2.7 C
Vancouver
Sunday, January 19, 2025

ਬੀ.ਸੀ. ਚੋਣਾਂ ’ਚ ਪੰਜਾਬੀ ਉਮੀਦਵਾਰਾਂ ਦਾ ਲੇਖਾ-ਜੋਖਾ

 

ਲੇਖਕ : ਉਜਾਗਰ ਸਿੰਘ

ਸੰਪਰਕ : 94178 13072

ਸੰਸਾਰ ਵਿਚ ਸਭ ਤੋਂ ਵੱਧ ਭਾਰਤੀ/ਪੰਜਾਬੀ ਕੈਨੇਡਾ ਵਿਚ ਹਨ। ਕੈਨੇਡਾ ਦੇ ਵਿਕਾਸ ਵਿਚ ਪੰਜਾਬੀਆਂ ਨੇ ਵੱਡੀਆਂ ਮੱਲਾਂ ਮਾਰੀਆਂ ਹਨ। ਉਨ੍ਹਾਂ ਨੇ ਕੈਨੇਡਾ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਵਿਚ ਵਿਲੱਖਣ ਯੋਗਦਾਨ ਪਾਇਆ ਹੈ। ਕੈਨੇਡਾ ਦੇ ਬ੍ਰਿਿਟਸ਼ ਕੋਲੰਬੀਆ (ਬੀਸੀ) ਸੂਬੇ ਦੀ 43ਵੀਂ ਵਿਧਾਨ ਸਭਾ ਦੀਆਂ ਚੋਣਾਂ ਹੁਣੇ ਹੀ ਅਕਤੂਬਰ 2024 ਵਿਚ ਹੋਈਆਂ ਹਨ। ਬ੍ਰਿਿਟਸ਼ ਕੋਲੰਬੀਆ ਸੂਬੇ ਦੇ ਇਸ ਵਾਰ ਕੁੱਲ 3550017 ਵੋਟਰਾਂ ਵਿੱਚੋਂ 2038075 ਵੋਟਰਾਂ ਭਾਵ 47.41 ਫ਼ੀਸਦੀ ਵੋਟਾਂ ਪੋਲ ਹੋਈਆਂ ਹਨ ਜਦਕਿ 2020 ਵਿਚ 47.69 ਫ਼ੀਸਦੀ ਵੋਟਾਂ ਪਈਆਂ ਸਨ। ਇਨ੍ਹਾਂ ਚੋਣਾਂ ਵਿਚ ਪਹਿਲੀ ਵਾਰ ਭਾਰਤੀਆਂ/ਪੰਜਾਬੀਆਂ/ਸਿੱਖਾਂ ਨੇ 14 ਸੀਟਾਂ ਜਿੱਤ ਕੇ ਇਤਿਹਾਸ ਸਿਰਜਿਆ ਹੈ।

ਇਸ ਤੋਂ ਪਹਿਲਾਂ ਉਨ੍ਹਾਂ ਕਦੇ ਵੀ ਇੰਨੀਆਂ ਸੀਟਾਂ ਨਹੀਂ ਜਿੱਤੀਆਂ ਸਨ। ਸਾਲ 2021 ਦੀ ਜਨਗਣਨਾ ਅਨੁਸਾਰ ਬ੍ਰਿਿਟਸ਼ ਕੋਲੰਬੀਆ ਸੂਬੇ ਵਿਚ ਭਾਰਤੀਆਂ/ਪੰਜਾਬੀਆਂ/ਸਿੱਖਾਂ ਦੀ ਵਸੋਂ ਸਿਰਫ਼ 2 ਫ਼ੀਸਦੀ ਹੈ ਜਦਕਿ ਉਨ੍ਹਾਂ ਨੇ ਵਿਧਾਨ ਸਭਾ ਦੀਆਂ 15 ਫ਼ੀਸਦੀ ਸੀਟਾਂ ਜਿੱਤ ਕੇ ਵੱਡਾ ਮਾਅਰਕਾ ਮਾਰਿਆ ਹੈ। ਜਗਮੀਤ ਸਿੰਘ ਕੈਨੇਡਾ ਦੀ ਨਿਊ ਡੈਮੋਕਰੈਟਿਕ ਪਾਰਟੀ ਦਾ ਪ੍ਰਧਾਨ ਹੈ। ਇਨ੍ਹਾਂ ਨਤੀਜਿਆਂ ਨੇ ਕੈਨੇਡੀਅਨਾਂ ਨੂੰ ਹੈਰਾਨ ਤੇ ਪਰੇਸ਼ਾਨ ਕਰ ਦਿੱਤਾ ਹੈ।

ਸੈਂਤੀ ਪੰਜਾਬੀਆਂ/ਸਿੱਖਾਂ ਨੇ ਐੱਨਡੀਪੀ ਅਤੇ ਕੰਜ਼ਰਵੇਟਿਵ ਪਾਰਟੀ ਵੱਲੋਂ ਚੋਣ ਲੜੀ ਸੀ ਜਿਨ੍ਹਾਂ ਵਿੱਚੋਂ 14 ਨੇ ਆਪੋ-ਆਪਣੀਆਂ ਸੀਟਾਂ ’ਤੇ ਜਿੱਤ ਪ੍ਰਾਪਤ ਕੀਤੀ ਹੈ। ਇਨ੍ਹਾਂ ਵਿਚ ਐੱਨਡੀਪੀ ਦੇ 9 ਅਤੇ ਕੰਜ਼ਰਵੇਟਿਵ ਪਾਰਟੀ ਦੇ 5 ਉਮੀਦਵਾਰ ਚੋਣ ਜਿੱਤੇ ਹਨ। ਇਸ ਤਰ੍ਹਾਂ ਪੰਜਾਬੀਆਂ/ਸਿੱਖਾਂ ਨੇ 93 ਸੀਟਾਂ ਵਿੱਚੋਂ 15 ਫ਼ੀਸਦੀ ਸੀਟਾਂ ’ਤੇ ਜਿੱਤ ਪ੍ਰਾਪਤ ਕਰ ਕੇ ਕਮਾਲ ਕਰ ਦਿੱਤੀ ਹੈ। ਇਨ੍ਹਾਂ ਜਿੱਤਣ ਵਾਲੇ 14 ਵਿਧਾਨਕਾਰਾਂ ਵਿਚ 8 ਮਰਦ ਅਤੇ 6 ਇਸਤਰੀਆਂ ਹਨ।

ਸੰਨ 2020 ਦੀਆਂ ਵਿਧਾਨ ਸਭਾ ਚੋਣਾਂ ਵਿਚ ਸਿਰਫ਼ 9 ਪੰਜਾਬੀ/ਸਿੱਖ ਉਮੀਦਵਾਰ ਜਿੱਤ ਸਕੇ ਸਨ। ਅਜੇ ਤੱਕ ਕਿਸੇ ਪਾਰਟੀ ਨੂੰ ਬਹੁਮਤ ਨਹੀਂ ਮਿਿਲਆ ਜਦਕਿ 11 ਸੀਟਾਂ ਦੇ ਨਤੀਜੇ ਅਜੇ ਬਾਕੀ ਰਹਿੰਦੇ ਹਨ। ਨਿਊ ਡੈਮੋਕ੍ਰੈਟਿਕ ਪਾਰਟੀ ਨੇ ਹੁਣ ਤੱਕ 40 ਸੀਟਾਂ ਜਿੱਤੀਆਂ ਅਤੇ 6 ਸੀਟਾਂ ’ਤੇ ਉਹ ਲੀਡ ਕਰ ਰਹੇ ਹਨ। ਐੱਨਡੀਪੀ ਨੂੰ 44.60 ਫ਼ੀਸਦੀ ਵੋਟਾਂ ਪਈਆਂ ਹਨ। ਕੰਜ਼ਰਵੇਟਿਵ ਪਾਰਟੀ ਨੇ ਵੀ 40 ਸੀਟਾਂ ’ਤੇ ਜਿੱਤ ਪ੍ਰਾਪਤ ਕੀਤੀ ਹੈ ਪ੍ਰੰਤੂ ਉਨ੍ਹਾਂ ਦੇ ਉਮੀਦਵਾਰ 5 ਸੀਟਾਂ ’ਤੇ ਲੀਡ ਕਰ ਰਹੇ ਹਨ। ਉਨ੍ਹਾਂ ਨੂੰ 43.57 ਫ਼ੀਸਦੀ ਵੋਟਾਂ ਪੋਲ ਹੋਈਆਂ ਹਨ।

