2.4 C
Vancouver
Saturday, January 18, 2025

ਸੁਲਤਾਨ-ਉਲ-ਕੌਮ ਸਰਦਾਰ ਜੱਸਾ ਸਿੰਘ ਆਹਲੂਵਾਲੀਆ

 

ਲੇਖਕ : ਪ੍ਰੋ: ਕਿਰਪਾਲ ਸਿੰਘ
ਮਹਾਨ ਜਰਨੈਲ ਜੱਸਾ ਸਿੰਘ ਆਹਲੂਵਾਲੀਆ ਪੰਥ ਦੀ ਇਕ ਮਾਨਯੋਗ ਹਸਤੀ ਸੀ। ਉਹ ਆਹਲੂਵਾਲੀਆ ਮਿਸਲ ਦਾ ਸਰਦਾਰ ਤੇ ਇਕ ਵੱਡਾ ਯੋਧਾ ਸੀ। ਮੁੱਢ ਵਿਚ ਆਹਲੂਵਾਲੀਆ ਮਿਸਲ ਦਾ ਬਾਨੀ ਸ੍ਰ. ਬਾਘ ਸਿੰਘ ਸੀ। ਉਹ ਆਹਲੂ ਪਿੰਡ ਦਾ ਸਰਦਾਰ ਸੀ ਇਸ ਕਰਕੇ ਇਸ ਮਿਸਲ ਦਾ ਨਾਂ ਆਹਲੂਵਾਲੀਆ ਪੈ ਗਿਆ ਸੀ। ਬਾਘ ਸਿੰਘ ਦੇ ਸੰਤਾਨ ਨਾ ਹੋਣ ਕਰਕੇ ਇਸ ਮਿਸਲ ਦਾ ਮੁਖੀ ਉਸਦਾ ਭਾਣਜਾ ਜੱਸਾ ਸਿੰਘ ਬਣਿਆ।ਜੱਸਾ ਸਿੰਘ ਦਾ ਜਨਮ ਮਾਤਾ ਜੀਵਨ ਕੌਰ ਪਿਤਾ ਸ੍ਰ. ਬਦਰ ਸਿੰਘ ਦੇ ਘਰ 3 ਮਈ, 1718 ਈ: ਨੂੰ ਹੋਇਆ। 1723 ਵਿਚ ਬਦਰ ਸਿੰਘ ਦਾ ਅਕਾਲ ਚਲਾਣਾ ਹੋ ਗਿਆ। ਜੱਸਾ ਸਿੰਘ ਦੀ ਮਾਤਾ ਪੁੱਤਰ ਸਮੇਤ ਮਾਤਾ ਸੁੰਦਰੀ ਜੀ ਦੀ ਸੇਵਾ ਵਿਚ ਦਿੱਲੀ ਚਲੀ ਗਈ। ਉਹ ਮਾਤਾ ਜੀ ਨੂੰ ਆਸਾ ਦੀ ਵਾਰ ਦਾ ਕੀਰਤਨ ਸਰਵਣ ਕਰਾਉਂਦੀ ਸੀ ਅਤੇ ਬਾਲਕ ਜੱਸਾ ਸਿੰਘ ਉਨ੍ਹਾਂ ਦੇ ਨਾਲ-ਨਾਲ ਸ਼ਬਦ ਉਚਾਰਨ ਲੱਗੇ। ਇਸ ਤਰ੍ਹਾਂ ਜੱਸਾ ਸਿੰਘ ਨੂੰ ਮਾਤਾ ਸੁੰਦਰੀ ਜੀ ਦੀ ਛਤਰ ਛਾਇਆ ਹੇਠ ਰਹਿਣ ਦਾ ਮੌਕਾ, ਉਨ੍ਹਾਂ ਦਾ ਲਾਡ ਪਿਆਰ ਤੇ ਆਸ਼ੀਰਵਾਦ ਪ੍ਰਾਪਤ ਹੋਇਆ। 1729 ਵਿਚ ਬਾਘ ਸਿੰਘ ਦਿੱਲੀ ਗਏ ਉਹ ਮਾਤਾ ਸੁੰਦਰੀ ਜੀ ਤੋਂ ਆਗਿਆ ਲੈ ਕੇ ਭੈਣ ਤੇ ਭਾਣਜੇ ਨੂੰ ਆਪਣੇ ਨਾਲ ਲੈ ਆਏ। ਦਿੱਲੀ ਤੋਂ ਆ ਕੇ ਬਾਲਕ ਜੱਸਾ ਸਿੰਘ ਨਵਾਬ ਕਪੂਰ ਸਿੰਘ ਦੇ ਜੱਥੇ ਨਾਲ ਰਹਿਣ ਲੱਗ ਗਿਆ। ਉਸਨੇ ਸ਼ਸਤਰ ਵਿੱਦਿਆ ਵਿਚ ਪ੍ਰਵੀਨਤਾ ਹਾਸਲ ਕੀਤੀ। ਨਵਾਬ ਕਪੂਰ ਸਿੰਘ ਨੇ ਉਨ੍ਹਾਂ ਨੂੰ ਆਪਣਾ ਸਹਾਇਕ ਥਾਪ ਦਿੱਤਾ। ਕਈ ਜੰਗਾਂ ਵਿਚ ਕਪੂਰ ਸਿੰਘ ਦੇ ਨਾਲ ਰਹਿਣ ਕਰਕੇ ਯੁੱਧ ਵਿਦਿਆ ਵਿਚ ਨਿਪੁੰਨ ਹੋ ਗਿਆ ਸੀ ਅਤੇ ਉਨ੍ਹਾਂ ਦਾ ਮੈਦਾਨੇ-ਏ-ਜੰਗ ਵਿਚ ਕਰਤੱਵ ਦਿਖਾਉਣ ਲਈ ਦਿਲ ਖੁੱਲ੍ਹ ਗਿਆ ਸੀ। 1732 ਵਿਚ ਬਾਘ ਸਿੰਘ ਦੇ ਸ਼ਹੀਦ ਹੋ ਜਾਣ ਤੇ ਜੱਸਾ ਸਿੰਘ ਮਿਸਲ ਦਾ ਸਰਦਾਰ ਬਣ ਗਿਆ।ਸਰਦਾਰ ਜੱਸਾ ਸਿੰਘ ਬੜਾ ਬਹਾਦਰ ਤੇ ਦਾਨੀ ਸੀ। ਨਵਾਬ ਕਪੂਰ ਸਿੰਘ ਤੋਂ ਬਾਅਦ ਉਨ੍ਹਾਂ ਦਾ ਸਥਾਨ ਦੂਜੇ ਨੰਬਰ ‘ਤੇ ਸਮਝਿਆ ਜਾਂਦਾ ਸੀ। ਨਵਾਬ ਕਪੂਰ ਸਿੰਘ ਦੇ ਹੱਥੋਂ ਉਨ੍ਹਾਂ ਨੇ ਅੰਮ੍ਰਿਤ ਛਕਿਆ ਸੀ।
1740 ਵਿਚ ਸ੍ਰ. ਜੱਸਾ ਸਿੰਘ ਨੇ ਨਾਦਰ ਸ਼ਾਹ ਤੋਂ ਲੁੱਟ ਦਾ ਮਾਲ ਖੋਹ ਲਿਆ ਤੇ ਸ਼ਾਹੀ ਖ਼ਜ਼ਾਨਾ ਲੁੱਟ ਲਿਆ। ਨਾਦਰ ਸ਼ਾਹ ਨੂੰ ਜਦੋਂ ਸਿੰਘਾਂ ਦੁਆਰਾ ਸ਼ਾਹੀ ਖ਼ਜ਼ਾਨਾ ਲੁੱਟਣ ਦੀ ਖ਼ਬਰ ਮਿਲੀ ਤਾਂ ਉਸਨੇ ਜ਼ਕਰੀਆ ਖ਼ਾਨ ਨੂੰ ਉਨ੍ਹਾਂ ਬਾਰੇ ਪੁੱਛਿਆ ਕਿ ਸ਼ੇਰ ਦੇ ਮੂੰਹ ‘ਚੋਂ ਖੋਹਣ ਵਾਲੇ ਇਹ ਕੌਣ ਲੋਕ ਹਨ? ਜ਼ਕਰੀਆ ਖ਼ਾਨ ਨੇ ਉੱਤਰ ਦਿੱਤਾ ”ਜਹਾਂ ਪਨਾਹ ਇਹ ਸਿੰਘ ਨਾਮ ਦਾ ਖ਼ਾਲਸਾ ਪੰਥ ਹੈ। ਇਨ੍ਹਾਂ ਦਾ ਪਿੰਡ ਦੇਸ਼, ਘਰ, ਘਾਟ, ਕਿਲ੍ਹਾ, ਕੋਟ ਕੋਈ ਨਹੀਂ। ਬਿਨਾਂ ਕੁਝ ਖਾਧੇ ਪੀਤੇ ਸੌ-ਸੌ ਕੋਹ ਤਕ ਰੋਜ਼ ਧਾਵੇ ਮਾਰਦੇ ਹਨ। ਘੋੜੇ ਦੀ ਪਿੱਠ ਹੀ ਪਲੰਘ ਹੈ, ਤੁਰਦੇ ਫਿਰਦੇ ਸੌਂ ਲੈਂਦੇ ਹਨ। ਨਾਦਰ ਸ਼ਾਹ ਨੇ ਹੈਰਾਨ ਹੋ ਕੇ ਆਖਿਆ ਜੇਕਰ ਇਹ ਕੌਮ ਠੀਕ ਐਸੀ ਹੀ ਹੈ ਜੈਸੀ ਤੂੰ ਆਖਦਾ ਹੈਂ ਤਾਂ ਅਸੀਂ ਇਨ੍ਹਾਂ ਦਾ ਕੀ ਖੋਹ ਸਕਦੇ ਹਾਂ? ਤੁਸੀਂ ਸੱਚ ਜਾਣੋ ਕਦੇ ਨਾ ਕਦੇ ਇਹ ਪੰਥ ਮੁਲਕ ਦਾ ਮਾਲਕ ਬਣ ਜਾਵੇਗਾ।” (ਤਵਾਰੀਖ ਗੁਰੂ ਖਾਲਸਾ)
