1.4 C
Vancouver
Saturday, January 18, 2025

ਰਾਸ਼ਨ ਕਾਰਡ

 

ਲੇਖਕ : ਬਰਾੜ-ਭਗਤਾ ਭਾਈ ਕਾ
ਸੰਪਰਕ : 1-604-751-1113
ਸੱਥ ‘ਚ ਆਉਂਦਿਆਂ ਹੀ ਨਾਥਾ ਅਮਲੀ ਬਾਬੇ ਸੁਦਾਗਰ ਸਿਉਂ ਦਾ ਹਾਲ ਚਾਲ ਪੁੱਛਦਾ ਬਾਬੇ ਨੂੰ ਬੋਲਿਆ, ”ਕਿਉਂ ਬਾਬਾ! ਤੂੰ ਤਾਂ ਸੈਂਕੜੇ ਨੂੰ ਟੱਪ ਗਿਆ ਹੋਏਂਗਾ ਕੁ ਨਹੀਂ?”
ਅਮਲੀ ਦੀ ਗੱਲ ਸੁਣ ਕੇ ਬਾਬੇ ਦੇ ਕੋਲ ਬੈਠਾ ਦਿਆਲਾ ਬੁੜ੍ਹਾ ਅਮਲੀ ਨੂੰ ਟਿੱਚਰ ‘ਚ ਕਹਿੰਦਾ, ”ਕੀ ਗੱਲਾਂ ਕਰਦੈਂ ਅਮਲੀਆ ਤੂੰ। ਹਜੇ ਕਿੱਥੇ ਹੋ ਗਿਆ ਸੈਂਕੜੇ ਦਾ ਇਹੇ। ਹਜੇ ਤਾਂ ਸੱਤਰਾਂ ਪੰਜੱਤਰਾਂ ਨੂੰ ਕਿਤੇ ਜਾ ਕੇ ਸੈਂਕੜੇ ਦਾ ਹੋਣੈ। ਤੂੰ ਹੁਣੇ ਹੀ ਸਦੀ ਨੂੰ ਹੱਥ ਲੁਆਈ ਜਾਨੈ ਇਹਦਾ। ਡੀਲ ਡੌਲ ਤਾਂ ਵੇਖ ਸਦਗਰ ਸਿਉਂ ਦੀ। ਸਰੀਰ ਦਾ ਪਿਆ ਨਾ ਆੜ੍ਹਤੀਆਂ ਦੇ ਗੋਲ ਜੇ ਸਰ੍ਹਾਣੇ ਅਰਗਾ।”
ਬਾਬੇ ਸੁਦਾਗਰ ਸਿਉਂ ਨੇ ਵੀ ਲਈ ਫਿਰ ਵਾਰੀ। ਅਮਲੀ ਨੂੰ ਕਹਿੰਦਾ, ”ਨਾਥਾ ਸਿਆਂ ਲੱਗ ਗਿਆ ਪਤਾ ਮੇਰੀ ਉਮਰ ਦਾ ਕੁ ਨਹੀਂ?”
ਤਾਸ਼ ਖੇਡੀ ਜਾਂਦਿਆਂ ਦੀ ਢਾਣੀ ਦੇ ਰੌਲ਼ੇ ‘ਚੋਂ ਸੀਤਾ ਮਰਾਸੀ ਅਮਲੀ ਨੂੰ ਬੋਲਿਆ, ”ਅਮਲੀਆ ਸੌ ਨੰਬਰੀ ਸੀਫ ਅਰਗੈ ਬਾਬਾ ਸਦਾਗਰ ਸਿਉਂ। ਸਾਰੇ ਪਿੰਡ ‘ਚੋਂ ਵੱਡਾ ਹੋਊ।”
ਨਾਥਾ ਅਮਲੀ ਸੀਤੇ ਮਰਾਸੀ ਦੀ ਗੱਲ ਸੁਣ ਕੇ ਕਹਿੰਦਾ, ”ਉਮਰ ਤਾਂ ਮੈਂ ਬਾਬੇ ਦੀ ਪੁੱਛੀ ਐ, ਪੁੱਛੀ ਵੀ ਬਾਬੇ ਤੋਂ ਐਂ। ਤੁਸੀਂ ਪਤੰਦਰੋ ਵਾਧੂ ਦੇ ਵਕੀਲ ਬਣੀ ਜਾਨੇ ਐਂ ਬਾਬੇ ਦੇ। ਆਹ ਤਾਇਆ ਦਿਆਲਾ ਹੋਰ ਈ ਗੋਰਖ ਧੰਦੇ ਜੇ ‘ਚ ਉਮਰ ਦੱਸੀ ਜਾਂਦੈ। ਅਕੇ ਸੱਤਰੇ ਬਹੱਤਰੇ ਨੂੰ ਸੈਂਕੜੇ ਦਾ ਹੋਊਗਾ। ਤਾਏ ਦਿਆਲੇ ਦੀ ਇਹ ਪਾੜ੍ਹਤ ਤਾਂ ਮੈਨੂੰ ਇਉਂ ਲੱਗਦੈ ਬਈ ਕਿਸੇ ਵਕੀਲ ਤੋਂ ਪੁੱਛਣੀ ਪਊ। ਮਰਾਸੀ ਬਾਬੇ ਨੂੰ ਸਾਰੇ ਪਿੰਡ ‘ਚੋਂ ਵੱਡਾ ਗਿਣੀ ਜਾਂਦੈ। ਕੀ ਪਤਾ ਲੱਗੇ ਬਾਬਾ ਕਿੱਡਾ ਕੁ ਹੋ ਗਿਆ। ਹਜੇ ਤਾਂ ਦੋ ਕੁ ਜਾਣੇ ਈਂ ਬੋਲੇ ਐ ਜੇ ਕਿਤੇ ਹੋਰ ਪੰਜ ਚਾਰ ਜਣੇ ਬਾਬੇ ਦੀ ਉਮਰ ਗਿਣਨ ਲੱਗ ਪੇ ਤਾਂ ਖਣੀ ਬਾਬੇ ਨੂੰ ਛਣਕਣੇ ਨਾਲ ਪੋਤੜਿਆਂ ਚੀ ਨਾ ਕਿਤੇ ਖੇਡਣ ਲਾ ਦੇਣ। ਹੱਦ ਈ ਹੋ ਗੀ ਯਾਰ।”
ਮਾਹਲਾ ਨੰਬਰਦਾਰ ਅਮਲੀ ਨੂੰ ਕਹਿੰਦਾ, ”ਅੱਜ ਤਾਂ ਅਮਲੀਆ ਤੇਰੇ ਨਾਲ ਉਹ ਗੱਲ ਹੋਈ ਜਾਂਦੀ ਐ ਜਿਮੇਂ ਕਹਿੰਦੇ ਹੁੰਦੇ ਐ ਬਈ ਸੌ ਦਿਨ ਚੋਰ ਦੇ ਇੱਕ ਦਿਨ ਸਾਧ ਦਾ। ਅੱਗੇ ਤਾਂ ਤੂੰ ਨ੍ਹੀ ਗੱਲ ਕਰਨ ਦਿੰਦਾ ਹੁੰਦਾ ਇਨ੍ਹਾਂ ਨੂੰ, ਅੱਜ ਸਾਰੀ ਸੱਥ ਈ ਤੇਰੇ ‘ਤੇ ਢੇਰੀ ਹੋ ਗੀ ਜਿਮੇਂ ਮਰੀ ਵੀ ਕਾਟ੍ਹੋ ‘ਤੇ ਫੁੱਲ ਢੇਰੀ ਹੋ ਗੇ ਸੀ। ਜਿੰਨਾਂ ਚਿਰ ਤਾਂ ਕਾਟ੍ਹੋ ਜਿਊਂਦੀ ਹੁੰਦੀ ਐ ਓਨਾਂ ਚਿਰ ਤਾਂ ਕਾਟ੍ਹੋ ਫੁੱਲਾਂ ‘ਤੇ ਖੇਡਦੀ ਫਿਰੂ, ਜਦੋਂ ਚੱਲ ਵੱਸਦੀ ਐ, ਉਦੋਂ ਫਿਰ ਫੁੱਲ ਦੱਬ ਲੈਂਦੇ ਐ ਡੁੱਬੜੀ ਨੂੰ। ਉਹ ਗੱਲ ਤੇਰੇ ਨਾਲ ਹੋਈ ਜਾਂਦੀ ਐ ਅੱਜ। ਅੱਜ ਤਾਂ ਸਾਰੀ ਸੱਥ ਈ ਤੇਰੇ ਉੱਤੋਂ ਦੀ ਪਈ ਵੀ ਐ। ਕੋਈ ਨ੍ਹੀ ਹੌਂਸਲਾ ਰੱਖ ਕੱਲ੍ਹ ਨੂੰ ਵੀ ਦਿਨ ਚੜ੍ਹਣਾ ਈਂ ਐਂ। ਕੱਲ੍ਹ ਨੂੰ ਸਹੀ। ਭੋਰਾ ਕੰਡਾ ਵੱਧ ਛਕ ਕੇ ਆਈਂ। ਕੁੱਪ ਰਹੀੜੇ ਆਲੇ ਗੜਦੁੰਬੇ ਨਾਲ ਜੱਫਾ ਲਾਉਣੈ ਕੱਲ੍ਹ ਨੂੰ ਇਨ੍ਹਾਂ ਨਾਲ, ਪੂਰਾ ਕੈਮ ਹੋ ਕੇ ਆਈਂ।”
