3.9 C
Vancouver
Monday, January 20, 2025

ਭਾਈ ਨਿੱਝਰ ਮਾਮਲੇ ਵਿਚ ਕੈਨੇਡਾ ਤੇ ਭਾਰਤ ਵਿਚਾਲੇ ਤਣਾਅ ਫਿਰ ਵਧਿਆ

 

ਔਟਵਾ : ਕੈਨੇਡਾ ਤੇ ਭਾਰਤ ਦੇ ਕੂਟਨੀਤਕ ਸੰਬੰਧਾਂ ਵਿਚ ਤਣਾਅ ਬੀਤੇ ਸਾਲ ਸਤੰਬਰ ਤੋਂ ਸ਼ੁਰੂ ਹੋਇਆ ਸੀ ਜੋ ਅਜੇ ਤੱਕ ਜਾਰੀ ਹੈ ਤੇ ਇਸ ਵਿਚ ਨਿਕਟ ਭਵਿੱਖ ਵਿਚ ਸੁਧਾਰ ਹੋਣ ਦੀ ਸੰਭਾਵਨਾ ਨਜ਼ਰ ਨਹੀਂ ਆ ਰਹੀ । 18 ਜੂਨ, 2023 ਦੀ ਸ਼ਾਮ ਨੂੰ ਸਰੀ ਵਿਖੇ ਭਾਈ ਹਰਦੀਪ ਸਿੰਘ ਨਿੱਝਰ ਦੇ ਹੋਏ ਕਤਲ ਦੇ ਕੇਸ ਦੀ ਜਾਂਚ ਕੈਨੇਡਾ ਵਿਚ ਚੱਲ ਰਹੀ ਹੈ, ਜਿਸ ਵਿਚ ਕੁਝ ਭਾਰਤੀ ਅਧਿਕਾਰੀਆਂ ਦੀ ਸ਼ਮੂਲੀਅਤ ਦਾ ਸ਼ੱਕ ਬੀਤੇ ਸਾਲ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਦੇਸ਼ ਦੀ ਸੰਸਦ ਵਿਚ ਕੀਤਾ ਸੀ । ਜਾਂਚ ਕਰ ਰਹੇ ਅਧਿਕਾਰੀਆਂ ਨੇ ਕੈਨੇਡਾ ਵਿਖੇ ਤਾਇਨਾਤ ਭਾਰਤ ਦੇ ਰਾਜਦੂਤ ਸੰਜੇ ਵਰਮਾ ਸਮੇਤ ਕੁਝ ਹੋਰ ਭਾਰਤੀ ਕੂਟਨੀਤਕਾਂ ਤੋਂ ਪੁੱਛਗਿੱਛ ਕਰਨ ਲਈ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਨਾਲ਼ ਬੀਤੇ ਦਿਨੀਂ ਸੰਪਰਕ ਕੀਤਾ ਗਿਆ ਸੀ । ਪਰ ਭਾਰਤ ਸਰਕਾਰ ਇਸ ਜਾਂਚ ਵਿਚ ਸ਼ਾਮਿਲ ਹੋਣ ਤੋਂ ਇਨਕਾਰ ਕਰ ਦਿਤਾ ਸੀ।