ਇਰਾਨ: ਆਧੁਨਿਕਤਾਵਾਦੀ ਮੁਲਕ ਤੋਂ ਜੰਗ ਦੇ ਮੁਹਾਣ ਤੱਕ

 

 

ਲੇਖਕ : ਜੀਐੱਸ ਗੁਰਦਿੱਤ

ਸੰਪਰਕ: 94171-93193

ਅੱਜ ਇਰਾਨ ਅਤੇ ਇਜ਼ਰਾਈਲ ਇੱਕ ਦੂਜੇ ਖ਼ਿਲਾਫ ਜੰਗ ਲੜਨ ਲਈ ਆਹਮੋ-ਸਾਹਮਣੇ ਖੜ੍ਹੇ ਹਨ। ਦੋਵੇਂ ਮੁਲਕ ਭਾਵੇਂ ਇੱਕ ਦੂਸਰੇ ਦੇ ਨਾਲ ਨਹੀਂ ਲੱਗਦੇ, ਫਿਰ ਵੀ ਦੋਹਾਂ ਦੀਆਂ ਮਿਜ਼ਾਈਲਾਂ ਇੱਕ-ਦੂਸਰੇ ਤੱਕ ਪਹੁੰਚਣ ਦੀ ਸਮਰੱਥਾ ਰੱਖਦੀਆਂ ਹਨ। ਇਰਾਨ ਵਿੱਚ ਅਮਰੀਕਾ ਨੂੰ ਵੱਡਾ ਸ਼ੈਤਾਨ ਅਤੇ ਇਜ਼ਰਾਈਲ ਨੂੰ ਛੋਟਾ ਸ਼ੈਤਾਨ ਕਿਹਾ ਜਾਂਦਾ ਹੈ। ਇਸੇ ਕਰ ਕੇ ਡਰ ਇਸ ਗੱਲ ਦਾ ਵੀ ਹੈ ਕਿ ਇਹ ਜੰਗ ਕਿਤੇ ਤੀਜੀ ਸੰਸਾਰ ਜੰਗ ਨਾ ਬਣ ਜਾਵੇ। ਜਿਵੇਂ ਇਜ਼ਰਾਈਲ ਨੂੰ ਅਮਰੀਕਾ ਦਾ ਸਿੱਧਾ ਸਮਰਥਨ ਹੈ, ਉਵੇਂ ਹੀ ਇਰਾਨ ਨੂੰ ਰੂਸ ਅਤੇ ਚੀਨ ਦਾ ਅੰਦਰਖਾਤੇ ਸਮਰਥਨ ਵੀ ਹੁਣ ਗੁੱਝਾ ਨਹੀਂ ਰਿਹਾ ਪਰ ਕੀ ਇਰਾਨ ਹਮੇਸ਼ਾ ਹੀ ਅਮਰੀਕਾ ਅਤੇ ਇਜ਼ਰਾਈਲ ਦਾ ਦੁਸ਼ਮਣ ਸੀ? ਨਹੀਂ, ਅੱਜ ਤੋਂ 50 ਸਾਲ ਪਹਿਲਾਂ ਵਾਲੇ ਅਤੇ ਅੱਜ ਦੇ ਇਰਾਨ ਵਿੱਚ ਬਹੁਤ ਕੁਝ ਬਦਲ ਚੁੱਕਾ ਹੈ।

ਇਰਾਨ ਦੇ ਸ਼ਾਹ ਮੁਹੰਮਦ ਰਜ਼ਾ ਪਹਿਲਵੀ ਦੇ ਰਾਜ ਵਿੱਚ (1967-1979) ਇਰਾਨੀ ਸੱਭਿਆਚਾਰ ਉੱਤੇ ਪੱਛਮੀ ਪ੍ਰਭਾਵ ਬਹੁਤ ਵਧ ਰਿਹਾ ਸੀ। ਸ਼ਹਿਰਾਂ ਵਿੱਚ ਤਾਂ ਇਹ ਪ੍ਰਭਾਵ ਖ਼ਾਸ ਤੌਰ ’ਤੇ ਦੇਖਿਆ ਜਾ ਸਕਦਾ ਸੀ। ਇਰਾਨ ਦੇ ਸ਼ਹਿਰੀ ਮੱਧ-ਵਰਗੀ ਲੋਕ ਸਮੁੰਦਰ ਕੰਢੇ ਧੁੱਪ ਸੇਕਦੇ ਅਤੇ ਨਾਈਟ ਕਲੱਬਾਂ ਵਿੱਚ ਜਾਂਦੇ ਆਮ ਹੀ ਦੇਖੇ ਜਾ ਸਕਦੇ ਸਨ। ਇਸ ਦਾ ਮੁੱਖ ਕਾਰਨ ਸ਼ਾਇਦ ਸ਼ਾਹ ਖ਼ੁਦ ਹੀ ਸੀ ਜੋ ਪੱਛਮੀ ਰੰਗ ਵਿੱਚ ਪੂਰੀ ਤਰ੍ਹਾਂ ਰੰਗਿਆ ਹੋਇਆ ਸੀ। ਉਸ ਦਾ ਖਾਣਾ, ਪਹਿਨਣਾ, ਭੋਗ ਵਿਲਾਸ ਆਦਿ ਪੂਰੀ ਤਰ੍ਹਾਂ ਪੱਛਮ ਤੋਂ ਪ੍ਰੇਰਿਤ ਸੀ। ਪੱਛਮੀ ਮੁਲਕਾਂ ਦੇ ਨਾਲ-ਨਾਲ ਉਸ ਨੇ ਇਜ਼ਰਾਈਲ ਨਾਲ ਵੀ ਵਧੀਆ ਸਬੰਧ ਬਣਾ ਕੇ ਰੱਖੇ ਸਨ। ਅਸਲ ਵਿੱਚ ਮੱਧ-ਪੂਰਬ ਵਿੱਚ ਇਰਾਨ ਪਹਿਲਾ ਮੁਲਕ ਸੀ ਜਿਸ ਨੇ ਇਜ਼ਰਾਈਲ ਨੂੰ ਸਪਸ਼ਟ ਮਾਨਤਾ ਦਿੱਤੀ ਸੀ ਅਤੇ ਫ਼ਲਸਤੀਨੀਆਂ ਨੂੰ ਅਤਿਵਾਦੀ ਕਹਿ ਕੇ ਭੰਡਿਆ ਸੀ। ਉਦੋਂ ਸੋਵੀਅਤ ਰੂਸ ਅਤੇ ਅਮਰੀਕਾ ਵਿੱਚ ਠੰਢੀ ਜੰਗ ਜ਼ੋਰਾਂ ਉੱਤੇ ਸੀ। ਇਰਾਨ ਨੇ ਰੂਸ ਅਤੇ ਇਰਾਕ ਦੇ ਖ਼ਿਲਾਫ ਅਮਰੀਕਾ ਨਾਲ ਨੇੜਤਾ ਰੱਖੀ।