ਸਰਦਾਰ ਜੱਸਾ ਸਿੰਘ ਆਹਲੂਵਾਲੀਆ ਵਿਚ ਪੰਥਕ ਭਾਵਨਾ ਬਹੁਤ ਡੂੰਘੀ ਸੀ। ਸਰਦਾਰ ਜੱਸਾ ਸਿੰਘ ਰਾਮਗੜ੍ਹੀਏ ਨੂੰ ਪੰਥ ਨੇ ਕੁੜੀ ਮਾਰਨ ਦੇ ਦੋਸ਼ ਕਾਰਨ ਪੰਥ ਵਿੱਚੋਂ ਛੇਕਿਆ ਹੋਇਆ ਸੀ। 1748 ਈ: ਵਿੱਚ ਜਦੋਂ ਰਾਮ ਰੋਣੀ ਦੇ ਕਿਲ੍ਹੇ ਵਿਚ ਖ਼ਾਲਸਾ ਦਲ ਨੂੰ ਜਲੰਧਰ ਦੇ ਹਾਕਮ ਅਦੀਨਾ ਬੇਗ ਨੇ ਘੇਰਾ ਪਾਇਆ ਹੋਇਆ ਸੀ। ਉਦੋਂ ਸ੍ਰ: ਜੱਸਾ ਸਿੰਘ ਰਾਮਗੜ੍ਹੀਆ ਦੇ ਮਨ ਵਿਚ ਸਿੱਖੀ ਜੋਸ਼ ਜਾਗਿਆ। ਉਹ ਖ਼ਾਲਸਾ ਦਲ ਨਾਲ ਮਿਲਣਾ ਚਾਹੁੰਦਾ ਸੀ। ਇਸ ਮੰਤਵ ਲਈ ਉਸਨੇ ਤੀਰ ਦੇ ਨਾਲ ਇਕ ਪੱਤਰ ਭੇਜਿਆ ਕਿ ਜੇ ਪੰਥ ਮੈਨੂੰ ਆਪਣੇ ਵਿਚ ਮਿਲਾ ਲਵੇ ਤਾਂ ਮੈਂ ਅਦੀਨਾ ਬੇਗ ਦਾ ਸਾਥ ਛੱਡ ਕੇ ਆਉਣ ਨੂੰ ਤਿਆਰ ਹਾਂ। ਸਰਦਾਰ ਜੱਸਾ ਸਿੰਘ ਆਹਲੂਵਾਲੀਏ ਅਤੇ ਹੋਰ ਸਰਦਾਰਾਂ ਨੇ ਸਲਾਹ ਕਰ ਕੇ ਉਸਨੂੰ ਮਿਲਾਉਣ ਦਾ ਫ਼ੈਸਲਾ ਕਰ ਲਿਆ ਤੇ ਸੱਦਾ ਭੇਜ ਦਿੱਤਾ। ਇਸ ਤਰ੍ਹਾਂ ਸ੍ਰ: ਜੱਸਾ ਸਿੰਘ ਆਹਲੂਵਾਲੀਏ ਵਿਚ ਭਰਾਵਾਂ ਨੂੰ ਮਾਫ਼ ਕਰਨ ਦੀ ਪੰਥ ਵਿਚ ਏਕਤਾ ਰੱਖਣ ਦੀ ਦਿਲੀ ਖ਼ਾਹਿਸ਼ ਸੀ। ਉਨ੍ਹਾਂ ਦੀ ਇਹ ਪੰਥ ਵਿਚ ਏਕਤਾ ਰੱਖਣ ਦੀ ਬਿਰਤੀ ਪੰਥਕ ਆਗੂਆਂ ਲਈ ਇਕ ਕੀਮਤੀ ਸਿੱਖਿਆ ਹੈ। ਉਨ੍ਹਾਂ ਦੇ ਨਕਸ਼ੇ ਕਦਮ ‘ਤੇ ਚੱਲਦੇ ਹੋਏ ਸਾਡੇ ਆਗੂਆਂ ਨੂੰ ਅੱਜ ਵੀ ਪੰਥ ਵਿਚ ਏਕਤਾ ਬਣਾਈ ਰੱਖਣ ਵਾਲੀ ਸੋਚ ਰੱਖਣੀ ਚਾਹੀਦੀ ਹੈ।
ਸਰਦਾਰ ਜੱਸਾ ਸਿੰਘ ਦੀ ਅਗਵਾਈ ਵਿਚ ਸਿੱਖਾਂ ਨੇ ਅਨੇਕ ਮੁਸੀਬਤਾਂ ਦਾ ਸਾਹਮਣਾ ਦਲੇਰੀ ਨਾਲ ਕੀਤਾ। ਮਈ 1746 ਈ: ਵਿਚ ਦੀਵਾਨ ਲੱਖਪੱਤ ਰਾਇ ਨੇ ਆਪਣੇ ਭਰਾ ਜੱਸਪੱਤ ਰਾਇ ਦੀ ਮੌਤ ਦਾ ਬਦਲਾ ਲੈਣ ਲਈ ਲਾਹੌਰ ਦੇ ਸੂਬੇ ਬਿਜੈ ਖਾਂ ਤੋਂ ਆਗਿਆ ਲੈ ਲਈ ਅਤੇ ਭਾਰੀ ਫ਼ੌਜ ਲੈ ਕੇ ਸਿੱਖਾਂ ਦਾ ਖੁਰਾ-ਖੌਜ ਮਿਟਾਉਣ ਦੀ ਨੀਅਤ ਨਾਲ ਚੜ੍ਹ ਆਇਆ। ਉਸਨੇ ਢੋਲ-ਨਗਾਰੇ ਵਜਾਕੇ ਪੰਜਾਬ ਦੇ ਸਾਰੇ ਮੁਸਲਮਾਨ ਇਕੱਠੇ ਕਰ ਲਏ। ਸਿੰਘ ਗੁਰਮੱਤਾ ਕਰ ਕੇ ਕਾਹਨੂੰਵਾਨ ਦੇ ਛੰਬ ਵਿਚ ਜਾ ਵੜੇ। ਲੱਖਪੱਤ ਰਾਇ ਨੇ ਉਸ ਜੰਗਲ ਨੂੰ ਹੀ ਘੇਰਾ ਪਾ ਲਿਆ ਅਤੇ ਅੱਗ ਲਗਵਾ ਦਿੱਤੀ। ਸਿੰਘ ਉੱਥੋਂ ਨਿਕਲ ਕੇ ਪਹਾੜਾਂ ਵੱਲ ਨੂੰ ਤੁਰ ਪਏ। ਅੱਗੋਂ ਪਹਾੜੀਆਂ ਨੇ ਰਾਹ ਰੋਕ ਲਿਆ। ਹੁਣ ਸਿੰਘਾਂ ਨੇ ਸੋਚਿਆ ਕਿ ਇਕੋ ਵਾਰ ਹੱਲਾ ਕਰਕੇ ਦੁਆਬੇ ਵੱਲ ਨਿਕਲ ਚਲੋਂ ਤੇ ਖਿੰਡ ਜਾਵੋ। ਇਸ ਤਰ੍ਹਾਂ ਸਿੰਘਾਂ ਨੇ ਲੱਖਪੱਤ ਰਾਏ ਦੀ ਫ਼ੌਜ ਵੱਲ ਇਕ ਜ਼ੋਰਦਾਰ ਹੱਲਾ ਕੀਤਾ ਅਤੇ ਫ਼ੌਜ ਦੀਆਂ ਸਫਾਂ ਨੂੰ ਚੀਰਦੇ ਹੋਏ ਲੰਘ ਗਏ। ਪਰ ਅੱਗੇ ਰਾਵੀ ਭਰੀ ਵਗਦੀ ਸੀ। ਪਾਣੀ ਬੜਾ ਡੂੰਘਾ ਸੀ। ਇਸ ਵਿੱਚੋਂ ਤਾਂ ਘੋੜੇ ਵੀ ਪਾਰ ਨਹੀਂ ਹੋ ਸਕਦੇ ਸੀ।
