-0.3 C
Vancouver
Saturday, January 18, 2025

ਨੌਕਰੀ

 

ਲੇਖਕ : ਬਰਾੜ-ਭਗਤਾ ਭਾਈ ਕਾ
ਸੰਪਰਕ : 1-604-751-1113
ਇੱਕ ਤਾਂ ਹਾੜ ਦੇ ਦਿਨਾਂ ਦੀ ਗਰਮੀਂ ਨੇ ਲੋਕਾਂ ਨੂੰ ਮੱਕੀ ਦੇ ਦਾਣਿਆਂ ਵਾਂਗ ਭੁੰਨ ਛੱਡਿਆ ਸੀ ਅਤੇ ਦੂਜਾ ਬਿਜਲੀ ਵੀ ਲੋਕਾਂ ਨਾਲ ਲੁਕਮੀਚੀ ਖੇਡ ਰਹੀ ਸੀ। ਕਦੇ ਦੋ ਘੰਟੇ ਆ ਜਾਇਆ ਕਰੇ ਤੇ ਕਦੇ ਚਾਰ ਘੰਟੇ ਇੱਕ ਭੋਰਾ ਚਮਕਾਰਾ ਵੀ ਨਾ ਮਾਰੇ। ਗਰਮੀ ਅਤੇ ਬਿਜਲੀ ਦੇ ਸਤਾਏ ਲੋਕ ਸੱਥ ਵੱਲ ਨੂੰ ਤੜਕ ਸਾਰ ਹੀ ਵਹੀਰਾਂ ਘੱਤ ਲੈਂਦੇ। ਨੱਕੋ ਨੱਕ ਭਰੀ ਸੱਥ ‘ਚ ਆ ਕੇ ਬਾਬਾ ਚੰਨਣ ਸਿਉਂ ਆਵਦੇ ਹਾਣੀ ਸੁਦਾਗਰ ਸਿਉਂ ਨੂੰ ਕਹਿੰਦਾ, ”ਕਿਉਂ ਸਦਾਗਰ ਸਿਆਂ! ਜੇ ਬਿਜਲੀ ਤੇ ਗਰਮੀਂ ਦਾ ਪੰਜ ਸੱਤ ਦਿਨ ਹੋਰ ਇਉਂ ਈਂ ਚੱਜ ਹਾਲ ਰਿਹਾ ਤਾਂ ਲੋਕ ਜੈਨੂੰ ਘਮਿਆਰ ਦੀ ਆਵੀ ‘ਚ ਪਏ ਕੱਚੇ ਪਿੱਲੇ ਭਾਂਡਿਆਂ ਅਰਗੇ ਹੋ ਜਾਣਗੇ ਭੁੱਜ ਕੇ। ਅੰਦਰ ਪਿਆ ਪਾਣੀ ਵੀ ਪਾਂਧੀ ਲੁਅ੍ਹਾਰ ਦੇ ਆਹਰਣ ਆਂਗੂੰ ਤਪ ਜਾਂਦਾ।”
ਤਾਸ਼ ਖੇਡੀ ਜਾਂਦਾ ਸੀਤਾ ਮਰਾਸੀ ਕਹਿੰਦਾ, ”ਗਰਮੀਂ ‘ਚ ਪਾਣੀ ਨੇ ਤਾਂ ਬਾਬਾ ਤੱਤਣਾ ਈਂ ਤਪਣਾ, ਪੰਦਰਾਂ ਦਿਨਾਂ ਦਾ ਸਾਰਾ ਪਿੰਡ ਤਪਿਆ ਪਿਆ ਕਰਕੇ ਪਾਂਧੀ ਲੁਅ੍ਹਾਰ ਦੇ ਆਹਰਣ ‘ਤੇ ਵੀ ਵਾਰੀ ਨ੍ਹੀ ਆਉਂਦੀ। ਸਾਰਾ ਪਿੰਡ ਸੇਲੇ ਬਰਛੇ ਗੰਧਾਲੀਆਂ ਬਣਾਈ ਜਾਂਦੈ।”
ਬਾਬੇ ਚੰਨਣ ਸਿਉਂ ਨੇ ਹੈਰਾਨੀ ਨਾਲ ਪੁੱਛਿਆ, ”ਬਰਛੇ ਗੰਧਾਲੀਆਂ ਕੀ ਕਰਨੇ ਐ ਲੋਕਾਂ ਨੇ। ਸਤਾਏ ਤਾਂ ਲੋਕ ਗਰਮੀਂ ਦੇ ਪਏ ਐ। ਸੇਲੇ ਬਰਛੇ ਕੀ ਕਰਨਗੇ ਗਰਮੀ ਨੂੰ ਬਈ, ਕੁ ਰੱਬ ‘ਚ ਮੋਰੀ ਕਰਕੇ ਮੀਂਹ ਪੁਆਉਣ ਦੀ ਕੋਈ ਸਕੀਮ ਬਣਾਉਂਦੇ ਐ?”