ਨਾਥਾ ਅਮਲੀ ਟਿੱਚਰਾਂ ਹੁੰਦੀਆਂ ਸੁਣ ਕੇ ਬਾਬੇ ਨੂੰ ਕਹਿੰਦਾ, ”ਮੈਂ ਕਹਿਨਾ ਤਾਈ ਪ੍ਰਤਾਪੀ ਦੀ ਉਮਰ ਵੀ ਬਾਬਾ ਸੈਂਕੜੇ ਨੂੰ ਢੁੱਕਣ ਆਲੀ ਹੋਊਗੀ ਕੁ ਨਹੀਂ। ਤੈਨੂੰ ਤਾਂ ਪਤਾ ਈ ਹੋਊ ਤੇਰੀ ਹਾਣ ਪ੍ਰਮਾਣ ਹੋਣੀ ਐਂ।”
ਬਾਬਾ ਅਮਲੀ ਨੂੰ ਕਹਿੰਦਾ, ”ਤੂੰ ਦੱਸ ਯਾਰ ਤੇਰੀ ਮਾਈ ਦੀ ਕਿੰਨੀ ਉਮਰ ਹੋ ਗੀ?”
ਬਾਬੇ ਨੇ ਅਮਲੀ ਨੂੰ ਇਹ ਗੱਲ ਤਾਂ ਕਰਕੇ ਪੁੱਛੀ ਸੀ ਕਿਉਂਕਿ ਨਾਥੇ ਅਮਲੀ ਦੀ ਬੇਬੇ ਮਕੰਦੋ ਬਾਬੇ ਸੁਦਾਗਰ ਸਿਉਂ ਦੀ ਸਕੇ ਸ਼ਰੀਕੇ ਕਬੀਲੇ ‘ਚੋਂ ਭਰਜਾਈ ਲੱਗਦੀ ਸੀ। ਬਾਬੇ ਦੀ ਗੱਲ ਸੁਣ ਕੇ ਨਾਥਾ ਅਮਲੀ ਕਹਿੰਦਾ, ”ਬੇਬੇ ਦੀ ਉਮਰ ਤਾਂ ਬਾਬਾ ਬੇਬੇ ਨੂੰ ਪਤਾ ਹੋਉ ਪਰ ਮੇਰੀ ਉਮਰ ਨੂੰ ਫੁੱਲ ਪੈਣ ਲੱਗ ਗੇ।”
ਮਾਹਲਾ ਨੰਬਰਦਾਰ ਅਮਲੀ ਦੀ ਗੱਲ ਤੋਂ ਹੱਸ ਕੇ ਬੋਲਿਆ, ”ਹਾਹਾਹਾਹਾ, ਆਹ ਕੀ ਓਏ ਅਮਲੀਆ ਫੁੱਲ ਪੈਣ ਆਲੀ ਗੱਲ। ਤੂੰ ਤਾਂ ਪਤੰਦਰਾ ਹੋਰ ਹੀ ਕੱਛ ‘ਚੋਂ ਮੂੰਗਲਾ ਕੱਢ ਮਾਰਿਆ।”
ਅਮਲੀ ਮਾਹਲੇ ਨੰਬਰਦਾਰ ਨੂੰ ਕਹਿੰਦਾ, ”ਜਾਹ ਓਏ ਲੂੰਬੜਦਾਰਾ, ਤੂੰ ਵੀ ਗਲੋਟਿਆਂ ਆਲਾ ਬੋਹਟਾ ਈ ਐਂ। ਫੁੱਲ ਪੈਣ ਦਾ ਨ੍ਹੀ ਪਤਾ ਤੈਨੂੰ।”
ਨੰਬਰਦਾਰ ਕਹਿੰਦਾ, ”ਮੈਂ ਕਿਹੜਾ ਗੱਜਣ ਮਾਲੀ ਆਂ ਬਈ ਮੈਨੂੰ ਫੁੱਲਾਂ ਬਾਰੇ ਬਹੁਤਾ ਪਤਾ।”
ਸੀਤਾ ਮਰਾਸੀ ਕਹਿੰਦਾ, ”ਅੱਧ ਪੱਕੜ ਜੀ ਉਮਰ ਨੂੰ ਕਹਿੰਦਾ ਅਮਲੀ ਬਈ ਫੁੱਲ ਪੈਣੇ ਸ਼ੁਰੂ ਹੋ ਗੇ। ਹੋਰ ਤੂੰ ਕਿਤੇ ਸਮਝਿਆ ਬਈ ਅਮਲੀ ਦੇ ਕੰਨਾਂ ਨੱਕ ਨੂੰ ਫੁੱਲ ਲੱਗ ਗੇ?”
ਬਾਬੇ ਸੁਦਾਗਰ ਸਿਉਂ ਨੇ ਅਮਲੀ ਨੂੰ ਪੁੱਛਿਆ, ”ਤੂੰ ਇਉਂ ਦੱਸ ਅਮਲੀਆ ਬਈ ਅੱਜ ਓਧਰਲੇ ਗੁਆੜ ਆਲੀ ਸਟੈਟੀ ‘ਚ ਸੰਧੂਰੇ ਬੁੜ੍ਹੇ ਕੇ ਮਿੱਠੂ ਨਾਲ ਕਿਮੇਂ ਗਿਆ ਸੀ। ਰੇਹ ਰੂਹ ਲੈਣ ਗਿਆ ਸੀ ਕੁ ਹੋਰ ਕੰਮ ਸੀ?”
ਅਮਲੀ ਕਹਿੰਦਾ, ”ਸਟੈਟੀ ‘ਚ ਕਾਹਦਾ ਜਾਣਾ ਸੀ ਬਾਬਾ, ਗੱਜਣ ਬੁੜ੍ਹੇ ਕੇ ਆਵਦੀ ਕੁੜੀ ਦੇ ਵਿਆਹ ਵੇਲੇ ਖੰਡ ਲੈਣ ਨੂੰ ਮਿੱਠੂ ਕਾ ਰਾਸ਼ਨ ਕਾਰਡ ਲੈ ਕੇ ਗਏ ਸੀ। ਜਦੋਂ ਮਿੱਠੂ ਕਾਰਡ ਲੈਣ ਗਿਆ ਤਾਂ ਕਹਿੰਦੇ ਗੁਆਚ ਗਿਆ। ਮਿੱਠੂ ਨੇ ਸੋਚਿਆ ਬਈ ਚੱਲ ਨਮਾਂ ਬਣਾ ਲੈਨੇ ਆਂ। ਮੈਨੂੰ ਮਿੱਠੂ ਨਾਲ ਲੈ ਗਿਆ ਕਹਿੰਦਾ ‘ਆ ਜਾ ਮੁੜਿਆਮਾਂਗੇ। ਮੈਂਤਾਂ ਇਉਂ ਕਰਕੇ ਓਹਦੇ ਨਾਲ ਗਿਆ ਸੀ ਮੈਂ ਤਾਂ ਕੀ ਤਾਰਾ ਮੀਰਾ ਲੈਣਾ ਸੀ ਸਟੈਟੀ ‘ਚੋਂ।”
ਸੀਤੇ ਮਰਾਸੀ ਨੇ ਪੁੱਛਿਆ, ”ਰਾਸ਼ਨ ਕਾਰਡ ਬਣਦੇ ਐ?”
ਨਾਥੇ ਅਮਲੀ ਨੇ ਮਰਾਸੀ ਨੂੰ ਪੁੱਛਿਆ, ”ਤੂੰ ਬਣਾਉਣੈ ਰਾਸ਼ਨ ਕਾਰਡ?”
