ਨਾਸਾ ਨੇ ਬ੍ਰਹਿਸਪਤੀ ਦੇ ਚੰਦ ਯੂਰੋਪਾ ‘ਤੇ ਭੇਜਿਆ ਸਪੇਸਕ੍ਰਾਫਟ, 2030 ‘ਚ ਪਹੁੰਚੇਗਾ

 

ਵਾਸ਼ਿੰਗਟਨ : ਅਮਰੀਕੀ ਏਜੰਸੀ ਨਾਸਾ ਨੇ ਬ੍ਰਹਿਸਪਤੀ ਦੇ ਚੰਦ ਯੂਰੋਪਾ ‘ਤੇ ਜੀਵਨ ਦੀ ਸੰਭਾਵਨਾ ਦੀ ਤਲਾਸ਼ ਲਈ ਆਪਣਾ ਯੂਰੋਪਾ ਕਲਿਪਰ ਸਪੇਸਕ੍ਰਾਫਟ ਸਫਲਤਾਪੂਰਵਕ ਲਾਂਚ ਕੀਤਾ ਹੈ। ਇਸ ਮਿਸ਼ਨ ਨੂੰ ਸੋਮਵਾਰ ਨੂੰ ਫਲੋਰਿਡਾ ਸਥਿਤ ਕੈਨੇਡੀ ਸਪੇਸ ਸੈਂਟਰ ਤੋਂ ਸਪੇਸ ਦੇ ਫਾਲਕਨ ਹੈਵੀ ਰਾਕਟ ਨਾਲ ਭੇਜਿਆ ਗਿਆ। ਯੂਰੋਪਾ ਕਲਿਪਰ 6 ਸਾਲ ਦੀ ਮੁਹਿੰਮ ਦੌਰਾਨ ਲਗਭਗ 3 ਅਰਬ ਕਿਲੋਮੀਟਰ ਦਾ ਸਫ਼ਰ ਤੈਅ ਕਰੇਗਾ ਅਤੇ 11 ਅਪ੍ਰੈਲ 2030 ‘ਚ ਬ੍ਰਹਿਸਪਤੀ ਦੇ ਵਾਯੂਮੰਡਲ ਵਿੱਚ ਦਾਖਲ ਹੋਵੇਗਾ।
ਨਾਸਾ ਦੇ ਵਿਗਿਆਨੀਆਂ ਨੂੰ ਵਿਸ਼ਵਾਸ ਹੈ ਕਿ ਯੂਰੋਪਾ ਦੀ ਬਰਫ਼ੀਲੀ ਸਤਹਿ ਹੇਠਾਂ ਸਮੁੰਦਰ ਮੌਜੂਦ ਹੋ ਸਕਦੇ ਹਨ, ਜੋ ਇਸਨੂੰ ਜੀਵਨ ਲਈ ਅਨੂਕੂਲ ਬਣਾ ਸਕਦੇ ਹਨ। ਇਹ ਸਪੇਸਕ੍ਰਾਫਟ 4 ਸਾਲਾਂ ਵਿੱਚ 49 ਵਾਰ ਯੂਰੋਪਾ ਦੇ ਨੇੜੇ ਤੋਂ ਗੁਜ਼ਰੇਗਾ। ਇਸ ਉਪਕਰਣ ਤੇ ਕਈ ਸੋਲਰ ਪੈਨਲ ਲਗਾਏ ਗਏ ਹਨ, ਜੋ ਇਸਨੂੰ ਪੂਰੀ ਯਾਤਰਾ ਦੌਰਾਨ ਊਰਜਾ ਪ੍ਰਦਾਨ ਕਰਨਗੇ।
ਯੂਰੋਪਾ ਕਲਿਪਰ ਮਿਸ਼ਨ ਨਾਸਾ ਦੀਆਂ ਸਭ ਤੋਂ ਵੱਡੀਆਂ ਮੁਹਿੰਮਾਂ ਵਿੱਚੋਂ ਇੱਕ ਹੈ। ਇਸ ਦਾ ਅਕਾਰ ਬਾਸਕਟਬਾਲ ਕੋਰਟ ਤੋਂ ਵੀ ਵੱਡਾ ਹੈ ਅਤੇ ਇਸ ‘ਤੇ 43 ਹਜ਼ਾਰ ਕਰੋੜ ਰੁਪਏ ਦਾ ਖਰਚ ਆਇਆ ਹੈ। ਸਪੇਸਕ੍ਰਾਫਟ ਨਾਲ 9 ਵਿਗਿਆਨਕ ਉਪਕਰਣ ਭੇਜੇ ਗਏ ਹਨ, ਜਿਸ ਵਿੱਚ ਕੈਮਰਾ, ਸਪੈਕਟ੍ਰੋਮੀਟਰ, ਮੈਗਨੈਟੋਮੀਟਰ ਅਤੇ ਰਡਾਰ ਸ਼ਾਮਲ ਹਨ। ਇਹ ਉਪਕਰਣ ਯੂਰੋਪਾ ਦੀ ਸਤਹ ਹੇਠਾਂ ਮੌਜੂਦ ਸਮੁੰਦਰ ਦੀਆਂ ਗਹਿਰਾਈਆਂ ਅਤੇ ਜੀਵਨ ਲਈ ਜ਼ਰੂਰੀ ਤੱਤਾਂ ਦੀ ਖੋਜ ਕਰਨਗੇ। ਇਸਦੇ ਨਾਲ ਹੀ ਇਹ ਯੂਰੋਪਾ ਦੇ ਮੈਗਨੈਟਿਕ ਖੇਤਰ ਦਾ ਵੀ ਵਿਸ਼ਲੇਸ਼ਣ ਕਰਨਗੇ।
1979 ਵਿੱਚ ਨਾਸਾ ਦੇ ਵਾਯਜਰ 2 ਮਿਸ਼ਨ ਨੇ ਬ੍ਰਹਿਸਪਤੀ ਦੇ ਨੇੜੇ ਜਾ ਕੇ ਯੂਰੋਪਾ ਦੀਆਂ ਕੁਝ ਤਸਵੀਰਾਂ ਖਿੱਚੀਆਂ ਸਨ, ਜਿਨ੍ਹਾਂ ਵਿੱਚ ਕੁਝ ਗੱਡੇ ਅਤੇ ਜਿਓਲੋਜੀਕਲ ਪ੍ਰਕਿਰਿਆ ਦੇ ਸੰਕੇਤ ਮਿਲੇ ਸਨ। 1996 ਵਿੱਚ ਨਾਸਾ ਦੇ ਗੈਲੀਲਿਓ ਸਪੇਸਕ੍ਰਾਫਟ ਨੇ ਯੂਰੋਪਾ ਦੀ ਮੈਗਨੈਟਿਕ ਫੀਲਡ ਦੀ ਜਾਂਚ ਕੀਤੀ ਸੀ, ਜਿਨ੍ਹਾਂ ਤੋਂ ਇਸ ਉਪਗ੍ਰਹਿ ‘ਤੇ ਖਾਰੇ ਪਾਣੀ ਦੇ ਹੋਣ ਦੇ ਸੰਕੇਤ ਮਿਲੇ ਸਨ।

Related Articles

Latest Articles

Exit mobile version