ਸੋ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਅਤੇ ਹੋਰ ਸਰਦਾਰਾਂ ਨੇ ਫ਼ੈਸਲਾ ਕੀਤਾ ਕਿ ਡੁੱਬਕੇ ਮਰਨ ਨਾਲੋਂ ਤਾਂ ਲੜਕੇ ਮਰਨਾ ਹੀ ਚੰਗਾ ਹੈ। ਉਸ ਸਮੇਂ ਸਭ ਪਿੱਛੇ ਮੁੜਕੇ ਵੈਰੀ ਦਲ ‘ਤੇ ਜਾ ਪਏ। ਇਸ ਜੰਗ ਵਿਚ ਜਸਪੱਤ ਰਾਏ ਦਾ ਬੇਟਾ ਹਾਰ ਕੇ ਭੱਜ ਗਿਆ, ਬਿਜੈ ਖਾਂ ਦਾ ਬੇਟਾ ਨਾਹਰ ਖਾਂ ਅਤੇ ਸੈਫ ਅਲੀ ਖਾਂ ਫ਼ੌਜਦਾਰ ਮਾਰੇ ਗਏ। ਸਿੰਘਾਂ ਦਾ ਵੀ ਬਹੁਤ ਨੁਕਸਾਨ ਹੋਇਆ। ਲੜਦਿਆਂ ਨੂੰ ਰਾਤ ਪੈ ਗਈ। ਮੁਸਲਮਾਨੀ ਲਸ਼ਕਰ ਤਾਂ ਬੇਖਟਕ ਹੋ ਕੇ ਸੌਂ ਗਿਆ ਪਰ ਸਿੰਘ ਸਲਾਹਾਂ ਕਰਦੇ ਰਹੇ। ਉਨ੍ਹਾਂ ਨੇ ਪੰਜ-ਛੇ ਘੜੀ ਰਾਤ ਰਹਿੰਦੇ ਫੇਰ ਸੁੱਤੇ ਪਏ ਮੁਸਲਮਾਨੀ ਲਸ਼ਕਰ ‘ਤੇ ਹਮਲਾ ਕਰ ਦਿੱਤਾ। ਬੇਸ਼ੁਮਾਰ ਦੁਸ਼ਮਣ ਨੂੰ ਕੱਟ-ਵੱਡ, ਘੋੜੇ ਬਸਤਰ-ਸ਼ਸਤਰ ਲੈ ਕੇ ਮੁੜ ਆਏ ਅਤੇ ਸਵੇਰ ਨੂੰ ਰਾਵੀ ਟੱਪ ਦੁਆਬੇ ਵੱਲ ਹੋ ਤੁਰੇ। ਇਸ ਦਿਨ ਤਿੰਨ ਪਹਿਰ ਤੋਂ ਘੇਰੇ ਵਿਚ ਫਸੇ ਸਿੰਘਾਂ ਨਾਲ ਕਹਿਰ ਦਾ ਜੰਗ ਹੋਇਆ। ਇਸ ਵਿਚ ਅਨੇਕਾਂ ਸਿੰਘ ਸ਼ਹੀਦ ਹੋਏ। ਇਸ ਲਈ ਸਿੱਖ ਇਤਿਹਾਸ ਵਿਚ ਇਸ ਨੂੰ 1746 ਈ: ਦਾ ਛੋਟਾ ਘੱਲੂਘਾਰਾ ਕਿਹਾ ਜਾਂਦਾ ਹੈ।
1749 ਈ: ਵਿਚ ਮੀਰ ਮਨੂੰ ਨੇ ਦੀਵਾਨ ਕੌੜਾ ਮੱਲ ਨੂੰ ਮੁਲਤਾਨ ਦੀ ਮੁਹਿੰਮ ‘ਤੇ ਭੇਜਿਆ। ਉਸ ਕੋਲ ਫ਼ੌਜ ਥੋੜ੍ਹੀ ਸੀ ਜਿਸ ਕਰਕੇ ਉਹ ਮੁਲਤਾਨ ਨੂੰ ਸਰ ਨਹੀਂ ਸੀ ਕਰ ਸਕਦਾ। ਦੀਵਾਨ ਕੌੜਾ ਮੱਲ ਦੇ ਦੀਵਾਨ ਨੌਨੀਤ ਰਾਇ ਨੇ ਸਲਾਹ ਦਿੱਤੀ ਕਿ ਤੁਸੀਂ ਸਿੰਘਾਂ ਤੋਂ ਸਹਾਇਤਾ ਦੀ ਮੰਗ ਕਰੋ। ਉਸਦੀ ਸਲਾਹ ਮੰਨਕੇ ਦੀਵਾਨ ਕੌੜਾ ਮੱਲ ਨੇ ਆਪਣੇ ਪ੍ਰਤੀਨਿਧੀ ਭੇਜਕੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਖ਼ਾਲਸੇ ਨੂੰ ਬੇਨਤੀ ਕੀਤੀ। ਦੀਵਾਨ ਕੌੜਾ ਮੱਲ ਖ਼ਾਲਸੇ ਨਾਲ ਸਾਂਝ ਰੱਖਦਾ ਸੀ। ਇਸ ਲਈ ਸਿੰਘਾਂ ਨੇ ਉਸਦੀ ਸਹਾਇਤਾ ਲਈ ਸਹਿਮਤੀ ਦੇ ਦਿੱਤੀ। ਸ੍ਰ: ਜੱਸਾ ਸਿੰਘ ਆਹਲੂਵਾਲੀਏ ਦੀ ਅਗਵਾਈ ਵਿਚ ਦਸ ਹਜ਼ਾਰ ਦੇ ਲਗਪਗ ਸਿੰਘ ਮੁਲਤਾਨ ਦੀ ਲੜਾਈ ਵਿਚ ਸ਼ਾਮਲ ਹੋਇਆ। ਸਿੰਘਾਂ ਦੀ ਬਹਾਦਰੀ ਸਦਕਾ ਦੀਵਾਨ ਕੌੜਾ ਮੱਲ ਦੀ ਜਿੱਤ ਹੋਈ ਅਤੇ ਮੁਲਤਾਨ ਦਾ ਹਾਕਮ ਸ਼ਾਹ ਨਿਵਾਜ਼ ਖ਼ਾਨ ਸਰਦਾਰ ਦੀਪ ਸਿੰਘ ਦੇ ਹੱਥੋਂ ਮਾਰਿਆ ਗਿਆ। ਮੀਰ ਮਨੂੰ ਨੇ ਦੀਵਾਨ ਕੌੜਾ ਮੱਲ ਨੂੰ ‘ਮਹਾਰਾਜ ਬਹਾਦੁਰ’ ਦਾ ਖਿਤਾਬ ਦਿੱਤਾ ਅਤੇ ਮੁਲਤਾਨ ਠੱਟਾ ਆਦਿ ਦਾ ਸੂਬੇਦਾਰ ਮੁਕਰਰ ਕਰ ਦਿੱਤਾ। ਇਸ ਜਿੱਤ ਦੀ ਖ਼ੁਸ਼ੀ ਵਿਚ ਦੀਵਾਨ ਕੌੜਾ ਮੱਲ ਨੇ ਗਿਆਰਾਂ ਹਜ਼ਾਰ ਰੁਪਿਆ ਸ੍ਰੀ ਦਰਬਾਰ ਸਾਹਿਬ ਦੀ ਸੇਵਾ ਲਈ ਭੇਟਾ ਕੀਤਾ। ਇਸ ਧਨ ਨਾਲ ਸਰੋਵਰ ਦੀ ਕਾਰ ਸੇਵਾ ਕਰਵਾਈ ਗਈ ਅਤੇ ਕਈ ਸਾਲਾਂ ਤੋਂ ਬਾਅਦ ਸਿੰਘਾਂ ਨੇ ਦੀਵਾਲੀ ਦਾ ਤਿਉਹਾਰ ਇਥੇ ਮਨਾਇਆ।
ਸਰਦਾਰ ਜੱਸਾ ਸਿੰਘ ਆਹਲੂਵਾਲੀਆ 1752 ਈ: ਵਿਚ ਸ੍ਰੀ ਅਨੰਦਪੁਰ ਸਾਹਿਬ ਠਹਿਰਿਆ ਹੋਇਆ ਸੀ। ਇਸ ਵੇਲੇ ਮੀਰ ਮਨੂੰ ਦਾ ਇਕ ਕਾਰਦਾਰ ਪਹਾੜੀ ਰਾਜਿਆਂ ਤੋਂ ਖਰਾਜ ਲੈਣ ਆਇਆ। ਉਸ ਤੋਂ ਤੰਗ ਆ ਕੇ ਕਟੋਚ, ਹਰੀਪੁਰ ਆਦਿ ਦੇ ਰਾਜਿਆਂ ਨੇ ਏਲਚੀ ਭੇਜਕੇ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਤੋਂ ਸਹਾਇਤਾ ਮੰਗੀ। ਨਦੌਣ ਦੇ ਅਸਥਾਨ ਉੱਤੇ ਪਹਾੜੀਆਂ ਅਤੇ ਸਿੰਘਾਂ ਦੀ ਕਾਰਦਾਰ ਨੇ ਲਸ਼ਕਰ ਨਾਲ ਲੜਾਈ ਹੋਈ। ਇਸ ਲੜਾਈ ਵਿਚ ਕਾਰਦਾਰ ਮਾਰਿਆ ਗਿਆ। ਪਹਾੜੀ ਰਾਜਿਆਂ ਨੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਸ਼ੁਕਰਾਨੇ ਅਤੇ ਨਜ਼ਰਾਨੇ ਦੇ ਕੇ ਵਿਦਾ ਕੀਤਾ।