ਬੁੱਘਰ ਦਖਾਣ ਕਹਿੰਦਾ, ”ਰਾਸ਼ਨ ਕਾਰਡ ਬਣਦੇ ਤਾਂ ਹੈ, ਪਰ ਟੈਮ ਲੱਗਦੈ।”
ਨਾਥਾ ਅਮਲੀ ਕਹਿੰਦਾ, ”ਆਹ ਇੱਕ ਨਮੀਂ ਜੀ ਪਾਲਟੀ ਉੱਠੀ ਐ, ਕਹਿੰਦੇ ਉਹ ਘਰੇ ਆ ਕੇ ਬਣਾ ਦਿੰਦੇ ਐ ਪਤਾ ਨ੍ਹੀ ਸੱਚੀ ਐ ਗੱਲ ਕੁ ਉਈਂ ਜਭਲੀਆਂ ਈ ਮਾਰੀ ਜਾਂਦੇ ਐ।”
ਬਾਬੇ ਸੁਦਾਗਰ ਸਿਉਂ ਨੂੰ ਇਸ ਗੱਲ ਦਾ ਪਤਾ ਸੀ ਜਿਹੜੀ ਨਾਥੇ ਅਮਲੀ ਨੇ ਰਾਸ਼ਨ ਕਾਰਡ ਵਾਲੀ ਕਹੀ ਸੀ। ਬਾਬੇ ਨੇ ਅਮਲੀ ਨੂੰ ਘੂਰਦਿਆਂ ਕਿਹਾ, ”ਚੁੱਪ ਕਰ ਓਏ ਅਮਲੀਆ, ਹੋਰ ਕੋਈ ਗੱਲ ਕਰੋ’।”
ਬਾਬੇ ਨੂੰ ਪਤਾ ਸੀ ਕਿ ਜੇ ਕਿਤੇ ਰਾਸ਼ਨ ਕਾਰਡ ਵਾਲੀ ਰੀਲ੍ਹ ਅਮਲੀ ਦੇ ਮੂੰਹ ‘ਤੇ ਚੜ੍ਹ ਗਈ ਤਾਂ ਅਮਲੀ ਨੇ ਸਾਰੀ ਗੱਲ ਦਾ ਇਉ ‘ਪ੍ਰੇਸ਼ਨ ਕਰ ਦੇਣਾ ਜਿਮੇਂ ਸਿਰ ‘ਚੋਂ ਜੂੰਆਂ ਕੱਢਣ ਵਾਲੀ ਸਿਰ ਫਰੋਲ ਕੇ ਰੱਖ ਦਿੰਦੀ ਹੈ।
ਮਾਹਲਾ ਨੰਬਰਦਾਰ ਅਮਲੀ ਨੂੰ ਕਹਿੰਦਾ, ”ਅਮਲੀਆ ਤੂੰ ਰਾਸ਼ਨ ਕਾਰਡ ਨੂੰ ਛੱਡ ਪਰ੍ਹੇ, ਆਹ ਜਿਹੜਾ ਝਾੜੂ ਆਲਿਆਂ ਦਾ ਬਾਘੇ ਆਲੇ ‘ਕੱਠ ਹੋਇਆ ਸੀ ਕਹਿੰਦੇ ਓੱਥੇ ਤਾਂ ਅੱਧੋਂ ਵੱਧ ਲੋਕਾਂ ਨੂੰ ਪਤਾ ਈ ਨ੍ਹੀ ਲੱਗਿਆ ਬਈ ਕਿਹੜਾ ਲੀਡਰ ਆਇਆ ਸੀ ਤੇ ਕੀ ਬੋਲ ਗਿਆ। ਤੂੰ ਵੀ ਗਿਆ ਸੀ ਓੱਥੇ ਕੁ ਨਹੀਂ?”
ਅਮਲੀ ਕਹਿੰਦਾ, ”ਗਿਆ ਤਾਂ ਮੈਂ ਵੀ ਸੀ, ਪਰ ਆਪਾਂ ਨੂੰ ਤਾਂ ਨਾ ਜਾਣ ‘ਚ ਫਾਇਦਾ ਹੋਣਾ ਸੀ। ਓੱਥੇ ਜਾ ਕੇ ਤਾਂ ਭੁੱਖੇ ਈ ਮਰੇ।”
ਸੀਤਾ ਮਰਾਸੀ ਕਹਿੰਦਾ, ”ਜਿਹੜੇ ਨਹੀਂ ਗਏ ਸੀ ਉਨ੍ਹਾਂ ਦੇ ਕਿਹੜਾ ਸਿਰ ‘ਤੇ ਕਿਸੇ ਨੇ ਕਲਗੀ ਲਾ ‘ਤੀ।”
ਬਾਬਾ ਸੁਦਾਗਰ ਸਿਉਂ ਕਹਿੰਦਾ, ”ਜਿਹੜੇ ਗਏ ਸੀ ਉਹ ਵੀ ਪਛਤਾਉਂਦੇ ਐ ਜਿਹੜੇ ਨਹੀਂ ਗਏ ਉਹ ਵੀ। ਕੀ ਬੁੱਝੀਏ ਯਾਰ?”