ਇਰਾਕ ਨੂੰ ਕਮਜ਼ੋਰ ਕਰਨ ਲਈ ਉਸ ਨੇ ਕੁਰਦ ਲੜਾਕੂਆਂ ਦੀ ਅੰਦਰਖ਼ਾਤੇ ਮਦਦ ਕੀਤੀ ਪਰ ਜਾਣ-ਬੁਝ ਕੇ ਟੇਢੇ ਢੰਗ ਨਾਲ ਉਹਨਾਂ ਨੂੰ ਰੂਸੀ ਹਥਿਆਰ ਉਪਲਭਧ ਕਰਵਾਏ ਤਾਂ ਕਿ ਰੂਸ ਇਰਾਕ ਬਾਰੇ ਸ਼ੱਕੀ ਹੋ ਜਾਵੇ। ਉਸ ਨੇ ਖਾੜੀ ਦੇ ਬਾਕੀ ਤੇਲ ਉਤਪਾਦਕ ਮੁਲਕਾਂ ਨਾਲ ਮਿਲ ਕੇ ਅਜਿਹੇ ਫ਼ੈਸਲੇ ਕਰਵਾਏ ਜਿਨ੍ਹਾਂ ਨਾਲ ਤੇਲ ਦੀਆਂ ਕੀਮਤਾਂ ਵਾਰੀ-ਵਾਰੀ ਅਤੇ ਛੇਤੀ-ਛੇਤੀ ਵਧਾਈਆਂ ਜਾਣ ਲੱਗੀਆਂ। ਇਸ ਨਾਲ ਅਮਰੀਕਾ ਵਰਗੇ ਮੁਲਕ ਭਾਵੇਂ ਨਾਰਾਜ਼ ਵੀ ਹੋਏ ਪਰ ਇਸ ਨਾਲ ਇਰਾਨ ਦਾ ਖ਼ਜ਼ਾਨਾ ਭਰਨ ਲੱਗਿਆ। ਇਸ ਪੈਸੇ ਨੂੰ ਉਸ ਨੇ ਹੋਰਨਾਂ ਥਾਵਾਂ ਤੋਂ ਇਲਾਵਾ ਸਕੂਲਾਂ ਅਤੇ ਹਸਪਤਾਲਾਂ ਉੱਤੇ ਵੀ ਖੁੱਲ੍ਹ ਕੇ ਖਰਚਿਆ। ਉਸ ਨੇ ਇਰਾਨੀ (ਪਰਸ਼ੀਆ) ਸਾਮਰਾਜ ਦੀ 2500ਵੀਂ ਵਰ੍ਹੇਗੰਢ ਮਨਾਈ ਅਤੇ ਮਹਾਨ ਸ਼ਾਸਕ ਸਾਈਰਸ ਦਾ ਬੁੱਤ ਵੀ ਬਣਵਾਇਆ। ਉਸ ਦੇ ਅਖ਼ੀਰਲੇ 15 ਸਾਲਾਂ ਦੌਰਾਨ ਇਰਾਨ ਨੇ ਬਹੁਤ ਤੇਜ਼ੀ ਨਾਲ ਆਰਥਿਕ ਤਰੱਕੀ ਕੀਤੀ। ਮੁਲਕ ਵਿੱਚ ਨਿੱਜੀ ਕਾਰਾਂ ਅਤੇ ਟੈਲੀਵਿਜ਼ਨਾਂ ਦੀ ਗਿਣਤੀ ਤੇਜ਼ੀ ਨਾਲ ਵਧਣ ਲੱਗੀ। ਉਸ ਨੇ ਇਰਾਨ ਵਿੱਚ ਸਥਾਨਕ ਪੱਧਰ ਦੀਆਂ ਚੋਣਾਂ ਜਿੱਤਣ ਵਾਲੇ ਯਹੂਦੀਆਂ, ਇਸਾਈਆਂ ਅਤੇ ਹੋਰ ਫ਼ਿਰਕਿਆਂ ਦੇ ਲੋਕਾਂ ਨੂੰ ਉਹਨਾਂ ਦੇ ਆਪੋ-ਆਪਣੇ ਧਰਮ ਗ੍ਰੰਥਾਂ ਉੱਤੇ ਹੱਥ ਰੱਖ ਕੇ ਸਹੁੰ ਚੁੱਕਣ ਦੀ ਆਗਿਆ ਦਿੱਤੀ। ਇੰਝ ਹੀ 1963 ਵਿੱਚ ਉਸ ਨੇ ਔਰਤਾਂ ਨੂੰ ਵੋਟ ਦੇਣ ਦਾ ਅਧਿਕਾਰ ਦੇ ਦਿੱਤਾ ਜਿਸ ਨੂੰ ਸਫ਼ੈਦ ਕ੍ਰਾਂਤੀ ਵਜੋਂ ਜਾਣਿਆ ਜਾਂਦਾ ਹੈ।