ਦੋਹਾਂ ਪਾਰਟੀਆਂ ਨੂੰ ਪੋਲ ਹੋਈਆਂ ਵੋਟਾਂ ਤੋਂ ਪਤਾ ਲੱਗਦਾ ਹੈ ਕਿ ਕੰਜ਼ਰਵੇਟਿਵ ਪਾਰਟੀ ਨੂੰ ਸਿਰਫ਼ 1 ਫ਼ੀਸਦੀ ਘੱਟ ਵੋਟਾਂ ਪਈਆਂ ਹਨ। ਦੋਹਾਂ ਦੀ ਬਰਾਬਰ ਦੀ ਟੱਕਰ ਰਹੀ ਹੈ। ਦੋ ਸੀਟਾਂ ਗਰੀਨ ਪਾਰਟੀ ਨੇ ਜਿੱਤੀਆਂ ਹਨ। ਉਨ੍ਹਾਂ ਨੂੰ 8.19 ਫ਼ੀਸਦੀ ਵੋਟਾਂ ਪੋਲ ਹੋਈਆਂ ਹਨ। ਜਿਹੜੀਆਂ 11 ਸੀਟਾਂ ’ਤੇ ਦੋਹਾਂ ਪਾਰਟੀਆਂ ਦੇ ਉਮੀਦਵਾਰ ਲੀਡ ਕਰ ਰਹੇ ਹਨ, ਉਨ੍ਹਾਂ ਦਾ ਨਤੀਜਾ ਡਾਕ ਰਾਹੀਂ ਆਉਣ ਵਾਲੀਆਂ ਵੋਟਾਂ ਦੀ ਗਿਣਤੀ ਤੋਂ ਬਾਅਦ 26 ਅਕਤੂਬਰ ਨੂੰ ਪਤਾ ਲੱਗੇਗਾ।

ਜੇਕਰ ਇਹ ਦੋਵੇਂ ਪਾਰਟੀਆਂ ਜਿਹੜੀਆਂ ਸੀਟਾਂ ’ਤੇ ਲੀਡ ਕਰ ਰਹੀਆਂ ਹਨ, ਚੋਣ ਜਿੱਤ ਵੀ ਜਾਣ ਤਾਂ ਵੀ ਕਿਸੇ ਪਾਰਟੀ ਨੂੰ ਬਹੁਮਤ ਨਹੀਂ ਮਿਲੇਗਾ। ਸਰਕਾਰ ਬਣਾਉਣ ਲਈ ਤਾਕਤ ਗਰੀਨ ਪਾਰਟੀ ਦੇ ਹੱਥ ਵਿਚ ਹੋਵੇਗੀ ਕਿਉਂਕਿ 93 ਮੈਂਬਰੀ ਵਿਧਾਨ ਸਭਾ ਵਿਚ ਸਰਕਾਰ ਬਣਾਉਣ ਲਈ 47 ਮੈਂਬਰਾਂ ਦੀ ਹਮਾਇਤ ਜ਼ਰੂਰੀ ਹੈ।

ਸੰਨ 2020 ਵਿਚ ਐੱਨਡੀਪੀ ਨੇ 47 ਫ਼ੀਸਦੀ ਵੋਟਾਂ ਲੈ ਕੇ 57 ਸੀਟਾਂ ਜਿੱਤੀਆਂ ਸਨ। ਕੰਜ਼ਰਵੇਟਿਵ ਪਾਰਟੀ ਨੇ 33 ਫ਼ੀਸਦੀ ਵੋਟਾਂ ਲੈ ਕੇ 28 ਸੀਟਾਂ ਜਿੱਤੀਆਂ ਸਨ। ਗਰੀਨ ਪਾਰਟੀ ਨੇ ਪਹਿਲਾਂ ਵੀ 2 ਸੀਟਾਂ ਜਿੱਤੀਆਂ ਸਨ ਤੇ ਇਸ ਵਾਰ ਵੀ 2 ਹੀ ਜਿੱਤੀਆਂ ਹਨ ਤੇ ਵੋਟਾਂ ਦੀ ਪ੍ਰਤੀਸ਼ਤਤਾ ਵੀ ਦੋਵੇਂ ਵਾਰ ਬਰਾਬਰ ਹੈ। ਕੰਜ਼ਰਵੇਟਿਵ ਪਾਰਟੀ ਨੂੰ ਹੁਣ ਤੱਕ ਦੇ ਨਤੀਜਿਆਂ ਮੁਤਾਬਕ 12 ਸੀਟਾਂ ਦਾ ਲਾਭ ਹੋਇਆ ਹੈ ਤੇ ਐੱਨਡੀਪੀ ਨੂੰ 17 ਸੀਟਾਂ ਦਾ ਨੁਕਸਾਨ ਹੋ ਰਿਹਾ ਹੈ। ਪਹਿਲੀ ਵਾਰ ਪੰਜਾਬੀਆਂ/ਸਿੱਖਾਂ ਨੇ ਬ੍ਰਿਿਟਸ਼ ਕੋਲੰਬੀਆ ਸੂਬੇ ਵਿਚ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ ਤੇ ਉਹ ਵੱਡੀ ਮਾਤਰਾ ਵਿਚ ਪ੍ਰਤੀਨਿਧਤਾ ਕਰਨ ਜਾ ਰਹੇ ਹਨ।

ਪੰਜਾਬੀ ਉੱਜਲ ਦੁਸਾਂਝ ਬ੍ਰਿਿਟਸ਼ ਕੋਲੰਬੀਆ ਸੂਬੇ ਦੇ ਮੁੱਖ ਮੰਤਰੀ ਅਰਥਾਤ ਪ੍ਰੀਮੀਅਰ ਰਹੇ ਹਨ। ਇਸ ਤੋਂ ਇਲਾਵਾ ਬਹੁਤ ਸਾਰੇ ਪੰਜਾਬੀ/ਸਿੱਖ ਪਹਿਲਾਂ ਵੀ ਬ੍ਰਿਿਟਸ਼ ਕੋਲੰਬੀਆ ਸੂਬੇ ਦੇ ਮੰਤਰੀ ਰਹੇ ਹਨ।

ਵਿਧਾਨ ਸਭਾ ਦੀ ਚੋਣ ਜਿੱਤੇ ਉਮੀਦਵਾਰਾਂ ’ਚ ਐੱਨਡੀਪੀ ਦੇ ਲੁਧਿਆਣਾ ਜ਼ਿਲ੍ਹੇ ਦੇ ਗਹੌਰ ਪਿੰਡ ਦੇ ਜੰਮਪਲ ਬਰਨਬੀ ਨਿਊਵੈਸਟ ਹਲਕੇ ਤੋਂ ਰਾਜ ਚੌਹਾਨ ਨੇ ਦਿੱਲੀ ਦੇ ਜੰਮਪਲ ਤੇ ਕੰਜ਼ਰਵੇਟਿਵ ਪਾਰਟੀ ਦੇ ਦੀਪਕ ਸੂਰੀ, ਬਠਿੰਡਾ ਜ਼ਿਲ੍ਹੇ ਦੇ ਪਿੰਡ ਦਿਓਣ ਦੇ ਸਰੀ ਫਲੀਟਵੁੱਡ ਹਲਕੇ ਤੋਂ ਜਗਰੂਪ ਸਿੰਘ ਬਰਾੜ ਨੇ ਜ਼ਿਲ੍ਹਾ ਮੋਗਾ ਦੇ ਪਿੰਡ ਕਾਲੇਕਾ ਦੇ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਅਵਤਾਰ ਸਿੰਘ ਗਿੱਲ, ਜ਼ਿਲ੍ਹਾ ਜਲੰਧਰ ਦੇ ਪਿੰਡ ਸੁੰਨੜ ਕਲਾਂ ਦੀ ਮਨੁੱਖੀ ਅਧਿਕਾਰਾਂ ਦੀ ਉੱਘੀ ਵਕੀਲ ਜਸਪ੍ਰੀਤ ਕੌਰ ਜੈਸੀ ਸੁੰਨੜ ਨੇ ਸਰੀ ਨਿਊਟਨ ਤੋਂ ਬਟਾਲਾ ਨਜ਼ਦੀਕ ਪਿੰਡ ਸ਼ੇਖ਼ੂਪੁਰ ਦੇ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਤੇਗਜੋਤ ਬੱਲ ਅਤੇ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਭਾਗੋਵਾਲ ਦੇ ਰਵਿੰਦਰ ਸਿੰਘ ਰਵੀ ਕਾਹਲੋਂ ਨੇ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਰਾਜ ਵੈਔਲੀ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਹੈ।