ਕੈਨੇਡੀਅਨ ਵਿਦੇਸ਼ ਮੰਤਰੀ ਮੇਲਾਨੀਆ ਜੋਲੀ ਨੇ ਹਾਈ ਕਮਿਸ਼ਨਰ ਸਮੇਤ ਛੇ ਭਾਰਤੀ ਡਿਪਲੋਮੈਟਾਂ ਨੂੰ ਕੱਢਣ ਬਾਰੇ ਹੁਣੇ ਜਿਹੇ ਬਿਆਨ ਦਿੱਤਾ ਸੀ। ਕੈਨੇਡਾ ਨੇ ਦਾਅਵਾ ਕੀਤਾ ਹੈ ਕਿ ਇਹ ਸਾਰੇ ਲੋਕ ਕੈਨੇਡੀਅਨ ਨਾਗਰਿਕਾਂ ਦੀ ਟਾਰਗੇਟ ਕਿਲਿੰਗ ਵਿਚ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਭਾਰਤ ਨੇ ਜਾਂਚ ਵਿੱਚ ਸਹਿਯੋਗ ਨਹੀਂ ਕੀਤਾ। ਕੈਨੇਡਾ ਦੇ ਇਨ੍ਹਾਂ ਤਾਜ਼ਾ ਦੋਸ਼ਾਂ ਕਾਰਣ ਉਸਦਾ ਤਕਰਾਰ ਭਾਰਤ ਨਾਲ ਡੂੰਘਾ ਹੋ ਗਿਆ ਹੈ।
ਇਸ ਤੋਂ ਬਾਅਦ ਕੈਨੇਡਾ ਤੋਂ ਆਪਣੇ ਹਾਈ ਕਮਿਸ਼ਨਰ ਅਤੇ ਹੋਰ ਕੂਟਨੀਤਕਾਂ ਤੇ ਅਧਿਕਾਰੀਆਂ ਨੂੰ ਵਾਪਸ ਬੁਲਾਉਣ ਦਾ ਐਲਾਨ ਕੀਤਾ ਸੀ । ਭਾਰਤੀ ਵਿਦੇਸ਼ ਮੰਤਰਾਲੇ ਨੇ ਭਾਰਤ ਵਿਚ ਕੈਨੇਡੀਅਨ ਰਾਜਦੂਤ ਨੂੰ ਤਲਬ ਕਰਨ ਤੋਂ ਤੁਰੰਤ ਬਾਅਦ ਇਸ ਫੈਸਲੇ ਦਾ ਐਲਾਨ ਕੀਤਾ ਹੈ ।ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਵਿਚ ਕੈਨੇਡੀਅਨ ਰਾਜਦੂਤ ਨੂੰ ਸਕੱਤਰ (ਪੂਰਬੀ) ਜੈਦੀਪ ਮਜ਼ੂਮਦਾਰ ਦੁਆਰਾ ਤਲਬ ਕੀਤਾ ਗਿਆ ਸੀ । ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਕੈਨੇਡਾ ਵਿਚ ਭਾਰਤੀ ਹਾਈ ਕਮਿਸ਼ਨਰ ਤੇ ਹੋਰ ਕੂਟਨੀਤਕਾਂ ਤੇ ਅਧਿਕਾਰੀਆਂ ਨੂੰ ਬੇਬੁਨਿਆਦ ਨਿਸ਼ਾਨਾ ਬਣਾਉਣਾ ਪੂਰੀ ਤਰ੍ਹਾਂ ਅਸਵੀਕਾਰਨਯੋਗ ਹੈ । ਭਾਰਤੀ ਮੰਤਰਾਲੇ ਨੇ ਕਿਹਾ ਕਿ ਕੱਟੜਵਾਦ ਤੇ ਹਿੰਸਾ ਦੇ ਮਾਹੌਲ ਵਿਚ ਟਰੂਡੋ ਸਰਕਾਰ ਦੀਆਂ ਕਾਰਵਾਈਆਂ ਨੇ ਉਨ੍ਹਾਂ ਦੀ ਸੁਰੱਖਿਆ ਨੂੰ ਖਤਰੇ ਵਿਚ ਪਾਇਆ ਹੈ । ਸਾਨੂੰ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਮੌਜੂਦਾ ਕੈਨੇਡੀਅਨ ਸਰਕਾਰ ਦੀ ਵਚਨਬੱਧਤਾ ‘ਤੇ ਕੋਈ ਭਰੋਸਾ ਨਹੀਂ । ਇਸ ਲਈ ਭਾਰਤ ਸਰਕਾਰ ਨੇ ਹਾਈ ਕਮਿਸ਼ਨਰ ਤੇ ਹੋਰ ਕੂਟਨੀਤਕਾਂ ਤੇ ਅਧਿਕਾਰੀਆਂ ਨੂੰ ਵਾਪਸ ਬੁਲਾਉਣ ਦਾ ਫੈਸਲਾ ਕੀਤਾ ਹੈ।ਭਾਰਤ ਨੇ ਇਸ ਤਣਾਅ ਦੇ ਚੱਲਦਿਆਂ ਕੈਨੇਡਾ ਦੇ 6 ਕੂਟਨੀਤਕਾਂ ਨੂੰ ਕੱਢ ਦਿੱਤਾ ਹੈ ।ਇਨ੍ਹਾਂ ਕੂਟਨੀਤਕਾਂ ਵਿਚ ਕਾਰਜਕਾਰੀ ਹਾਈ ਕਮਿਸ਼ਨਰ ਸਟੀਵਰਟ ਰੋਸ ਵੀਲ੍ਹਰ, ਡਿਪਟੀ ਹਾਈ ਕਮਿਸ਼ਨਰ ਪੈਟਰਿਕ ਹਬਰਟ, ਮੈਰੀ ਕੈਥਰੀਨ, ਇਆਨ ਰੋਸ ਡੇਵਿਡ ਟ੍ਰਾਇਟਸ, ਐਡਮ ਜੇਮਸ ਚੁਇਪਕਾ ਤੇ ਪਾਓਲਾ ਓਰਜੁਏਲਾ ਸ਼ਾਮਿਲ ਹਨ। ਭਾਰਤ ਦਾ ਤਰਕ ਹੈ ਕਿ ਟਰੂਡੋ ਸਰਕਾਰ ਵਲੋਂ ਆਪਣੇ ਰਾਜਨੀਤਕ ਫਾਇਦੇ (ਕੈਨੇਡਾ ਵਿਚ ਸਿੱਖ ਵੋਟ) ਲਈ ਬਿਨਾਂ ਤੱਥਾਂ ਤੋਂ (ਵਧਾ-ਚੜ੍ਹਾ ਕੇ) ਦੋਸ਼ ਲਗਾਏ ਜਾ ਰਹੇ ਹਨ ।
ਇਸ ਸਬੰਧੀ ਇੱਕ ਰਿਪੋਰਟ ਵਾਸ਼ਿੰਗਟਨ ਪੋਸਟ ਵਿੱਚ ਛਪੀ ਸੀ, ਜਿਸ ਵਿੱਚ ਅਧਿਕਾਰੀਆਂ ਨੇ ਭਾਰਤ ਸਰਕਾਰ ਦੀ ਸ਼ਮੂਲੀਅਤ ਦਾ ਦੋਸ਼ ਲਾਇਆ ਹੈ। ਰਿਪੋਰਟ ਵਿਚ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਨਾਂ ਵੀ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਜਦੋਂ ਇਹ ਰਿਪੋਰਟ ਲਿਖੀ ਗਈ ਸੀ ਤਾਂ ਗ੍ਰਹਿ ਮੰਤਰੀ ਦਾ ਨਾਂ ਨਹੀਂ ਸੀ। ਇਸ ਨੂੰ ਬਾਅਦ ਵਿੱਚ ਅੱਪਡੇਟ ਕੀਤਾ ਗਿਆ ਹੈ। ਪਰ ਭਾਰਤ ਸਰਕਾਰ ਕੈਨੇਡਾ ਵਲੋਂ ਲਗਾਏ ਜਾ ਰਹੇ ਹਰ ਦੋਸ਼ ਨੂੰ ਰਦ ਕਰ ਰਹੀ ਹੈ।