ਇਰਾਨ ਦਾ ਸ਼ਾਹ ਕਿਉਂਕਿ ਅਮਰੀਕਾ ਦਾ ਹਮਾਇਤੀ ਸੀ, ਇਸ ਲਈ ਇਰਾਨ ਵਿੱਚ ਆਇਤਉੱਲਾ ਰੁਹੋਲਾ ਖ਼ੁਮੈਨੀ ਵਰਗੇ ਲੋਕਾਂ ਨੇ ਇਹ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਕਿ ਅਮਰੀਕਾ ਇਰਾਨ ਨੂੰ ਰੂਸ ਖ਼ਿਲਾਫ ਅੱਡੇ ਵਜੋਂ ਵਰਤਣਾ ਚਾਹੁੰਦਾ ਹੈ। ਸ਼ਾਹ ਦੀਆਂ ਪੂੰਜੀਵਾਦੀ ਨੀਤੀਆਂ ਕਾਰਨ ਖੱਬੇ ਪੱਖੀ ਵਿਿਦਆਰਥੀ ਵਿੰਗ ਤਾਂ ਉਸ ਦੇ ਵਿਰੋਧ ਵਿੱਚ ਆਉਣੇ ਹੀ ਸਨ ਪਰ ਖ਼ੁਮੈਨੀ ਪੱਖੀ ਕੱਟੜ ਸ਼ੀਆ ਮੁਸਲਿਮ ਜਥੇਬੰਦੀਆਂ ਵੀ ਉਸ ਦੀਆਂ ਸਿੱਧੀਆਂ ਹੀ ਦੁਸ਼ਮਣ ਬਣ ਗਈਆਂ। ਰੁਹੋਲਾ ਖ਼ੁਮੈਨੀ ਦੀ ਤਕਰੀਰ ਬਹੁਤ ਪ੍ਰਭਾਵਸ਼ਾਲੀ ਸੀ ਅਤੇ ਉਸ ਦਾ ਮੁਲਕ ਦੇ ਨੌਜਵਾਨਾਂ, ਵਿਦਵਾਨਾਂ, ਚਿੰਤਕਾਂ ਅਤੇ ਆਮ ਲੋਕਾਂ ਉੱਤੇ ਬਹੁਤ ਤਕੜਾ ਪ੍ਰਭਾਵ ਸੀ। ਉਸ ਨੇ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਕਿ ਇਰਾਨ ਨੂੰ ਪੱਛਮੀ ਪ੍ਰਭਾਵ ਤੋਂ ਮੁਕਤ ਕਰ ਕੇ ਇਸਲਾਮੀ ਮੁਲਕ ਵਜੋਂ ਚਲਾਉਣ ਦੀ ਸਖ਼ਤ ਲੋੜ ਹੈ। ਖ਼ੁਮੈਨੀ ਨੂੰ ਬਹੁਤ ਸਾਰੇ ਵਿਿਦਆਰਥੀ ਸੰਗਠਨਾਂ ਦਾ ਵੀ ਸਾਥ ਮਿਿਲਆ ਹੋਇਆ ਸੀ।