ਨਾਥਾ ਅਮਲੀ ਕਹਿੰਦਾ, ”ਜਿਹੜੇ ਤਾਂ ਬਾਬਾ ਮੇਰੇ ਅਰਗੇ ਗਏ ਸੀ ਉਹ ਤਾਂ ਧੱਕੇ ਖਾ ਕੇ ਮੁੜਿਆਏ, ਦਿਸਿਆ ਦੁਸਿਆ ਉਨ੍ਹਾਂ ਨੂੰ ਕੁਸ ਨ੍ਹੀ। ਜਿਹੜੇ ਨਹੀਂ ਗਏ ਉਨ੍ਹਾਂ ਨੂੰ ਸ਼ਰਾਬ ਮਿਲੀ ਪੀਣ ਨੂੰ ਨਾਲੇ ਦੋ-ਦੋ ਚਾਰ-ਚਾਰ ਸੈ ਰਪੀਆ ਮਿਲਿਆ।”
ਬਾਬੇ ਸੁਦਾਗਰ ਸਿਉਂ ਨੇ ਹੈਰਾਨੀ ਨਾਲ ਪੁੱਛਿਆ , ”ਉਹ ਕਿਮੇਂ ਅਮਲੀਆ?”
ਨਾਥਾ ਅਮਲੀ ਕਹਿੰਦਾ, ”ਆਪਣੇ ਪਿੰਡ ਆਲੇ ਆਹ ਘੁੱਲੇ ਸਰਪੈਂਚ ਅਰਗਿਆਂ ਨੇ ਦੋਨਾਂ ਤਿੰਨਾਂ ਵਿਹੜਿਆਂ ਆਲਿਆਂ ਨੂੰ ਸ਼ਰਾਬ ਦੇ ਡੱਬੇ ਵੀ ਵੰਡੇ ਐ ਨਾਲ ਰਪੀਏ ਵੀ ਦਿੱਤੇ ਐ ਬਈ ਤੁਸੀਂ ਐਥੇ ਘਰੇ ਬਹਿ ਪੀਉ, ਓੱਥੇ ਨਾ ਜਾਇਉ। ਜਦੋਂ ਘੁੱਲਾ ਸਰਪੈਂਚ ਦੂਹੇ ਹਰੀਜਨ ਨੂੰ ਸ਼ਰਾਬ ਦੇਣ ਗਿਆ ਤਾਂ ਦੂਹੇ ਦੀ ਘਰ ਆਲੀ ਤੋਤੋ ਨੂੰ ਕਹਿੰਦਾ ‘ਬੁੜ੍ਹੀਆਂ ਸ਼ਰਾਬ ਨ੍ਹੀ ਪੀਂਦੀਆਂ ਇਸ ਕਰਕੇ ਬੁੜ੍ਹੀਆਂ ਨੂੰ ਅਸੀਂ ਦੋ-ਦੋ ਸੈ ਰਪੀਏ ਦਿੰਨੇ ਆਂ। ਦੋ ਸੈ ਰਪੀਆ ਫੜ੍ਹ ਕੇ ਤੋਤੋ ਸਰਪੈਂਚ ਨੂੰ ਕਹਿੰਦੀ ‘ਤੇ ਜਿਹੜੇ ਦੋ ਜੁਆਕ ਐ ਸਾਡੇ ਉਨ੍ਹਾਂ ਨੂੰ ਵੀ ਕੁਸ ਦਿਉ’। ਸਰਪੈਂਚ ਦੇ ਨਾਲ ਗਏ ਜੱਗੇ ਬਿੰਬਰ ਨੇ ਝੋਲੇ ‘ਚੋਂ ਦੋ ਛਣਕਣੇ ਕੱਢ ਕੇ ਫੜਾ ‘ਤੇ ਤੋਤੋ ਨੂੰ। ਕਹਿੰਦਾ ‘ਲੈ ਜੁਆਕਾਂ ਨੂੰ ਆਹ ਦੇ ਦੀਂ’।”
ਬਾਬਾ ਅਮਲੀ ਤੋਂ ਛਣਕਣਿਆਂ ਬਾਰੇ ਸੁਣ ਕੇ ਹੱਸ ਕੇ ਕਹਿੰਦਾ, ”ਅਮਲੀਆ ਆਹ ਤਾਂ ਤੂੰ ਨਮੀਉਂ ਈ ਗੱਲ ਸਣਾ ‘ਤੀ ਬਈ।”