ਵਾਸ਼ਿੰਗਟਨ ਪੋਸਟ ਨੇ ਆਪਣੀ ਰਿਪੋਰਟ ਵਿੱਚ ਕਿਹਾ ਕਿ ਕੈਨੇਡੀਅਨ ਅਧਿਕਾਰੀਆਂ ਮੁਤਾਬਕ ਭਾਈ ਨਿੱਝਰ ਦਾ ਕਤਲ ਕੋਈ ਅਲੱਗ-ਥਲੱਗ ਘਟਨਾ ਨਹੀਂ ਸੀ। ਸਗੋਂ, ਇਹ ਸੀਨੀਅਰ ਭਾਰਤੀ ਅਧਿਕਾਰੀਆਂ ਅਤੇ ਦੇਸ਼ ਦੀ ਖੁਫੀਆ ਏਜੰਸੀ ਰਿਸਰਚ ਐਂਡ ਐਨਾਲਿਸਿਸ ਵਿੰਗ (ਰਾਅ) ਦੇ ਵੱਡੇ ਯਤਨਾਂ ਦਾ ਹਿੱਸਾ ਸੀ। ਇੱਕ ਸੀਨੀਅਰ ਕੈਨੇਡੀਅਨ ਅਧਿਕਾਰੀ ਨੇ ਕਿਹਾ ਸੀ ਕਿ ਸਾਨੂੰ ਪਤਾ ਹੈ ਕਿ ਉਹ ਨਿੱਝਰ ਹੱਤਿਆਕਾਂਡ, ਹੋਰ ਹੱਤਿਆਵਾਂ ਅਤੇ ਕੈਨੇਡਾ ਵਿੱਚ ਹੋ ਰਹੀ ਅਸਲ ਹਿੰਸਾ ਵਿੱਚ ਇਹ ਲੋਕ ਸ਼ਾਮਲ ਹਨ।’ ਕੈਨੇਡਾ ਮੁਤਾਬਕ ਭਾਰਤੀ ਡਿਪਲੋਮੈਟ ਕਥਿਤ ਤੌਰ ‘ਤੇ ਖਾਲਿਸਤਾਨੀ ਖਾੜਕੂਆਂ ਬਾਰੇ ਖੁਫੀਆ ਜਾਣਕਾਰੀ ਹਾਸਲ ਕਰਦੇ ਸਨ, ਜਿਸ ਦੀ ਵਰਤੋਂ ਰਾਅ ਵਲੋਂ ਕੀਤੀ ਜਾਂਦੀ ਸੀ। ਕੈਨੇਡਾ ਨੇ ਭਾਰਤ ਸਰਕਾਰ ‘ਤੇ ਇਹ ਵੀ ਦੋਸ਼ ਲਗਾਇਆ ਹੈ ਕਿ ਕੈਨੇਡਾ ਵਿੱਚ ਮੌਜੂਦ ਭਾਰਤੀ ਏਜੰਟ ਸਿੱਖ ਕਾਰਕੁੰਨਾਂ ਨੂੰ ਨਿਸ਼ਾਨਾ ਬਣਾਉਣ ਲਈ ਲਾਰੈਂਸ ਬਿਸ਼ਨੋਈ ਗੈਂਗ ਨਾਲ ਕੰਮ ਕਰ ਰਹੇ ਹਨ ਤੇ ਕੈਨੇਡਾ ਵਿਚ ਅਪਰਾਧ ਕਰਕੇ ਤਣਾਅ ਵਧਾ ਰਹੇ ਹਨ।
