ਗੈਰ-ਕਾਨੂੰਨੀ ਢੰਗ ਨਾਲ ਕੈਨੇਡਾ ਆਉਣ ਵਾਲੇ ਪ੍ਰਵਾਸੀਆਂ ਦੀ ਆਮਦ ਵੱਧਣ ਦਾ ਖਦਸ਼ਾ
ਸਰੀ, (ਸਿਮਰਨਜੀਤ ਸਿੰਘ): ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਟਰੰਪ ਦੀ ਜਿੱਤ ਤੋਂ ਬਾਅਦ ਬਹੁਤ ਸਾਰੇ ਪ੍ਰਵਾਸੀ ਅਮਰੀਕਾ ਛੱਡ ਕੇ ਕੈਨੇਡਾ ਜਾਣ ਬਾਰੇ ਵਿਚਾਰ ਕਰਨ ਲੱਗੇ ਹਨ ਜਿਸ ‘ਚ ਵੱਡੀ ਗਿਣਤੀ ਅਫ਼ਰੀਕੀ, ਸਾਊਥ ਏਸ਼ੀਅਨ ਲੋਕਾਂ ਦੀ ਹੈ। ਇੱਕ ਰਿਪੋਰਟ ਅਨੁਸਾਰ ਬੀਤੇ ਕੁਝ ਦਿਨਾਂ ਤੋਂ ਅਮਰੀਕਾ ‘ਚ ਸਭ ਤੋਂ ਵੱਧ ਗੂਗਲ ‘ਤੇ ਕੈਨੇਡਾ ਜਾਣ ਦੇ ਤਰੀਕਿਆਂ ਬਾਰੇ ਖੋਜਿਆ ਗਿਆ ਹੈ। ਹੁਣ ਇਹ ਰੁਝਾਨ ਫਿਰ ਦੁਬਾਰਾ ਸ਼ੁਰੂ ਹੁੰਦਾ ਦਿੱਖ ਰਿਹਾ ਹੈ ਜਿਵੇਂ ਕਿ ਪਹਿਲਾਂ ਟਰੰਪ ਦੀ ਸਰਕਾਰ ਦੇ ਸਮੇਂ ਵੇਖਣ ਨੂੰ ਮਿਲਿਆ ਸੀ।
ਰਿਪੋਰਟ ਅਨੁਸਾਰ ਜਦੋਂ ਅਮਰੀਕੀ ਚੋਣਾਂ ਦੇ ਨਤੀਜਿਆਂ ਤੋਂ ਨਿਰਾਸ਼ ਲੋਕ ਅਗਲੇ ਸਵੇਰੇ ਉੱਠਦੇ ਹਨ, ਤਾਂ ਉਨ੍ਹਾਂ ਵਿੱਚੋਂ ਕਈ ਕੈਨੇਡਾ ਵੱਲ ਮੂਵ ਕਰਨ ਦੇ ਤਰੀਕਿਆਂ ਨੂੰ ਸਮਝਣ ਲਈ ਗੂਗਲ ਦੀ ਮਦਦ ਲੈਂਦੇ ਹਨ। ਉਨ੍ਹਾਂ ਨੂੰ ਉਮੀਦ ਹੁੰਦੀ ਹੈ ਕਿ ਕੈਨੇਡਾ ਵਿੱਚ ਕੁਝ ਵਧੀਆ ਜੀਵਨ ਸੰਭਾਨਵਾ ਮਿਲ ਸਕੇਗੀ।
ਰਾਸ਼ਟਰਪਤੀ-ਚੁਣੇ ਡੋਨਲਡ ਟਰੰਪ ਦੇ ਮੰਗਲਵਾਰ ਦੇ ਜਿੱਤ ਦੇ ਭਾਸ਼ਣ ਵਿੱਚ ਅਮਰੀਕਾ ਲਈ ”ਸੋਨੇ ਦੇ ਯੁੱਗ” ਦੀ ਗਾਰੰਟੀ ਦੇ ਬਾਵਜੂਦ, ਕਈ ਅਮਰੀਕੀ ਇਸਦੇ ਪਰਤੀ ਸੰਦੇਹ ‘ਚ ਹਨ। ਇਸ ਕਾਰਨ, ਮੰਗਲਵਾਰ ਸ਼ਾਮ ਤੋਂ ”ਹੈਸ਼ ਟੈਗ ਮੂਵ ਟੂ ਕੈਨੇਡਾ” ਦੀ ਸਰਚ ਗੂਗਲ ਟ੍ਰੈਂਡ ਕਰਨ ਲੱਗੀ ਹੈ। ਰਿਪੋਰਟ ਅਨੁਸਾਰ ਅਮਰੀਕਾ ‘ਚ ਵੱਡੀ ਗਿਣਤੀ ‘ਚ ਲੋਕ ਗੂਗਲ ‘ਤੇ ”ਕੈਨੇਡਾ ਕਾਨੂੰਨੀ ਤਰੀਕੇ ਨਾਲ ਕਿਵੇਂ ਜਾਣਾ ਹੈ,” ”ਅਮਰੀਕਾ ਤੋਂ ਕੈਨੇਡਾ ਜਾਣਾ” ਅਤੇ ”ਕੈਨੇਡਾ ਜਾਣ ਲਈ ਦਸਤਾਵੇਜ਼” ਆਦਿ ਸਭ ਤੋਂ ਵੱਧ ਸਰਚ ਕਰ ਰਹੇ । ਵੱਡੇ ਪੱਧਰ ‘ਤੇ ਇਹ ਸਰਚ ਉਹਨਾਂ ਰਾਜਾਂ ਤੋਂ ਹੋ ਰਹੀਆਂ ਹਨ ਜਿਨ੍ਹਾਂ ਨੇ ਵਾਈਸ-ਪ੍ਰੈਜ਼ੀਡੈਂਟ ਕਮਲਾ ਹੈਰਿਸ ਨੂੰ ਵੱਡੀ ਬਹੁਮਤ ਨਾਲ ਵੋਟ ਦਿੱਤੀ, ਜਿਵੇਂ ਕਿ ਓਰੇਗਨ, ਵਾਸ਼ਿੰਗਟਨ, ਨਿਊ ਹੈਮਪਸ਼ਾਇਰ ਅਤੇ ਵਰਮਾਂਟ।
2016 ਦੀ ਚੋਣ ਦੇ ਵਿਰੁੱਧ, ਜਦੋਂ ਟਰੰਪ ਦੀ ਪਹਿਲੀ ਜਿੱਤ ਨੇ ਕੈਨੇਡਾ ਦੀ ਸਰਕਾਰ ਦੀ ਇਮਿਗ੍ਰੇਸ਼ਨ ਵੈਬਸਾਈਟ ਨੂੰ ਬੈਕਲੌਗ ਕਰ ਦਿੱਤਾ ਸੀ, ਇਸ ਵਾਰ ਕੈਨੇਡਾ ਦੀ ਇਮੀਗ੍ਰੇਸ਼ਨ ਪ੍ਰਣਾਲੀ ਲਈ ਕੈਨੇਡਾ ਪਹਿਲਾਂ ਤੋਂ ਹੀ ਵਿਚਾਰ-ਵਟਾਂਦਰਾ ਕਰਨ ਲੱਗੀ ਹੈ।
ਗੂਗਲ ਖੋਜਾਂ ਦੇ ਨਾਲ-ਨਾਲ, ਕਈ ਲੋਕਾਂ ਨੇ ਐਕਸ (ਪਹਿਲਾਂ ਟਵੀਟਰ) ‘ਤੇ ਵੀ ਆਪਣੀ ਕੈਨੇਡਾ ਜਾਣ ਦੀ ਮਨਸ਼ਾ ਦਰਸਾਈ। ਕਈ ਇਸਨੂੰ ਮਜ਼ਾਕ ਵਿੱਚ ਪੋਸਟ ਕਰ ਰਹੇ ਸਨ, ਪਰ ਕਈ ਇਸ ਨੂੰ ਗੰਭੀਰਤਾ ਨਾਲ ਲੈ ਰਹੇ ਹਨ।
ਪਿਛਲੇ ਚੋਣ ਸਾਲਾਂ ਵਿੱਚ, ਕੈਨੇਡਾ ਜਾਣ ਦੀ ਰੁਚੀ ਜ਼ਿਆਦਾਤਰ ਮਜ਼ਾਕ ਜਾਂ ਫੈਸ਼ਨ ਦੇ ਤੌਰ ‘ਤੇ ਲਗਦੀ ਸੀ, 2016 ਦੀ ਚੋਣ ਦੇ ਬਾਅਦ ਕਈ ਸਿਤਾਰਿਆਂ ਨੇ ਵੀ ਕੈਨੇਡਾ ਜਾਣ ਦੀ ਘੋਸ਼ਣਾ ਕੀਤੀ, ਪਰ ਕੋਈ ਵੀ ਇਸਨੂੰ ਅਮਲ ਵਿੱਚ ਲਿਆਂਦਾ ਨਜ਼ਰ ਨਹੀਂ ਆਇਆ।
ਪਰ ਇਸ ਵਾਰ ਮਾਹੌਲ ਕੁਝ ਵੱਖਰਾ ਲੱਗਦਾ ਹੈ। ਇੱਕ ਰਿਪੋਰਟ ਅਨੁਸਾਰ ਉਹ ਅਮਰੀਕੀ ਲੋਕ ਜੋ ਟਰੰਪ ਦੇ ਦੂਜੇ ਕਾਰਜਕਾਲ ਤੋਂ ਡਰਦੇ ਹਨ, ਇਸ ਸਾਲ ਦੇ ਟਰੰਪ ਦੀ ਵੱਡੀ ਜਿੱਤ ਤੋਂ ਬਾਅਦ ਕੈਨੇਡਾ ਜਾਣ ਲਈ ਕਾਹਲੇ ਪੈ ਰਹੇ ਹਨ।
ਪਰ ਉਧਰ ਕੈਨੇਡਾ ਦੀ ਇਮਿਗ੍ਰੇਸ਼ਨ ਪ੍ਰਕਿਰਿਆ ਆਸਾਨ ਨਹੀਂ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੋ ਹਫ਼ਤੇ ਪਹਿਲਾਂ ਐਲਾਨ ਕੀਤਾ ਸੀ ਕਿ 2025 ਵਿੱਚ ਕੈਨੇਡਾ ਵਿੱਚ ਸਥਾਈ ਪ੍ਰਵਾਸੀਆਂ ਦੀ ਸੰਖਿਆ 21 ਫੀਸਦੀ ਘੱਟ ਹੋਵੇਗੀ, ਜਿਸ ਨਾਲ 395,000 ਪ੍ਰਵਾਸੀ ਹੀ ਕਬੂਲ ਕੀਤੇ ਜਾਣਗੇ।
ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਕਿ ਅਗਲੇ ਸਾਲ ਦੇ 40 ਫੀਸਦੀ ਸਥਾਈ ਨਾਗਰਿਕ ਉਹਨਾਂ ਅਸਥਾਈ ਨਿਵਾਸੀਆਂ ਵਿੱਚੋਂ ਹੋਣਗੇ ਜੋ ਪਹਿਲਾਂ ਹੀ ਕੈਨੇਡਾ ਵਿੱਚ ਹਨ।