ਮਰਦੇ ਦਮ ਤੱਕ

 

ਲੇਖਕ : ਨੇਤਰ ਸਿੰਘ ਮੁੱਤੋਂ
ਸੰਪਰਕ: 94636-56728
ਸਰਕਾਰੀ ਨੌਕਰੀ ਦੌਰਾਨ ਮੈਂ ਕਿਰਾਏ ‘ਤੇ ਕਮਰਾ ਲੈ ਕੇ ਰਹਿੰਦਾ ਸੀ। ਕਈ ਵਾਰ ਮਕਾਨ ਮਾਲਕ ਦਾ ਵਿਹਾਰ ਜਾਂ ਮੁਹੱਲੇ ਦਾ ਮਾਹੌਲ ਠੀਕ ਨਾ ਹੋਣ ਕਰਕੇ ਮੈਨੂੰ ਕਮਰਾ ਬਦਲਣਾ ਪੈਂਦਾ ਸੀ। ਫਿਰ ਮੈਨੂੰ ਬੱਸ ਸਟੈਂਡ ਬਠਿੰਡਾ ਦੇ ਪਿਛਲੇ ਪਾਸੇ ਗਲੀ ਵਿੱਚ ਕਮਰਾ ਮਿਲ ਗਿਆ ਸੀ। ਕਿਰਾਇਆ ਉਸ ਸਮੇਂ ਸੱਤਰ ਰੁਪਏ ਸੀ। ਦਸ ਰੁਪਏ ਵਿੱਚ ਨਾਲ ਲੱਗਦੀ ਰਸੋਈ ਸੀ। ਚੰਗੀ ਗੱਲ ਇਹ ਸੀ ਕਿ ਬੱਸ ਸਟੈਂਡ ਦੇ ਲਾਗੇ ਸੀ। ਮੇਰਾ ਦਫਤਰ ਵੀ ਬਹੁਤੀ ਦੂਰ ਨਹੀਂ ਸੀ।
ਮਾਲਕ ਮਕਾਨ ਦਾ ਨਾਂ ਦੇਸ ਰਾਜ ਸੀ। ਉਹ ਬਠਿੰਡਾ ਸ਼ਹਿਰ ਦੇ ਨੇੜੇ ਦੇ ਪਿੰਡਾਂ ਵਿੱਚੋਂ ਦੁੱਧ ਇਕੱਠਾ ਕਰਕੇ ਸ਼ਹਿਰ ਵਿੱਚ ਆ ਕੇ ਵੇਚਦਾ ਸੀ। ਮੈਂ ਆਪਣੇ ਸੁਭਾਅ ਮੁਤਾਬਿਕ ਉਨ੍ਹਾਂ ਨਾਲ ਛੇਤੀ ਰਚ ਮਿਚ ਗਿਆ ਸੀ। ਉਸ ਦੇ ਛੋਟੇ-ਛੋਟੇ ਬੱਚੇ ਵੀ ਮੇਰਾ ਬਹੁਤ ਕਰਦੇ ਸੀ। ਮੈਂ ਦੁੱਧ ਵੀ ਉਨ੍ਹਾਂ ਤੋਂ ਹੀ ਲੈਂਦਾ ਸੀ। ਤਨਖ਼ਾਹ ਮਿਲਣ ‘ਤੇ ਮੈਂ ਕਿਰਾਏ ਅਤੇ ਦੁੱਧ ਦੇ ਪੈਸੇ ਇਕੱਠੇ ਦੇ ਦਿੰਦਾ ਸੀ। ਉਹ ਵੀ ਖ਼ੁਸ਼ ਸੀ ਕਿ ਸਾਨੂੰ ਕਿਰਾਇਆ ਮੰਗਣਾ ਨਹੀਂ ਪੈਂਦਾ।
ਇੱਕ ਦਿਨ ਦੇਸ ਰਾਜ ਦੇ ਵੱਡੇ ਭਰਾ ਦੀ ਹਾਦਸੇ ਵਿੱਚ ਮੌਤ ਹੋ ਗਈ। ਉਹ ਪਿੰਡਾਂ ਵਿੱਚੋਂ ਦੁੱਧ ਇਕੱਠਾ ਕਰਕੇ ਲਿਆਉਂਦਾ ਸੀ। ਮੈਂ ਆਪਣਾ ਫਰਜ਼ ਸਮਝਦਿਆਂ ਸਸਕਾਰ ਤੋਂ ਲੈ ਕੇ ਪੱਗੜੀ ਦੀ ਰਸਮ ਤੱਕ ਸ਼ਾਮਲ ਹੋਇਆ ਸੀ। ਉਹ ਚਾਰ ਭਰਾ ਸਨ। ਉਨ੍ਹਾਂ ਦੇ ਦੁੱਖ ਵਿੱਚ ਸ਼ਾਮਲ ਹੋਣ ਕਰਕੇ ਉਸ ਦੇ ਭਰਾ ਵੀ ਮੇਰਾ ਬਹੁਤ ਕਰਨ ਲੱਗ ਪਏ ਸਨ। ਜਦ ਵੀ ਉਨ੍ਹਾਂ ਦੇ ਕੋਈ ਪ੍ਰੋਗਰਾਮ ਹੁੰਦਾ, ਉਹ ਮੈਨੂੰ ਵੀ ਸ਼ਾਮਲ ਹੋਣ ਲਈ ਕਹਿੰਦੇ। ਮੈਂ ਉਨ੍ਹਾਂ ਵਿੱਚ ਇਕੱਲਾ ਸਰਦਾਰ ਹੁੰਦਾ ਸੀ। ਕਈ ਹਿੰਦੂ ਵੀਰ ਮੇਰੇ ਵੱਲ ਓਪਰੀ ਨਜ਼ਰ ਨਾਲ ਦੇਖਦੇ ਸਨ ਕਿਉਂਕਿ ਉਹ ਸਮਾਂ ਅਤਿਵਾਦ ਦਾ ਸੀ। ਜਨਵਰੀ 1984 ਵਿੱਚ ਦੇਸ ਰਾਜ ਦੇ ਭਣੋਈਏ ਦੀ ਮੌਤ ਹੋ ਗਈ। ਉਹ ਜੈਤੋ ਰਹਿੰਦਾ ਸੀ। ਅਸੀਂ ਫੋਰਵੀਲਰ ਵਿੱਚ ਜੈਤੋ ਸਸਕਾਰ ‘ਤੇ ਗਏ। ਪੂਰੀ ਠੰਢ ਤੇ ਧੁੰਦ ਪੈ ਰਹੀ ਸੀ। ਸਾਡਾ ਬੁਰਾ ਹਾਲ ਹੋ ਗਿਆ। ਉਸ ਦਿਨ ਤੋਂ ਬਾਅਦ ਉਹ ਮੈਨੂੰ ਆਪਣਾ ਛੋਟਾ ਭਰਾ ਹੀ ਸਮਝਣ ਲੱਗ ਪਏ। ਮੈਨੂੰ ਕਦੇ ਇਹ ਮਹਿਸੂਸ ਨਹੀਂ ਹੋਇਆ ਕਿ ਮੈਂ ਆਪਣੇ ਪਿੰਡ ਤੋਂ ਤਕਰੀਬਨ ਸੌ ਸਵਾ ਸੌ ਮੀਲ ਦੂਰ ਰਹਿੰਦਾ ਹਾਂ। ਕਈ ਵਾਰ ਮੈਂ ਆਪਣੀ ਪਤਨੀ ਨੂੰ ਵੀ ਲੈ ਜਾਂਦਾ ਸੀ। ਉਨ੍ਹਾਂ ਦੀਆਂ ਔਰਤਾਂ ਪਤਨੀ ਨਾਲ ਵੀ ਘੁਲ ਮਿਲ ਗਈਆਂ ਸਨ।
ਫਿਰ ਦੇਸ ਰਾਜ ਨੇ ਉਸੇ ਗਲੀ ਵਿੱਚ ਆਪਣੇ ਗੁਆਂਢੀ ਬਚਨ ਸਿੰਘ ਤੋਂ ਦੁਕਾਨ ਕਿਰਾਏ ‘ਤੇ ਲੈ ਕੇ ਡੇਅਰੀ ਦਾ ਕਾਰੋਬਾਰ ਕਰ ਲਿਆ ਸੀ। ਪਿੰਡਾਂ ਵਿੱਚੋਂ ਦੋਧੀ ਉਸ ਨੂੰ ਦੁੱਧ ਪਾ ਜਾਂਦੇ। ਉਸ ਨੇ ਆਪ ਪਿੰਡਾਂ ਵਿੱਚੋਂ ਦੁੱਧ ਲਿਆਉਣਾ ਬੰਦ ਕਰ ਦਿੱਤਾ ਸੀ। ਗਲੀ ਮੁਹੱਲੇ ਵਾਲਿਆਂ ਨੂੰ ਦੁੱਧ ਲੈਣਾ ਸੌਖਾ ਹੋ ਗਿਆ ਸੀ। ਕਈ ਵਾਰੀ ਵਿਹਲੇ ਸਮੇਂ ਮੈਂ ਵੀ ਡੇਅਰੀ ‘ਤੇ ਚਲਾ ਜਾਂਦਾ ਸੀ। ਬਚਨ ਸਿੰਘ ਮੇਰੀ ਵੀ ਬਹੁਤ ਇੱਜ਼ਤ ਕਰਦਾ ਸੀ। ਉਹ ਮੇਰੇ ਤੋਂ ਦੁੱਗਣੀ ਉਮਰ ਦਾ ਸੀ। ਉਹ ਕਹਿੰਦਾ, ”ਮੇਰਾ ਹੋਰ ਤਾਂ ਕੋਈ ਕੰਮਕਾਰ ਹੈ ਨਹੀਂ। ਦੋਹਾਂ ਦੁਕਾਨਾਂ ਦੇ ਕਿਰਾਏ ਤੋਂ ਘਰ ਦਾ ਗੁਜ਼ਾਰਾ ਚੱਲੀ ਜਾਂਦਾ ਹੈ।”
ਕਈ ਮਹੀਨੇ ਤਾਂ ਦੇਸ ਰਾਜ ਦਾ ਬਚਨ ਸਿੰਘ ਨਾਲ ਚੰਗਾ ਵਿਹਾਰ ਰਿਹਾ। ਕਿਰਾਇਆ ਸਮੇਂ ਸਿਰ ਦਿੰਦਾ ਰਿਹਾ। ਉਹ ਵੀ ਦੁੱਧ ਦੇਸ ਰਾਜ ਤੋਂ ਲੈਂਦਾ ਸੀ। ਫਿਰ ਉਨ੍ਹਾਂ ਦਾ ਝਗੜਾ ਹੋਣਾ ਸ਼ੁਰੂ ਹੋ ਗਿਆ। ਇੱਥੋਂ ਤੱਕ ਕਿ ਬਚਨ ਸਿੰਘ ਨੇ ਦੁਕਾਨ ਖਾਲੀ ਕਰਨ ਨੂੰ ਕਹਿ ਦਿੱਤਾ। ਦੇਸ ਰਾਜ ਧੱਕੇ ਨਾਲ ਹੀ ਡੇਅਰੀ ਚਲਾਉਂਦਾ ਰਿਹਾ। ਇੱਕ ਦਿਨ ਬਚਨ ਸਿੰਘ ਨੇ ਡੇਅਰੀ ਵਾਲੇ ਭਾਂਡੇ ਗਲੀ ਵਿੱਚ ਸੁੱਟ ਦਿੱਤੇ, ਕਹਿੰਦਾ, ”ਤੂੰ ਦੁਕਾਨ ਖਾਲੀ ਕਿਉਂ ਨਹੀਂ ਕਰਦਾ?” ਦੋਵੇਂ ਹੱਥੋ-ਪਾਈ ਹੋ ਗਏ। ਬਚਨ ਸਿੰਘ ਨੇ ਦੇਸ ਰਾਜ ਦੇ ਸਿਰ ‘ਚ ਲੋਹੇ ਦਾ ਮੋਟਾ ਸਰੀਆ ਮਾਰ ਕੇ ਲਹੂ ਲੁਹਾਣ ਕਰ ਦਿੱਤਾ। ਸਾਰੇ ਇਕੱਠੇ ਹੋ ਗਏ। ਮੈਂ ਵੀ ਦਫਤਰੋਂ ਆ ਗਿਆ ਸੀ। ਮੈਂ ਦੇਸ ਰਾਜ ਨੂੰ ਪੁੱਛਿਆ, ਕੀ ਗੱਲ ਹੋ ਗਈ, ਤੁਸੀਂ ਲੜ ਕਿਉਂ ਪਏ। ਦੇਸ ਰਾਜ ਨੇ ਲੜਾਈ ਦੇ ਅਸਲ ਕਾਰਨਾਂ ਬਾਰੇ ਕੁਝ ਨਹੀਂ ਦੱਸਿਆ। ਮੈਂ ਬਚਨ ਸਿੰਘ ਨੂੰ ਪੁੱਛਿਆ ਤਾਂ ਉਹ ਕਹਿੰਦਾ ਕਈ ਮਹੀਨਿਆਂ ਤੋਂ ਦੇਸ ਰਾਜ ਨੇ ਕਿਰਾਇਆ ਨਹੀਂ ਦਿੱਤਾ। ਧੱਕੇ ਨਾਲ ਦੁਕਾਨ ਦੱਬੀ ਬੈਠਾ ਹੈ, ਮੇਰਾ ਤਾਂ ਘਰ ਦਾ ਸੌਦਾ ਪੱਤਾ ਕਿਰਾਏ ਦੇ ਪੈਸਿਆਂ ਨਾਲ ਆਉਂਦਾ ਹੈ। ਦੁਕਾਨ ਵਾਲੇ ਨੇ ਮੈਨੂੰ ਉਧਾਰ ਦੇਣਾ ਬੰਦ ਕਰ ਦਿੱਤਾ। ਇਹ ਨਾ ਕਿਰਾਇਆ ਦਿੰਦਾ ਤੇ ਨਾ ਦੁਕਾਨ ਛੱਡਦਾ ਹੈ। ਦੇਸ ਰਾਜ ਦੇ ਭਰਾ ਆ ਗਏ, ਸਿਰ ਦੀ ਸੱਟ ਦੇਖ ਕੇ ਉਨ੍ਹਾਂ ਪੁਲੀਸ ਬੁਲਾ ਲਈ। ਬਚਨ ਸਿੰਘ ਨੂੰ ਪੁਲੀਸ ਫੜ ਕੇ ਲੈ ਗਈ।
ਮੇਰੇ ਗੁਆਂਢ ਵਿੱਚ ਇੱਕ ਸਰਕਾਰੀ ਮੁਲਾਜ਼ਮ ਕਿਰਾਏ ‘ਤੇ ਰਹਿੰਦਾ ਸੀ। ਉਹ ਵੀ ਲੁਧਿਆਣੇ ਜ਼ਿਲ੍ਹੇ ਦਾ ਸੀ। ਸਾਡੀ ਆਪਸ ਵਿੱਚ ਬਣਦੀ ਸੀ। ਮੈਂ ਉਸ ਨੂੰ ਜਾ ਕੇ ਕਿਹਾ ਕਿ ਮੈਨੂੰ ਤੇਰੀ ਮੱਦਦ ਦੀ ਲੋੜ ਹੈ। ਆਪਾਂ ਥਾਣੇ ਜਾਣਾ ਹੈ, ਬਚਨ ਸਿੰਘ ਨੂੰ ਪੁਲੀਸ ਫੜ ਕੇ ਲੈ ਗਈ। ਉਹ ਕਹਿੰਦਾ ਕਿ ਆਪਾਂ ਕੀ ਕਰਾਂਗੇ? ਮੈਂ ਕਿਹਾ, ”ਬੱਸ ਤੂੰ ਮੇਰੇ ਨਾਲ ਚੱਲ, ਆਪਾਂ ਬਚਨ ਸਿੰਘ ਦੀ ਮੱਦਦ ਕਰਨੀ ਹੈ। ਬਚਨ ਸਿੰਘ ਨਾਲ ਧੱਕਾ ਹੋ ਰਿਹਾ ਹੈ। ਦੇਸ ਰਾਜ ਕਈ ਮਹੀਨਿਆਂ ਤੋਂ ਉਸ ਦੀ ਦੁਕਾਨ ਦਾ ਕਿਰਾਇਆ ਨਹੀਂ ਦਿੰਦਾ।” ਉਹ ਕਹਿੰਦਾ, ”ਦੇਸ ਰਾਜ ਨਾਲ ਤਾਂ ਤੇਰੀ ਇੰਨੀ ਬਣਦੀ ਹੈ, ਉਸ ਨੇ ਤੇਰੇ ਕੋਲੋਂ ਕਮਰਾ ਖਾਲੀ ਕਰਵਾ ਲੈਣਾ ਹੈ।” ਮੈਂ ਕਿਹਾ, ”ਕੋਈ ਗੱਲ ਨਹੀਂ, ਕਮਰਾ ਤਾਂ ਹੋਰ ਮਿਲ ਜਾਊ, ਪਰ ਮੇਰੇ ਕੋਲੋਂ ਬਚਨ ਸਿੰਘ ਨਾਲ ਧੱਕਾ ਹੁੰਦਾ ਨਹੀਂ ਦੇਖ ਹੁੰਦਾ। ਨਾਲੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਹੈ ਕਿ ਜੇ ਕਿਸੇ ਗ਼ਰੀਬ ਨਿਰਬਲ ਨਾਲ ਧੱਕਾ ਜਾਂ ਜ਼ੁਲਮ ਹੁੰਦਾ ਹੈ। ਬਿਨਾਂ ਕਿਸੇ ਡਰ ਭੈਅ ਤੋਂ ਉਸ ਦੀ ਮਦਦ ਲਈ ਡਟ ਜਾਵੋ। ਕਿਸੇ ਨਾਲ ਧੱਕਾ ਹੁੰਦਾ ਵੇਖ ਪਾਸਾ ਨਾ ਵੱਟੋ। ਇਹੋ ਜ਼ਿੰਦਗੀ ਦਾ ਮਕਸਦ ਹੈ।” ਉਹ ਕਹਿੰਦਾ, ”ਚੱਲ ਫੇਰ, ਚੁੱਕ ਸਾਈਕਲ ਮੈਂ ਤੇਰੇ ਨਾਲ ਜਾਣ ਨੂੰ ਤਿਆਰ ਹਾਂ।”
ਜਦ ਅਸੀਂ ਥਾਣੇ ‘ਚ ਗਏ, ਮੂੰਹ ਹਨੇਰਾ ਜਿਹਾ ਹੋ ਗਿਆ ਸੀ। ਲਾਈਟ ਵੀ ਭੱਜੀ ਹੋਈ ਸੀ। ਉੱਤੋਂ ਭਾਦੋਂ ਦਾ ਵੱਟ ਕੜਿੱਲ ਕੱਢ ਰਿਹਾ ਸੀ। ਉੱਥੇ ਸਾਰੇ ਹਿੰਦੂ ਵੀਰ ਇਕੱਠੇ ਹੋ ਕੇ ਉੱਚੀ ਉੱਚੀ ਬੋਲ ਕੇ ਗੁੱਸਾ ਕੱਢ ਰਹੇ ਸਨ। ਰੌਲਾ ਬਹੁਤ ਪੈ ਰਿਹਾ ਸੀ। ਪੂਰੀ ਕਾਵਾਂ ਰੌਲੀ ਪਈ ਹੋਈ ਸੀ, ਕਹਿੰਦੇ ਇਸ ਨੀਚ ਜਾਤ ਵਾਲੇ ਦੀ ਹਿੰਮਤ ਕਿਵੇਂ ਪੈ ਗਈ, ਸਾਡੇ ਭਰਾ ਦੇ ਸਿਰ ਵਿੱਚ ਸੱਟ ਮਾਰਨ ਦੀ। ਅਸੀਂ ਇਸ ਨੂੰ ਸਜ਼ਾ ਕਰਾਵਾਂਗੇ। ਕਈ ਸਿਪਾਹੀਆਂ ਨੂੰ ਕਹਿ ਰਹੇ ਸੀ, ”ਕਰੋ ਇਹਨੂੰ ૴ ਨੂੰ ਅੰਦਰ, ਫੇਰ ਪਤਾ ਲੱਗੂ।” ਮੈਂ ਬਚਨ ਸਿੰਘ ਨੂੰ ਕਿਹਾ, ”ਤੂੰ ਘਬਰਾ ਨਾ, ਮੈਂ ਆ ਗਿਆ, ਤੈਨੂੰ ਅੰਦਰ ਨਹੀਂ ਹੋਣ ਦਿੰਦਾ।” ਉਹ ਮੇਰੇ ਵੱਲ ਆਸ ਜਿਹੀ ਨਾਲ ਦੇਖਦਾ ਕਹਿੰਦਾ, ”ਤੂੰ ਦੇਸ ਰਾਜ ਦੀ ਮੱਦਦ ‘ਚ ਨਹੀਂ ਆਇਆ?” ਮੈਂ ਕਿਹਾ, ”ਮੈਂ ਤੇਰੀ ਮੱਦਦ ਲਈ ਆਇਆ ਹਾਂ।” ਰੌਲਾ ਸੁਣ ਕੇ ਥਾਣੇਦਾਰ ਸਾਹਿਬ ਵੀ ਚੁਬਾਰੇ ਵਿੱਚੋਂ ਆ ਗਏ, ਸ਼ਾਇਦ ਉਸਦੀ ਰਿਹਾਇਸ਼ ਉਪਰ ਹੀ ਸੀ। ਗਾਲ੍ਹਾਂ ਕੱਢਦਾ ਥਾਣੇਦਾਰ ਬੋਲਿਆ, ”ਕੀ ਹੋ ਗਿਆ ਥੋਨੂੰ, ૴ ਇਹ ਧਰਮਸ਼ਾਲਾ ਸਮਝ ਰੱਖੀ ਐ? ਇਹ ਥਾਣਾ ਏ ਥਾਣਾ। ਦੱਸੋ ਕੀ ਹੋ ਗਿਆ।”
ਜਿੰਨੇ ਵੀ ਬੰਦੇ ਸੀ ਸਾਰੇ ਚੁੱਪ ਹੋ ਗਏ। ਥਾਣੇਦਾਰ ਕਹਿੰਦਾ, ”ਬਕੋ ਹੁਣ ਕੀ ਹੋ ਗਿਆ?” ਮੈਂ ਹੌਸਲਾ ਜਿਹਾ ਕਰਕੇ ਦੋਵੇਂ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਬੁਲਾਉਂਦੇ ਹੋਏ ਕਿਹਾ, ”ਜਨਾਬ ਜੀ, ਇਹ ਦੇਸ ਰਾਜ ਏ, ਮੈਂ ਇਸ ਦੇ ਘਰ ਕਿਰਾਏ ‘ਤੇ ਰਹਿੰਦਾ ਹਾਂ। ਦੇਸ ਰਾਜ ਨੇ ਆਪਣੇ ਗੁਆਂਢੀ ਬਚਨ ਸਿੰਘ ਤੋਂ ਦੁਕਾਨ ਕਿਰਾਏ ‘ਤੇ ਲੈ ਕੇ ਡੇਅਰੀ ਖੋਲ੍ਹੀ ਸੀ, ਦੁੱਧ ਦੇ ਕੰਮ ਵਿੱਚ ਮੰਦਾ ਆਉਣ ਕਰਕੇ ਦੇਸ ਰਾਜ ਤੋਂ ਕਿਰਾਇਆ ਨਹੀਂ ਦਿੱਤਾ ਗਿਆ। ਬਚਨ ਸਿੰਘ ਦੇ ਘਰ ਦਾ ਖਰਚਾ ਵੀ ਦੁਕਾਨ ਦੇ ਕਿਰਾਏ ਤੋਂ ਚੱਲਦਾ ਹੈ। ਇਹ ਦੋਵੇਂ ਗੁਆਂਢੀ ਨੇ। ਦੇਸ ਰਾਜ ਇਸ ਨੂੰ ਕਿਸ਼ਤਾਂ ਵਿੱਚ ਪੈਸੇ ਦੇ ਦੇਵੇਗਾ। ਬਚਨ ਸਿੰਘ ਇਸ ਕੋਲੋਂ ਦੁਕਾਨ ਨਹੀਂ ਛੁਡਾਏਗਾ। ਅਸੀਂ ਇਨ੍ਹਾਂ ਦੀ ਆਪਸੀ ਸਹਿਮਤੀ ਕਰਵਾ ਕੇ ਕੱਲ੍ਹ ਨੂੰ ਦਸਤਖਤ ਕਰਵਾ ਕੇ ਥਾਣੇ ਦੇ ਜਾਵਾਂਗੇ। ਕ੍ਰਿਪਾ ਕਰਕੇ ਗੱਲ ਨਾ ਵਧਾਉਂਦੇ ਹੋਏ ਇਨ੍ਹਾਂ ਨੂੰ ਜਾਣ ਦਿਉ। ਜੇਕਰ ਦੇਸ ਰਾਜ ਤੋਂ ਪੈਸੇ ਨਾ ਦੇ ਹੋਏ ਤਾਂ ਮੈਂ ਬਚਨ ਸਿੰਘ ਨੂੰ ਕੁਝ ਰੁਪਏ ਆਪਣੇ ਕੋਲੋਂ ਦੇ ਦੇਵਾਂਗਾ।”
ਥਾਣੇਦਾਰ ਹੱਸਦਾ ਕਹਿਣ ਲੱਗਾ, ”ਕਮਾਲ ਕਰਤੀ, ਮੁੰਡਿਆ ਤੇਰੀ ਅੱਛੀ ਹਮਦਰਦੀ ਆ। ਓਏ ਜਿਹੜੇ ਦੋਵੇਂ ਧਿਰਾਂ ਦੇ ਹਮਾਇਤੀ ਆਉਂਦੇ ਆ, ਉਹ ਉਨ੍ਹਾਂ ਦਾ ਫ਼ੈਸਲਾ ਕਰਾਉਣ ਤੋਂ ਬਾਅਦ ਅਗਲਿਆਂ ਦੀਆਂ ਜੇਬਾਂ ਖਾਲੀ ਕਰਾਉਂਦੇ ਨੇ ਜਾਂ ਦਾਰੂ ਮੀਟ ਖਾਂਦੇ ਹਨ। ਤੂੰ ਮੁਫ਼ਤ ਵਿੱਚ ਹੀ ਫੈਸਲਾ ਕਰਵਾ ਦਿੱਤਾ।” ਮੈਂ ਕਿਹਾ, ”ਜੀ, ਮੈਂ ਗੁਰੂ ਨਾਨਕ ਦੇਵ ਜੀ ਦੀ ਸੋਚ ਨਾਲ ਚੱਲਦਾ ਹਾਂ। ਇਹ ਦੋਵੇਂ ਮੇਰੇ ਗੁਆਂਢੀ ਹਨ, ਮੇਰੇ ਭਰਾਵਾਂ ਵਰਗੇ। ਮੈਂ ਇਨ੍ਹਾਂ ਨੂੰ ਕੋਰਟ ਕਚਹਿਰੀਆਂ ਦੇ ਕੇਸਾਂ ਵਿੱਚ ਨਹੀਂ ਪੈਣ ਦੇਣਾ।” ਥਾਣੇਦਾਰ ਕਹਿੰਦਾ, ”ਜਾਓ ਸਾਰੇ ਜਣੇ, ਤੇਰੀ ਜ਼ਿੰਮੇਵਾਰੀ ‘ਤੇ ਛੱਡ ਦਿੰਦਾ ਹਾਂ, ਸਵੇਰੇ ਰਾਜ਼ੀਨਾਮਾ ਲਿਖਾ ਕੇ ਦੇ ਜਾਵੀਂ।” ਅਸੀਂ ਸਾਰੇ ਵਾਪਸ ਘਰ ਆ ਗਏ। ਦੂਸਰੇ ਦਿਨ ਮੈਂ ਰਾਜ਼ੀਨਾਮਾ ਲਿਖਾ ਕੇ ਥਾਣੇ ਦੇ ਆਇਆ।
