6.9 C
Vancouver
Sunday, November 24, 2024

ਅਮਰੀਕਾ ’ਚ ਨਸ਼ਿਆਂ ਦੀ ਰਾਜਨੀਤੀ

 

 

 

ਲੇਖਕ : ਦਰਬਾਰਾ ਸਿੰਘ ਕਾਹਲੋਂ

ਸੰਪਰਕ: +1-289-829-2929

ਜੇਕਰ ਅਜੋਕੇ ਵਿਸ਼ਵ ਵਪਾਰ ਖੇਤਰ ’ਤੇ ਗਹੁ ਨਾਲ ਝਾਤ ਮਾਰੀ ਜਾਏ ਤਾਂ ਸਭ ਤੋਂ ਵੱਡੇ ਵਪਾਰ ਤਿੰਨ ਵਸਤਾਂ ’ਤੇ ਕੇਂਦਰਤ ਹਨ; ਇਹ ਹਨ: ਪੈਟਰੋਲੀਅਮ ਪਦਾਰਥ ਜਿਨ੍ਹਾਂ ਨੂੰ ਕਾਲਾ ਸੋਨਾ ਵੀ ਕਿਹਾ ਜਾਂਦਾ ਹੈ, ਮਾਰੂ ਜੰਗੀ ਹਥਿਆਰ ਅਤੇ ਸਭ ਤੋਂ ਭਿਆਨਕ ਪੱਧਰ ’ਤੇ ਸੰਗਠਿਤ ਨਸ਼ੀਲੇ ਪਦਾਰਥਾਂ ਦਾ ਵਪਾਰ।

ਨਸ਼ੀਲੇ ਪਦਾਰਥਾਂ, ਖਾਸ ਕਰ ਕੇ ਸਿੰਥੈਟਿਕ ਨਸ਼ਿਆਂ ਦਾ ਵਪਾਰ ਤਾਂ ਪੂਰੇ ਵਿਸ਼ਵ ਦੀ ਰਾਜਨੀਤੀ ਵਿਚ ਘੁਸਿਆ ਪਿਆ ਹੈ। ਮੈਕਸਿਕੋ, ਮਿਆਂਮਾਰ, ਅਫਗਾਨਿਸਤਾਨ, ਕੋਲੰਬੀਆ, ਬ੍ਰਾਜ਼ੀਲ, ਅਮਰੀਕਾ, ਕੁਝ ਪੱਛਮੀ ਤੇ ਏਸ਼ੀਆਈ ਦੇਸ਼ਾਂ, ਕੀਨੀਆ ਆਦਿ ਵਿਚ ਨਸ਼ਿਆਂ ਦੇ ਸਰਗਣੇ ਸਸਤਾ ਕੈਮੀਕਲ ਚੀਨ ਦੀ ਮੰਡੀ ਵਿੱਚੋਂ ਖਰੀਦ ਕੇ ਪੂਰੇ ਵਿਸ਼ਵ ਵਿਚ ਸਪਲਾਈ ਕਰਦੇ ਹਨ। ਚੋਣਾਂ ਦੌਰਾਨ ਵੋਟ ਰਾਜਨੀਤੀ ਖਾਤਰ ਪੂਰੇ ਵਿਸ਼ਵ ਦੇ ਦੇਸ਼ਾਂ ਵਿਚ ਧੜੱਲੇ ਨਾਲ ਇਸ ਦੀ ਸਪਲਾਈ ਘਰੋ-ਘਰੀ, ਗਲੀਆਂ ਮੁਹੱਲਿਆਂ ਅਤੇ ਬਾਜ਼ਾਰਾਂ ਵਿਚ ਹੁੰਦੀ ਹੈ।

