ਸਰੀ, (ਸਿਮਰਨਜੀਤ ਸਿੰਘ): ਕੈਨਾਬਿਸ ਦੇ ਕਾਨੂੰਨੀਕਰਨ ਦੇ ਛੇ ਸਾਲ ਬਾਅਦ, ਬ੍ਰਿਟਿਸ਼ ਕੋਲੰਬੀਆ ਦਾ ਦੂਸਰਾ ਵੱਡੇ ਸ਼ਹਿਰ ਸਰੀ ਵਿੱਚ 12 ਭੰਗ ਵੇਚਣ ਲਈ ਸਟੋਰ ਖੋਲਣ ਦੀ ਆਗਿਆ ਦੇ ਦਿੱਤੀ ਗਈ ਹੈ। ਸਰੀ ਸ਼ਹਿਰ ਕੌਂਸਲ ਨੇ ਬੀਤੇ ਦਿਨੀਂ 12 ਕੈਨਾਬਿਸ ਸਟੋਰਾਂ ਦੀ ਮਨਜ਼ੂਰੀ ਦਿੱਤੀ, ਜੋ ਕਿ 8 ਵਪਾਰੀਆਂ ਦੁਆਰਾ ਚਲਾਏ ਜਾਣਗੇ।
ਇਹ ਰੀਟੇਲ ਆਉਟਲੈਟ ਕੌਂਸਲ ਦੁਆਰਾ ਪਿਛਲੇ ਬਸੰਤ ਵਿੱਚ ਮਨਜ਼ੂਰ ਕੀਤੇ ਗਏ ਸਨ ਜੋ ਕਿ ਇੱਕ ਫਰੇਮਵਰਕ ਦੇ ਤਹਿਤ ਚਲਾਏ ਜਾਣਗੇ, ਸਟੋਰਾਂ ਨੂੰ ਸਕੂਲਾਂ, ਕਮਿਊਨਿਟੀ ਸੈਂਟਰਾਂ ਅਤੇ ਹੋਰ ਕੈਨਾਬਿਸ ਕਾਰੋਬਾਰਾਂ ਤੋਂ 200 ਮੀਟਰ ਦੂਰ ਚਲਾਉਣ ਦੀ ਸ਼ਰਤ ਰੱਖੀ ਗਈ ਹੈ।
ਸਰੀ ਸ਼ਹਿਰ ਕੌਂਸਲਰ ਲਿੰਡਾ ਐਨਿਸ ਨੇ ਕਿਹਾ, “ਨਾਗਰਿਕਾਂ ਨੇ ਕਾਫੀ ਸਮੇਂ ਤੋਂ ਇਸ ਦੀ ਮੰਗ ਕੀਤੀ ਹੈ।”
ਉਨ੍ਹਾਂ ਕਿਹਾ ਕਿ “ਇੰਡਸਟਰੀ ਹੁਣ ਇਸ ਸਥਿਤੀ ਵਿੱਚ ਹੈ ਜਿੱਥੇ ਸਟੋਰ ਬਿਲਕੁਲ ਸੁਰੱਖਿਅਤ ਹਨ ਅਤੇ ਜਨਤਾ ਦੀ ਸੁਰੱਖਿਆ ਲਈ ਕੋਈ ਖਤਰਾ ਨਹੀਂ ਹੈ ਅਤੇ ਵੱਡੀ ਉਮਰ ਦੇ ਲੋਕ ਇਸਨੂੰ ਔਸ਼ਧੀ ਦੇ ਤੌਰ ‘ਤੇ ਵਰਤ ਸਕਦੇ ਹਨ।”
ਕੌਂਸਲ ਨੂੰ ਕੁੱਲ 31 ਅਰਜ਼ੀਆਂ ਮਿਲੀਆਂ, ਜਿਨ੍ਹਾਂ ਵਿੱਚੋਂ ਇੱਕ ਸਟਾਫ਼ ਰਿਵਿਊ ਨੇ 8 ਮਨਜ਼ੂਰ ਕੀਤੇ ਗਏ ਓਪਰੇਟਰ ਚੁਣੇ। ਜਿਨ੍ਹਾਂ ਨੂੰ ਮਨਜ਼ੂਰੀ ਮਿਲੀ ਹੈ, ਉਹ ਹੁਣ ਆਪਣੀਆਂ ਦੁਕਾਨਾਂ ਖੋਲ੍ਹਣ ਤੋਂ ਪਹਿਲਾਂ ਰੀਜ਼ੋਨਿੰਗ ਪਰਮਟ, ਵਪਾਰ ਲਾਇਸੈਂਸ ਅਤੇ ਪ੍ਰਾਂਤੀ ਲਾਇਸੈਂਸ ਪ੍ਰਾਪਤ ਕਰਨਗੇ।