ਕੈਨੇਡੀਅਨ ਅਧਿਕਾਰੀਆਂ ਦਾ ਦੋਸ਼ ਹੈ ਕਿ ਭਾਰਤ ਨੂੰ ਲਗਭਗ ਉੱਚ ਪੱਧਰ ਤੋਂ ਸੂਚਨਾ ਭੇਜੀ ਜਾ ਰਹੀ ਹੈ। ਉਸਨੇ ਦਾਅਵਾ ਕੀਤਾ ਕਿ ਭਾਰਤੀ ਡਿਪਲੋਮੈਟਾਂ ਵਿਚਕਾਰ ਗੱਲਬਾਤ ਅਤੇ ਸੰਦੇਸ਼ਾਂ ਵਿੱਚ ਇੱਕ ਸੀਨੀਅਰ ਭਾਰਤੀ ਅਧਿਕਾਰੀ ਅਤੇ ਰਾਅ ਦੇ ਇੱਕ ਅਧਿਕਾਰੀ ਦੇ ਹਵਾਲਾ ਸੀ ਜੋ ਇਨ੍ਹਾਂ ਅਪਰਾਧਾਂ ਦਾ ਦੋਸ਼ੀ ਹੈ। ਉਸ ਨੇ ਹੀ ਖਾਲਿਸਤਾਨੀਆਂ ‘ਤੇ ਹਮਲਾ ਕਰਨ ਦੀ ਮਨਜ਼ੂਰੀ ਦਿੱਤੀ ਸੀ। ਕੈਨੇਡੀਅਨ ਅਧਿਕਾਰੀਆਂ ਨੇ ਬੀਤੇ ਸ਼ਨਿਚਰਵਾਰ ਨੂੰ ਸਿੰਗਾਪੁਰ ਵਿੱਚ ਇੱਕ ਗੁਪਤ ਮੀਟਿੰਗ ਵਿੱਚ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੂੰ ਸ਼ਾਹ ਬਾਰੇ ਵੇਰਵੇ ਅਤੇ ਹੋਰ ਸਬੂਤ ਦਿੱਤੇ ਸਨ।
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤ ਸਰਕਾਰ ਨਾਲ ਕਥਿਤ ਤੌਰ ਉੱਤੇ ਜੁੜੀਆਂ ਹਿੰਸਕ ਅਪਰਾਧਿਕ ਗਤੀਵਿਧੀਆਂ ‘ਤੇ ਚੱਲ ਰਹੀ ਜਾਂਚ ਬਾਰੇ ਕਿਹਾ ਹੈ ਕਿ ਕੈਨੇਡਾ ਕਾਨੂੰਨ ਦੇ ਸ਼ਾਸ਼ਨ ਵਾਲਾ ਦੇਸ਼ ਹੈ ਅਤੇ ਸਾਡੇ ਨਾਗਰਿਕਾਂ ਦੀ ਸੁਰੱਖਿਆ ਸਭ ਤੋਂ ਅਹਿਮ ਹੈ।ਟਰੂਡੋ ਨੇ ਦਾਅਵਾ ਕੀਤਾ ਕਿ ਜਦੋਂ ਖੁਫ਼ੀਆ ਏਜੰਸੀਆਂ ਨੇ ਕੈਨੇਡਾ ਦੀ ਧਰਤੀ ‘ਤੇ ਹਰਦੀਪ ਸਿੰਘ ਨਿੱਝਰ ਦੇ ਕਤਲ ਵਿਚ ਭਾਰਤ ਦੀ ਸੰਭਾਵੀ ਸ਼ਮੂਲੀਅਤ ਬਾਰੇ ਸ਼ੱਕ ਜ਼ਾਹਰ ਕੀਤਾ ਸੀ ਤਾਂ ਇਸ ਮੁੱਦੇ ‘ਤੇ ਭਾਰਤ ਸਰਕਾਰ ਨਾਲ ਸਹਿਯੋਗ ਦੀ ਅਪੀਲ ਕੀਤੀ ਗਈ ਸੀ।ਪਰ ਭਾਰਤ ਸਰਕਾਰ ਨੇ ਸਹਿਯੋਗ ਨਹੀਂ ਦਿਤਾ।