ਇਸ ਵਪਾਰ ਵਿਚ ਰਾਜਨੀਤੀਵਾਨ, ਅਫਸਰਸ਼ਾਹ, ਪੁਲੀਸ ਪ੍ਰਸ਼ਾਸਨ, ਡਰੱਗ ਗੈਂਗਸਟਰ, ਜ਼ਮੀਨੀ ਪੱਧਰ ਦੇ ਸਪਲਾਈ ਕਰਤਾ ਸ਼ਾਮਲ ਹਨ। ਅਪਰੈਲ ਮਈ 2024 ਵਿਚ ਭਾਰਤ ਵਿਚ ਹੋਈਆਂ ਲੋਕ ਸਭਾ ਚੋਣਾਂ ਵਿਚ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਅਨੁਸਾਰ 10000 ਕਰੋੜ ਨਕਦੀ, 4381 ਕਰੋੜ ਕੀਮਤ ਦੇ ਨਸ਼ੀਲੇ ਪਦਾਰਥ ਫੜੇ ਗਏ। ਚੋਣਾਂ ਤੋਂ ਬਾਅਦ ਭਾਰਤ ਦੇ ਗ੍ਰਹਿ ਮੰਤਰੀ ਨਾਰਕੋ ਕੋਆਰਡੀਨੇਸ਼ਨ ਸੈਂਟਰ ਦੀ ਮੀਟਿੰਗ ਵਿਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਸਿੰਡੀਕੇਟਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਹਦਾਇਤ ਕਰਦੇ ਹਨ। ਉਹ ਖੁਲਾਸਾ ਕਰਦੇ ਹਨ ਕਿ ਜਿੱਥੇ 2004 ਤੋਂ 2013 ਤੱਕ 5933 ਕਰੋੜ ਦੀ 1.52 ਲੱਖ ਕਿਲੋ ਡਰੱਗ ਫੜੀ ਗਈ ਸੀ ਉਥੇ 2014 ਤੋਂ 2024 ਤੱਕ ਦਸ ਸਾਲਾਂ ਵਿਚ 22000 ਕਰੋੜ ਦੀ 5.43 ਲੱਖ ਕਿਲੋ ਡਰੱਗ ਫੜੀ ਗਈ।

ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਸਹੁੰ ਖਾ ਕੇ ਮੁੱਖ ਮੰਤਰੀ ਬਣਨ ਦੇ ਚਾਰ ਹਫ਼ਤੇ ਵਿਚ ਨਸ਼ੀਲੇ ਪਦਾਰਥਾਂ ਦਾ ਐਲਾਨ ਕੀਤਾ ਸੀ। ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਦੋ ਮਹੀਨੇ ਵਿਚ ਨਸ਼ੀਲੇ ਪਦਾਰਥਾਂ ਦੇ ਖਾਤਮੇ ਦੀ ਗਰੰਟੀ ਦਿਤੀ ਸੀ। ਮੁੱਖ ਮੰਤਰੀ ਭਗਵੰਤ ਮਾਨ ਪਿਛਲੇ ਢਾਈ ਸਾਲਾਂ ਤੋਂ ਰਟ ਲਗਾ ਰਿਹਾ ਹੈ। ਉਲਟਾ ਆਏ ਦਿਨ ਨਸ਼ਿਆਂ ਦੀ ਓਵਰਡੋਜ਼ ਨਾਲ ਨੌਜਵਾਨ ਮਰ ਰਹੇ ਹਨ। ਨਸ਼ੀਲੇ ਪਦਾਰਥਾਂ ਦੀ ਹੋਮ ਡਿਿਲਵਰੀ ਜਾਰੀ ਹੈ। ਸਕੂਲ, ਕਾਲਜ, ਯੂਨੀਵਰਸਿਟੀਆਂ, ਤਕਨੀਕੀ ਸੰਸਥਾਵਾਂ, ਪਿੰਡਾਂ ਦੀਆਂ ਦੁਕਾਨਾਂ, ਸੱਥਾਂ, ਗਲੀਆਂ, ਮੁਹੱਲਿਆਂ, ਵੱਡੀਆਂ-ਵੱਡੀਆਂ ਚਾਰ ਦੀਵਾਰੀ ਵਾਲੀਆਂ ਜੇਲ੍ਹਾਂ, ਸਾਡੇ ਨਸ਼ੀਲੇ ਪਦਾਰਥਾਂ ਦੇ ਅੱਡੇ ਬਣੇ ਪਏ ਹਨ। ਪੁਲੀਸ ਪ੍ਰਸ਼ਾਸਨ ਦੀ ਚੱਕ-ਥੱਲ, ਛਾਪੇ, ਫਰੋਲਾ-ਫਰਾਲੀ, ਡਰਾਮਈ ਕਵਾਇਦ ਤੋਂ ਇਲਾਵਾ ਕੁਝ ਨਹੀਂ। ਇਹ ਤਾਂ ਬਹੁਤ ਵੱਡੇ ਪੱਧਰ ਦੀ ਕੌਮਾਂਤਰੀ ਨਸ਼ਾ ਸਰਗਣਿਆਂ, ਏਜੰਟਾਂ, ਬਦਨਾਮ ਕਾਰਪੋਰੇਟਰਾਂ, ਰਾਜਨੀਤੀਵਾਨਾਂ, ਅਫਸਰਸ਼ਾਹ ਏਜੰਟਾਂ, ਹਥਿਆਰਬੰਦ ਗੈਂਗਸਟਰਾਂ ਦੀ ਖੇਡ ਹੈ।

ਅਮਰੀਕਾ ਜੋ ਵਿਸ਼ਵ ਪੱਧਰ ਦੀ ਇੱਕੋ-ਇਕ ਮਹਾਂ ਸ਼ਕਤੀ ਹੈ ਉੱਥੇ 5 ਨਵੰਬਰ 2024 ਨੂੰ ਰਾਸ਼ਟਰਪਤੀ ਪਦ ਲਈ ਹੋ ਰਹੀਆਂ ਚੋਣਾਂ ਵਿਚ ਨਸ਼ੀਲੇ ਪਦਾਰਥਾਂ ਦੀ ਸਪਲਾਈ ਦੇ ਬੜੇ ਵਿਧੀਵਤ ਢੰਗ ਨਾਲ ਮਨਸੂਬੇ ਬਣ ਚੁੱਕੇ ਹਨ। ਜੋ ਕੁਝ ਹੋ ਰਿਹਾ ਹੈ, ਉਹ ਅਤਿ ਹੈਰਾਨੀਜਨਕ ਹੋਣ ਦੇ ਨਾਲ-ਨਾਲ ਅਤਿ ਚਿੰਤਾਜਨਕ ਹੈ। ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਮਾਰੂ ਸਿੰਥੈਟਿਕ ਨਸ਼ੇ ਦੀ ਸਪਲਾਈ ਧੜੱਲੇ ਨਾਲ ਕੀਤੀ ਜਾਵੇਗੀ। ਚੋਣਾਂ ਵਿਚ ਹਾਰ-ਜਿੱਤ ਦਾ ਪਾਸਾ ਪਲਟਣ ਵਜੋਂ ਜਾਣੀਆਂ ਜਾਂਦੀਆਂ 7 ਸਟੇਟਾਂ ਅੰਦਰ 10 ਵਿਚੋਂ 8 ਵੋਟਰ ਇਨ੍ਹਾਂ ਭੈੜੇ ਅਤੇ ਮਾਰੂ ਸਿੰਥੈਟਿਕ ਨਸ਼ਿਆਂ ਨਾਲ ਪ੍ਰਭਾਵਿਤ ਕੀਤੇ ਜਾਣਗੇ। ਅਮਰੀਕੀ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਕਿੱਥੇ ਯੂਕਰੇਨ ਜੰਗ, ਗਾਜ਼ਾ ਪੱਟੀ ਨਸਲਘਾਤ, ਵਾਤਾਵਰਨ ਸੰਭਾਲ, ਗਰਭਪਾਤ, ਬੰਦੂਕ ਸਭਿਆਚਾਰ, ਆਰਥਿਕਤਾ ਆਦਿ ਮੁੱਦੇ ਉਭਾਰੇ ਜਾਣਗੇ ਉੱਥੇ ਸਭ ਤੋਂ ਵੱਡਾ ਪ੍ਰਭਾਵ ਨਸ਼ੀਲੇ ਪਦਾਰਥ ਪਾਉਣਗੇ।

ਫੈਂਟਾਨਾਈਲ ਨਸ਼ੇ ਦਾ ਵਪਾਰ ਅਮਰੀਕਾ ਅੰਦਰ ਅਤਿ ਬਦਨਾਮ ਹੈ। ਕੋਵਿਡ-19 ਮਹਾਮਾਰੀ ਵੇਲੇ ਨਵੰਬਰ 2019 ਤੋਂ ਅਕਤੂਬਰ 2023 ਤੱਕ ਦੀ ਜਾਣਕਾਰੀ ਅਨੁਸਾਰ ਦੇਸ਼ ਵਿਚ 2,70,000 ਲੋਕ ਇਸ ਨਸ਼ੇ ਦੀ ਓਵਰਡੋਜ਼ ਨਾਲ ਮਰ ਗਏ। ਇਹ ਡੇਟਾ ਬਿਮਾਰੀ ਕੰਟਰੋਲ ਅਤੇ ਰੋਕਥਾਮ ਕੇਂਦਰ ਨੇ ਜਾਰੀ ਕੀਤਾ ਹੈ। ਸਮਾਜਿਕ ਪੱਧਰ ’ਤੇ ਹੀ ਨਹੀਂ ਬਲਕਿ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਕੰਮ ਵਾਲੀਆਂ ਥਾਵਾਂ ’ਤੇ ਇਸ ਨਸ਼ੇ ਦਾ ਕਹਿਰ ਵਧ ਰਿਹਾ ਹੈ। ਗੁਆਂਢੀ ਕੈਨੇਡਾ ਅਤੇ ਮੈਕਸਿਕੋ ਦਾ ਵੀ ਇਹੀ ਹਾਲ ਹੈ।

ਇਸ ਨਸ਼ੇ ਨੂੰ ਵੱਡੇ ਪੈਮਾਨੇ ’ਤੇ ਫੈਲਾਉਣ ਅਤੇ ਸਪਲਾਈ ਕਰਨ ਲਈ ਮੁੱਖ ਤੌਰ ’ਤੇ ਜ਼ਿੰਮੇਵਾਰ ਪਰਵਾਸੀ ਹਨ ਜੋ ਲੱਖਾਂ ਦੀ ਤਾਦਾਦ ਵਿਚ ਅਮਰੀਕਾ ਅੰਦਰ ਘੁਸਣ ਲਈ ਸਰਹੱਦਾਂ ’ਤੇ ਡੇਰੇ ਲਾਈ ਬੈਠੇ ਹਨ। ਰਾਸ਼ਟਰਪਤੀ ਜੋਅ ਬਾਇਡਨ ਨੇ ਰਿਪਬਲਿਕਨ ਪਾਰਟੀ ਨਾਲ ਸਬੰਧਿਤ ਕਾਂਗਰਸ ਪ੍ਰਤੀਨਿਧਾਂ ਅਤੇ ਸੈਨੇਟਰਾਂ ਸਿਰ ਦੋਸ਼ ਮੜ੍ਹਿਆ ਕਿ ਉਹ ਸਿੰਥੈਟਿਕ ਨਸ਼ੇ ਰੋਕਣ ਲਈ ਪ੍ਰਤੀਬੱਧ ਨਹੀਂ। ਨਸ਼ਾ ਰੋਕੂ ਸਖਤ ਕਾਨੂੰਨ ਪਾਸ ਕਰਨ ਅਤੇ ਸਖ਼ਤ ਕਦਮ ਚੁੱਕਣ ਲਈ ਸੰਜੀਦਾ ਨਹੀਂ। ਦੂਸਰੇ ਪਾਸੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਬਾਇਡਨ ਪ੍ਰਸ਼ਾਸ਼ਨ ’ਤੇ ਦੋਸ਼ ਲਾਉਂਦੇ ਹਨ ਕਿ ਉਨਾਂ ਨੇ ਮੈਕਸਿਕੋ ਸਰਹੱਦ ’ਤੇ ਸੁਰੱਖਿਆ ਦਸਤੇ ਤਾਇਨਾਤ ਕਰਨ ਅਤੇ ਡਰੱਗ ਸਮਗਲਰਾਂ ਲਈ ਮੌਤ ਦੀ ਸਜ਼ਾ ਦਾ ਕਾਨੂੰਨ ਪਾਸ ਕਰਨ ਤੋਂ ਜਾਣ ਬੁੱਝ ਕੇ ਕੰਨੀ ਕਤਰਾਈ। ਰਿਪਬਲਿਕਨ ਰਾਸ਼ਟਰੀ ਕਮੇਟੀ ਦੇ ਬੁਲਾਰੇ ਨੇ ਦੋਸ਼ ਲਗਾਇਆ ਕਿ ਅਮਰੀਕਾ ਨੂੰ ਅੰਦਰੋਂ ਹੀ ਨਸ਼ੇ ਦਾ ਜ਼ਹਿਰ ਦਿੱਤਾ ਜਾ ਰਿਹਾ ਹੈ। ਅਮਰੀਕਾ ਨੂੰ ਡਰੱਗ ਮੁਕਤ ਸਿਰਫ ਅਤੇ ਸਿਰਫ ਟਰੰਪ ਹੀ ਬਣਾ ਸਕਦਾ ਹੈ।