ਐੱਨਡੀਪੀ ਪਾਰਟੀ ਦੇ ਲੁਧਿਆਣਾ ਨਾਲ ਸਬੰਧਤ ਅਟਾਰਨੀ ਜਨਰਲ ਨਿੱਕੀ ਸ਼ਰਮਾ ਵੈਨਕੂਵਰ ਹੇਸਟਿੰਗਜ਼, ਜਗਰਾਉਂ ਦੀ ਧੀ ਉੱਘੀ ਸਮਾਜ ਸੇਵਿਕਾ ਸੁਨੀਤਾ ਧੀਰ ਵੈਨਕੂਵਰ ਲੰਗਾਰਾ, ਮਾਹਿਲਪੁਰ ਦੇ ਨੇੜਲੇ ਪਿੰਡ ਜੰਗਲੀਆਣਾ ਦੇ ਰਵੀ ਪਰਮਾਰ ਲੌਂਗਫੀਲਡ ਹਾਈਲੈਂਡ, ਅੰਮ੍ਰਿਤਸਰ ਦੀ ਰੀਆ ਅਰੋੜਾ ਬਰਨਬੀ ਈਸਟ ਵਿਧਾਨ ਸਭਾ ਹਲਕੇ ਤੋਂ ਅਤੇ ਜ਼ੀਰਾ ਨੇੜੇ ਜੌੜਾ ਪਿੰਡ ਦੀ ਧੀ ਹਰਵਿੰਦਰ ਕੌਰ ਸੰਧੂ ਵਰਨੋਨ ਮੋਨਾਸ਼ਰੀ ਤੋਂ ਜਿੱਤ ਗਏ ਹਨ। ਹਰਵਿੰਦਰ ਕੌਰ ਸੰਧੂ ਨਰਸ ਹਨ ਤੇ ਦੂਜੀ ਵਾਰ ਜੇਤੂ ਰਹੇ ਹਨ। ਜੈਸੀ ਸੁੰਨੜ ਹੈਰੀ ਬੈਂਸ ਦੇ ਪਦ ਚਿੰਨ੍ਹਾਂ ’ਤੇ ਚੱਲਦੀ ਹੋਈ ਜਿੱਤ ਰਹੀ ਹੈ। ਹੈਰੀ ਬੈਂਸ 2005 ਤੱਕ ਵਿਧਾਨਕਾਰ ਤੇ ਲੰਬਾ ਸਮਾਂ ਮੰਤਰੀ ਰਿਹਾ ਹੈ।

ਸੁਨੀਤਾ ਧੀਰ 48.2 ਫ਼ੀਸਦੀ ਵੋਟਾਂ ਲੈ ਕੇ ਜਿੱਤੀ ਹੈ। ਰਾਜ ਚੌਹਾਨ 2005 ਤੋਂ ਲਗਾਤਾਰ ਜਿੱਤਦਾ ਆ ਰਿਹਾ ਹੈ। ਜਗਰੂਪ ਸਿੰਘ ਬਰਾੜ ਇਕ ਐੱਨਜੀਓ ਸਰੀ ਸੈਲਫ ਇੰਪਲਾਇਮੈਂਟ ਐਂਟਪ੍ਰੀਨਿਊਰ ਸੁਸਾਇਟੀ ਦਾ ਡਾਇਰੈਕਟਰ ਹੈ। ਜਗਰੂਪ ਸਿੰਘ ਬਰਾੜ 7ਵੀਂ ਵਾਰ ਚੁਣੇ ਗਏ ਹਨ। ਜਗਰੂਪ ਸਿੰਘ ਬਰਾੜ ਰਾਜ ਮੰਤਰੀ ਸਨ ਅਤੇ ਭਾਰਤ ਦੀ ਪੁਰਸ਼ ਬਾਸਕਟਵਾਲ ਟੀਮ ਦੇ ਮੈਂਬਰ ਵੀ ਰਹੇ ਹਨ। ਦਿਓਣ ਪਿੰਡ ਦੇ ਟਿੱਬਿਆਂ ਦਾ ਜੰਮਿਆ ਜਗਰੂਪ ਸਿੰਘ ਬਰਾੜ ਗੁਲਾਬ ਦੇ ਫੁੱਲ ਦੀ ਤਰ੍ਹਾਂ ਕੈਨੇਡਾ ਦੀ ਸਿਆਸਤ ਨੂੰ ਸੁਗੰਧਤ ਕਰ ਰਿਹਾ ਹੈ। ਰਵੀ ਕਾਹਲੋਂ ਵੀ ਸਾਬਕਾ ਮੰਤਰੀ ਰਿਹਾ ਹੈ।