ਨਵਾਬ ਕਪੂਰ ਸਿੰਘ ਬੁੱਢਾ ਦਲ ਦੇ ਜਥੇਦਾਰ ਅਤੇ ਸਮੁੱਚੇ ਦਲ ਖ਼ਾਲਸਾ ਦੇ ਮੋਹਰੀ ਸਨ।
7 ਅਕਤੂਬਰ, 1753 ਅੱਸੂ ਸੁਦੀ 10 ਸੰਮਤ 1810 ਨੂੰ ਨਵਾਬ ਕਪੂਰ ਸਿੰਘ ਬੰਦੂਕ ਦੇ ਇਕ ਜ਼ਖ਼ਮ ਦੇ ਵਿਗੜ ਜਾਣ ਕਰਕੇ ਚਲਾਣਾ ਕਰ ਗਏ। ਉਨ੍ਹਾਂ ਨੇ ਇਕ ਦਿਨ ਪਹਿਲਾਂ 6 ਅਕਤੂਬਰ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਬਖ਼ਸ਼ੀ ਫੌਲਾਦੀ ਚੋਬ ਸ੍ਰ: ਜੱਸਾ ਸਿੰਘ ਆਹਲੁਵਾਲੀਏ ਨੂੰ ਸੌਂਪ ਦਿੱਤੀ ਅਤੇ ਖ਼ਾਲਸੇ ਦੀ ਸੇਵਾ ਕਰਨ ਲਈ ਬਚਨ ਕੀਤਾ। ਨਵਾਬ ਸਾਹਿਬ ਦੀ ਸਮਾਧ ਬਾਬਾ ਅਟਲ ਰਾਏ ਜੀ ਦੇ ਦੇਹੁਰੇ ਦੇ ਪੂਰਬੀ ਦਰਵਾਜ਼ੇ ਕੋਲ ਬਣਾਈ ਗਈ। ਡਾ. ਗੰਡਾ ਸਿੰਘ ਅਨੁਸਾਰ 1923 ਤਕ ਇਹ ਯਾਦਗਾਰ ਕਾਇਮ ਰਹੀ ਪਰ ਅਕਾਲੀ ਦਲ ਦੇ ਪ੍ਰਬੰਧ ਅਧੀਨ ਪ੍ਰਕਰਮਾ ਨੂੰ ਚੌੜੀ ਕਰਨ ਹਿੱਤ ਇਸ ਨੂੰ ਢਾਹ ਦਿੱਤਾ ਗਿਆ ਸੀ।
ਅਗਲੇ ਸਾਲ ਵਿਸਾਖੀ ਦੇ ਮੌਕੇ 10 ਅਪ੍ਰੈਲ 1754 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਸਰਬੱਤ ਖ਼ਾਲਸਾ ਦਾ ਦੀਵਾਨ ਸਜਾਇਆ ਗਿਆ। ਇਸ ਵਿਚ ਸਰਬਤ ਸੰਗਤ ਨੇ ਨਵਾਬ ਕਪੂਰ ਸਿੰਘ ਜੀ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ। ਇਸ ਸਮੇਂ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਨੂੰ ਹਰ ਪੱਖੋਂ ਯੋਗ ਸਮਝਕੇ ਖ਼ਾਲਸੇ ਦਾ ਜਥੇਦਾਰ ਥਾਪਿਆ ਗਿਆ। ਡਾ. ਗੰਡਾ ਸਿੰਘ ਅਨੁਸਾਰ ਨਵਾਬ ਕਪੂਰ ਸਿੰਘ ਵਾਲਾ ‘ਨਵਾਬ’ ਦਾ ਖਿਤਾਬ ਵੀ ਉਨ੍ਹਾਂ ਨੂੰ ਦਿੱਤਾ ਗਿਆ। ਇਸ ਤਰ੍ਹਾਂ 10 ਅਪ੍ਰੈਲ, 1754 ਨੂੰ ਸਿੱਖ ਪੰਥ ਵਲੋਂ ਜੱਥੇਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਦਲ ਖ਼ਾਲਸਾ ਦਾ ਪ੍ਰਮੁੱਖ ਥਾਪਿਆ ਗਿਆ।
ਇਸ ਤੋਂ ਬਾਅਦ ਜਸਪਤ ਰਾਇ, ਅਦੀਨਾ ਬੋਗ, ਨਾਸਰ ਅਲੀ ਖਾਂ ਆਦਿ ਮੁਗਲ ਹਾਕਮਾਂ ਨਾਲ ਕਈ ਜੰਗਾਂ ਕੀਤੀਆਂ। ਉਸਨੇ ਪੰਜਾਬ ਦੇ ਕਈ ਇਲਾਕਿਆਂ ਫਤਿਹਾਬਾਦ, ਜਗਰਾਉਂ, ਮੁੱਲਾਂ ਵਾਲਾ, ਮਖੂ, ਕੋਟ ਈਸੇ ਖਾਂ ਆਦਿ ਦੇ ਇਲਾਕੇ ‘ਤੇ ਕਬਜਾ ਕਰ ਲਿਆ। 1760 ਈ: ਵਿਚ ਅਹਿਮਦ ਸ਼ਾਹ ਦੇ ਸੱਤਵੇਂ ਹਮਲੇ ਸਮੇਂ ਦੁਰਾਨੀ ਬਹੁਤ ਸਾਰੇ ਹਿੰਦੁਸਤਾਨੀ ਮਰਦ-ਔਰਤਾਂ, ਲੜਕੇ-ਲੜਕੀਆਂ ਨੂੰ ਬੰਦੀ ਬਣਾ ਕੇ ਕਾਬਲ ਲਿਜਾ ਰਹੇ ਸਨ। ਸ੍ਰ. ਜੱਸਾ ਸਿੰਘ ਆਹਲੂਵਾਲੀਏ ਨੇ ਗੋਇੰਦਵਾਲ ਤੋਂ ਬਿਆਸਾ ਟੱਪਦੇ ਹੋਏ ਦੁਰਾਨੀਆਂ ਨੂੰ ਜਾ ਦਬਾਇਆ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ 2200 ਹਿੰਦੂ ਨੌਜਵਾਨ ਲੜਕੀਆਂ ਨੂੰ ਛੁਡਵਾ ਕੇ ਘਰੋ-ਘਰੀ ਭਿਜਵਾ ਦਿੱਤਾ। ਇਸ ਪਰਉਪਕਾਰ ਨਾਲ ਉਨ੍ਹਾਂ ਦੇ ਜੱਸ ਵਿਚ ਬਹੁਤ ਵਾਧਾ ਹੋਇਆ। 1761 ਵਿਚ ਦਲ ਖ਼ਾਲਸਾ ਨਾਲ ਮਿਲਕੇ ਅਹਿਮਦਸ਼ਾਹ ਅਬਦਾਲੀ ਦੇ ਜਰਨੈਲ ਜਹਾਨ ਖ਼ਾਨ ਨੂੰ ਸ਼ਿਕਸਤ ਦਿੱਤੀ ਤੇ ਲਾਹੌਰ ਉਤੇ ਕਬਜ਼ਾ ਕਰ ਲਿਆ। ਦੁਰਾਨੀਆਂ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚੋਂ ਵੀ ਕੱਢ ਦਿਤਾ ਗਿਆ। ਪੰਥ ਵਲੋਂ ਉਨ੍ਹਾਂ ਨੂੰ ਸੁਲਤਾਨ-ਉਲ-ਕੌਮ ਦਾ ਖਿਤਾਬ ਦਿੱਤਾ ਗਿਆ। ਅੱਜ ਤੀਕ ਖ਼ਾਲਸਾ ਪੰਥ ਵਿਚ ਇਹ ਖਿਤਾਬ ਹਾਸਲ ਕਰਨ ਵਾਲਾ ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਪਹਿਲਾ ਅਤੇ ਆਖਰੀ ਇਕੋ ਇਕ ਸਿੱਖ ਸਰਦਾਰ ਹੈ। 1762 ਵਿਚ ਜ਼ਿਲ੍ਹਾ ਸੰਗਰੂਰ ਦੇ ਪਿੰਡ ਰਹੀੜਾ (ਕੁਪ ਰਹੀੜਾ) ਕੁਤਬਾ ਬਾਹਮਣੀਆਂ ਅਤੇ ਗਹਿਲ ਤਿੰਨ ਸਥਾਨਾਂ ਉੱਤੇ ਖ਼ਾਲਸਾ ਦਲ ਦੀ ਅਹਿਮਦ ਸ਼ਾਹ ਅਬਦਾਲੀ ਨਾਲ ਭਾਰੀ ਜੰਗ ਹੋਈ। ਇਸ ਵਿਚ ਲਗਪਗ 30 ਹਜ਼ਾਰ ਸਿੰਘ ਸਿੰਘਣੀਆਂ ਅਤੇ ਬੱਚੇ ਸ਼ਹੀਦ ਹੋਏ ਸਨ। ਸ੍ਰ. ਜੱਸਾ ਸਿੰਘ ਆਹਲੂਵਾਲੀਆ ਉਸ ਸਮੇਂ ਦਲ ਖ਼ਾਲਸਾ ਦੀ ਅਗਵਾਈ ਕਰ ਰਹੇ ਸਨ। ਅਬਦਾਲੀ ਦੀਆਂ ਫ਼ੌਜਾਂ ਨਾਲ ਨਵਾਬ ਮਲੇਰਕੋਟਲਾ, ਸੂਬਾ ਸਰਹੰਦ ਨਵਾਬ ਰਾਏਕੋਟ ਅਤੇ ਲੁਧਿਆਣਾ ਤੋਂ ਫ਼ੌਜਾਂ ਜਾ ਸ਼ਾਮਲ ਹੋਈਆਂ। ਇਨ੍ਹਾਂ ਜਰਵਾਣਿਆਂ ਦੀਆਂ ਫ਼ੌਜਾਂ ਅਤੇ ਘੋੜਿਆਂ ਆਦਿ ਦੀ ਖਾਦ ਖੁਰਾਕ ਦਾ ਪ੍ਰਬੰਧ ਫੁਲਕੀਆ ਮਿਸਲ ਦੇ ਮੁਖੀ ਰਿਆਸਤ ਪਟਿਆਲਾ ਵਾਲਿਆਂ ਨੇ ਕੀਤਾ। ਗਹਿਗਚ ਦੀ ਲੜਾਈ ਦੌਰਾਨ ਸ੍ਰ. ਜੱਸਾ ਸਿੰਘ ਆਹਲੂਵਾਲੀਆ ਨੇ ਇਕ ਵਾਰੀ ਅਹਿਮਦਸ਼ਾਹ ਦੇ ਸਾਹਮਣੇ ਹੋ ਕੇ ਦੋ-ਦੋ ਹੱਥ ਕਰਨ ਲਈ ਵੰਗਾਰਿਆ, ਪਰ ਅਹਿਮਦਸ਼ਾਹ ਦਾ ਹੌਂਸਲਾ ਨਾ ਪਿਆ। ਇਸ ਜੰਗ ਵਿਚ ਸ੍ਰ. ਜੱਸਾ ਸਿੰਘ ਆਹਲੂਵਾਲੀਏ ਦੇ ਪਿੰਡੇ ਤੇ 64 ਜ਼ਖ਼ਮ ਲੱਗੇ ਸਨ ਪ੍ਰੰਤੂ ਜਿੱਤ ਖ਼ਾਲਸਾ ਪੰਥ ਦੀ ਹੋਈ ਅਤੇ ਜਰਵਾਣਿਆਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ। ਇੱਕੋ ਦਿਨ ਵਿਚ ਏਨਾ ਵੱਡਾ ਨੁਕਸਾਨ ਦੁਨੀਆ ਦੀ ਕਿਸੇ ਵੀ ਜੰਗ ਵਿਚ ਨਹੀਂ ਹੋਇਆ ਸਗੋਂ ਅਸਚਰਜਤਾ ਦੀ ਗੱਲ ਹੈ ਕਿ ਏਨੇ ਵੱਡੇ ਨੁਕਸਾਨ ਉਪਰੰਤ ਸ. ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਵਿਚ ਦਲ ਖ਼ਾਲਸਾ ਨੇ ਜਰਵਾਣਿਆਂ ਉਤੇ ਮੋੜਵਾਂ ਹਮਲਾ ਕਰ ਦਿੱਤਾ ਅਤੇ ਦੁਸ਼ਮਣ ਨੂੰ ਭਾਂਜ ਦਿਤੀ। ਇਹ ਮਿਸਾਲ ਦੁਨੀਆ ਦੇ ਜੰਗਾਂ ਯੁੱਧਾਂ ਦੇ ਇਤਿਹਾਸ ਵਿਚ ਆਪਣੇ ਆਪ ਵਿਚ ਬਿਲਕੁਲ ਨਿਵੇਕਲੀ ਹੈ। ਇਹ ਜੰਗ 5 ਫਰਵਰੀ, 1762 ਨੂੰ ਹੋਇਆ। ਇਸ ਨੂੰ ਸਿੱਖ ਇਤਿਹਾਸ ਵਿਚ ਵੱਡੇ ਘਲੂਘਾਰੇ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ।
ਦਲ ਖਾਲਸਾ ਨੇ ਜ: ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਵਿਚ 7 ਅਪ੍ਰੈਲ 1763 ਨੂੰ ਦਿੱਲੀ ਉਤੇ ਹਮਲਾ ਕੀਤਾ ਅਤੇ ਦਿੱਲੀ ਫ਼ਤਹਿ ਕੀਤੀ। 5 ਫਰਵਰੀ, 1762 ਨੂੰ ਵੱਡੇ ਘਲੂਘਾਰੇ ਵਿੱਚ ਇਤਨੇ ਵੱਡੇ ਜਾਨੀ ਅਤੇ ਮਾਲੀ ਨੁਕਸਾਨ ਤੋਂ ਬਾਅਦ 7 ਅਪ੍ਰੈਲ, 1763 ਨੂੰ ਦਿੱਲੀ ਨੂੰ ਫਤਹਿ ਕਰ ਲੈਣਾ। ਜੰਗਾਂ-ਯੁੱਧਾਂ ਦੇ ਇਤਿਹਾਸ ਵਿੱਚ ਇੱਕ ਬੜੀ ਹੀ ਅਸਚਰਜਤਾ ਵਾਲੀ ਗੱਲ ਸੀ। ਇਸ ਸਮੇਂ ਜ: ਜੱਸਾ ਸਿੰਘ ਰਾਮਗੜ੍ਹੀਆ ਅਤੇ ਜ: ਬਘੇਲ ਸਿੰਘ ਵੀ ਉਨ੍ਹਾਂ ਨਾਲ ਸ਼ਾਮਲ ਸਨ। ਸੰਨ 1764 ਵਿਚ ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਹੇਠ ਸਰਹੰਦ ਫਤਹਿ ਕੀਤੀ ਅਤੇ ਸਾਹਿਬਜਾਦਿਆਂ ਦੇ ਸ਼ਹੀਦੀ ਸਥਾਨ ਉਤੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੀ ਉਸਾਰੀ ਕਰਵਾਈ। ਮੋਰਿੰਡਾ ਅਤੇ ਮਲੇਰਕੋਟਲਾ ਫਤਹਿ ਕਰਕੇ ਜਰਵਾਣਿਆਂ ਨੂੰ ਬੀਤੇ ਵਿੱਚ ਕੀਤੇ ਦੀ ਸਜਾ ਦੇਕੇ ਹਿਸਾਬ-ਕਿਤਾਬ ਚੁਕਤਾ ਕੀਤਾ। 