ਅਮਰੀਕੀ ਇਹ ਵੀ ਮੰਨਦੇ ਹਨ ਕਿ ਮੈਕਸਿਕੋ ਅਤੇ ਕੌਮਾਂਤਰੀ ਡਰੱਗ ਸਰਗਣਿਆਂ ਤੋਂ ਇਲਾਵਾ ਸਿੰਥੈਟਿਕ ਨਸ਼ਾ ਕੈਨੇਡਾ ਤੋਂ ਵੀ ਸਪਲਾਈ ਹੋ ਰਿਹਾ ਹੈ। ਅਮਰੀਕਾ ਅੰਦਰ ਨਸ਼ੀਲੇ ਪਦਾਰਥਾਂ ਨਾਲ ਮੌਤਾਂ ਪੂਰੇ ਦੇਸ਼ ਵਿਚ ਹੋ ਰਹੀਆਂ ਹਨ। ਰੈੱਡ ਕਾਰਪੋਰੇਸ਼ਨ ਰਿਪੋਰਟ ਅਨੁਸਾਰ 10 ਵਿੱਚੋਂ 4 ਡਰੱਗ ਓਵਰਡੋਜ਼ ਨਾਲ ਮਰ ਰਹੇ ਹਨ। ਫੈਂਟਾਨਾਈਲ ਦੀ 2 ਮਿਲੀਗ੍ਰਾਮ ਮਾਤਰਾ ਬਹੁਤ ਮਾਰੂ ਹੁੰਦੀ ਹੈ। ਹੈਰਾਨੀ ਹੈ ਕਿ ਹਰ ਗਲੀ ਮੁਹੱਲੇ ਵਿਚ ਸਿੰਥੈਟਿਕ ਗੋਲੀ ਦਾ ਰੇਟ ਬਦਲਦਾ ਹੈ। ਮੈਕਸਿਕੋ ਨਾਲ ਲਗਦੇ ਉਨ੍ਹਾਂ ਰਾਜਾਂ ਵਿਚ ਫੈਂਟਾਨਾਈਲ ਨਸ਼ੇ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਹੈ ਜੋ ਰਾਸ਼ਟਰਪਤੀ ਚੋਣਾਂ ਵੇਲੇ ਜਿੱਤ-ਹਾਰ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਐਰੀਜ਼ੋਨਾ ਇਸ ਦੀ ਮਿਸਾਲ ਹੈ। ਐਮਰਜੈਂਸੀ ਸੇਵਾਵਾਂ ਅਨੁਸਾਰ, ਰੋਜ਼ਾਨਾ ਦੋ ਫੋਨ ਓਵਰਡੋਜ਼ ਕੇਸਾਂ ਸਬੰਧੀ ਆਉਂਦੇ ਹਨ। ਫੀਨਿਕਸ ਸ਼ਹਿਰ ਦੇ ਪੂਰਬ ਵਿਚ 1,86,000 ਲੋਕ ਵਸਦੇ ਹਨ। ਇੱਥੋਂ ਪਿਛਲੇ ਸਾਲ 4-5 ਮਿਲੀਅਨ ਫੈਂਟਾਨਾਈਲ ਗੋਲੀਆਂ ਅਤੇ 140 ਪੌਂਡ ਪਾਊਡਰ ਮਿਿਲਆ ਜੋ ਸਿਨੋਲੀਆ ਦੇ ਨਸ਼ਾ ਸਰਗਣੇ ਨੇ ਸਪਲਾਈ ਕੀਤੇ ਸਨ। ਟੈਂਪੇ ਪੁਲੀਸ ਸਾਰਜੈਂਟ ਰੌਬ ਫਰੈਰੋ ਦਾ ਮੰਨਣਾ ਹੈ ਕਿ ਇਸ ਖੇਤਰ ਵਿਚ ਫੈਂਟਾਨਾਈਲ ਨਸ਼ੇ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਰ ਕੇ ਫੈਲੇ। ਟਰੰਪ ਚੋਣਾਂ ਜਿੱਤਣ ਲਈ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ।