ਨਾਥਾ ਅਮਲੀ ਬਾਬੇ ਚੰਨਣ ਸਿਉਂ ਨੂੰ ਕਹਿੰਦਾ, ”ਬਰਛੇ ਗੰਧਾਲੀਆਂ ਨਾਲ ਕਿਤੇ ਬਾਬਾ ਬਿਜਲੀ ਆਲੇ ਨਾ ਢਾਹੁਣੇ ਢੂਹਣੇ ਹੋਣ ਬਈ ਬਿਜਲੀ ਦਾ ਕੱਟ ਮਾਰ ਦਿੰਦੇ ਐ।”
ਸੀਤੇ ਮਰਾਸੀ ਨੇ ਫੇਰ ਲਈ ਵਾਰੀ, ”ਬਿਜਲੀ ਆਲੇ ਕਿਉਂ ਢਾਹੁਣੇ ਐਂ, ਆਹ ਜਿਹੜੇ ਰਾਤ ਬਰਾਤੇ ਕਿਸੇ ਨਾ ਕਿਸੇ ਦੇ ਘਰੇ ਨਿੱਤ ਈ ਚੋਰ ਆ ਵੜਦੇ ਐ, ਉਨ੍ਹਾਂ ਵਾਸਤੇ ਬੰਦੋਬਸਤ ਕਰਦੇ ਐ। ਕਈ ਦਿਨ ਹੋ ਗੇ ਓਧਰਲੇ ਗੁਆੜ ਆਲੇ ਹਾਕਮ ਫੌਜੀ ਕੀ ਸਬ੍ਹਾਤ ਦੇ ਤਖਤਿਆਂ ‘ਚ ਕਿਤੇ ਬਿੱਲੀਆਂ ਲੜਦੀਆਂ-ਲੜਦੀਆਂ ਠਾਹ ਦੇਣੇ ਵੱਜੀਆਂ। ਤਖਤੇ ਇੱਕਦਮ ਬੰਦ ਹੋ ਗੇ। ਫੌਜੀ ਦੇ ਘਰ ਆਲੀ ਨੇ ਰੌਲਾ ਪਾ ‘ਤਾ ਬਈ ਘਰੇ ਚੋਰ ਵੜ ਗੇ, ਚੋਰ ਵੜ ਗੇ। ਆਥਣ ਜਾ ਹੋਇਆ ਵਿਆ ਸੀ। ਲੋਕਾਂ ਨੇ ਫੌਜੀ ਦਾ ਘਰ ਇਉਂ ਘੇਰ ਲਿਆ ਜਿਮੇਂ ਛਪਾਰ ਦੇ ਮੇਲੇ ‘ਤੇ ਚੰਡੋਲ ਤੋਂ ਡਿੱਗੀ ਬੌਰਨੀ ਦੁਆਲੇ ਲੋਕ ‘ਕੱਠੇ ਹੋਏ ਵੇ ਹੋਣ। ਫੌਜੀ ਦੀ ਬਹੂ ਦਰਵਾਜੇ ਆਲੀ ਬੈਠਕ ਦੇ ਖੂੰਜੇ ਨਾਲ ਇਉਂ ਠਠਿੰਬਰੀ ਖੜ੍ਹੀ ਜਿਮੇਂ ਠੱਕੇ ਦੀ ਮਾਰੀ ਬੱਕਰੀ ਤੰਦੂਰ ਨਾਲ ਲੱਗੀ ਖੜ੍ਹੀ ਹੁੰਦੀ ਐ। ਸੂਬੇਦਾਰ ਖਜਾਨ ਸਿਉਂ ਦਨਾਲੀ ਰਫਲ ਲੈ ਕੇ ਕੋਠੇ ਉੱਤੋਂ ਦੀ ਹਾਕਮ ਫੌਜੀ ਕੇ ਘਰੇ ਆ ਉੱਤਰਿਆ। ਉੱਤਰਦਾ ਈ ਫੌਜੀ ਦੇ ਘਰ ਆਲੀ ਨੂੰ ਕਹਿੰਦਾ ‘ਕਿਹੜੇ ਅੰਦਰ ਵੜੇ ਐ ਭਾਈ ਬੰਦੇ’? ਅਕੇ ਫੌਜਣ ਨੇ ਸਬ੍ਹਾਤ ਵੱਲ ਹੱਥ ਕਰਕੇ ਦੋਮੇਂ ਹੱਥ ਕੰਨਾਂ ‘ਤੇ ਧਰ ਲੇ ਬਈ ਸੂਬੇਦਾਰ ਹੁਣ ਫੈਰ ਕਰੂ। ਜਦੋਂ ਸੂਬੇਦਾਰ ਨੇ ਸਬ੍ਹਾਤ ਵੱਲ ਨੂੰ ਰਫਲ ਸਿੱਧੀ ਕੀਤੀ ਤਾਂ ਸੁਰਜਨ ਬੁੜ੍ਹਾ ਸੂਬੇਦਾਰ ਨੂੰ ਕਹਿੰਦਾ ‘ਨਾ ਬਈ ਨਾ ਖਜਾਨ ਸਿਆਂ ਰੌਂਦ ਨਾ ਚਲਾਈਂ। ਆਪਾਂ ਨੇੜੇ ਹੋ ਕੇ ਪੁੱਛਦੇ ਆਂ ਬਈ ਅੰਦਰ ਕੋਈ ਹੈ ਵੀ ਕੁ ਨਹੀਂ। ਲੋਕ ਫੌਜੀ ਕੇ ਘਰੇ ਗੰਡਾਸੇ ਟਕੂਏ ਲਈ ਖੜ੍ਹੇ ਉੱਚੀ ਉੱਚੀ ਬੋਲਣ ਬਈ ਚੋਰਾਂ ਨੂੰ ਬਾਹਰ ਕੱਢੋ ਸਹੀ। ਘਰ ਦੇ ਵੇਹੜੇ ‘ਚ ਘਸਮਾਨ ਪਈ ਜਾਂਦਿਆਂ ਤੋਂ ਬਿੱਲੀਆਂ ਇੱਕ ਵਾਰ ਫੇਰ ਲੜਦੀਆਂ ਲੜਦੀਆਂ ਜਦੋਂ ਤਖਤਿਆਂ ‘ਚ ਵੱਜੀਆਂ ਤਾਂ ਤਖਤੇ ਖੁੱਲ੍ਹ ਗੇ। ਸਬ੍ਹਾਤ ਦੇ ਤਖਤੇ ਖੁੱਲਦੇ ਸਾਰ ਹੀ ਲੋਕਾਂ ਦੇ ‘ਕੱਠ ਦਾ ਪਤਾ ਨਾ ਲੱਗਿਆ ਬਾਬਾ ਕਿੱਧਰ ਭੱਜ ਗੇ ਡਰਦੇ। ਇੱਕ ਦੂਜੇ ‘ਚ ਅੜ੍ਹਕ ਅੜ੍ਹਕ ਈ ਡਿੱਗੀ ਗਏ। ਲੋਕ ਫੌਜੀ ਦੇ ਵੇਹੜੇ ‘ਚ ਇੱਕ ਦੂਜੇ ਦੇ ਹੇਠਾਂ ਉੱਤੇ ਇਉਂ ਪਏ ਜਿਮੇਂ ਦਾਣਾ ਮੰਡੀ ‘ਚ ਕਣਕ ਦੀਆਂ ਬੋਰੀਆਂ ਦਾ ਢੇਰ ਮਾਰਿਆ ਹੋਵੇ। ਇੱਕ ਸਕਿੰਟ ‘ਚ ਲੋਕ ਇਉਂ ਖਿੰਡ ਗੇ ਜਿਮੇਂ ਨੇਰ੍ਹੀ ਕੱਖਾਂ ਨੂੰ ‘ੜਾ ਕੇ ਲੈ ਗੀ ਹੋਵੇ। ਜਦੋਂ ਤਖਤੇ ਇੱਕਦਮ ਖੁੱਲ੍ਹੇ ਤਾਂ ਸੂਬੇਦਾਰ ਖਜਾਨ ਸਿਉਂ ਦਸ ਕਰਮਾਂ ‘ਤੇ ਜਾ ਡਿੱਗਿਆ। ਪੱਗ ਸੂਬੇਦਾਰ ਦੀ ਨਲਕੇ ਆਲੀ ਪਾਣੀ ਦੀ ਖੇਲ ‘ਚ ਪਈ। ਬਿੱਲੀਆਂ ਲੜਦੀਆਂ ਲੜਦੀਆਂ ਜਦੋਂ ਬਾਹਰ ਵੇਹੜੇ ਵਿੱਚਦੀ ਭੱਜੀਆਂ ਤਾਂ ਫੇਰ ਜਾ ਕੇ ਪਤਾ ਲੱਗਿਆ ਬਈ ਚੋਰ ਕਾਹਨੂੰ ਵੜੇ ਸੀ ਇਹ ਤਾਂ ਬਿੱਲੀਆਂ ਸੀ ਅੰਦਰ। ਫੇਰ ਲੋਕਾਂ ਦੇ ਸਾਹ ‘ਚ ਸਾਹ ਆਇਆ।”
ਮਾਹਲਾ ਨੰਬਰਦਾਰ ਕਹਿੰਦਾ, ”ਕੋਠਿਆਂ ਆਲੇ ਸ਼ਕਾਇਤੀਆਂ ਦੇ ਗਿੰਦਰ ਦੀ ਲੱਤ ਵੀ ਫਿਰ ਓੱਥੇ ਈ ਟੁੱਟੀ ਹੋਣੀ ਐਂ। ਕਿੰਨੇ ਈਂ ਦਿਨ ਹੋ ਗੇ ਹਜੇ ਗੁਪਤੇ ਦੇ ਹੱਥਪਤਾਲ ‘ਚ ਪਿਆ।”
ਪਿੰਡੋਂ ਬਾਹਰ ਕੋਠਿਆਂ ‘ਚ ਰਹਿੰਦੇ ਗਿੰਦਰ ਕੇ ਪਰਿਵਾਰ ਨੂੰ ਸਾਰਾ ਪਿੰਡ ਸ਼ਿਕਾਇਤੀਆਂ ਦਾ ਲਾਣਾ ਕਹਿੰਦਾ ਸੀ ਕਿਉਂਕਿ ਉਨ੍ਹਾਂ ਦੇ ਟੱਬਰ ਦੇ ਜੀਅ-ਜੀਅ ਨੂੰ ਬਿਨਾਂ ਗੱਲ ਤੋਂ ਈ ਹਰ ਕਿਸੇ ਦੀ ਸ਼ਕਾਇਤ ਕਰਨ ਦੀ ਆਦਤ ਸੀ ਜਿਸ ਕਰਕੇ ਪਿੰਡ ਦੇ ਲੋਕ ਉਨ੍ਹਾਂ ਨੂੰ ਸ਼ਿਕਾਇਤੀਆਂ ਦੇ ਨਾਂਅ ਨਾਲ ਜਾਣਦੇ ਸਨ।
ਸੀਤਾ ਮਰਾਸੀ ਕਹਿੰਦਾ, ”ਹੁਣ ਨੂੰ ਤਾਂ ਯਾਰ ਜੁੜ ਜਾਣੀ ਚਾਹੀਦੀ ਸੀ। ਅੱਠ ਦਸ ਦਿਨ ਹੋ ਗੇ ਏਸ ਗੱਲ ਨੂੰ ਤਾਂ।”
ਨਾਥਾ ਅਮਲੀ ਟਿੱਚਰ ‘ਚ ਕਹਿੰਦਾ, ”ਤੁਸੀਂ ਜੁੜਣ ਦੀ ਗੱਲ ਕਰਦੇ ਐ ਮੈਨੂੰ ਤਾਂ ਇਉਂ ਲੱਗਦਾ ਬਈ ਕਿਤੇ ਹੱਥਪਤਾਲ ‘ਚੋਂ ਦੂਜੀ ਮਨਾ ਤੜਾ ਕੇ ਆ ਜੇ।”
ਬਾਬੇ ਚੰਨਣ ਸਿਉਂ ਨੇ ਪੁੱਛਿਆ, ”ਕਿਉਂ ਕੀ ਗੱਲ ਹੋ ਗੀ। ਤੁਰਿਆ ਤਾਂ ਉਹਤੋਂ ਜਾਂਦਾ ਨ੍ਹੀ, ਦੂਜੀ ਕਿਮੇਂ ਤੜਾ ਲੂ ਬਈ। ਮੰਜੇ ‘ਤੇ ਪਏ ਦੀ ਓ ਈਂ ਟੁੱਟ ਜੂ ਹੈਂਅ। ਲੱਤਾਂ ਕੁ ਕੰਚ ਦੇ ਗਲਾਸ ਐ ਬਈ ਤੱਤੀ ਚਾਹ ਪਾਇਆਂ ਤੋਂ ਈ ਤਿੜਕ ਜਾਣਗੇ।”