ਹਾਲਾਤ ਇਹ ਬਣ ਗਏ ਕਿ ਪੁਲਿਸ ਨੇ ਤਕਰੀਬਨ 200 ਵਿਿਦਆਰਥੀਆਂ ਨੂੰ ਸਿੱਖਿਆ ਸੰਸਥਾਵਾਂ ਦੀਆਂ ਉੱਚੀਆਂ ਇਮਾਰਤਾਂ ਦੀਆਂ ਛੱਤਾਂ ਉੱਤੋਂ ਹੇਠਾਂ ਸੁੱਟ ਕੇ ਕਤਲ ਕਰ ਦਿੱਤਾ। ਅੰਤ 1979 ਵਿੱਚ ਇਸਲਾਮੀ ਕ੍ਰਾਂਤੀ ਦੇ ਸਫ਼ਲ ਹੋਣ ਨਾਲ ਸ਼ਾਹ ਦਾ ਤਖ਼ਤਾ ਪਲਟਾ ਦਿੱਤਾ ਗਿਆ ਅਤੇ ਰੁਹੋਲਾ ਖ਼ੁਮੈਨੀ ਨਾਇਕ ਵਜੋਂ ਸਾਹਮਣੇ ਆਇਆ। ਰੁਹੋਲਾ ਖ਼ੁਮੈਨੀ ਦਾ ਦਾਦਾ ਸਈਅਦ ਅਹਿਮਦ ਮੁਸਾਵੀ ਹਿੰਦੀ 1830 ਵਿੱਚ ਭਾਰਤ ਤੋਂ ਉਸ ਸਮੇਂ ਪਰਵਾਸ ਕਰ ਕੇ ਇਰਾਨ ਚਲਾ ਗਿਆ ਸੀ ਜਦੋਂ ਉਸ ਦੇ ਇਲਾਕੇ ਬਾਰਾਬੰਕੀ (ਉੱਤਰ ਪ੍ਰਦੇਸ਼) ਵਿੱਚ ਅਵਧ ਦੇ ਨਵਾਬ ਦਾ ਰਾਜ ਸੀ ਅਤੇ ਬਰਤਾਨਵੀ ਕਬਜ਼ਾ ਬਰੂਹਾਂ ਉੱਤੇ ਸੀ ਤੇ ਪੰਜਾਬ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਦਬਦਬਾ ਕਾਇਮ ਸੀ। ਉਹ ਇਰਾਨ ਦੇ ਖ਼ੁਮੈਨ ਇਲਾਕੇ ਵਿੱਚ ਵਸ ਗਿਆ ਜਿਸ ਕਰ ਕੇ ਉਸਦੇ ਵਾਰਸਾਂ ਨੇ ਆਪਣੇ ਨਾਮ ਨਾਲ ਹਿੰਦੀ ਦੀ ਥਾਂ ਖ਼ੁਮੈਨੀ ਲਗਾਉਣਾ ਸ਼ੁਰੂ ਕਰ ਦਿੱਤਾ।

ਸ਼ਾਹ ਦਾ ਸ਼ਾਸਨ ਖ਼ਤਮ ਹੋਣ ਨਾਲ ਖ਼ੁਮੈਨੀ ਦਾ ਕਾਰਜਕਾਲ ਸ਼ੁਰੂ ਹੋ ਗਿਆ। ਇਸ ਬਗ਼ਾਵਤ ਦੇ ਸਮੇਂ ਅਮਰੀਕਾ ਨੇ ਸ਼ਾਹ ਦੀ ਕੋਈ ਮਦਦ ਨਾ ਕੀਤੀ। ਕੁਝ ਵਿਸ਼ਲੇਸ਼ਕਾਂ ਦਾ ਤਾਂ ਇਹ ਵੀ ਮੰਨਣਾ ਹੈ ਕਿ ਇਹ ਸਾਰੀ ਸਾਜ਼ਿਸ਼ ਅਮਰੀਕਾ ਅਤੇ ਇੰਗਲੈਂਡ ਦੀ ਹੀ ਸੀ ਕਿਉਂਕਿ ਇਰਾਨ ਦਾ ਸ਼ਾਹ ਖਾੜੀ ਦੇ ਮੁਲਕਾਂ ਨੂੰ ਉਕਸਾ ਕੇ ਤੇਲ ਦਾ ਬੇਤਾਜ਼ ਬਾਦਸ਼ਾਹ ਬਣਨ ਦੇ ਰਾਹ ਪੈ ਗਿਆ ਸੀ। ਬੀਬੀਸੀ ਦੀਆਂ ਕੁਝ ਰਿਪੋਰਟਾਂ ਤਾਂ ਇਹ ਵੀ ਕਹਿੰਦੀਆਂ ਹਨ ਕਿ ਰੁਹੋਲਾ ਖ਼ੁਮੈਨੀ ਪੂਰੀ ਤਰ੍ਹਾਂ ਤੱਤਕਾਲੀ ਅਮਰੀਕੀ ਰਾਸ਼ਟਰਪਤੀ ਜਿੰਮੀ ਕਾਰਟਰ ਨਾਲ ਸੰਪਰਕ ਵਿੱਚ ਸੀ। ਉਸ ਨੇ ਅਮਰੀਕਾ ਨੂੰ ਵਿਸ਼ਵਾਸ ਦਿਵਾਇਆ ਸੀ ਕਿ ਅਸੀਂ ਰੂਸ ਦੇ ਖ਼ਿਲਾਫ ਅਤੇ ਅਮਰੀਕਾ ਦੇ ਹੱਕ ਵਿੱਚ ਖੜ੍ਹਾਂਗੇ ਪਰ ਬਾਅਦ ਵਿੱਚ ਉਹ ਅਮਰੀਕਾ ਦਾ ਕੱਟੜ ਵਿਰੋਧੀ ਬਣ ਕੇ ਸਾਹਮਣੇ ਆਇਆ। ਉਸ ਦਾ ਪੁੱਤਰ ਅਤੇ ਅੱਜ ਦਾ ਇਰਾਨੀ ਸਰਵਉੱਚ ਆਗੂ ਆਇਤਉੱਲਾ ਅਲੀ ਖ਼ੁਮੈਨੀ ਅਜਿਹੀਆਂ ਰਿਪੋਰਟਾਂ ਨੂੰ ਝੂਠ ਦਾ ਪੁਲੰਦਾ ਦੱਸਦਾ ਹੈ।

ਇਰਾਨੀ ਸਰਵਉੱਚ ਆਗੂ (ਖ਼ੁਮੈਨੀ) ਭਾਵੇਂ ਮੁਲਕ ਦਾ ਰਾਸ਼ਟਰਪਤੀ ਨਹੀਂ ਹੁੰਦਾ ਹੈ ਪਰ ਉਹ ਰਾਸ਼ਟਰਪਤੀ ਤੋਂ ਵੱਧ ਤਾਕਤ ਰੱਖਦਾ ਹੈ। ਉਹ ਸਲਾਹਕਾਰ ਨਾ ਹੋ ਕੇ ਹੁਕਮਰਾਨ ਹੈ। ਦੇਸ਼ ਦਾ ਰਾਸ਼ਟਰਪਤੀ ਹੀ ਉਸ ਦਾ ਵਾਰਸ ਬਣ ਸਕਦਾ ਹੈ। ਤਾਕਤ ਮਿਲਣ ਤੋਂ ਪਹਿਲਾਂ ਤਾਂ ਰੁਹੋਲਾ ਖ਼ੁਮੈਨੀ ਲੋਕਤੰਤਰੀ ਰਾਜਨੀਤਕ ਢੰਗਾਂ ਦਾ ਹੀ ਸਮਰਥਨ ਕਰਦਾ ਸੀ ਪਰ ਬਾਅਦ ਵਿੱਚ ਉਸ ਨੇ ਆਪਣੇ ਉਹਨਾਂ ਸਾਥੀਆਂ ਦੇ ਪੱਲੇ ਨਿਰਾਸ਼ਾ ਹੀ ਪਾਈ ਜਿਹੜੇ ਬਹੁਤ ਉਮੀਦਾਂ ਲੈ ਕੇ ਉਸ ਨਾਲ ਤੁਰੇ ਸਨ। ਉਸ ਨੇ ਇਰਾਨ ਨੂੰ ਇਸਲਾਮੀ ਗਣਤੰਤਰ ਬਣਾ ਦਿੱਤਾ ਜਿਸ ਵਿੱਚ ਬਹੁਤ ਸਾਰੇ ਕੱਟੜ ਇਸਲਾਮੀ ਨਿਯਮ ਲਾਗੂ ਕਰ ਦਿੱਤੇ। ਔਰਤਾਂ ਦੇ ਹੱਕਾਂ ਬਾਰੇ ਜਿਹੜੀਆਂ ਗੱਲਾਂ ਉਹ 1979 ਤੋਂ ਪਹਿਲਾਂ ਕਰਦਾ ਸੀ, ਬਾਅਦ ਵਿੱਚ ਉਹ ਬਹੁਤੀਆਂ ਤੋਂ ਪਿੱਛੇ ਹਟ ਗਿਆ। ਫਿਰ 1980 ਤੋਂ 1988 ਤੱਕ ਇਰਾਨ ਅਤੇ ਇਰਾਕ ਦੀ ਜੰਗ ਹੋਈ ਜਿਸ ਦਾ ਨਤੀਜਾ ਕੁਝ ਵੀ ਨਾ ਨਿਕਲਿਆ ਪਰ ਦੋਹਾਂ ਮੁਲਕਾਂ ਦਾ ਵੱਡਾ ਆਰਥਿਕ ਅਤੇ ਜਾਨੀ ਨੁਕਸਾਨ ਜ਼ਰੂਰ ਹੋਇਆ। 1989 ਵਿੱਚ ਖ਼ੁਮੈਨੀ ਨੇ ਸਲਮਾਨ ਰਸ਼ਦੀ ਦੀ ਮੌਤ ਦਾ ਫ਼ਤਵਾ ਜਾਰੀ ਕਰ ਦਿੱਤਾ। ਰਸ਼ਦੀ ਭਾਰਤੀ-ਬਰਤਾਨਵੀ ਲੇਖਕ ਹੈ ਜਿਸ ਨੇ ‘ਸ਼ੈਤਾਨ ਦੀਆਂ ਆਇਤਾਂ’ ਨਾਮਕ ਕਿਤਾਬ ਲਿਖੀ ਸੀ।