ਮੈਨੂੰ ਦੇਸ ਰਾਜ ਕਹਿੰਦਾ, ”ਤੂੰ ਕਿਰਾਏ ‘ਤੇ ਮੇਰੇ ਘਰ ਰਹਿੰਦਾ ਏ, ਮੱਦਦ ਉਸ ਦੀ ਕਰ ਗਿਆ।” ਮੈਂ ਕਿਹਾ, ”ਦੇਸ ਰਾਜ, ਤੁਸੀਂ ਆਪਸ ਵਿੱਚ ਗੁਆਂਢੀ ਹੋ, ਹਰ ਦੁਖਦੇ ਸੁਖਦੇ ਇਕੱਠੇ ਹੋਣਾ। ਜੇ ਮੈਂ ਤੈਨੂੰ ਇੱਕ ਸਾਲ ਕਮਰੇ ਦਾ ਕਿਰਾਇਆ ਨਾ ਦੇਵਾਂ, ਤੂੰ ਮੇਰੇ ਕੋਲੋਂ ਕਮਰਾ ਖਾਲੀ ਨਹੀਂ ਕਰਾਵੇਗਾ? ਜਿਹੜਾ ਕਿਰਾਇਆ ਤੂੰ ਮੇਰੇ ਕੋਲੋਂ ਲੈਂਦਾ ਏ, ਉਹ ਬਚਨ ਸਿੰਘ ਨੂੰ ਦੇ ਦਿਆ ਕਰ।” ਉਹ ਕਹਿੰਦਾ, ”ਚੱਲ ਜਿਵੇਂ ਤੂੰ ਕੀਤਾ ਠੀਕ ਕੀਤਾ।”
ਥੋੜ੍ਹਾ ਚਿਰ ਬਾਅਦ ਮੇਰੀ ਬਦਲੀ ਜਲੰਧਰ ਦੀ ਹੋ ਗਈ। ਜਾਣ ਸਮੇਂ ਮੈਨੂੰ ਬਚਨ ਸਿੰਘ ਮਿਲ ਗਿਆ। ਮੈਂ ਉਸਨੂੰ ਦੱਸਿਆ ਕਿ ਮੇਰੀ ਬਦਲੀ ਹੋ ਗਈ ਹੈ। ਉਹ ਕਹਿੰਦਾ, ”ਕਾਕਾ, ਜੇ ਮੈਂ ਉਸ ਦਿਨ ਅੰਦਰ ਹੋ ਜਾਂਦਾ ਤਾਂ ਮੈਂ ਬਾਹਰ ਆ ਕੇ ਦੇਸ ਰਾਜ ਦਾ ਕਤਲ ਕਰ ਦੇਣਾ ਸੀ। ਕੈਦ ਵਿੱਚ ਚਾਹੇ ਇੱਕ ਦਿਨ ਰਹਿ ਲਿਆ ਚਾਹੇ ਵੀਹ ਸਾਲ ਮੇਰੀ ਜ਼ਿੰਦਗੀ ਨੂੰ ਦਾਗ ਲੱਗ ਜਾਣਾ ਸੀ। ਮੇਰਾ ਘਰ ਵੀ ਉੱਜੜ ਜਾਣਾ ਸੀ। ਦੇਸ ਰਾਜ ਦੇ ਬੱਚੇ ਵੀ ਰੁਲ ਜਾਣੇ ਸੀ। ਗੁੱਸੇ ਵਿੱਚ ਆਇਆ ਬੰਦਾ ਕੋਈ ਕਾਰਾ ਕਰ ਦਿੰਦਾ। ਉਸ ਦਿਨ ਮੇਰੇ ਲਈ ਤੂੰ ਰੱਬ ਬਣਕੇ ਆਇਆ ਸੀ। ਮੇਰੀ ਲਾਜ ਰੱਖ ਲਈ, ਤੇਰਾ ਮੇਰੇ ‘ਤੇ ਕੀਤਾ ਇਹ ਅਹਿਸਾਨ ਮੈਂ ਮਰਦੇ ਦਮ ਤੱਕ ਯਾਦ ਰੱਖਾਂਗਾ।”

Exit mobile version