ਅਮਲੀ ਕਹਿੰਦਾ, ”ਹੋਰ ਸੁਣ ਲਾ ਬਾਬਾ ਸਿਆਂ! ਗੱਲ ਤਾਂ ਇਉਂ ਕਰਦੇ ਆਂ ਬਈ ਜੀਹਨੇ ਵੋਟਾਂ ਲੈਣੀਆਂ ਹੁੰਦੀਆਂ ਉਹ ਤਾਂ ਸ਼ਰਾਬਾਂ ਪਿਆਉਂਦੇ, ਪੈਸੇ ਤੇ ਹੋਰ ਨਿੱਕਸੁੱਕ ਵੰਡਦੇ ਵੇਖੇ ਐ, ਆਹ ਹੁਣ ਇੱਕ ਦੂਜੇ ਦੀ ਰੈਲੀ ‘ਚ ਜਾਣ ਤੋਂ ਰੋਕਣ ਲਈ ਵੀ ਐਹੋ ਜਾ ਕੁਸ ਕਰਨ ਲੱਗ ਪੇ। ਆਹ ਚੜ੍ਹਦੇ ਪਾਸੇ ਆਲੇ ਵਿਹੜੇ ਆਲਿਆਂ ਨੂੰ ਜਦੋਂ ਪਤਾ ਲੱਗਿਆ ਬਈ ਘੁੱਲਾ ਸਰਪੈਂਚ ਘਰੇ ਰਹਿਣ ਦਾ ਸਮਾਨ ਵੰਡਦਾ ਫਿਰਦਾ ਤਾਂ ਧੰਨ੍ਹੇ ਮਜ੍ਹਬੀ ਦੇ ਨਿੱਕੇ-ਨਿੱਕੇ ਛੀ ਸੱਤ ਜੁਆਕ ਐ, ਹੈ ਵੀ ਸਾਰੇ ਮੁੰਡੇ ਈ। ਧੰਨੇ ਦੀ ਘਰ ਆਲੀ ਫੰਭੀ ਨੇ ਸਰਪੈਂਚ ਦੇ ਆਉਂਦੇ ਨੂੰ ਜੁਆਕਾਂ ਦੀਆਂ ਨੀਕਰ ਲਾਹ ਕੇ ਜੁਆਕ ਦਰਾਂ ‘ਚ ਇਉਂ ਖੜ੍ਹਾਅ ‘ਤੇ ਜਿਮੇਂ ਕਿਸੇ ਲੀਡਰ ਦੀ ਆਉ ਭਗਤ ਵੇਲੇ ਲੋਕ ਖੜ੍ਹੇ ਹੁੰਦੇ ਐ। ਪੰਜ ਸੱਤ ਜੁਆਕ ਆਂਢ ਗੁਆਂਢ ਦੇ ਆ ਗੇ। ਬਾਰਾਂ ਤੇਰਾਂ ਜੁਆਕ ਨੰਗ ਧੜੰਗੇ ਦਰਾਂ ਮੂਹਰੇ ਬੀਹੀ ਇਉਂ ਰੋਕੀ ਖੜ੍ਹੇ ਜਿਮੇਂ ਜੰਨ ਰੋਕਣ ਨੂੰ ਕੁੜੀਆਂ ਬਾਰ ਰੋਕੀ ਖੜ੍ਹੀਆਂ ਹੁੰਦੀਐਂ। ਜਦੋਂ ਸਰਪੈਂਚ ਅਰਗੇ ਧੰਨ੍ਹੇ ਕਿਆਂ ਆਲੀ ਬੀਹੀ ‘ਚ ਵੜ੍ਹੇ ਤਾਂ ਸਰਪੈਂਚ ਅਰਗੇ ਆਪ ਨ੍ਹੀ ਸੀ ਓਨੇ ਸਮਾਨ ਵੰਡਣ ਆਲੇ ਜਿੰਨੇ ਮੂਹਰੇ ਜੁਆਕ ਨੰਗ ਧੜੰਗੇ ਖੜ੍ਹੇ ਸੀ। ਜਦੋਂ ਸਰਪੈਂਚ ਨੇ ਨੇੜੇ ਆ ਕੇ ਪੁੱਛਿਆ ਬਈ ਤੁਸੀਂ ਕਿਮੇਂ ਖੜ੍ਹੇ ਐਂ ਓਏ। ਜੁਆਕ ਬਾਬਾ ਘਰਦਿਆਂ ਦੇ ਸਖਾਏ ਵੇ ਸੀ। ਜੁਆਕ ਕਹਿੰਦੇ ‘ਸਾਨੂੰ ਨੀਕਰਾਂ ਝੱਗੇ ਦਿਉ, ਪੈਰਾਂ ‘ਚ ਪਾਉਣ ਨੂੰ ਮੌਜੇ ਦਿਉ ਤਾਂ ਨੰਘਣ ਦੇਮਾਂਗੇ। ਜੁਆਕਾਂ ਨੂੰ ਬਾਬਾ ਵੀਹ-ਵੀਹ ਪੰਜਾਹ-ਪੰਜਾਹ ਰਪੀਏ ਦਿੱਤੇ। ਤਾਂ ਕਰਕੇ ਜੁਆਕ ਪਾਸੇ ਹੋਏ। ਆਂਏਂ ਤਾਂ ਬਾਬਾ ਕੱਲ੍ਹ ਹੋਈ ਸਰਪੈਂਚ ਅਰਗਿਆਂ ਨਾਲ। ‘ਕੱਠ ਫੇਰ ਵੀ ਜਰਗ ਦੇ ਮੇਲੇ ਨਾਲੋਂ ਬਾਹਲ਼ਾ ਹੋ ਗਿਆ ਸੀ।”
ਸੀਤਾ ਮਰਾਸੀ ਮਖੌਲ ‘ਚ ਕਹਿੰਦਾ, ”ਜੇ ਕਿਤੇ ਝਾੜੂ ਆਲਿਆ ਵੱਲੋਂ ਇੱਕ ਦੋ ਵਾਰ ਹੋਰ ‘ਕੱਠ ਕਰਨ ਦੀ ‘ਵਾਜ ਆ ਗੀ ਤਾਂ ਖਣੀ ਵੱਡੇ ਬੰਦੇ ਵੀ ਨਾ ਕਿਤੇ ਝੱਗੇ ਸੁੱਥੂ ਲਾਹ ਖੜ੍ਹ ਜਾਣ। ਫੇਰ ਸੰਭਲਣਾ ਔਖਾ ਹੋ ਜੂ।” ਮਰਾਸੀ ਦੀ ਗੱਲ ਸੁਣ ਕੇ ਬਾਬਾ ਸੁਦਾਗਰ ਸਿਉਂ ਮਰਾਸੀ ਨੂੰ ਘੂਰ ਕੇ ਬੋਲਿਆ, ”ਚੁੱਪ ਨ੍ਹੀ ਕਰਦਾ ਮੀਰ ਓਏ। ਤੁਸੀਂ ਤਾਂ ਯਾਰ ਬਾਹਲ਼ਾ ਈ ਗਾਹਾਂ ਵਧਦੇ ਜਾਨੇਂ ਐ। ਚੱਲੋ ਉੱਠੋ ਘਰਾਂ ਨੂੰ ਚੱਲੋ। ਐਮੇਂ ਹੋਰ ਪੰਗਾ ਖੜ੍ਹਾ ਕਰੋਂਗੇ।”
ਬਾਬੇ ਦਾ ਦੱਬਕਾ ਸੁਣ ਕੇ ਸੱਥ ਵਾਲੇ ਸਾਰੇ ਸੱਥ ‘ਚੋਂ ਉੱਠ ਕੇ ਆਪਣੇ ਘਰਾਂ ਨੂੰ ਇਉ ਚੱਲ ਪਏ ਜਿਮੇਂ ਉਹ ਵੀ ਕਿਸੇ ‘ਕੱਠ ‘ਚੋਂ ਆਏ ਹੋਣ।

Related Articles

Latest Articles