ਇਸ ਸਭ ਦੇ ਬਾਵਜੂਦ ਇਰਾਨ ਨੇ ਵੱਡੀ ਫ਼ੌਜੀ ਤਾਕਤ ਬਣਨ ਵਿੱਚ ਕਮਾਲ ਦੀ ਤੇਜ਼ੀ ਦਿਖਾਈ ਹੈ। 1980 ਵਿੱਚ ਇਰਾਨ-ਇਰਾਕ ਯੁੱਧ ਦੀ ਸ਼ੁਰੂਆਤ ਦੌਰਾਨ ਇਰਾਨੀ ਤੋਪਖ਼ਾਨੇ ਦੀ ਮਾਰ ਕੇਵਲ 35 ਕਿਲੋਮੀਟਰ ਤੱਕ ਸੀ ਪਰ ਅੱਜ ਉਸ ਦੀਆਂ ਮਿਜ਼ਾਈਲਾਂ 400 ਸਕਿੰਟਾਂ (ਲਗਭਗ 7 ਮਿੰਟਾਂ) ਵਿੱਚ ਇਜ਼ਰਾਈਲ ਤੱਕ (ਲਗਭਗ 1600 ਕਿਲੋਮੀਟਰ) ਪਹੁੰਚ ਸਕਦੀਆਂ ਹਨ। ਪੱਛਮੀ ਇਰਾਨ ਵਿੱਚ ਮਿਜ਼ਾਈਲਾਂ ਦੇ ਜ਼ਮੀਨਦੋਜ਼ ਅੱਡੇ ਬਣਾਏ ਗਏ ਹਨ ਜਿਨ੍ਹਾਂ ਨੂੰ ਮਿਜ਼ਾਈਲ ਸਿਟੀ ਕਿਹਾ ਜਾਂਦਾ ਹੈ।

ਮੰਨਿਆ ਜਾਂਦਾ ਹੈ ਕਿ ਇਰਾਨ ਨੇ ਮਿਜ਼ਾਈਲ ਅਤੇ ਨਿਊਕਲੀਅਰ ਤਕਨੀਕਾਂ ਰੂਸ, ਚੀਨ, ਉੱਤਰੀ ਕੋਰੀਆ, ਚੀਨ ਅਤੇ ਪਾਕਿਸਤਾਨ ਵਰਗੇ ਮੁਲਕਾਂ ਤੋਂ ਪ੍ਰਾਪਤ ਕੀਤੀਆਂ ਹਨ। ਹੁਣੇ 5 ਅਕਤੂਬਰ ਨੂੰ ਇਰਾਨ ਵਿੱਚ ਆਏ ਭੂਚਾਲ ਬਾਰੇ ਵੀ ਸ਼ੱਕ ਹੈ ਕਿ ਅਸਲ ਵਿੱਚ ਇਰਾਨ ਨੇ ਐਟਮ ਬੰਬ ਦਾ ਤਜਰਬਾ ਕੀਤਾ ਸੀ ਜਿਸ ਕਰ ਕੇ ਧਰਤੀ ਹਿੱਲੀ ਸੀ।