ਅਮਰੀਕਾ ਵਰਗੀ ਮਹਾਂ ਸ਼ਕਤੀ ਅੰਦਰ ਨਸ਼ੀਲੇ ਪਦਾਰਥਾਂ ਦੀ ਦਾਸਤਾਨ ਬਿਆਨ ਕਰਦੀ ਹੈ ਕਿ ਇਹ ਮਾਨਵਤਾ ਮਾਰੂ ਕਾਰੋਬਾਰ ਤਦੂੰਏ ਵਾਂਗ ਕਿਸ ਕਦਰ ਪੂਰੇ ਵਿਸ਼ਵ ਵਿਚ ਫੈਲਿਆ ਹੋਇਆ ਹੈ। ਇਸ ਦੇ ਭਿਆਨਕ ਵਾਰ ਦਾ ਸ਼ਿਕਾਰ ਵਿਸ਼ਵ ਭਰ ਦੀ ਨੌਜਵਾਨ ਪੀੜ੍ਹੀ ਹੈ ਅਤੇ ਇਸ ਲਈ ਪ੍ਰਮੁੱਖ ਤੌਰ ’ਤੇ ਦੋਸ਼ੀ ਸੱਤਾ ਤੇ ਧਨ-ਦੌਲਤ ਮੋਹ, ਅਸੀਮ ਸ਼ਕਤੀਆਂ, ਐਸ਼ੋ-ਇਸ਼ਰਤ ਵਾਲੀ ਰਾਜਨੀਤੀ ਹੈ। ਇਨ੍ਹਾਂ ਨੂੰ ਕੌਝ ਸਮਝਾਵੇ ਕਿ ਰਾਜਨੀਤੀ ਰਾਜਨੇਤਾਵਾਂ ਲਈ ਨਹੀਂ, ਨੌਜਵਾਨਾਂ ਦਾ ਭਵਿੱਖ ਸੰਵਾਰਨ ਲਈ ਹੋਣੀ ਚਾਹੀਦੀ ਹੈ।

Related Articles

Latest Articles