ਮਨਦੀਪ ਸਿੰਘ ਧਾਲੀਵਾਲ ਭਾਰਤ ਵਿਚ ਕੌਮੀ ਪੱਧਰ ਦਾ ਖਿਡਾਰੀ ਰਿਹਾ ਹੈ ਤੇ ਉਸ ਨੇ ਖਾਲਸਾ ਏਡ ਲਈ 1 ਲੱਖ ਡਾਲਰ ਇਕੱਤਰ ਕੀਤੇ ਹਨ। ਰੀਅ ਅਰੋੜਾ ਬੀਸੀ ਫੈੱਡਰੇਸ਼ਨ ਆਫ ਲੇਬਰ ਆਰਗੇਨਾਈਜ਼ੇਸ਼ਨ ਦੀ ਡਾਇਰੈਕਟਰ ਰਹੀ ਹੈ। ਰਾਜ ਚੌਹਾਨ ਬ੍ਰਿਿਟਸ਼ ਕੋਲੰਬੀਆ ਦੀ ਵਿਧਾਨ ਸਭਾ ਦੇ ਸਪੀਕਰ ਸਨ ਅਤੇ 6ਵੀਂ ਵਾਰ ਚੋਣ ਜਿੱਤਿਆ ਹੈ। ਇਸ ਤੋਂ ਇਲਾਵਾ ਉਹ 2013 ਤੋਂ 2017 ਤੱਕ ਵਿਧਾਨ ਸਭਾ ਦੇ ਸਹਾਇਕ ਡਿਪਟੀ ਸਪੀਕਰ ਰਹੇ। ਉਹ 2017 ਤੋਂ 2020 ਦੌਰਾਨ ਡਿਪਟੀ ਸਪੀਕਰ ਰਹੇ। ਬ੍ਰਿਿਟਸ਼ ਕੋਲੰਬੀਆ ਸੂਬੇ ਦੀ ਸਰਕਾਰ ਦੇ ਤਿੰਨ ਪੰਜਾਬੀ ਮੰਤਰੀ ਰਾਜ ਚੌਹਾਨ, ਨਿੱਕੀ ਸ਼ਰਮਾ ਅਤੇ ਜਗਰੂਪ ਸਿੰਘ ਬਰਾੜ ਚੋਣ ਜਿੱਤ ਗਏ ਹਨ। ਚੋਣ ਹਾਰਨ ਵਾਲਿਆਂ ’ਚ ਮੰਤਰੀ ਰਚਨਾਾ ਸਿੰਘ ਸ਼ਾਮਲ ਹਨ।

ਚੋਣ ਜਿੱਤਣ ਵਾਲਿਆਂ ਵਿਚ ਸਭ ਤੋਂ ਛੋਟੀ ਉਮਰ ਦਾ 30 ਸਾਲਾ ਰਵੀ ਪਰਮਾਰ ਹੈ ਜੋ 51% ਵੋਟਾਂ ਲੈ ਕੇ ਜਿੱਤਿਆ ਹੈ। ਉਹ ਅੰਤਰਰਾਸ਼ਟਰੀ ਕਬੱਡੀ ਪਲੇਅਰ ਵੀ ਰਿਹਾ ਹੈ।

