ਮੈਂ ਕਿੰਨੀਆਂ ਤੰਗੀਆਂ ਹੰਢਾਈਆਂ
ਤੁਹਾਨੂੰ ਕੋਈ ਫਰਕ ਨਹੀਂ ਪੈਂਦਾ
ਤੁਹਾਡੇ ਲਈ ਪਾਟੀਆਂ ਬੇਆਈਆਂ
ਤੁਹਾਨੂੰ ਕੋਈ ਫਰਕ ਨਹੀਂ ਪੈਂਦਾ
ਸੀ ਕੇ ਪਾ ਲਿਆ ਪਾਟਾ ਝੱਗਾ
ਟੋਹਰ ਕਦੇ ਮੈਂ ਕੱਢਿਆ ਨਹੀਂ
ਪਰ ਤਾਹਨੂੰ ਐਸ਼ਾਂ ਨਿਤ ਕਰਾਈਆਂ
ਤੁਹਾਨੂੰ ਕੋਈ ਫਰਕ ਨਹੀਂ ਪੈਂਦਾ
ਮਿੱਟੀ ਦੇ ਨਾਲ ਮਿੱਟੀ ਹੋ ਕੇ
ਕੱਚੇ ਕੋਠੇ ਪੱਕੇ ਕਰਤੇ
ਆਪਣੀਆਂ ਪੀੜ੍ਹਾ ਸਦਾ ਲੁਕਾਈਆਂ
ਤੁਹਾਨੂੰ ਕੋਈ ਫਰਕ ਨਹੀਂ ਪੈਂਦਾ
ਹੌਲੀ ਹੌਲੀ ਮੰਜਾ ਮੇਰਾ
ਆ ਗਿਆ ਬਾਹਰ ਡਿਓੜੀ ਚ
ਅਕਲਾਂ ਕਿਹੜੇ ਖੂੰਜੇ ਲਾਈਆਂ
ਤੁਹਾਨੂੰ ਕੋਈ ਫਰਕ ਨਹੀਂ ਪੈਂਦਾ
ਜੈਸੀ ਮਿਲਦੀ ਖਾ ਲੈਨਾਂ ਵਾਂ
ਘੜੇ ਚੋਂ ਪਾਣੀ ਪੀ ਲੈਨਾਂ ਵਾਂ
ਰਹਿ ਗਿਆ ਹੁਣ ਬੱਸ ਸਾਲ ਸ਼ਮਾਹੀਆਂ
ਤੁਹਾਨੂੰ ਕੋਈ ਫਰਕ ਨਹੀਂ ਪੈਂਦਾ
ਖਬਰੇ ਫਰਕ ਪਵੇ ਮੇਰੇ ਪਿੱਛੋਂ
ਰੜਕੀ ਮੇਰੀ ਘਾਟ ਜਦੋਂ
ਸੁਣਨੀਆਂ ਓਦੋਂ ਕਿੰਨੇ ਸਫਾਈਆਂ
ਤੁਹਾਨੂੰ ਕੋਈ ਫਰਕ ਨਹੀਂ ਪੈਂਦਾ
ਲੇਖਕ : ਅਮਨ ਚਾਹਲ