1768 ਵਿਚ ਸ੍ਰ. ਜੱਸਾ ਸਿੰਘ ਆਹਲੂਵਾਲੀਆ ਅਤੇ ਹੋਰ ਪੰਥਕ ਦਲਾਂ ਨੇ ਜਲਾਲਾਬਾਦ ਦੇ ਇਕ ਬ੍ਰਾਹਮਣ ਦੇ ਆਪਣੀ ਲੜਕੀ ਛੁਡਵਾਉਣ ਲਈ ਬੇਨਤੀ ਕਰਨ ਤੇ ਚੜਾਈ ਕੀਤੀ। ਜਲਾਲਾਬਾਦ ਦੇ ਜਰਵਾਣੇ ਨੂੰ ਸਜਾ ਦਿਤੀ ਅਤੇ ਬ੍ਰਾਹਮਣ ਦੀ ਲੜਕੀ ਮੁੜ ਉਸਦੇ ਮਾਪਿਆਂ ਨੂੰ ਲਿਆ ਦਿਤੀ। ਖਾਲਸਾ ਪੰਥ ਹਮੇਸ਼ਾ ਹੀ ਸਤਿਗੁਰ ਦੇ ਹੁੱਕਮ ਵਿਚ ਵਿਚਰਦਿਆਂ ਨਿਮਾਣਿਆਂ ਦਾ ਮਾਣ, ਨਿਤਾਣਿਆਂ ਦਾ ਤਾਣ, ਨਿਓਟਿਆਂ ਦੀ ਓਟਿ ਅਤੇ ਨਿਆਸਰਿਆਂ ਦਾ ਆਸਰਾ ਰਿਹਾ ਹੈ। ਇਹ ਖਾਲਸੇ ਦਾ ਵਿਲੱਖਣ ਕਿਰਦਾਰ ਹੈ। ਇਸ ਦੌਰਾਨ ਮੇਰਠ, ਅਲੀਗੜ੍ਹ ਆਦਿ ਨੂੰ ਅਧੀਨ ਕਰਕੇ ਸਿੰਘਾਂ ਨੇ ਦਿੱਲੀ ਉਤੇ ਮੁੜ ਕਬਜਾ ਕਰ ਲਿਆ। ਖਾਲਸਾ ਲਾਲ ਕਿਲ੍ਹੇ ਅੰਦਰ ਦਾਖਲ ਹੋ ਗਿਆ ਅਤੇ ਸ੍ਰ. ਜੱਸਾ ਸਿੰਘ ਆਹਲੂਵਾਲੀਏ ਨੂੰ ਸ਼ਾਹੀ ਤਖਤ ਤੇ ਬਿਠਾਇਆ ਗਿਆ। ਗਿਆਨੀ ਗਿਆਨ ਸਿੰਘ ਅਨੁਸਾਰ ਇਸੇ ਦਿਨ ਤੋਂ ਇਹ ਸਿੱਖਾਂ ਵਿੱਚ ਬਾਦਸ਼ਾਹ ਦੇ ਨਾਮ ਤੋਂ ਪ੍ਰਸਿੱਧ ਹੋ ਗਿਆ। ਇਸ ਸਮੇਂ ਉਨ੍ਹਾਂ ਦੇ ਸਾਹਮਣੇ ਪੰਥ ਦੀ ਤਰੱਕੀ ਦਿੱਲੀ ਦੇ ਤਖਤ ਨਾਲੋਂ ਵਧੇਰੇ ਮਹੱਤਵ ਰੱਖਦੀ ਸੀ। ਉਹ ਦਿੱਲੀ ਦੇ ਰਾਜ ਤੱਕ ਆਪਣੇ ਆਪ ਨੂੰ ਸੀਮਿਤ ਨਹੀਂ ਕਰਨਾ ਚਾਹੁੰਦੇ ਸਨ। ਦਿੱਲੀ ਦਾ ਤਖਤ ਉਨ੍ਹਾਂ ਦੀ ਸਖਸੀਅਤ ਦੇ ਯੋਗ ਵੀ ਨਹੀਂ ਸੀ। ਇਸ ਤਖਤ ਨੇ ਕਈ ਸਦੀਆਂ ਤੱਕ ਲੋਕਾਂ ਦਾ ਲਹੂ ਪੀਤਾ ਸੀ। ਹਿੰਦੁਸਤਾਨ ਦੀ ਪਰਜਾ ਦਾ ਕਤਲੇਆਮ ਕਰਵਾਇਆ ਸੀ। ਇਸ ਤਖਤ ਦੇ ਬਿਲਕੁਲ ਸਾਹਮਣੇ ਚਾਂਦਨੀ ਚੌਂਕ ਵਿਚ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ ਗਿਆ ਸੀ। ਇਸ ਲਈ ਉਹ ਦਿੱਲੀ ਦੇ ਤਖਤ ਨੂੰ ਬਹੁਤ ਨਾਯਾਬ ਚੀਜ ਨਹੀਂ ਸੀ ਸਮਝਦਾ। ਉਹ ਸਿੱਖਾਂ ਦੇ ਦਿਲਾਂ ਦਾ ਬਾਦਸ਼ਾਹ ਸੀ। ਉਸ ਦੀਆਂ ਨਜਰਾਂ ਵਿਚ ਸਭ ਤੋਂ ਜ਼ਰੂਰੀ ਕੰਮ ਦਿੱਲੀ ਦੇ ਗੁਰ ਅਸਥਾਨਾਂ ਨੂੰ ਕਾਇਮ ਕਰਨਾ ਸੀ। ਇਨ੍ਹਾਂ ਅਸਥਾਨਾਂ ਦੀ ਖੋਜ ਕਰਨ ਅਤੇ ਯਾਦਗਾਰਾਂ ਬਣਾਉਣ ਦੀ ਜਿੰਮੇਵਾਰੀ ਸ੍ਰ. ਬਘੇਲ ਸਿੰਘ ਨੂੰ ਸੌਂਪੀ ਗਈ। ਉਹ ਇਸ ਕੰਮ ਲਈ ਕਈ ਮਹੀਨੇ ਦਿੱਲੀ ਵਿਚ ਰਹੇ ਅਤੇ ਬਾਕੀ ਖਾਲਸਾ ਦਲ ਦਿੱਲੀ ਤੋਂ ਅੱਗੇ ਚਲਾ ਗਿਆ। ਅਜਿਹੇ ਖਾਲਸੇ ਨੂੰ ਹੀ ਗੁਰੂ ਜੀ ਨੇ ਚੱਕਰਵਰਤੀ ਰਾਜ ਦਾ ਅਧਿਕਾਰੀ ਮੰਨਿਆ ਹੈ। ਜੱਸਾ ਸਿੰਘ ਆਹਲੂਵਾਲੀਏ ਦੀ ਹਸਤੀ ਪੰਥ ‘ਚ ਇਕ ਮੁਖੀ ਦੀ ਸੀ। ਸਰਦਾਰ ਕਪੂਰ ਸਿੰਘ ਦੇ 1760 ਵਿੱਚ ਅਕਾਲ ਚਲਾਣੇ ਤੋਂ ਪਿਛੋਂ ਖਾਲਸਾ ਪੰਥ ਦੀ ਜਥੇਦਾਰੀ ਦੀ ਪੱਗ ਉਨ੍ਹਾਂ ਨੂੰ ਬੰਨ੍ਹਾਈ ਗਈ ਸੀ। ਇਸ ਨਾਲ ਉਨ੍ਹਾਂ ਤੇ ਸਾਰੇ ਪੰਥ ਦੀ ਜਿੰਮੇਵਾਰੀ ਆ ਪਈ ਸੀ। ਬਾਕੀ ਸਾਰੇ ਇਨ੍ਹਾਂ ਦਾ ਸਤਿਕਾਰ ਕਰਦੇ ਸਨ। ਸ੍ਰ. ਜੱਸਾ ਸਿੰਘ ਆਹਲੂਵਾਲੀਏ ਨੇ ਇੱਕ ਥਾਂ ਬੈਠ ਕੇ ਨਿੱਜੀ ਪੱਧਰ ਉਤੇ ਰਾਜ ਭਾਗ ਹੰਡਾਉਣ ਅਤੇ ਐਸ਼ ਕਰਨ ਨਾਲੋਂ ਪੰਥਕ ਹਿੱਤਾਂ ਵੱਲ ਆਪਣਾ ਧਿਆਨ ਵਧੇਰੇ ਦਿੱਤਾ। ਉਨ੍ਹਾਂ ਦੇ ਸਾਹਮਣੇ ਸਭ ਤੋਂ ਵੱਡਾ ਨਿਸ਼ਾਨਾ ਪੰਥ ਨੂੰ ਇੱਕ ਮੁੱਠ ਰੱਖਣਾ ਸੀ। ਇਸ ਲਈ ਆਪ ਖਾਲਸਾ ਜਥਿਆਂ ਨੂੰ ਨਾਲ ਲੈ ਕੇ ਜਾਲਮਾਂ ਦਾ ਟਾਕਰਾ ਤੇ ਵਿਰੋਧੀਆਂ ਦੀ ਸੋਧ ਕਰਦੇ ਸਨ। ਸ੍ਰ. ਜੱਸਾ ਸਿੰਘ ਆਹਲੂਵਾਲੀਆ ਸਿੱਖੀ ਆਦਰਸ਼ਾਂ ਦੀ ਪਾਲਣਾ ਕਰਨ ਵਾਲਾ ਸਹੀ ਰੂਪ ਵਿਚ ਖਾਲਸਾ ਸੀ। ਉਹ ਆਪ ਅੰਮ੍ਰਿਤ ਪ੍ਰਚਾਰ ਕਰਕੇ ਸਿੱਖ ਧਰਮ ਦੇ ਵਿਕਾਸ ਵਿੱਚ ਵੀ ਯਤਨਸ਼ੀਲ ਰਹਿੰਦੇ ਸਨ। ਮਹਾਰਾਜਾ ਅਮਰ ਸਿੰਘ ਪਟਿਆਲਾ ਸਮੇਤ ਅਨੇਕਾਂ ਵਿਅਕਤੀਆਂ ਨੇ ਉਨ੍ਹਾਂ ਦੇ ਹੱਥੋਂ ਅੰਮ੍ਰਿਤ ਛਕਿਆ ਸੀ। 