ਨਾਥਾ ਅਮਲੀ ਕਹਿੰਦਾ, ”ਦੂਜੀ ਵੀ ਤੜਾਊਗਾ ਈ ਹੋਰ ਕੀ ਕਰੂ, ਸ਼ਕੈਤਾਂ ਕਰਨ ਦੀ ਆਦਤ ਤਾਂ ਜਾਂਦੀ ਨ੍ਹੀ। ਜੇ ਹੱਥਪਤਾਲ ‘ਚ ਵੀ ਕਿਤੇ ਕਿਸੇ ਦੀ ਸ਼ਕੈਤ ਸ਼ਕੂਤ ਕਰ ‘ਤੀ ਤਾਂ ਪੰਗਾ ਪੈਣਾ ਈਂ ਪੈਣਾ।”
ਸੀਤਾ ਮਰਾਸੀ ਕਹਿੰਦਾ, ”ਓੱਥੇ ਵੀ ਪ੍ਰਭਾ ਕਰ ‘ਤੀ ਸ਼ਕੈਤ। ਜੇ ਆਦਤੀ ਬੰਦੇ ਆਦਤ ਛੱਡ ਦੇਣ ਤਾਂ ਵਾਰੇਸ਼ਾਹ ਝੂਠਾ ਹੋ ਜੂ।”
ਕਰਮੇ ਮੈਂਬਰ ਨੇ ਪੁੱਛਿਆ, ”ਹੱਥਪਤਾਲ ‘ਚ ਕੀਹਦੀ ਸ਼ਕੈਤ ਕਰ ‘ਤੀ?”
ਨਾਥਾ ਅਮਲੀ ਕਹਿੰਦਾ, ”ਡਾਕਦਾਰ ਦੀ।”
ਬੁੱਘਰ ਦਖਾਣ ਕਹਿੰਦਾ, ”ਉਹਦੀਆਂ ਤਾਂ ਪਹਿਲਾਂ ਈ ਬਾਹਲੀਆਂ ਸ਼ਕਾਇਤਾਂ ਹੁੰਦੀਐਂ। ਕੋਈ ਕਹਿੰਦਾ ਉਹਨੂੰ ਬੋਲਣਾ ਨ੍ਹੀ ਆਉਂਦਾ, ਕੋਈ ਕਹਿੰਦਾ ਹਰੇਕ ਦੇ ਗਲ ਪੈਂਦਾ। ਕੋਈ ਕਹੀ ਜਾਂਦਾ ਆਪ ਨੂੰ ਹੀਰਾ ਸਮਝਦਾ, ਦੂਜਿਆਂ ਨੂੰ ਕਹੂ ਕਾਣੀ ਕੌਡੀਉਂ ਖੋਟਾ।”
ਮਾਹਲਾ ਨੰਬਰਦਾਰ ਕਹਿੰਦਾ, ”ਅਕਲ ਤਾਂ ਧੇਲੇ ਦੀ ਨ੍ਹੀ, ਆਵਦੇ ਆਪ ਨੂੰ ਸਮਝੂ ਬਈ ਖਣੀ ਮੈਂ ਈਂ ਸਿਆਣਾ ਸਾਰਿਆਂ ਤੋਂ।’
ਨਾਥਾ ਅਮਲੀ ਨੰਬਰਦਾਰ ਦੀ ਗੱਲ ਸੁਣ ਕੇ ਨੰਬਰਦਾਰ ਨੂੰ ਕਹਿੰਦਾ, ”ਕਈ ਬੰਦੇ ਤਾਂ ਨੰਬਰਦਾਰਾ ਉਹਨੂੰ ਗਾਲ ਕੱਢਣ ਦੇ ਮਾਰੇ ਈ ਬਲਾਉਂਦੇ ਐ। ਆਹ ਆਪਣੇ ਪਿੰਡ ਆਲੇ ਜੰਗੇ ਰਾਹੀ ਦੇ ਮੁੰਡੇ ਲੱਖੇ ਦਾ ਕੁਸ ਦੁਖਦਾ ਦਖਦਾ ਤਾਂ ਹੁੰਦਾ ਨ੍ਹੀ ਤੇ ਨਾ ਈ ਓਹਨੇ ਕੋਈ ਦੁਆ ਬੂਟੀ ਕਰਾਉਣੀ ਹੁੰਦੀ ਐ, ਪਰ ਉਹਦੀ ਬੇਜਤੀ ਕਰਨ ਦਾ ਮਾਰਾ ਨਿੱਤ ਈ ਟੈਲੀਫੂਨ ਕਰਕੇ ਕਹੂ ‘ਜੇ ਬਥਾੜਾ ਨ੍ਹੀ ਚੰਗਾ ਤਾਂ ਜਬਾਨ ਤਾਂ ਚੰਗੀ ਕਰ ਲਾ। ਗੰਦ ਨਾਲ ਲਿਬੜੀ ਵੀ ਸੂਰ ਦੀ ਪੂਛ ਅਰਗੀ ਬਣਾ ਕੇ ਜੀਭ, ਹਰੇਕ ਨੂੰ ਈਂ ਹਲਕੀ ਕੁੱਤੀ ਆਂਗੂੰ ਬੋਲਦੈਂ, ਸਾਲਾ ਚਰੜਗੁੱਗ ਜਾ ਨਾ ਹੋਵੇ ਤਾਂ’।”
ਬਾਬਾ ਚੰਨਣ ਸਿਉਂ ਕਹਿੰਦਾ, ”ਨਹੀਂ ਯਾਰ ਆਏਂ ਤਾਂ ਨ੍ਹੀ ਕਹਿੰਦੇ ਹੋਣੇ ਲੋਕ। ਐਨੀ ਬੇਜਤੀ ਕਰਦੇ ਐ ਹੈਂਅ?”
ਨਾਥਾ ਅਮਲੀ ਫੇਰ ਬੋਲਿਆ, ”ਤੂੰ ਤਾਂ ਬਾਬਾ ਕਦੇ ਸੁਣਿਐਂ ਨ੍ਹੀ ਬੋਲਦਾ। ਹਰੇਕ ਨੂੰ ਈ ਪੁੱਠਾ ਬੋਲੂ। ਲੋਕ ਵੀ ਗਾਲਾਂ ਕੱਢ-ਕੱਢ ਥੱਕ ਜਾਂਦੇ ਐ ਪਰ ਉਹ ਨ੍ਹੀ ਹਾਰਦਾ। ਪੂਰਾ ਮੋਟਾ ਢੀਠ ਐ।”
ਬਾਬਾ ਚੰਨਣ ਸਿਉਂ ਕਹਿੰਦਾ, ”ਫੇਰ ਤਾਂ ਉਹ ਗੱਲ ਐ, ਅਕੇ ਕੇਰਾਂ ਲੋਕ ਕਿਸੇ ਸਾਧ ਨੂੰ ਕਹਿੰਦੇ ‘ਬਾਬਾ ਜੀ! ਲੋਕ ਸੋਨੂੰ ਟਿੱਚ ਈ ਸਮਝਦੇ ਐਂ। ਸਾਧ ਮੂਹਰੋਂ ਕਹਿੰਦਾ ‘ਮੈਂ ਸਾਰਿਆਂ ਨੂੰ ਟਿੱਚ ਸਮਝਦਾਂ’। ਉਹੀ ਗੱਲ ਫੇਰ ਇਹਦੀ ਐ।”
ਏਨੇ ਚਿਰ ਨੂੰ ਜਿਉਂ ਹੀ ਮੋਦਨ ਮਾਸਟਰ ਸੱਥ ‘ਚ ਆਇਆ ਤਾਂ ਬਾਬੇ ਚੰਨਣ ਸਿਉਂ ਨੇ ਮਾਸਟਰ ਨੂੰ ਪੁੱਛਿਆ, ”ਕਿਉਂ ਬਈ ਮਾਹਟਰ! ਕਹਿੰਦੇ ਆਪਣੇ ਪਿੰਡ ਆਲੇ ਹੱਥਪਤਾਲ ਆਲੇ ਡਾਕਦਾਰ ਨੂੰ ਜਦੋਂ ਕੋਈ ਫੂਨ ਫਾਨ ਕਰਦਾ ਜਾਂ ਮਿਲ ਕੇ ਕੋਈ ਗੱਲਬਾਤ ਕਰਦਾ ਉਹਨੂੰ ਵੱਢ ਖਾਣੀ ਕੁੱਤੀ ਆਂਗੂੰ ਪੈਂਦਾ, ਏਮੇਂ ਈ ਗੱਲ ਬਈ। ਕਿਸੇ ਵੱਡੇ ਅਸਫਰ ਉਸਫਰ ਨੂੰ ਕਹਿ ਕਹਾ ਕੇ ਬਦਲੀ ਬੁਦਲੀ ਕਰਾ ਕੇ ਓਧਰ ਬਾਡਰ ਬੂਡਰ ‘ਤੇ ਸਿੱਟੋ ਪਰ੍ਹੇ।”
ਮਾਸਟਰ ਕਹਿੰਦਾ, ”ਉਹਦੇ ਆਲੇ ਤਾਂ ਬਾਬਾ ਜੀ ਚੱਕ ‘ਤੇ ਬਗੌੜ ਕੱਲ੍ਹ। ਜਦੋਂ ਨੋਕਰੀ ਤੋਂ ਲਾਹਿਆ ਨਾਹ, ਅਗਲਿਆਂ ਨੇ ਮਾਰਕੇ ਧੱਕੇ ਇਉਂ ਬਾਹਰ ਕੱਢ ਕੱਢਿਆ ਜਿਮੇਂ ‘ਖੰਡ ਪਾਠ ਆਲੇ ਘਰੋਂ ਸ਼ਰਾਬੀ ਨੂੰ ਧੱਕੇ ਮਾਰ ਕੇ ਘਰੋਂ ਕੱਢਦੇ ਹੁੰਦੇ ਐ।”
ਨੰਬਰਦਾਰ ਨੇ ਪੁੱਛਿਆ, ”ਗੱਲ ਕੀ ਹੋਈ ਸੀ ਬਈ?”
ਨਾਥਾ ਅਮਲੀ ਕਹਿੰਦਾ, ”ਗੱਲ ਕੀ ਹੋਣੀ ਸੀ। ਅਗਲਿਆਂ ਨੇ ਵਾਹਸੜੀਏ ਆਂਗੂੰ ਪੂਜ ਕੇ ਰੱਖ ‘ਤਾ। ਕਹਿੰਦੇ ਲੈ ਹੁਣ ਜਿੰਨਾਂ ਮਰਜੀ ਭੌਕੀਂ ਜਾਹ। ਹੁਣ ਇਉਂ ਤੁਰਿਆ ਫਿਰਦਾ ਹੋਊ ਜਿਮੇਂ ਕਿੱਲਾ ਪਟਾ ਕੇ ਔਟਲੀ ਵੀ ਮੱਝ ਤੁਰੀ ਫਿਰਦੀ ਹੁੰਦੀ ਐ।”
ਬਾਬੇ ਚੰਨਣ ਸਿਉਂ ਨੇ ਪੁੱਛਿਆ, ”ਓਹਦੇ ਆਲੀ ਕੁਰਸੀ ਤਾਂ ਅਮਲੀਆ ਫਿਰ ਖਾਲੀ ਹੋ ਗੀ ਹੋਣੀ ਐ ਹੁਣ ਕੁ ਨਹੀਂ?”
ਅਮਲੀ ਕਹਿੰਦਾ, ”ਅਗਲਿਆਂ ਨੇ ਪਹਿਲਾਂ ਨਮੇਂ ਨਾਲ ਗੱਲਬਾਤ ਕਰਕੇ ਫੇਰ ਈ ਕੱਢੀ ਐ ਕੁੱਤੀ ਪਕਾਹ ‘ਚੋਂ। ਨਮੇਂ ਡਾਕਦਾਰ ਦੇ ਆਉਣ ਤੋਂ ਪਹਿਲਾਂ-ਪਹਿਲਾਂ ਈ ਪੰਜੀਰੀ ਦੇ ਕੇ ਤੋਰ ‘ਤਾ।”
ਬੁੱਘਰ ਦਖਾਣ ਨੇ ਪੁੱਛਿਆ, ”ਹੁਣ ਆਲਾ ਕਿਹੋ ਜਾ ਬਈ ਜਿਹੜਾ ਨਮਾਂ ਆਇਆ?”