ਇਰਾਨ ਨੂੰ ਜੰਗਬਾਜ਼ ਮੁਲਕ ਵਜੋਂ ਪੇਸ਼ ਕਰਨ ਪਿੱਛੇ ਖ਼ੁਮੈਨੀ ਦੀ ਮਜਬੂਰੀ ਵੀ ਝਲਕਦੀ ਹੈ। ਅਸਲ ਵਿੱਚ ਉਸ ਦਾ ਆਮ ਜਨਤਾ ਵਿੱਚ ਆਧਾਰ ਬੁਰੀ ਤਰ੍ਹਾਂ ਘਟ ਰਿਹਾ ਹੈ। ਉਦਾਹਰਨ ਦੇ ਤੌਰ ’ਤੇ 40 ਸਾਲ ਪਹਿਲਾਂ ਦੇ ਨੌਜਵਾਨ ਉਸ ਦੇ ਪਿਤਾ ਰੁਹੋਲਾ ਖ਼ੁਮੈਨੀ ਦੀ ਤਸਵੀਰ ਨੂੰ ਨਾਇਕ ਵਜੋਂ ਲੈ ਕੇ ਘੁੰਮਦੇ ਸਨ ਪਰ ਅੱਜ ਦੇ ਨੌਜਵਾਨ ਖ਼ੁਮੈਨੀ ਦੀ ਤਸਵੀਰ ਨੂੰ ਅੱਗ ਨਾਲ ਸਾੜਦੇ ਜਾਂ ਪੈਰਾਂ ਹੇਠ ਮਧੋਲਦੇ ਆਮ ਹੀ ਸੋਸ਼ਲ ਮੀਡੀਆ ਵਿੱਚ ਨਜ਼ਰ ਆਉਂਦੇ ਹਨ। ਉਸ ਨੇ ਔਰਤਾਂ, ਮੱਧ ਵਰਗ ਅਤੇ ਗ਼ਰੀਬਾਂ ਨਾਲ ਜੋ ਵਾਅਦੇ ਕੀਤੇ ਸਨ, ਉਹ ਅੱਜ ਤੱਕ ਵੀ ਪੂਰੇ ਨਹੀਂ ਹੋ ਸਕੇ। ਫ਼ੌਜੀ ਖ਼ਰਚ ਨੂੰ ਘਟਾਉਣ ਦਾ ਵਾਅਦਾ ਕਰ ਕੇ ਉਲਟਾ ਕਈ ਗੁਣਾ ਵਧਾ ਦਿੱਤਾ ਹੈ। ਇਸ ਤਰ੍ਹਾਂ ਅੱਜ ਖ਼ੁਮੈਨੀ ਨੂੰ ਆਮ ਜਨਤਾ ਨੂੰ ਨਾਲ ਤੋਰਨ ਲਈ ਅਮਰੀਕਾ ਅਤੇ ਇਜ਼ਰਾਈਲ ਦੇ ਖ਼ਿਲਾਫ ਨਾਇਕ ਵਜੋਂ ਪੇਸ਼ ਹੋਣ ਦੀ ਮਜਬੂਰੀ ਹੈ ਪ੍ਰੰਤੂ ਉਸ ਦੀ ਇਹ ਯੋਜਨਾ ਸਫ਼ਲ ਹੁੰਦੀ ਹੈ ਜਾਂ ਨਹੀਂ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

Related Articles

Latest Articles

Exit mobile version