1.4 C
Vancouver
Saturday, January 18, 2025

ਅਮਰੀਕੀ ਸੰਸਦ ‘ਚ 1984 ਦੇ ਸਿੱਖ ਕਤਲੇਆਮ ਸਬੰਧੀ ਮਤਾ ਪੇਸ਼

 

ਵਾਸ਼ਿੰਗਟਨ : ਨਵੰਬਰ 1984 ਸਿੱਖ ਕਤਲੇਆਮ ਨੂੰ ਸਿੱਖ ਨਸਲਕੁਸ਼ੀ ਵਜੋਂ ਮਾਨਤਾ ਦਿਵਾਉਣ ਲਈ ਮਤਾ ਅਮਰੀਕੀ ਸੰਸਦ ‘ਚ ਪੇਸ਼ ਕੀਤਾ ਗਿਆ ਹੈ। ਇਹ ਖ਼ੁਲਾਸਾ ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂ ਡਾਕਟਰ ਪ੍ਰਿਤਪਾਲ ਸਿੰਘ ਨੇ ਕੀਤਾ। ਅਮਰੀਕੀ ਸੰਸਦ ਦੇ ਹੇਠਲੇ ਸਦਨ ਪ੍ਰਤੀਨਿਧ ਸਭਾ ‘ਚ ਇਹ ਮਤਾ ਕਾਂਗਰਸਮੈਨ ਅਤੇ ਸਿੱਖ ਕੌਕਸ ਦੇ ਸਹਿ-ਚੇਅਰਮੈਨ ਡੇਵਿਡ ਜੀ. ਵਲਾਡਾਓ ਅਤੇ ਜਿਮ ਕੌਸਟਾ ਨੇ ਪੇਸ਼ ਕੀਤਾ। ਵਲਾਡਾਓ ਨੇ ਮਤੇ ਰਾਹੀਂ ਇਹ ਵੀ ਮੰਗ ਕੀਤੀ ਹੈ ਕਿ ਕਤਲੇਆਮ ਦੀ ਯਾਦਗਾਰ ਵੀ ਉਸਾਰੀ ਜਾਵੇ। ਮਤੇ ਨੂੰ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਅਮਰੀਕਨ ਸਿੱਖ ਕੌਕਸ ਕਮੇਟੀ, ਇਨਸਾਫ਼, ਜੈਕਾਰਾ ਮੂਵਮੈਂਟ, ਅਤੇ ਸਿੱਖ ਅਮਰੀਕਨ ਲੀਗਲ ਡਿਫੈਂਸ ਐਂਡ ਐਜੂਕੇਸ਼ਨ ਫੰਡ (ਸਾਲਡੇਫ) ਨੇ ਹਮਾਇਤ ਦਿੱਤੀ ਹੈ। ਵਲਾਡਾਓ ਨੇ ਕਿਹਾ, ”ਅਫ਼ਸੋਸ ਦੀ ਗੱਲ ਹੈ ਕਿ ਬਹੁਤ ਸਾਰੇ ਸਿੱਖਾਂ ਨੂੰ ਉਨ੍ਹਾਂ ਦੇ ਧਾਰਮਿਕ ਵਿਸ਼ਵਾਸ਼ਾਂ ਲਈ ਨਿਸ਼ਾਨਾ ਬਣਾਇਆ ਗਿਆ ਹੈ, ਜਿਸ ਵਿੱਚ 1984 ਦੀ ਨਸਲਕੁਸ਼ੀ ਵੀ ਸ਼ਾਮਲ ਹੈ। ਮੈਨੂੰ ਇਸ ਭਿਆਨਕ ਘਟਨਾ ਲਈ ਮਾਨਤਾ ਅਤੇ ਜਵਾਬਦੇਹੀ ਦੀ ਮੰਗ ਕਰਨ ਵਿੱਚ ਉਨ੍ਹਾਂ ਨਾਲ ਖੜ੍ਹੇ ਹੋਣ ‘ਤੇ ਮਾਣ ਹੈ। ਇਹ ਮਤਾ ਇਸ ਦੁਖਾਂਤ ਨੂੰ ਯਾਦ ਕਰਨ ਅਤੇ ਬੇਕਸੂਰ ਪੀੜਤਾਂ ਦਾ ਸਨਮਾਨ ਕਰਨ ਲਈ ਇੱਕ ਛੋਟਾ ਪਰ ਮਹੱਤਵਪੂਰਨ ਕਦਮ ਹੈ ਜਿਨ੍ਹਾਂ ਇਸ ਨਸਲਕੁਸ਼ੀ ਦੌਰਾਨ ਆਪਣੀ ਜਾਨ ਗੁਆਈ ਹੈ।” ਸਿੱਖ ਆਗੂਆਂ ਨੇ ਦੋਵੇਂ ਸੰਸਦ ਮੈਂਬਰਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਉਮੀਦ ਪ੍ਰਗਟਾਈ ਹੈ ਕਿ ਆਉਂਦੇ ਸਮੇਂ ਵਿੱਚ ਸੰਸਦ ਵਿੱਚੋਂ ਇਸ ਮਤੇ ਨੂੰ ਮਾਨਤਾ ਮਿਲੇਗੀ। ਇਸ ਤੋਂ ਪਹਿਲਾਂ ਅਮਰੀਕਾ ਦੇ ਚਾਰ ਸੂਬਿਆਂ ਦੀਆਂ ਅਸੈਂਬਲੀਆਂ ਵਿੱਚ ਇਸ ਸਬੰਧੀ ਮਤੇ ਨੂੰ ਮਾਨਤਾ ਮਿਲ ਚੁੱਕੀ ਹੈ।
ਤਿੰਨ ਸਫਿਆਂ ਦੇ ਮਤੇ ਵਿੱਚ ਡੇਵਿਡ ਨੇ ਦਿੱਲੀ ਸਮੇਤ ਵੱਖ-ਵੱਖ ਸੂਬਿਆਂ ਵਿੱਚ ਸਿੱਖਾਂ ਦੇ ਹੋਏ ਕਤਲੇਆਮ ਦਾ ਜ਼ਿਕਰ ਕੀਤਾ ਹੈ। ਮਤੇ ਵਿੱਚ ਦੱਸਿਆ ਗਿਆ ਕਿ ਨਵੰਬਰ 1984 ਵਿੱਚ ਸਿੱਖਾਂ ਨੂੰ ਜ਼ਿੰਦਾ ਸਾੜਿਆ ਗਿਆ ਸੀ ਅਤੇ ਕਤਲ ਕਰ ਦਿੱਤਾ ਗਿਆ ਸੀ। ਇਸ ਵਿੱਚ ਔਰਤਾਂ, ਬੱਚੇ ਅਤੇ ਬਜ਼ੁਰਗ ਵੀ ਸ਼ਾਮਲ ਸਨ। ਇਸ ਤੋਂ ਇਲਾਵਾ ਸਿੱਖ ਪਰਿਵਾਰਾਂ ਦੇ ਘਰ ਅਤੇ ਕਾਰੋਬਾਰ ਵੀ ਤਬਾਹ ਕਰ ਦਿੱਤੇ ਗਏ ਸਨ।

Related Articles

Latest Articles