ਸੀਤਾ ਮਰਾਸੀ ਕਹਿੰਦਾ, ”ਕੀ ਗੱਲਾਂ ਪੁੱਛਦੈਂ ਮਿਸਤਰੀਆ। ਔਲੇ ਦੇ ਮਰੱਬੇ ਜਿੰਨਾਂ ਪੂਰਾ ਗੁਣਾਂਕਾਰੀ ਐ। ਜਦੋਂ ਨਮੇਂ ਡਾਕਦਾਰ ਨੇ ਆ ਕੇ ਫੂਕ ਮਾਰੀ, ਫੇਰ ਤਾਂ ਲੋਕਾਂ ਨੂੰ ਨਮੇਂ ਆਏ ਦਾ ਪੰਜ ਭਾਂਦੋਂ ਨੂੰ ਲਿਆਂਦੇ ਦਰੌਜੇ ਜਿੰਨਾਂ ਚਾਅ ਚੜ੍ਹ ਗਿਆ। ਪਹਿਲੇ ਦਿਨ ਈਂ ਲੋਕਾਂ ਨੇ ਬਲਾ ਬਲਾਕੇ ਸੱਸਰੀ ਕਾਲਾਂ ਗੁੜ ‘ਚ ਲਿਬੜੇ ਮਸੱਦ ਅਰਗਾ ਕਰ ‘ਤਾ। ਹੁਣ ਓੱਦੇ ਦੀ ਹੱਥਪਤਾਲ ‘ਚ ਜਰਗ ਦੇ ਮੇਲੇ ਆਗੂੰ ਰੌਣਕ ਲੱਗੀ ਰਹਿੰਦੀ ਹੈ। ਲੋਕਾਂ ਨੂੰ ਗੱਲ ਕਰਨ ਦਾ ਟੈਮ ਈਂ ਨ੍ਹੀ ਮਿਲਦਾ।”
ਜੱਗੇ ਕਾਮਰੇਡ ਨੇ ਪੁੱਛਿਆ, ”ਪਹਿਲਾ ਤਾਂ ਯਾਰ ਐਮੇਂ ਈ ਕੱਢਿਆ। ਉਹ ਕਿੱਧਰ ਨੂੰ ਤੋਰ ‘ਤਾ ਬਈ?”
ਨਾਥਾ ਅਮਲੀ ਕਹਿੰਦਾ, ”ਕੱਢਣਾ ਕੀਹਨੇ ਸੀ ਕਾਮਰੇਟਾ। ਆਵਦੀਂ ਕਰਤੂਤੀਂ ਨਿੱਕਲਿਆ ਜਦੋਂ ਕਿਸੇ ਨੂੰ ਮੂੰਹ ਨ੍ਹੀ ਸੀ ਬੋਲਦਾ। ਅਗਲਿਆਂ ਨੇ ਇਉਂ ਚੱਕ ਕੇ ਤੋਰ ‘ਤਾ ਜਿਮੇਂ ਆਟੇ ਆਲੀ ਪਰਾਂਤ ‘ਚੋਂ ਲਿਬੜਿਆ ਵਿਆ ਵੇਲਣਾ ਚੱਕੀ ਦਾ ਹੁੰਦਾ।”
ਗੱਲਾਂ ਕਰੀ ਜਾਂਦਿਆਂ ਤੋਂ ਮਾਘੀ ਚੌਂਕੀਦਾਰ ਸੱਥ ‘ਚ ਆ ਕੇ ਬਾਬੇ ਚੰਨਣ ਸਿਉਂ ਨੂੰ ਕਹਿੰਦਾ, ”ਬਾਬਾ ਜੀ! ਆਪਣੇ ਬੰਦਿਆਂ ਆਲੇ ਹੱਥਪਤਾਲ ‘ਚ ਅੱਜ ਪਿੰਡ ਦਾ ‘ਕੱਠ ਐ। ਸੋਨੂੰ ਵੀ ਸਾਰਿਆਂ ਨੂੰ ਓੱਥੇ ਸੱਦਿਆ। ਕਿਸੇ ਵੱਡੇ ਅਸਫਰ ਉਸਫਰ ਨੇ ਆਉਣੈ। ਘੁੱਲੇ ਸਰਪੈਂਚ ਨੇ ਕਿਹਾ ਬਈ ਜਿੰਨੇ ਬੰਦੇ ਸੱਥ ‘ਚ ਬੈਠੇ ਐ ਉਨ੍ਹਾਂ ਸਾਰਿਆਂ ਨੂੰ ਕਹਿ ਕੇ ਆਈਂ।”
ਚੌਕੀਂਦਾਰ ਤੋਂ ਸੁਨੇਹਾ ਸੁਣਦੇ ਸਾਰ ਹੀ ਸੱਥ ਵਾਲੇ ਸਾਰੇ ਜਣੇ ਹਸਪਤਾਲ ਵੱਲ ਨੂੰ ਤੁਰ ਪਏ ਜਿਮੇਂ ਕਿਤੇ ਉਹ ਵੋਟਾਂ ਪਾਉਣ ਜਾਂਦੇ ਹੋਣ।

Related Articles

Latest Articles