ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੰਜ਼ਰਵੇਟਿਵ ਪਾਰਟੀ ਦੇ ਮੈਂਬਰਾਂ ‘ਤੇ ਲਗਾਏ ਵਿਦੇਸ਼ੀ ਦਖਲਅੰਦਾਜ਼ੀ ‘ਚ ਸ਼ਾਮਲ ਹੋਣ ਦੇ ਦੋਸ਼
ਸਰੀ, (ਸਿਮਰਨਜੀਤ ਸਿੰਘ): ਬੁੱਧਵਾਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਕੈਨੇਡੀਅਨ ਖੁਫੀਆ ਏਜੰਸੀਆਂ ਕੋਲ ਇਹ ਜਾਣਕਾਰੀ ਹੈ ਕਿ ਕਈ ਕੰਜ਼ਰਵੇਟਿਵ ਸਿਆਸਤਦਾਨ ਵਿਦੇਸ਼ੀ ਦਖਲਅੰਦਾਜ਼ੀ ਦੀਆਂ ਗਤੀਵਿਧੀਆਂ ‘ਚ ਸ਼ਾਮਲ ਹਨ ਜਾਂ ਇਸ ਖ਼ਤਰੇ ਦਾ ਸਾਹਮਣਾ ਕਰ ਰਹੇ ਹਨ। ਇਸ ਦੇ ਨਾਲ ਹੀ ਟਰੂਡੋ ਨੇ ਨੈਸ਼ਨਲ ਸਕਿਊਰਟੀ ਦੇ ਜਾਂਚ ਦਲ ਨੂੰ ਦੱਸਿਆ ਕਿ ਇਸ ਸੂਚੀ ਵਿੱਚ ਕੰਜ਼ਰਵੇਟਿਵ ਪਾਰਟੀ ਅਤੇ ਹੋਰ ਪਾਰਟੀਆਂ ਦੇ ਮੌਜੂਦਾ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਮੈਂਬਰਾਂ ਦੇ ਨਾਮ ਵੀ ਸ਼ਾਮਲ ਹਨ ਪਰ ਉਨ੍ਹਾਂ ਨੇ ਇਸ ਬਾਰੇ ਕੋਈ ਹੋਰ ਜਾਣਕਾਰੀ ਸਾਂਝੀ ਨਹੀਂ ਕੀਤੀ।
ਜਸਟਿਨ ਟਰੂਡੋ ਦਾ ਇਹ ਬਿਆਨ ਇਹ ਖੁਲਾਸਾ ਵਿਦੇਸ਼ੀ ਦਖਲਅੰਦਾਜ਼ੀ ਕਮਿਸ਼ਨ ਵਿਚ ਟਰੂਡੋ ਦੀ ਗਵਾਹੀ ਤੋਂ ਬਾਅਦ ਸਾਹਮਣੇ ਆਇਆ ਹੈ। ਟਰੂਡੋ ਨੇ ਕੰਜ਼ਰਵੇਟਿਵ ਆਗੂ ਪੀਅਰ ਪੋਲੀਐਵ ਦੀ ਇਸ ਗੱਲ ‘ਤੇ ਆਲੋਚਨਾ ਕੀਤੀ ਕਿ ਉਹ ਮੁੱਖ ਖੁਫੀਆ ਜਾਣਕਾਰੀ ਨਹੀਂ ਲੈ ਰਹੇ, ਜਿਸ ਨਾਲ ਉਨ੍ਹਾਂ ਦੀ ਆਪਣੀ ਪਾਰਟੀ ‘ਤੇ ਖਤਰਾ ਹੈ। ਟਰੂਡੋ ਨੇ ਕਿਹਾ, “ਮੈਂ ਪ੍ਰਧਾਨ ਮੰਤਰੀ ਹੋਣ ਦੇ ਨਾਤੇ ਕਈ ਪਾਰਲੀਮੈਂਟ ਮੈਂਬਰਾਂ ਦੇ ਨਾਮਾਂ ਨੂੰ ਜਾਣਦਾ ਹਾਂ ਜੋ ਕਿ ਵਿਦੇਸ਼ੀ ਦਖਲਅੰਦਾਜ਼ੀ ਨਾਲ ਜੁੜੇ ਹੋ ਸਕਦੇ ਹਨ। ਮੈਂ ਸੀਸਿਸ (ਛਸ਼ੀਸ਼) ਨੂੰ ਕਿਹਾ ਕਿ ਉਹ ਕੰਜ਼ਰਵੇਟਿਵ ਪਾਰਟੀ ਦੇ ਆਗੂ ਨੂੰ ਇਸ ਬਾਰੇ ਜਾਣਕਾਰੀ ਦੇਣ। ਪਰ ਪੀਅਰ ਪੌਲੀਐਵ ਇਸ ਬ੍ਰੀਫਿੰਗ ਤੋਂ ਇਨਕਾਰ ਕਰ ਰਹੇ ਹਨ।” ਪੀਅਰ ਪੌਲੀਐਵ ਨੇ ਟਰੂਡੋ ਦੇ ਇਲਜ਼ਾਮਾਂ ਨੂੰ ਝੂਠਾ ਕਿਹਾ ਅਤੇ ਮੰਗ ਕੀਤੀ ਕਿ ਜਿਨ੍ਹਾਂ ਸਿਆਸਤਦਾਨਾਂ ਨੇ ਵਿਦੇਸ਼ੀ ਸਰਕਾਰਾਂ ਨਾਲ ਸਾਥ ਦਿੱਤਾ ਹੈ, ਉਨ੍ਹਾਂ ਦੇ ਨਾਮ ਜਨਤਾ ਸਾਹਮਣੇ ਰੱਖੇ ਜਾਣ। ਉਸ ਨੇ ਕਿਹਾ ਕਿ ਉਸਦੇ ਚੀਫ਼ ਆਫ਼ ਸਟਾਫ਼ ਨੇ ਕਲਾਸੀਫ਼ਾਈਡ ਬ੍ਰੀਫਿੰਗਜ਼ ਲਈਆਂ ਹਨ, ਪਰ ਕਿਸੇ ਵੀ ਸਮੇਂ ਤੇ ਉਸਨੂੰ ਜਾਂ ਉਸਦੀ ਟੀਮ ਨੂੰ ਕਿਸੇ ਕੰਨਜ਼ਰਵੇਟਿਵ ਪਾਰਲੀਮੈਂਟ ਮੈਂਬਰ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ।
ਟਰੂਡੋ ਦੇ ਇਲਜ਼ਾਮਾਂ ਨੇ ਕੰਨਜ਼ਰਵੇਟਿਵ ਪਾਰਟੀ ‘ਚ ਨਵੀਂ ਚਰਚਾ ਛੇੜ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਪਾਰਟੀ ਆਗੂ ਪੌਲੀਐਵ ਨੇ ਬ੍ਰੀਫਿੰਗ ਲੈਣ ਤੋਂ ਇਨਕਾਰ ਕਰਕੇ, ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ ਅਤੇ ਆਪਣੀ ਪਾਰਟੀ ਨੂੰ ਵਿਦੇਸ਼ੀ ਤਾਕਤਾਂ ਤੋਂ ਬਚਾਉਣ ਲਈ ਜਰੂਰੀ ਕਦਮ ਨਹੀਂ ਚੁੱਕੇ। ਕਮਿਸ਼ਨ ਦੀਆਂ ਕਾਰਵਾਈਆਂ ਦੌਰਾਨ, ਟਰੂਡੋ ਨੇ ਕਿਹਾ ਕਿ ਉਹਨਾਂ ਨੂੰ ਕਿਸੇ ਵਿਰੋਧੀ ਪਾਰਟੀ ਨਾਲ ਜੁੜੀ ਵਿਦੇਸ਼ੀ ਦਖਲਅੰਦਾਜ਼ੀ ਦੀ ਗੰਭੀਰ ਜਾਣਕਾਰੀ ਮਿਲੀ ਸੀ। ਉਹ ਨੇ ਕਿਹਾ ਕਿ ਇਸ ਤਰ੍ਹਾਂ ਦੀ ਜਾਣਕਾਰੀ ਨੂੰ ਸਿਆਸੀ ਤੌਰ ‘ਤੇ ਵਰਤਨਾ ਗਲਤ ਹੈ, ਅਤੇ ਉਹ ਕਮਿਸ਼ਨ ਤੋਂ ਮਦਦ ਲੈਣ ਲਈ ਤਿਆਰ ਸਨ ਕਿ ਇਸਨੂੰ ਕਿਵੇਂ ਸੰਭਾਲਿਆ ਜਾਵੇ।
ਇਸ ਤੋਂ ਇਲਾਵਾ, ਕਮਿਸ਼ਨ ਨੇ ਇਹ ਵੀ ਸੁਣਿਆ ਕਿ ਕਈ ਪਾਰਲੀਮੈਂਟ ਮੈਂਬਰ ਵਿਦੇਸ਼ੀ ਦਖਲਅੰਦਾਜ਼ੀ ਵਿੱਚ ਜਾਣਬੁੱਝ ਕੇ ਹੀ ਸ਼ਾਮਲ ਰਹੇ ਹਨ। ਹੁਣ ਤੱਕ, ਸਿਰਫ਼ ਇਨਡਿਪੈਂਡੈਂਟ ਐਮਪੀ ਹਾਨ ਡੋਂਗ, ਜਿਹੜਾ ਪਹਿਲਾਂ ਲਿਬਰਲ ਸੀ, ਦਾ ਨਾਮ ਕਮਿਸ਼ਨ ਵਿਚ ਸਾਹਮਣੇ ਆਇਆ ਹੈ।