ਹਰਮਨ ਸਿੰਘ ਭੰਗੂ ਫੁੱਟਬਾਲ ਕੋਚ ਰਿਹਾ ਹੈ। ਉਹ ਕੰਸਟਰਕਸ਼ਨ ਦਾ ਠੇਕੇਦਾਰ ਹੈ। ਕੰਜ਼ਵੇਟਿਵ ਪਾਰਟੀ ਦੇ ਜਿਹੜੇ 5 ਉਮੀਦਵਾਰ ਜਿੱਤੇ ਹਨ, ਉਨ੍ਹਾਂ ਵਿਚ ਉੱਘੇ ਵਕੀਲ ਹੋਨਵੀਰ ਸਿੰਘ ਰੰਧਾਵਾ ਸਰੀ ਗਿੱਲਫੋਰਡ, ਮੁੱਲਾਂਪੁਰ ਦਾਖਾ ਨੇੜਲੇ ਪਿੰਡ ਰਕਬਾ ਦੀ ਹੋਣਹਾਰ ਧੀ ਡਾ.ਜੋਤੀ ਤੂਰ ਲੈਂਗਲੀ ਵਿਲੋਬਰਿਕ, ਅੰਤਰਰਾਸ਼ਟਰੀ ਕਬੱਡੀ ਖਿਡਾਰੀ ਰਹੇ ਬਾਬਾ ਬਕਾਲਾ ਨੇੜਲੇ ਪਿੰਡ ਸਠਿਆਲਾ ਦੇ ਜੰਮਪਲ ਮਨਦੀਪ ਸਿੰਘ ਧਾਲੀਵਾਲ ਨੇ ਸਰੀ ਨੌਰਥ, ਜਲੰਧਰ ਜ਼ਿਲ੍ਹੇ ਦੇ ਪਿੰਡ ਪੂਰਨਪੁਰ ਦੇ ਹਰਮਨ ਸਿੰਘ ਭੰਗੂ ਲੈਂਗਲੀ ਐਬੋਟਸਬੋਰਡ ਅਤੇ ਉੱਘੇ ਵਕੀਲ ਤੇ ਰਿਚਮੰਡ ਕੁਈਨਜ਼ਬਰੋ ਤੋਂ ਸਟੈਵ ਕੂਨਰ ਸ਼ਾਮਲ ਹਨ। ਸਟੈਵ ਕੂਨਰ ਨੇ ਸੁਲਤਾਨਪੁਰ ਲੋਧੀ ਨਾਲ ਸਬੰਧਤ ਐੱਨਡੀਪੀ ਉਮੀਦਵਾਰ ਅਮਨਦੀਪ ਸਿੰਘ ਨੂੰ ਹਰਾਇਆ ਹੈ।

ਮਨਦੀਪ ਧਾਲੀਵਾਲ ਨੇ ਸਿੱਖਿਆ ਤੇ ਬਾਲ ਭਲਾਈ ਮੰਤਰੀ ਤੇ ਜਗਰਾਓਂ ਨੇੜੇ ਭੰਮੀਪੁਰਾ ਦੀ ਐੱਨਡੀਪੀ ਉਮੀਦਵਾਰ ਰਚਨਾ ਸਿੰਘ ਨੂੰ ਹਰਾਇਆ ਹੈ। ਲਗਾਤਾਰ ਪੰਜਾਬੀ ਸਿੱਖ ਕੈਨੇਡਾ ’ਚ ਸਿਆਸੀ ਖੇਤਰ ’ਚ ਨਾਮਣਾ ਖੱਟ ਰਹੇ ਹਨ। ਇਸ ਲਈ ਕੈਨੇਡਾ ਵਿਖੇ ਪੜ੍ਹਾਈ ਕਰਨ ਜਾ ਰਹੇ ਵਿਿਦਆਰਥੀਆਂ ਨੂੰ ਉਨ੍ਹਾਂ ਦੀ ਜ਼ਿੰਦਗੀ ਦੀ ਜਦੋਜਹਿਦ ਤੋਂ ਪ੍ਰੇਰਨਾ ਲੈ ਕੇ ਸ਼ਾਂਤਮਈ ਢੰਗ ਨਾਲ ਪੜ੍ਹਾਈ ਕਰਨੀ ਚਾਹੀਦੀ ਹੈ ਤਾਂ ਜੋ ਉਨ੍ਹਾਂ ਦਾ ਭਵਿੱਖ ਸੁਨਹਿਰੀ ਹੋ ਸਕੇ।

Related Articles

Latest Articles