ਪਾਣੀ ‘ਤੇ ਪਰਛਾਵੇਂ ਤਰਦੇ ਰਹਿੰਦੇ ਨੇ।
ਅਖ ਦੇ ਮੰਜ਼ਰ ਜੀਂਦੇ ਮਰਦੇ ਰਹਿੰਦੇ ਨੇ।
ਲੱਖਾਂ ਚਿਹਰੇ ਸ਼ਕਲਾਂ ਦੇ ਸ਼ੀਸ਼ੇ ਅੰਦਰ,
ਬੇਸ਼ਕਲੀ ਦਾ ਮਾਤਮ ਕਰਦੇ ਰਹਿੰਦੇ ਨੇ।
ਹੁਣ ਤੇ ਸੂਰਜ ਵੀ ਬੇਅਸਰ ਨੇ ਹੋ ਚੱਲੇ,
ਸਿਖ਼ਰ ਦੁਪਹਿਰੇ ਜੁੱਸੇ ਠਰਦੇ ਰਹਿੰਦੇ ਨੇ।
ਕਿਸ ਨੇ ‘ਵਾ ਦੇ ਹੱਥੀਂ ਤੇਗ਼ ਫੜ੍ਹਾਈ ਏ,
ਪੰਛੀ ਪਿੰਜਰੇ ਵਿਚ ਵੀ ਡਰਦੇ ਰਹਿੰਦੇ ਨੇ।
ਕਿਹੜੇ ਖ਼ੌਫ਼ ਦੇ ਕਾਲੇ ਪਰਛਾਵੇਂ ਹੇਠਾਂ,
ਚੰਨ ਸਿਤਾਰੇ ਗੱਲਾਂ ਕਰਦੇ ਰਹਿੰਦੇ ਨੇ।
ਲੇਖਕ : ਅਕਰਮ ਸ਼ੇਖ਼