਾ ਲਿਖਣੀ ਸ਼ੁਰੂ ਕੀਤੀ ਜਿਸ ਵਿੱਚ ਹਰ ਸਵੇਰ ਨਵੀਆਂ ਸੰਭਾਵਨਾਵਾਂ ਅਤੇ ਉਮਰ ਦੇ ਗੁੰਝਲਦਾਰ ਸਵਾਲ ਉੱਠਦੇ ਹਨ। ਹਾਨ ਦੀ ਜੀਵਨ ਦੀ ਇਹ ਵਿਸ਼ਾਲਤਾ ਉਸ ਦੀਆਂ ਲਿਖਤਾਂ ਵਿੱਚ ਕਈ ਥਾਈਂ ਝਲਕਦੀ ਹੈ। ਉਸ ਨੇ ਜਿਨ੍ਹਾਂ ਹਾਲਾਤ ਵਿਚ ਆਪਣੀਆਂ ਰਚਨਾਵਾਂ ਲਿਖੀਆਂ, ਉਹ ਦਲੇਰੀ ਦੀ ਅਦਭੁਤ ਮਿਸਾਲ ਹੈ। ਅਜਿਹੀ ਮਿਸਾਲ ਅੱਜ ਕੱਲ੍ਹ ਰਚੇ ਜਾ ਰਹੇ ਸਾਹਿਤ ਵਿਚ ਵਿਰਲੀ ਹੀ ਨਹੀਂ ਮਿਲਦੀ ਹੈ। ਇਹੀ ਕਾਰਨ ਹੈ ਕਿ ਉਸ ਦੀਆਂ ਰਚਨਾਵਾਂ ਨੂੰ ਦੁਨੀਆ ਵਿਚ ਬਹੁਤ ਲੋਕਾਂ ਨੇ ਸਲਾਹਿਆ ਹੈ ਅਤੇ ਇਸ ਦਾ ਅਨੁਵਾਦ ਦੂਜੀਆਂ ਭਾਸ਼ਾਵਾਂ ਵਿੱਚ ਹੋਇਆ ਹੈ। ਅੱਜ ਹਾਨ ਕਾਂਗ ਦੀਆਂ ਕਿਤਾਬਾਂ ਦੁਨੀਆ ਦੀਆਂ ਕਈ ਭਾਸ਼ਾਵਾਂ ਵਿੱਚ ਪੜ੍ਹੀਆਂ ਜਾਂਦੀਆਂ ਹਨ।
ਹਾਨ ਕਾਂਗ ਦੇ ਨਾਵਲ ‘ਵੈਜੀਟੇਰੀਅਨ’ ਨੂੰ 2016 ਵਿੱਚ ਬੁਕਰ ਇੰਟਰਨੈਸ਼ਨਲ ਪੁਰਸਕਾਰ ਮਿਲ ਚੁੱਕਾ ਹੈ। ਇਸ ਤੋਂ ਪਹਿਲਾਂ ਉਹਨੂੰ 1999 ਵਿੱਚ ਕੋਰੀਅਨ ਫਿਕਸ ਐਵਾਰਡ, ਸਾਹਿਤ ਲਈ ਜੰਗ ਆਰਟਿਸਟ ਐਵਾਰਡ ਤੇ ਕੋਰੀਆ ਦੇ ਸਰਵਉੱਚ ਸਾਹਿਤਕ ਪੁਰਸਕਾਰ ਸਮੇਤ ਕਈ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ਹੈ।
ਹਾਨ ਕਾਂਗ ਜਿਸ ਨੇ ਆਪਣੇ ਜੀਵਨ ਸੰਘਰਸ਼ ਰਾਹੀਂ ਜੀਵਨ ਅਤੇ ਮਨੁੱਖੀ ਕਦਰਾਂ-ਕੀਮਤਾਂ ਦੀ ਨਵੀਂ ਵਿਆਖਿਆ ਸਥਾਪਤ ਕੀਤੀ ਤੇ ਸੁੰਦਰਤਾ ਵਰਗੇ ਸ਼ਬਦਾਂ ਦੀਆਂ ਸੀਮਾ ਰੇਖਾਵਾਂ ਨੂੰ ਰੂਪਮਾਨ ਕੀਤਾ, ਉਹ ਚੰਗੇ ਸਾਹਿਤ ਦੀ ਨਿਸ਼ਾਨੀ ਹੈ। ਹਾਨ ਨੇ ਆਪਣੀਆਂ ਸਾਰੀਆਂ ਰਚਨਾਵਾਂ ਵਿਚ ਜਿਨ੍ਹਾਂ ਸਮੱਸਿਆਵਾਂ ਨੂੰ ਆਪਣੀ ਸ਼ੈਲੀ ਨਾਲ ਦਰਸਾਇਆ ਹੈ, ਉਹ ਸੱਚਮੁੱਚ ਹੀ ਲਾਜਵਾਬ ਹੈ। ਹਾਨ ਅਨੁਸਾਰ ਅੱਜ ਜਦੋਂ ਜ਼ਿੰਦਗੀ ਵਿਚ ਸਭ ਕੁਝ ਬਦਲ ਰਿਹਾ ਹੈ ਅਤੇ ਸੰਸਾਰ ਤੇਜ਼ੀ ਨਾਲ ਬਦਲ ਰਿਹਾ ਹੈ, ਸਾਹਿਤ ਲਈ ਬਚੀ ਹੋਈ ਸਪੇਸ ਬੀਤੇ ਦੀ ਗੱਲ ਬਣ ਗਈ ਹੈ। ਅੱਜ ਕੱਲ੍ਹ ਜਿਸ ਤਰ੍ਹਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਸੋਸ਼ਲ ਤੇ ਡਿਜੀਟਲ ਮੀਡੀਆ ਦੀ ਵਧ ਰਹੀ ਵਰਤੋਂ ਨੇ ਕਿਤਾਬਾਂ ਦੀ ਦੁਨੀਆ ਬਦਲ ਦਿੱਤੀ ਹੈ, ਉਸ ਨੇ ਇਹ ਉਮੀਦ ਵੀ ਪ੍ਰਗਟ ਕੀਤੀ ਹੈ ਕਿ ਸਾਹਿਤ ਦੁਨੀਆ ਵਿੱਚ ਕੀ ਭੂਮਿਕਾ ਨਿਭਾਏਗਾ।
ਹਾਨ ਕਾਂਗ ਦੁਨੀਆ ਦੇ ਉਨ੍ਹਾਂ ਲੇਖਕਾਂ ਵਿੱਚ ਸ਼ਾਮਿਲ ਹੋ ਗਈ ਹੈ ਜੋ ਕਹਿੰਦੇ ਹਨ ਕਿ ਜਦੋਂ ਤੱਕ ਮਨੁੱਖ ਇਸ ਸੰਸਾਰ ਵਿੱਚ ਹੈ, ਉਹ ਆਪਣੇ ਸ਼ਬਦਾਂ ਨਾਲ ਸੰਸਾਰ ਵਿੱਚ ਰਹੇਗਾ ਅਤੇ ਸਾਹਿਤ ਦੀਆਂ ਸ਼ਕਤੀਆਂ ਵਿੱਚ ਜੀਵਨ ਦੀਆਂ ਪਰਿਭਾਸ਼ਾਵਾਂ ਮਿਲਦੀਆਂ ਰਹਿਣਗੀਆਂ ਜੋ ਸਾਹਿਤ ਵਿੱਚ ਹੀ ਸੰਭਵ ਹਨ। ਇਸੇ ਲਈ ਸਾਹਿਤ ਅਮਰ ਹੈ ਅਤੇ ਅਮਰ ਰਹੇਗਾ। ਉਸ ਨੂੰ ਸਾਹਿਤ ਦਾ ਨੋਬੇਲ ਪੁਰਸਕਾਰ ਮਿਲਣ ਤੋਂ ਇਕ ਗੱਲ ਤਾਂ ਸਪੱਸ਼ਟ ਹੋ ਜਾਂਦੀ ਹੈ ਕਿ ਜੀਵਨ ਦੀਆਂ ਸੱਚੀਆਂ, ਤਰਕਸ਼ੀਲ, ਸ਼ੁੱਧ ਅਤੇ ਸੰਭਾਵਨਾਵਾਂ ਦੀ ਖੋਜ ਕਰਨ ਵਾਲਾ ਸ਼ਾਬਦਿਕ ਸੰਸਾਰ ਸਦਾ ਜਿਊਂਦਾ ਰਹਿੰਦਾ ਹੈ। ਹਾਨ ਕਾਂਗ ਦੇ ਸਹਿਤ ਦੀ ਵੱਡੀ ਪ੍ਰਾਪਤੀ ਇਹ ਵੀ ਹੈ ਕਿ ਉਹ ਮਨੁੱਖੀ ਦੁਖਾਂਤਾਂ ਦੇ ਨਾਲ-ਨਾਲ ਸੁਫਨਿਆਂ ਵਿਚ ਵੀ ਸਭ ਤੋਂ ਅੱਗੇ ਰਹਿੰਦਾ ਹੈ। ਸਾਡੇ ਸਮਿਆਂ ਦੀ ਚਰਚਿਤ ਤੇ ਉੱਘੀ ਲੇਖਕਾ ਹਾਨ ਕਾਂਗ ਨੂੰ ਇਸ ਸਮੇਂ ਸਾਹਿਤ ਦਾ ਨੋਬੇਲ ਪੁਰਸਕਾਰ ਮਿਲਣਾ ਸਾਹਿਤ ਜਗਤ ਵਿਚ ਆਉਣ ਵਾਲੇ ਉਤਰਾਅ-ਚੜ੍ਹਾਅ ਦੀ ਨਵੀਂ ਪਛਾਣ ਅਤੇ ਪਰਿਭਾਸ਼ਾ ਹੈ ਜਿਸ ਉੱਤੇ ਮਾਣ ਕੀਤਾ ਜਾ ਸਕਦਾ ਹੈ।
*ਲੇਖਕ ਦੂਰਦਰਸ਼ਨ ਦੇ ਡਿਪਟੀ ਡਾਇਰੈਕਟਰ ਜਨਰਲ ਰਹਿ ਚੁੱਕੇ ਹਨ।

Related Articles

Latest Articles