6.7 C
Vancouver
Thursday, November 21, 2024

ਬਰਾਬਰ ਵੰਡ

 

ਲੇਖਕ : ਬਲਜਿੰਦਰ ਸਿੰਘ ਫਾਜ਼ਿਲਕਾ
ਸੰਪਰਕ: 94175-29797
ਪ੍ਰੋਫੈਸਰ ਗੁਪਤਾ ਅੱਜ ਬਹੁਤ ਪ੍ਰੇਸ਼ਾਨ ਸਨ। ਬੱਚਿਆਂ ਨੂੰ ਕਲਾਸ ਵਿੱਚ ਪੜ੍ਹਾਉਂਦੇ ਸਮੇ ਉਨ੍ਹਾਂ ਦਾ ਮਨ ਵਾਰ ਵਾਰ ਭਟਕ ਕੇ ਕੱਲ੍ਹ ਵਾਲੀ ਘਟਨਾ ਵੱਲ ਚੱਲਿਆ ਜਾਂਦਾ ਸੀ। ਘਟਨਾ ਕੋਈ ਵੱਡੀ ਵੀ ਨਹੀਂ ਸੀ, ਪਰ ਕਈ ਵਾਰ ਮਾਮੂਲੀ ਜਿਹੀ ਗੱਲ ਵੀ ਵਿਅਕਤੀ ਉੱਤੇ ਕਿੰਨਾ ਅਸਰ ਪਾਉਂਦੀ ਹੈ, ਇਹ ਸੋਚਦੇ ਸੋਚਦੇ ਪ੍ਰੋਫੈਸਰ ਗੁਪਤਾ ਹੋਰ ਪ੍ਰੇਸ਼ਾਨ ਹੋ ਰਹੇ ਸਨ। ਉਨ੍ਹਾਂ ਕਈ ਵਾਰ ਸਿਰ ਛੰਡਿਆ ਅਤੇ ਬੱਚਿਆਂ ਨੂੰ ਪੜ੍ਹਾਉਣ ਦੀ ਕੋਸ਼ਿਸ਼ ਕੀਤੀ, ਪਰ ਮਨ ਦੇ ਵਿਚਾਰਾਂ ਨੇ ਉਨ੍ਹਾਂ ਦਾ ਧਿਆਨ ਭਟਕਾਈ ਰੱਖਿਆ। ਅਸਲ ਵਿੱਚ ਪ੍ਰੋ. ਗੁਪਤਾ ਦਾ ਪੂਰਾ ਨਾਂ ਤਰੁਣ ਗੁਪਤਾ ਸੀ ਅਤੇ ਉਹ ਆਪਣਾ ਨਾਂ ਟੀ. ਗੁਪਤਾ ਲਿਖਦੇ ਸਨ। ਇਸ ਤੋਂ ਇਲਾਵਾ ਕਾਲਜ ਦੇ ਦੋ ਹੋਰ ਪ੍ਰੋਫੈਸਰ ਮਨਜੀਤ ਸਿੰਘ ਪੰਜਾਬੀ ਵਿਸ਼ਾ ਅਤੇ ਪ੍ਰੋ. ਆਰ.ਕੇ. ਸ਼ਰਮਾ ਇਤਿਹਾਸ ਪੜ੍ਹਾਉਂਦੇ ਸਨ। ਕਾਲਜ ਵਿੱਚ ਭਾਵੇਂ ਹੋਰ ਵੀ ਸਟਾਫ ਸੀ, ਪਰ ਇਹ ਤਿੰਨੇ ਗੂੜ੍ਹੇ ਦੋਸਤ ਸਨ। ਇਨ੍ਹਾਂ ਨੇ ਆਪਣੀ ਦੋਸਤੀ ਵਿੱਚ ਫ਼ੈਸਲਾ ਕੀਤਾ ਸੀ ਕਿ ਉਹ ਜਿੱਥੇ ਵੀ ਜਾਣਗੇ, ਖ਼ਰਚਣਗੇ ਉਸ ਦਾ ਪੂਰਾ ਹਿਸਾਬ ਰੱਖਣਗੇ ਅਤੇ ਖ਼ਰਚਾ ਸਾਰਿਆਂ ਵਿੱਚ ਬਰਾਬਰ ਵੰਡਿਆ ਜਾਵੇਗਾ। ਕੋਈ ਕਿਸੇ ਦਾ ਹੱਕ ਨਹੀਂ ਰੱਖੇਗਾ। ਪਰ ਕੱਲ੍ਹ ਬਾਅਦ ਦੁਪਹਿਰ ਖਾਲੀ ਸਮੇਂ ਵਿੱਚ ਪ੍ਰੋ. ਮਨਜੀਤ ਸਿੰਘ ਵੱਲੋਂ ਚਾਹ ਪੀਣ ਦੀ ਪ੍ਰਗਟ ਕੀਤੀ ਇੱਛਾ ਕਾਰਨ ਉਹ ਤਿੰਨੇ ਕਾਲਜ ਦੀ ਕੰਟੀਨ ਤੋਂ ਚਾਹ ਪੀਣ ਚਲੇ ਗਏ। ”ਤਿੰਨ ਕੱਪ ਚਾਹ, ਵਧੀਆ ਜਿਹੀ ਬਈ!” ਪ੍ਰੋ. ਮਨਜੀਤ ਸਿੰਘ ਨੇ ਬੈਠਦਿਆਂ ਹੀ ਆਰਡਰ ਦਿੱਤਾ ਅਤੇ ਉਹ ਗੱਲੀਂ ਰੁੱਝ ਗਏ। ਕੁਝ ਸਮੇਂ ਬਾਅਦ ਕੰਟੀਨ ਦਾ ਲੜਕਾ ਤਿੰਨ ਕੱਪ ਚਾਹ ਅਤੇ ਇੱਕ ਪੈਕਟ ਬਿਸਕੁਟ ਰੱਖ ਗਿਆ। ”ਬਈ, ਬਿਸਕੁਟਾਂ ਦਾ ਤਾਂ ਅਸੀਂ ਆਰਡਰ ਦਿੱਤਾ ਹੀ ਨਹੀਂ,” ਪ੍ਰੋ. ਸ਼ਰਮਾ ਨੇ ਕਿਹਾ। ”ਕੋਈ ਨਹੀਂ ਪ੍ਰੋਫੈਸਰ ਸਾਹਿਬ! ਖਾ ਲਉ, ਖੁੱਲ੍ਹੇ ਪੈਸਿਆਂ ਦਾ ਰੌਲਾ ਪੈਂਦਾ ਹੈ,” ਕੰਟੀਨ ਵਾਲੇ ਨੇ ਉੱਚੀ ਦੇਣੀ ਕਿਹਾ। ਉਨ੍ਹਾਂ ਅਣਮੰਨੇ ਮਨ ਨਾਲ ਚਾਹ ਨਾਲ ਬਿਸਕੁਟ ਖਾ ਲਏ ਅਤੇ ਪ੍ਰੋ. ਮਨਜੀਤ ਸਿੰਘ ਨੇ ਬਿੱਲ ਪੁੱਛਿਆ ਅਤੇ ਕੰਟੀਨ ਵਾਲੇ ਦੇ ਕਹਿਣ ‘ਤੇ ਪੰਜਾਹ ਰੁਪਏ ਦੇ ਦਿੱਤੇ। ਕੰਟੀਨ ਵਾਲੇ ਨੇ ਕਿਹਾ, ”ਪ੍ਰੋਫੈਸਰ ਸਾਹਿਬ, ਅੱਜਕੱਲ੍ਹ ਭਾਨ ਦੀ ਬੜੀ ਸਮੱਸਿਆ ਹੈ। ਖੁੱਲ੍ਹੇ ਪੈਸੇ ਦੇਣੇ ਮੁਸ਼ਕਲ ਹੁੰਦੇ ਹਨ, ਇਸ ਕਰਕੇ ਵਾਧਾ ਘਾਟਾ ਕਰ ਲਈਦਾ ਹੈ।” ਹੁਣ ਇਹ ਹੀ ਪੰਜਾਹ ਰੁਪਏ ਪ੍ਰੋਫੈਸਰਾਂ ਦੇ ਅਸੂਲ ਅੱਗੇ ਮੁਸ਼ਕਲ ਬਣ ਗਏ ਕਿ ਹੁਣ ਇਹ ਪੰਜਾਹ ਰੁਪਏ ਕਿਵੇਂ ਵੰਡੇ ਜਾਣ? ਪ੍ਰੋ. ਗੁਪਤਾ ਨੇ ਆਪਣੀ ਜੇਬ੍ਹ ਵਿੱਚੋਂ ਸਤਾਰਾਂ ਰੁਪਏ ਪ੍ਰੋਫੈਸਰ ਮਨਜੀਤ ਸਿੰਘ ਨੂੰ ਦੇਣ ਲਈ ਕੱਢੇ ਅਤੇ ਪ੍ਰੋਫੈਸਰ ਮਨਜੀਤ ਸਿੰਘ ਨੇ ਨਾਂਹ ਨਾਂਹ ਕਰਦਿਆਂ ਰੁਪਏ ਫੜ ਲਏ। ਪ੍ਰੋ. ਸ਼ਰਮਾ ਨੇ ਵੀ ਇਸ ਤਰ੍ਹਾਂ ਸਤਾਰਾਂ ਰੁਪਏ ਦੇ ਦਿੱਤੇ ਅਤੇ ਇਹ ਗੱਲ ਹੀ ਕੱਲ੍ਹ ਦੀ ਪ੍ਰੋ. ਗੁਪਤਾ ਨੂੰ ਪ੍ਰੇਸ਼ਾਨ ਕਰ ਰਹੀ ਸੀ। ਹੁਣ ਇਹ ਗੱਲ ਯਕੀਨ ਨਾਲ ਨਹੀਂ ਕਹੀ ਜਾ ਸਕਦੀ ਸੀ ਕਿ ਪ੍ਰੋ. ਗੁਪਤਾ ਨੂੰ ਅੰਦਰੋਂ ਇੱਕ ਰੁਪਇਆ ਵੱਧ ਦੇਣ ਦਾ ਦੁੱਖ ਸੀ ਜਾਂ ਸੱਚਮੁੱਚ ਬਰਾਬਰ ਵੰਡ ਦਾ ਸਿਧਾਂਤ ਹੀ ਗੁਪਤਾ ਜੀ ਨੂੰ ਪ੍ਰੇਸ਼ਾਨ ਕਰ ਰਿਹਾ ਸੀ। ਉਹ ਪੂਰਾ ਜ਼ੋਰ ਲਗਾ ਕੇ ਇਸ ਵੰਡ ਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕਰਦੇ, ਪਰ ਅੰਦਰੋਂ ਉਨ੍ਹਾਂ ਦਾ ਮਨ ਮੰਨ ਨਹੀਂ ਰਿਹਾ ਸੀ। ਉਨ੍ਹਾਂ ਨੂੰ ਕਦੇ ਲੱਗਦਾ ਕਿ ਹੁਣ ਤੱਕ ਪ੍ਰਾਪਤ ਕੀਤਾ ਉਨ੍ਹਾਂ ਦਾ ਗਿਆਨ ਅਧੂਰਾ ਹੈ। ਉਹ ਸੋਚਦੇ, ਕਿਵੇਂ ਪ੍ਰੋ. ਮਨਜੀਤ ਸਿੰਘ ਨੇ ਬਰਾਬਰ ਵੰਡ ਵਿੱਚੋਂ ਇੱਕ ਰੁਪਇਆ ਵੱਧ ਮੁਨਾਫ਼ਾ ਖੱਟ ਲਿਆ। ਮੰਨ ਲਵੋ ਕਿ ਅਗਵਾਈ ਕਰਨ ਵਾਲੀ ਜਮਾਤ ਇਸ ਤਰ੍ਹਾਂ ਥੋੜ੍ਹਾ ਥੋੜ੍ਹਾ ਜਿਹਾ ਹੀ ਵੱਧ ਲੈ ਜਾਵੇ ਤਾਂ ਉਹ ਕਿੰਨਾ ਮੁਨਾਫ਼ਾ ਖੱਟ ਸਕਦੀ ਹੈ। ਕੀ ਇਹ ਅਗਵਾਈ ਉਹ ਨਹੀਂ ਕਰ ਸਕਦੇ ਸਨ? ਜੇਕਰ ਉਹ ਥੋੜ੍ਹੀ ਜਿਹੀ ਸਿਆਣਪ ਕਰਦੇ ਅਤੇ ਇਹ ਬਿੱਲ ਉਹ ਦੇ ਦਿੰਦੇ ਤਾਂ ਇਹ ਮੁਨਾਫ਼ਾ ਉਹ ਕਮਾ ਸਕਦੇ ਸਨ। ਪ੍ਰੋ. ਮਨਜੀਤ ਸਿੰਘ ਉਨ੍ਹਾਂ ਨੂੰ ਹਾਕਮ ਜਮਾਤ ਦਾ ਨੁਮਾਇੰਦਾ ਜਾਪਿਆ, ਪਰ ਅਗਲੇ ਪਲ ਹੀ ਉਸ ਦੇ ਦਿਮਾਗ਼ ਵਿੱਚ ਆਇਆ ਕਿ ਉਹ ਗ਼ਲਤ ਸੋਚ ਰਹੇ ਹਨ, ਪ੍ਰੋ. ਮਨਜੀਤ ਸਿੰਘ ਨੇ ਪੈਸੇ ਲੈਣ ਤੋਂ ਮਨ੍ਹਾਂ ਕੀਤਾ ਹੀ ਸੀ। ਉਨ੍ਹਾਂ ਦੇ ਦਿਮਾਗ਼ ਨੇ ਫਿਰ ਸੋਚਣਾ ਸ਼ੁਰੂ ਕੀਤਾ ਕਿ ਚੋਣਾਂ ਸਮੇਂ ਸਾਰੇ ਲੀਡਰ ਇਹ ਹੀ ਕਹਿੰਦੇ ਹਨ ਕਿ ਅਸੀਂ ਤੁਹਾਡੀ ਸੇਵਾ ਲਈ ਆਏ ਹਾਂ ਅਤੇ ਪ੍ਰੋ. ਮਨਜੀਤ ਸਿੰਘ ਦੀ ਤਰ੍ਹਾਂ ਅਗਵਾਈ ਸਾਂਭ ਲੈਂਦੇ ਹਨ। ਉਨ੍ਹਾਂ ਨੇ ਫਿਰ ਸੋਚਣਾ ਸ਼ੁਰੂ ਕਰ ਦਿੱਤਾ ਕਿ ਇੱਕ ਰੁਪਏ ਨੂੰ ਬਰਾਬਰ ਕਿਉਂ ਨਹੀਂ ਵੰਡਿਆ ਜਾ ਸਕਦਾ? ਉਨ੍ਹਾਂ ਦੇ ਧਿਆਨ ਵਿੱਚ ਆਇਆ ਕਿ ਹੁਣ ਇੱਕ ਰੁਪਏ ਤੋਂ ਘੱਟ ਦਾ ਸਿੱਕਾ ਤਾਂ ਉਪਲਬਧ ਹੀ ਨਹੀਂ ਹੈ ਕਿਉਂਕਿ ਸਰਕਾਰ ਨੇ ਬਾਕੀ ਸਿੱਕੇ ਬੰਦ ਕਰ ਦਿੱਤੇ ਹਨ। ਇਹ ਸੋਚਦੇ ਹੀ ਉਨ੍ਹਾਂ ਨੂੰ ਹਾਕਮ ਜਮਾਤਾਂ ਦੀ ਚਲਾਕੀ ਸਮਝ ਆਈ। ਉਨ੍ਹਾਂ ਦਾ ਧਿਆਨ ਪਿਛਲੇ ਸਮਿਆਂ ਵੱਲ ਚਲਿਆ ਗਿਆ ਜਦੋਂ ਇੱਕ ਪੈਸਾ, ਦੁੱਕੀ, ਤਿੱਕੀ, ਪੰਜੀ, ਦਸੀ, ਵੀਹ ਪੈਸੇ, ਚੁਆਨੀ, ਅਠਿਆਨੀ ਦੇ ਸਿੱਕੇ ਹੁੰਦੇ ਸਨ। ਉਨ੍ਹਾਂ ਦਾ ਧਿਆਨ ਆਪਣੇ ਇੱਕ ਜਾਣੂੰ ਦੇ ਵਿਚਾਰਾਂ ਵੱਲ ਗਿਆ ਜੋ ਪੁਰਾਣੇ ਯੁੱਗ ਵਿੱਚ ਲੋਕਾਂ ਦੀ ਬਰਾਬਰੀ ਅਤੇ ਲੁੱਟ-ਰਹਿਤ ਸਮਾਜ ਦੀ ਵਿਆਖਿਆ ਕਰਦਿਆਂ ਬਰਾਬਰੀ ਦੇ ਸਿਧਾਂਤ ਨੂੰ ਸਮਝਾਉਂਦਾ ਹੁੰਦਾ ਹੈ। ਹੁਣ ਉਸ ਦੇ ਦਿਮਾਗ਼ ਵਿੱਚ ਪਾਈ, ਆਨੇ ਦੇ ਸਿੱਕੇ ਵੀ ਘੁੰਮਣ ਲੱਗੇ। ਫਿਰ ਉਨ੍ਹਾਂ ਨੇ ਸੋਚਿਆ ਕਿ ਅੱਜ ਦੇ ਮੌਜੂਦਾ ਦੌਰ ਅੰਦਰ ਅਜਿਹੀ ਛੋਟੀ ਕਰੰਸੀ ਦੀ ਕੀ ਜ਼ਰੂਰਤ ਹੈ ਜਦੋਂਕਿ ਹਰ ਚੀਜ਼ ਨੂੰ ਅੱਗ ਲੱਗੀ ਪਈ ਹੈ, ਕੀਮਤਾਂ ਆਸਮਾਨ ਛੂਹ ਰਹੀਆਂ ਹਨ ਤਾਂ ਫਿਰ ਉਹ ਇੱਕ ਰੁਪਏ ਪਿੱਛੇ ਇੰਨਾ ਪ੍ਰੇਸ਼ਾਨ ਕਿਉਂ ਹੋ ਰਿਹਾ ਹੈ? ਮਨ ਵਿੱਚ ਵਿਚਾਰ ਅਇਆ ਕਿ ਸੁਆਲ ਤਾਂ ਬਰਾਬਰ ਵੰਡ ‘ਤੇ ਹੀ ਖੜ੍ਹਾ ਹੈ। ਜੇਕਰ ਬਿਸਕੁਟ ਹੀ ਨਾ ਖਾਧੇ ਜਾਂਦੇ ਤਾਂ ਪੈਸੇ ਬਰਾਬਰ ਵੰਡੇ ਜਾ ਸਕਦੇ ਸਨ। ਕਿਵੇਂ ਕੰਟੀਨ ਵਾਲੇ ਨੇ ਹੁਸ਼ਿਆਰੀ ਨਾਲ ਆਪਣਾ ਸਾਮਾਨ ਉਨ੍ਹਾਂ ਨੂੰ ਵੇਚ ਦਿੱਤਾ। ਉਨ੍ਹਾਂ ਨੂੰ ਕੰਟੀਨ ਵਾਲਾ ਸਫਲ ਵਪਾਰੀ ਜਾਪਿਆ ਜੋ ਬੜੀ ਚਲਾਕੀ ਨਾਲ ਆਪਣਾ ਮਾਲ ਉਨ੍ਹਾਂ ਵਰਗੇ ਪ੍ਰੋਫੈਸਰਾਂ ਨੂੰ ਹੀ ਵੇਚ ਗਿਆ। ਅਗਲੇ ਪਲ ਹੀ ਉਨ੍ਹਾਂ ਇਹ ਵਿਚਾਰ ਤਿਆਗ ਦਿੱਤਾ ਕਿਉਂਕਿ ਉਨ੍ਹਾਂ ਨੂੰ ਕੰਟੀਨ ਵਾਲੇ ਦੀ ਗੱਲ ਸਹੀ ਜਾਪੀ ਸੀ। ਕਲਾਸ ਖ਼ਤਮ ਕਰਕੇ ਸਟਾਫ ਰੂਮ ਵੱਲ ਆਉਂਦਿਆਂ ਰਸਤੇ ਵਿੱਚ ਉਨ੍ਹਾਂ ਨੂੰ ਪ੍ਰੋ. ਸ਼ਰਮਾ ਮਿਲ ਗਏ। ਪ੍ਰੋ. ਸ਼ਰਮਾ ਨੇ ਗਰਮਜੋਸ਼ੀ ਨਾਲ ਪ੍ਰੋ. ਗੁਪਤਾ ਨੂੰ ਬੁਲਾਇਆ, ਪਰ ਉਨ੍ਹਾਂ ਦਾ ਠੰਢਾ ਹੁੰਗਾਰਾ ਵੇਖ ਕੇ ਪ੍ਰੋ. ਸ਼ਰਮਾ ਸਮਝ ਗਏ ਕਿ ਅੱਜ ਪ੍ਰੋ. ਗੁਪਤਾ ਨੂੰ ਕੋਈ ਗੱਲ ਪ੍ਰੇਸ਼ਾਨ ਕਰ ਰਹੀ ਹੈ। ”ਗੁਪਤਾ ਜੀ, ਕੀ ਸੋਚ ਰਹੇ ਹੋ?” ਪ੍ਰੋ. ਸ਼ਰਮਾ ਨੇ ਸੁਆਲ ਕੀਤਾ। ”ਕੁਝ ਨਹੀਂ, ਸ਼ਰਮਾ ਜੀ,” ਗੁਪਤਾ ਜੀ ਨੇ ਜੁਆਬ ਦਿੱਤਾ। ਪ੍ਰੋ. ਸ਼ਰਮਾ, ਗੁਪਤਾ ਜੀ ਦੇ ਸੁਭਾਅ ਤੋਂ ਜਾਣੂ ਸਨ। ਜ਼ੋਰ ਪਾਉਣ ‘ਤੇ ਪ੍ਰੋ. ਗੁਪਤਾ ਨੇ ਬਰਾਬਰ ਵੰਡ ਦੇ ਸਿਧਾਂਤ ਦੀ ਵਿਆਖਿਆ ਕਰਦਿਆਂ ਕੱਲ੍ਹ ਦੇ ਬਿਲ ਦੀ ਗੱਲ ਦੱਸ ਦਿੱਤੀ। ਪਹਿਲਾਂ ਤਾਂ ਪ੍ਰੋ. ਸ਼ਰਮਾ ਜ਼ੋਰ ਦੀ ਹੱਸੇ, ਪਰ ਉਨ੍ਹਾਂ ਨੇ ਗੁਪਤਾ ਜੀ ਨੂੰ ਗੰਭੀਰ ਵੇਖ ਕੇ ਆਪਣੇ ਹਾਸੇ ‘ਤੇ ਕਾਬੂ ਪਾ ਲਿਆ। ”ਗੁਪਤਾ ਜੀ, ਬਰਾਬਰ ਵੰਡ ਤਾਂ ਕਿਸੇ ਵੀ ਸਮਾਜ ਵਿੱਚ ਨਹੀਂ ਰਹੀ। ਮਾਤਰ-ਯੁੱਗ ਵਿੱਚ ਵੀ ਕਬੀਲੇ ਦੀ ਔਰਤ ਨਾਚ ਗਾਣੇ ਸਮੇਂ ਆਪਣੇ ਪਸੰਦ ਦੇ ਮਰਦ ਨੂੰ ਸ਼ਰਾਬ ਅਤੇ ਗੋਸ਼ਤ ਜ਼ਿਆਦਾ ਵਰਤਾਉਂਦੀ ਸੀ।” ਪ੍ਰੋ. ਸ਼ਰਮਾ ਨੇ ਇਤਿਹਾਸਕ ਹਵਾਲਿਆਂ ਨਾਲ ਗੁਪਤਾ ਜੀ ਨੂੰ ਸੰਤੁਸ਼ਟ ਕਰਨਾ ਚਾਹਿਆ। ”ਫਿਰ ਅਸੀਂ ਜੋ ਬਰਾਬਰ ਵੰਡ ਦੇ ਸਿਧਾਂਤ ਦੀ ਗੱਲ ਕਰਦੇ ਹਾਂ, ਕੀ ਉਹ ਅਧੂਰੀ ਹੈ ਜਾਂ ਫਿਰ ਸਾਡੀ ਸਮਝ ਅਧੂਰੀ ਹੈ?” ਪ੍ਰੋ. ਗੁਪਤਾ ਨੇ ਸੁਆਲ ਕੀਤਾ। ਪ੍ਰੋ. ਸ਼ਰਮਾ ਇੱਕ ਵਾਰ ਤਾਂ ਥੋੜ੍ਹਾ ਜਿਹਾ ਉੱਖੜ ਜਿਹੇ ਗਏ, ਪਰ ਛੇਤੀ ਆਪਣੇ ‘ਤੇ ਕਾਬੂ ਪਾ ਕੇ ਬੋਲੇ, ”ਅੱਜ ਤੱਕ ਦੇ ਇਤਿਹਾਸ ਵਿੱਚ ਉਨ੍ਹਾਂ ਨੇ ਅਜਿਹਾ ਕੋਈ ਸਮਾਜ ਨਹੀਂ ਪੜ੍ਹਿਆ ਜਿਸ ਵਿੱਚ ਸਾਰੇ ਬਰਾਬਰ ਹੋਣ। ਤਕੜੇ-ਮਾੜੇ, ਯੋਗ-ਅਯੋਗ ਅਤੇ ਰਾਜਾ ਤੇ ਪਰਜਾ ਵਿੱਚ ਪਾੜਾ ਜ਼ਰੂਰ ਰਿਹਾ ਹੈ।” ਪ੍ਰੋ. ਗੁਪਤਾ ਦੀਆਂ ਅੱਖਾਂ ਚਮਕੀਆਂ। ਉਨ੍ਹਾਂ ਨੂੰ ਲੱਗਿਆ ਕਿ ਉਹ ਠੀਕ ਸੋਚ ਰਹੇ ਹਨ। ਸਮਾਜਿਕ ਵੰਡ ਹਮੇਸ਼ਾ ਅਸਾਵੀਂ ਰਹੇਗੀ ਅਤੇ ਅਗਵਾਈ ਕਰਨ ਵਾਲੇ ਲੋਕ ਫ਼ਾਇਦੇ ਵਿੱਚ ਰਹਿਣਗੇ। ਉਨ੍ਹਾਂ ਫਿਰ ਦੁਬਾਰਾ ਕਿਹਾ, ”ਸ਼ਰਮਾ ਜੀ, ਸੱਚਮੁੱਚ ਇਤਿਹਾਸ ਵਿੱਚ ਅਜਿਹੀ ਕੋਈ ਵਿਵਸਥਾ ਨਹੀਂ ਰਹੀ?” ”ਪ੍ਰੋਫੈਸਰ ਸਾਹਿਬ ਕਿਉਂ ਦਿਮਾਗ਼ ‘ਤੇ ਬੋਝ ਪਾ ਰਹੇ ਹੋ!” ਪ੍ਰੋ. ਸ਼ਰਮਾ ਨੇ ਮਜ਼ਾਕ ਕੀਤਾ, ”ਪ੍ਰੋ. ਮਨਜੀਤ ਸਿੰਘ ਤੋਂ ਤੁਹਾਡਾ ਰੁਪਈਆ ਵਾਪਸ ਕਰਵਾ ਦਿੰਦੇ ਹਾਂ।” ”ਸ਼ਰਮਾ ਜੀ, ਤੁਸੀਂ ਤਾਂ ਮੌਜੂਦਾ ਮੀਡੀਆ ਦੀ ਪ੍ਰਤੀਨਿਧਤਾ ਕਰਦੇ ਹੋ ਜੋ ਘਟਨਾ ਦਾ ਅਸਲ ਕੰਟੈਂਟ ਛੱਡ ਕੇ ਸਨਸਨੀ ਫੈਲਾਉਂਦਾ ਹੈ।” ਪ੍ਰੋ. ਗੁਪਤਾ ਨੇ ਥੋੜ੍ਹਾ ਨਾਰਾਜ਼ਗੀ ਨਾਲ ਕਿਹਾ। ”ਨਹੀਂ ਗੁਪਤਾ ਜੀ, ਮੈਂ ਤਾਂ ਮਜ਼ਾਕ ਕਰ ਰਿਹਾ ਸੀ। ਇਤਿਹਾਸ ਕਈ ਰਾਜਿਆਂ ਮਹਾਰਾਜਿਆਂ ਦੀ ਉਦਾਰਤਾ ਨਾਲ ਭਰਿਆ ਪਿਆ ਹੈ ਜੋ ਆਪਣੀ ਪਰਜਾ ਦੀ ਭਲਾਈ ਲਈ ਕੰਮ ਕਰਦੇ ਰਹੇ ਹਨ ਪਰ ਇਸ ਬਦਲੇ ਉਹ ਸੁਖ-ਸਹੂਲਤਾਂ ਵੀ ਮਾਣਦੇ ਰਹੇ ਹਨ।” ਅਚਾਨਕ ਪ੍ਰੋ. ਗੁਪਤਾ ਦੀਆਂ ਅੱਖਾਂ ਚਮਕੀਆਂ। ਉਨ੍ਹਾਂ ਨੂੰ ਇਕਦਮ ਅਹਿਸਾਸ ਹੋਇਆ ਕਿ ਅਗਵਾਈ ਕਰਨ ਵਾਲੇ ਲੋਕ ਹਮੇਸ਼ਾ ਦੂਸਰਿਆਂ ਦੇ ਮੁਕਾਬਲੇ ਜ਼ਿਆਦਾ ਫ਼ਾਇਦੇ ਵਿੱਚ ਰਹਿਣਗੇ ਜਾਂ ਜ਼ਿਆਦਾ ਨੁਕਸਾਨ ਵਿੱਚ। ਉਨ੍ਹਾਂ ਦੁਆਰਾ ਅਗਵਾਈ ਕਰਦੇ ਸਮੇਂ ਵਰਤੀ ਸ਼ਕਤੀ ਉਨ੍ਹਾਂ ਦੀ ਯੋਗਤਾ ਅਤੇ ਕਿਰਤ ਦਾ ਮੁੱਲ ਹੁੰਦਾ ਹੈ। ਉਨ੍ਹਾਂ ਨੂੰ ਪ੍ਰੋ. ਮਨਜੀਤ ਸਿੰਘ ਵੱਲੋ ਉਨ੍ਹਾਂ ਨੂੰ ਚਾਹ ਪਿਆਉਣ ਲੈ ਜਾਣਾ ਪ੍ਰੋ. ਮਨਜੀਤ ਸਿੰਘ ਦੀ ਸੁੱਚੀ ਕਿਰਤ ਜਾਪਿਆ। ਉਸ ਨੇ ਸੋਚਿਆ ਕਿ ਚਾਹ ਪੀਣ ਨੂੰ ਤਾਂ ਉਸ ਦਾ ਵੀ ਮਨ ਕਰਦਾ ਸੀ।ਜੇਕਰ ਪ੍ਰੋ. ਮਨਜੀਤ ਸਿੰਘ ਉਸ ਨੂੰ ਨਾ ਕਹਿੰਦਾ ਤਾਂ ਉਸ ਨੇ ਘੇਸਲ ਵੱਟੀ ਰੱਖਣੀ ਸੀ। ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਬਰਾਬਰ ਵੰਡ ਦਾ ਅਰਥ ਤਰਕਸੰਗਤ ਵੰਡ ਹੀ ਸਹੀ ਵਿਚਾਰ ਹੈ ਅਤੇ ਇਹ ਹੀ ਕਿਸੇ ਸਮਾਜ ਦੀ ਸਿਰਜਣਾ ਦਾ ਆਧਾਰ ਹੈ। ਪ੍ਰੋ. ਗੁਪਤਾ ਦੇ ਮਨ ਤੋਂ ਮਣਾਂ-ਮੂੰਹੀਂ ਭਾਰ ਲਹਿ ਗਿਆ ਕਿਉਂਕਿ ਉਨ੍ਹਾਂ ਨੂੰ ਮਨ ਸਮਝਾਉਣ ਲਈ ਵਾਜਬ ਦਲੀਲ ਮਿਲ ਗਈ ਸੀ। ਉਨ੍ਹਾਂ ਦਾ ਦਿਲ ਕੀਤਾ ਕਿ ਪ੍ਰੋ. ਮਨਜੀਤ ਸਿੰਘ ਨੂੰ ਭੱਜ ਕੇ ਕਲਾਵੇ ਵਿੱਚ ਲੈ ਲੈਣ।

Related Articles

Latest Articles