ਜਸਟਿਨ ਟਰੂਡੋ ਨੇ ਕਿਹਾ, ”ਰਾਇਲ ਕੈਨੇਡੀਅਨ ਮਾਉਂਟਿਡ ਪੁਲਿਸ (ਆਰਸੀਐੱਮਪੀ) ਵੱਲੋਂ ਪੇਸ਼ ਕੀਤੇ ਗਏ ਸਬੂਤਾਂ ‘ਤੇ ਅਸੀਂ ਕੈਨੇਡੀਅਨਾਂ ਦੀ ਸੁਰੱਖਿਆ ਲਈ ਅੱਗਲੇ ਕਦਮ ਚੁੱਕ ਰਹੇ ਹਾਂ। ਆਰਸੀਐੱਮਪੀ ਕੋਲ ਸਪੱਸ਼ਟ ਅਤੇ ਠੋਸ ਸਬੂਤ ਹਨ ਕਿ ਭਾਰਤ ਸਰਕਾਰ ਦੇ ਏਜੰਟ ਜਨਤਕ ਸੁਰੱਖਿਆ ਲਈ ਅਹਿਮ ਖ਼ਤਰਾ ਪੈਦਾ ਕਰਨ ਵਾਲੀਆਂ ਗਤੀਵਿਧੀਆਂ ਵਿੱਚ ਸ਼ਾਮਲ ਰਹੇ ਹਨ ਅਤੇ ਉਹ ਲਗਾਤਾਰ ਇਸ ਦਾ ਹਿੱਸਾ ਬਣੇ ਹੋਏ ਹਨ। ਇਸ ਵਿੱਚ ਗੁਪਤ ਸੂਚਨਾ ਇਕੱਤਰ ਕਰਨ ਦੀਆਂ ਤਕਨੀਕਾਂ, ਦੱਖਣੀ ਏਸ਼ੀਆਈ ਕੈਨੇਡੀਅਨਾਂ ਨੂੰ ਨਿਸ਼ਾਨਾ ਬਣਾਉਣ ਵਾਲਾ ਧੱਕੜ ਰਵੱਈਆ ਅਤੇ ਕਤਲ ਸਣੇ ਇੱਕ ਦਰਜਨ ਤੋਂ ਵੱਧ ਧਮਕਾਉਣ ਅਤੇ ਹਿੰਸਕ ਗਤੀਵਿਧੀਆਂ ਦਾ ਹਿੱਸਾ ਹੋਣਾ ਸ਼ਾਮਲ ਹੈ। ਇਹ ਕਰਾਈਮ ਅਸਵੀਕਾਰਨਯੋਗ ਹੈ।ਟਰੂਡੋ ਨੇ ਕਿਹਾ ਕਿ ਆਰਸੀਐੱਮਪੀ ਦੇ ਦਾਅਵਿਆਂ ਨੂੰ ਝੂਠਲਾਇਆ ਨਹੀਂ ਜਾ ਸਕਦਾ।
ਯਾਦ ਰਹੇ ਕਿ ਟਰੂਡੋ ਵਲੋਂ ਦੋਸ਼ ਲਗਾਏ ਜਾਣ ‘ਤੇ ਇਕ ਭਾਰਤੀ ਦੂਤ ਨੂੰ ਕੈਨੇਡਾ ਵਿਚੋਂ ਕੱਢੇ ਜਾਣ ਤੋਂ ਬਾਅਦ 2023 ਦੇ ਅਕਤੂਬਰ ਮਹੀਨੇ ਵਿਚ ਦਿੱਲੀ ਤੋਂ ਕੈਨੇਡਾ ਦੇ 40 ਦੂਤਾਵਾਸ ਅਧਿਕਾਰੀਆਂ ਨੂੰ ਭਾਰਤ ਛੱਡ ਕੇ ਜਾਣਾ ਪਿਆ ਸੀ ।ਇਸਦੇ ਨਾਲ਼ ਹੀ ਸਟਾਫ ਦੀ ਘਾਟ ਕਾਰਨ ਚੰਡੀਗੜ੍ਹ, ਮੁੰਬਈ ਤੇ ਬੈਂਗਲੁਰੂ ਵਿਖੇ ਕੈਨੇਡੀਅਨ ਕੌਂਸਲਖਾਨਿਆਂ ਦਾ ਕੰਮ ਠੱਪ ਹੋ ਗਿਆ ਸੀ ।

Related Articles

Latest Articles