1765 ਵਿੱਚ ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਦੁਬਾਰਾ ਬਣਾਈ ਗਈ। ਉਸ ਦਾ ਨੀਂਹ ਪੱਥਰ ਸ੍ਰ. ਜੱਸਾ ਸਿੰਘ ਆਹਲੂਵਾਲੀਆ ਦੇ ਹੱਥੋਂ ਹੀ ਰੱਖਵਾਇਆ ਗਿਆ ਸੀ। ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਵਿੱਚ ਸ੍ਰ. ਜੱਸਾ ਸਿੰਘ ਨੇ ਧਨ ਦੇ ਪੱਖੋਂ ਵੀ ਸਭ ਤੋਂ ਵੱਧ ਯੋਗਦਾਨ ਪਾਇਆ ਸੀ। ਇਸੇ ਸਮੇਂ ਇਨ੍ਹਾਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਸ਼ਹਿਰ ਵਿੱਚ ਕਟੜਾ ਅਤੇ ਆਹਲੂਵਾਲੀਆ ਵੀ ਵਸਾਇਆ ਸੀ।
ਸ. ਜੱਸਾ ਸਿੰਘ ਆਹਲੂਵਾਲੀਆ ਜਿੱਥੇ ਇੱਕ ਮਹਾਨ ਯੋਧਾ ਸੀ ਉਥੇ ਗੁਰਬਾਣੀ ਦਾ ਰਸੀਆ ਵੀ ਸੀ। ਇਸ ਤਰ੍ਹਾਂ ਉਹ ਧਰਮ ਤੇ ਰਾਜਨੀਤੀ ਵਿੱਚ ਨਿਪੁੰਨ ਸਿੰਘਤਵ ਦੇ ਜਜਬੇ ਨਾਲ ਸਰਸ਼ਾਰ ਖਾਲਸੇ ਦਾ ਆਦਰਸ਼ਕ ਰੂਪ ਸੀ। ਉਸਨੇ ਸ੍ਰੀ ਅੰਮ੍ਰਿਤਸਰ ਸਾਹਿਬ ਰਹਿ ਕੇ ਸ੍ਰੀ ਹਰਿਮੰਦਰ ਸਾਹਿਬ ਦੀ ਦੁਬਾਰਾ ਉਸਾਰੀ ਦਾ ਕੰਮ ਕਰਵਾਇਆ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਪਹਿਲੀ ਮੰਜ਼ਿਲ ਵੀ ਬਣਵਾਈ। ਉਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਮਰਿਯਾਦਾ ਮੁੜ ਬਹਾਲ ਕੀਤੀ ਤੇ ਪ੍ਰਬੰਧ ਵਿਚ ਸੁਧਾਰ ਵੀ ਕੀਤੇ। ਉਹਨਾਂ ਨੇ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆਪ ਕੀਰਤਨ ਕੀਤਾ। ਉਹਨਾਂ ਨੇ ਨਵਾਬ ਕਪੂਰ ਸਿੰਘ ਦੀ ਬੜੀ ਸ਼ਰਧਾ ਤੇ ਸਤਿਕਾਰ ਦੀ ਭਾਵਨਾ ਨਾਲ ਸੇਵਾ ਕੀਤੀ ਸੀ। ਸ. ਕਪੂਰ ਸਿੰਘ ਦੀ ਨਿਮਰਤਾ ਤੇ ਤਿਆਗ ਦੇ ਗੁਣ ਵੀ ਉਨ੍ਹਾਂ ਵਿੱਚ ਪ੍ਰਵੇਸ਼ ਕਰ ਗਏ ਸਨ। ਉਸ ਨੇ ਆਪਣਾ ਜੀਵਨ ਸਿੱਖ ਪੰਥ ਦੀ ਸੇਵਾ ਵਿੱਚ ਹੀ ਗੁਜਾਰਿਆ। ਖਾਲਸੇ ਨਾਲ ਕਦੇ ਵੀ ਕਿਸੇ ਗੱਲ ਤੇ ਵਿਰੋਧ ਦੀ ਸਥਿਤੀ ਨਹੀਂ ਪੈਦਾ ਹੋਣ ਦਿੱਤੀ। ਉਨ੍ਹਾਂ ਨੇ ਕਦੇ ਵੀ ਮੁਗਲ ਹਕੂਮਤ ਦੀ ਮੁਥਾਜੀ ਨਹੀਂ ਕੀਤੀ। ਉਹ ਬਾਦਸ਼ਾਹੀ ਜਾਂ ਨਵਾਬੀ ਨੂੰ ਬਹੁਤ ਵੱਡੀ ਮਹੱਤਤਾ ਨਹੀਂ ਸੀ ਦਿੰਦੇ। ਇਹੋ ਕਾਰਨ ਹੈ ਕਿ ਦਿੱਲੀ ਦੇ ਤਖਤ ਤੇ ਬੈਠਣ ਦੇ ਬਾਵਜੂਦ ਉਨਾਂ ਨੇ ਦਿੱਲੀ ਤੇ ਹਕੂਮਤ ਕਰਨ ਦਾ ਯਤਨ ਨਹੀਂ ਕੀਤਾ। ਉਹ ਖਾਲਸਾ ਦਲਾਂ ਦੇ ਨਾਲ ਹੀ ਪਾਨੀਪਤ, ਕਰਨਾਲ ਦੇ ਇਲਾਕੇ ਦੀ ਸੋਧ ਵਿੱਚ ਹਿੱਸਾ ਲੈਣ ਚਲੇ ਗਏ।
1779 ਈ: ਵਿੱਚ ਬਹਾਦਰ ਸ਼ਾਹ ਦੇ ਸਲਾਹੀਏ ਅਬਦੁੱਲ ਅਹਿਦ ਨੇ ਸਿੱਖ ਮਹਾਰਾਜਿਆਂ ਤੋਂ ਨਜ਼ਰਾਨੇ ਲੈਣ ਲਈ ਉਨ੍ਹਾਂ ਤੇ ਚੜਾਈ ਕਰ ਦਿੱਤੀ। ਕਰੋੜੀਆਂ ਮਿਸਲ ਦਾ ਸਰਦਾਰ ਬਘੇਲ ਸਿੰਘ ਵੀ ਉਸਦੇ ਨਾਲ ਸੀ। 23 ਸਤੰਬਰ ਨੂੰ ਸ਼ਾਹੀ ਫੌਜ ਨੇ ਸਰਸਵਤੀ ਨਦੀ ਨੂੰ ਪਾਰ ਕਰਕੇ ਘੁੜਾਮ ਡੇਰੇ ਲਾ ਲਏ। ਇਸ ਦੀ ਖਬਰ ਜਦੋਂ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਨੂੰ ਲੱਗੀ, ਉਹ 15 ਹਜ਼ਾਰ ਫੌਜ ਲੈਕੇ ਪਟਿਆਲੇ ਪਹੁੰਚ ਗਏ। ਉਨ੍ਹਾਂ ਦੇ ਨਾਲ ਸ੍ਰ: ਤਾਰਾ ਸਿੰਘ ਅਤੇ ਸ੍ਰ: ਸੰਗਤ ਸਿੰਘ ਆਦਿ ਹੋਰ ਵੀ ਸਰਦਾਰ ਸਨ। ਉਨ੍ਹਾਂ ਦੇ ਆਉਣ ਨਾਲ ਹੀ ਅਬਦੁੱਲ ਅਹਿਦ ਖਾਂ ਗਰਕ ਗਿਆ। ਪਟਿਆਲੇ ਤੇ ਹਮਲਾ ਕਰਨ ਦਾ ਉਸਦਾ ਹੌਂਸਲਾ ਨਹੀਂ ਪਿਆ, ਸਗੋਂ ਉਸਨੂੰ ਆਪਣੀ ਸਲਾਮਤੀ ਦੀ ਚਿੰਤਾ ਵਢ-ਵਢ ਖਾਣ ਲੱਗੀ। ਉਹ ਛੇਤੀ ਤੋਂ ਛੇਤੀ ਸਹੀ-ਸਲਾਮਤ ਦਿੱਲੀ ਪਹੁੰਚਣ ਦਾ ਇੱਛੁਕ ਸੀ। ਸਰਦਾਰ ਬਘੇਲ ਸਿੰਘ ਨੇ ਉਸਨੂੰ ਸਲਾਹ ਦਿੱਤੀ ਕਿ ਸਾਰੇ ਸਿੱਖ ਸਰਦਾਰਾਂ ਤੋਂ ਲਏ ਨਜ਼ਰਾਨੇ ਵਾਪਸ ਮੋੜ ਦਿਓ ਤਾਂ ਹੀ ਉਹ ਸ਼ਾਂਤ ਹੋ ਸਕਣਗੇ। ਅਬਦੁੱਲ ਅਹਦ ਨੇ ਇਹ ਸਭ ਕੁੱਝ ਮੰਨ ਲਿਆ। ਨਜ਼ਰਾਨੇ ਮੋੜਨ ਤੋਂ ਇਲਾਵਾ ਖਾਲਸਾ ਦਲ ਦੇ ਸਰਦਾਰਾਂ ਨੂੰ ਸੱਤ ਲੱਖ ਰੁਪਿਆ ਭੇਟ ਕੀਤਾ। ਇਸ ਤਰ੍ਹਾਂ ਉਹ ਬਿਨ੍ਹਾਂ ਲੜੇ ਹਾਰ ਮੰਨਕੇ ਦਿੱਲੀ ਨੂੰ ਮੁੱੜ ਗਿਆ। ਇਹ ਦਿੱਲੀ ਦੀ ਮੁਗਲ ਹਕੂਮਤ ਨੂੰ ਇੱਕ ਲੱਕ ਤੋੜਵੀਂ ਹਾਰ ਸੀ।
ਸ੍ਰ. ਜੱਸਾ ਸਿੰਘ ਆਹਲੂਵਾਲੀਆ ਇਕ ਪ੍ਰਸਿੱਧ ਸਖਸ਼ੀਅਤ ਬਣ ਚੁੱਕਾ ਸੀ। ਉਸ ਦਾ ਤਹਿਤ ਦਿੱਲੀ ਤੋਂ ਮੁਲਤਾਨ ਤੱਕ ਮੰਨਿਆ ਜਾਂਦਾ ਸੀ। ਇਕ ਪਾਸੇ ਉਸਨੇ ਦਿੱਲੀ ਤੱਕ ਆਪਣਾ ਹੱਕ ਜਮਾ ਲਿਆ ਸੀ ਦੂਜੇ ਪਾਸੇ 1781 ਵਿੱਚ ਮੁਲਤਾਨ ਦਾ ਦੌਰਾ ਕਰਨ ਲਈ ਆਪਣੇ ਭਤੀਜੇ ਸਰਦਾਰ ਭਾਗ ਸਿੰਘ ਨੂੰ ਭੇਜਿਆ। ਮੁਲਤਾਨ ਪਹੁੰਚਣ ਤੇ ਉੱਥੋਂ ਦੇ ਹਾਕਮ ਨੇ ਸ੍ਰ. ਭਾਗ ਸਿੰਘ ਦੀ ਬਹੁਤ ਖਾਤਰ ਕੀਤੀ ਸੀ ਅਤੇ ਅਧੀਨਗੀ ਮੰਨ ਲਈ।
ਲਗਭਗ 60 ਸਾਲ ਪੰਥ ਦੀ ਅਣਥੱਕ ਸੇਵਾ ਕਰਨ ਉਪਰੰਤ ਇਹ ਮਹਾਨ ਜਰਨੈਲ 22 ਅਕਤੂਬਰ 1783 ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਅਕਾਲ ਚਲਾਣਾ ਕਰ ਗਿਆ। ਸਿੱਖ ਕੌਮ ਉਸਨੂੰ ਆਪਣਾ ਬੇਤਾਜ ਬਾਦਸ਼ਾਹ ਮੰਨਦੀ ਸੀ ਪਰ ਉਸਨੇ ਅਖੀਰ ਸਮੇਂ ਤੱਕ ਆਪਣੇ ਆਪ ਨੂੰ ਪੰਥ ਦਾ ਸੇਵਕ ਹੀ ਬਣਿਆ ਰਹਿਣ ਵਿੱਚ ਹੀ ਮਾਣ ਮਹਿਸੂਸ ਕੀਤਾ। ਪੰਜਾਬ ਦੀ ਧਰਤੀ ਤੇ ਅੱਧੀ ਸਦੀ ਤੋਂ ਵੱਧ ਉਸ ਨੇ ਜੰਗਾਂ ਯੁੱਧਾਂ ਵਿੱਚ ਆਪਣਾ ਜੀਵਨ ਗੁਜਾਰਿਆ। ਆਪਣੀ ਬਹਾਦਰੀ, ਤਾਕਤ, ਅਕਲਮੰਦੀ ਤੇ ਗੁਰਸਿੱਖੀ ਜੀਵਨ ਨਾਲ ਉਸਨੇ ਮੁਲਤਾਨ ਤੋਂ ਯਮਨਾ ਤੱਕ ਸਿੱਖ ਪੰਥ ਦਾ ਨਾਂ ਰੋਸ਼ਨ ਕੀਤਾ। ਉਸ ਨੇ ਭਾਵੇਂ ਬਾਕਾਇਦਾ ਤੌਰ ਤੇ ਆਪਣਾ ਰਾਜ ਕਾਇਮ ਨਹੀਂ ਕੀਤਾ ਪਰ ਆਪਣੇ ਜੰਗਾਂ, ਯੁੱਧਾਂ ਤੇ ਜਿੱਤਾਂ ਨਾਲ ਉਸ ਨੇ ਸਿੱਖ ਰਾਜ ਦੀਆਂ ਹੱਦਾਂ ਕਾਇਮ ਕਰ ਦਿੱਤੀਆਂ ਸਨ।
ਇਸ ਤਰ੍ਹਾਂ ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਦਲ ਖਾਲਸਾ ਦਾ ਜਥੇਦਾਰ, ਪੂਰਨ ਗੁਰਸਿੱਖ, ਚੋਟੀ ਦਾ ਰਾਜਨੀਤੀਵਾਨ, ਸ਼ਕਤੀਸ਼ਾਲੀ ਯੋਧਾ, ਬੇਤਾਜ ਬਾਦਸ਼ਾਹ, ਸੁਲਤਾਨ-ਓੁਲ-ਕੌਮ ਅਤੇ ਸਿੱਖ ਰਾਜ ਦਾ ਉਸਰੱਈਆ ਤੇ ਪੰਥਕ ਪ੍ਰਚਾਰਕ ਹੋ ਨਿੱਬੜਿਆ। ਜਿੱਥੇ-ਜਿੱਥੇ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਦੇ ਕਦਮਾਂ ਦੇ ਨਿਸ਼ਾਨ ਸਨ ਉਥੇ ਤੱਕ ਸਿੱਖਾਂ ਦਾ ਰਾਜ ਸਥਾਪਤ ਹੋ ਗਿਆ ਸੀ। ਉਹ ਸਿੱਖ ਕੌਮ ਦੇ ਮਹਾਨ ਵਿਰਸੇ ਦਾ ਮਹੱਤਵਪੂਰਨ ਅੰਗ ਅਤੇ ਸਿੱਖ ਇਤਿਹਾਸ ਦਾ ਇਕ ਉਹ ਚਮਕਦਾ ਸਿਤਾਰਾ ਹੈ ਜਿਸ ਦੀ ਰੋਸ਼ਨੀ ਹਮੇਸ਼ਾ-ਹਮੇਸ਼ਾ ਹੀ ਸਾਡੀ ਜੁਆਨੀ ਨੂੰ ਉਤਸ਼ਾਹਿਤ ਅਤੇ ਸੇਧਤ ਕਰਦੀ ਰਹੇਗੀ।

Previous article
Next article

Related Articles

Latest Articles