2.4 C
Vancouver
Saturday, January 18, 2025

ਸਚ ਕੀ ਬਾਣੀ ਨਾਨਕੁ ਆਖੈ

 

ਬਾਬਾ ਨਾਨਕ ਜੀ 15 ਅਪ੍ਰੈਲ 1469 ਨੂੰ ਰਾਇ ਭੋਇ ਦੀ ਤਲਵੰਡੀ ਅੱਜਕਲ ਦਾ ਨਾਮ ਨਨਕਾਣਾ ਸਾਹਿਬ (ਜੋ ਕਿ ਪਾਕਿਸਤਾਨ ਦੀ ਧਰਤੀ ਤੇ ਸਥਿਤ ਹੈ ਵਿਖੇ ਪ੍ਰਕਾਸ਼ ਧਾਰਿਆ ਆਪ ਸੋਲਾਂ ਕਲਾ ਸੰਪੂਰਨ ਸਨ ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ
ਚਾਰੇ ਪੈਰ ਧਰੱਮ ਦੇ ਚਾਰਿ
ਵਰਨਿ ਇਕੁ ਵਰਨੁ ਕਰਾਇਆ।
ਰਾਣਾ ਰੰਕੁ ਬਰਾਬਰੀ ਪੈਰੀ
ਪਾਵਣਾ ਜਗਿ ਵਰਤਾਇਆ।
ਸਾਰੀ ਕਾਇਨਾਤ ਨੂੰ ਇੱਕ ਵਿੱਚ ਪਰੋਇਆ ਅਤੇ ਸਾਰੀ ਮਨੁੱਖਤਾ ਨੂੰ ਸਾਂਝਾ ਉਪਦੇਸ਼ ਦਿੱਤਾ ਜੋ ਕਿ ਪਾਖੰਡਾ ਵਹਿਮਾਂ ਤੋਂ ਦੂਰ ਊਚ ਨੀਚ ਤੋਂ ਪਰੇ ਅਤੇ ਰਾਜੇ ਅਤੇ ਪਰਜ਼ਾ ਨੂੰ ਇਕ ਸਮਾਨ ਕਰ ਕੇ ਜਾਣਿਆ ਬਾਬੇ ਨਾਨਕ ਨੇ ਭੁੱਲੀ ਭਟਕੀ ਲੋਕਾਈ ਨੂੰ ਜ਼ਿੰਦਗੀ ਜਿਊਣ ਦਾ ਬੜਾ ਸੁਖਾਲਾ ਜਿਹਾ ਢੰਗ ਸਿਖਾਇਆ। ਸੂਰਜ, ਚੰਦਰਮਾਂ, ਰੁੱਖਾਂ, ਪਸ਼ੂਆਂ, ਪੱਥਰਾਂ, ਦੇਵੀ-ਦੇਵਤਿਆਂ ਦੀ ਪੂਜਾ ਕਰਨ ਵਾਲਿਆਂ ਨੂੰ, ਇਸ ਸਾਰੀ ਸ੍ਰਿਸ਼ਟੀ ਦੇ ਰਚਨਹਾਰੇ ਇੱਕ ਨਿਰੰਕਾਰ ਨਾਲ ਜੋੜਿਆ। ਉਸ ਦਾ ‘ਇੱਕ ਓਅੰਕਾਰ’ ਦਾ ਨਾਅਰਾ, ਇੱਕ ਬਹੁਤ ਵੱਡਾ ਕ੍ਰਾਂਤੀਕਾਰੀ ਕਦਮ ਸੀ।ਉਸ ਸਮੇਂ ਦੇ ਪੁਜਾਰੀ ਵਰਗ ਵਲੋਂ ਹਜ਼ਾਰਾਂ ਸਾਲਾਂ ਤੋਂ ਬਣਾਈਆਂ ਪੁਰਾਣੀਆਂ ਮਿੱਥਾਂ ਨੂੰ ਤੋੜਨਾ ਕੋਈ ਆਸਾਨ ਕੰਮ ਨਹੀਂ ਸੀ। ਪਰ ਬਾਬੇ ਨਾਨਕ ਨੇ ਕਿਸੇ ਨਾਲ ਲੜਾਈ ਨਹੀਂ ਕੀਤੀ, ਉੱਚਾ ਨਹੀਂ ਬੋਲਿਆ ਸਗੋਂ ਬੜੇ ਹੀ ਠਰੰਮ੍ਹੇ ਨਾਲ ਹਰ ਗੱਲ ਦਲੀਲ ਨਾਲ ਸਮਝਾਈ। ਸਮੇਂ ਦੇ ਪੁਜਾਰੀ ਵਰਗ ਨੂੰ ਬਾਣੀ ਰਾਹੀਂ ਐਸੇ ਸੁਆਲ ਕੀਤੇ- ਜਿਹਨਾਂ ਦੇ ਉਹਨਾਂ ਕੋਲ ਕੋਈ ਜੁਆਬ ਨਹੀਂ ਸਨ। ਬਾਬਾ ਨਾਨਕ ਜੀ ਨੇ ਹਮੇਸ਼ਾਂ
ਸਚ ਕੀ ਬਾਣੀ ਨਾਨਕੁ ਆਖੈ
ਸਚੁ ਸੁਣਾਇਸੀ ਸਚ ਕੀ ਬੇਲਾ
ਤੇ ਪਹਿਰਾ ਦਿੱਤਾ। ਸਮੇਂ ਦੇ ਹਾਕਮਾਂ ਦੇ ਜ਼ੁਲਮਾਂ ਖ਼ਿਲਾਫ ਡੱਟ ਕਿ ਅਵਾਜ਼ ਉਠਾਈ ਕਦੇ ਵੀ ਝੁਕੇ ਨਹੀ ਡਰੇ ਨਹੀਂ ਉਨ੍ਹਾਂ ਨੂੰ ਆਪਣੇ ਜੀਵਨ ਕਾਲ ਦੌਰਾਨ ਜੇਲ ਵਿੱਚ ਵੀ ਜਾਣਾ ਪਿਆ ਪਰ ਪਰਮਾਤਮਾ ਦਾ ਭਾਣਾ ਮੰਨ ਕੇ ਜੇਲ ਵਿੱਚ ਵੀ ਗਏ ਉਥੇ ਵੀ ਲੋਕਾਈ ਨੂੰ ਨਾਮ ਬਾਣੀ ਦਾ ਉਪਦੇਸ਼ ਦਿੱਤਾ ਅਤੇ ਉਨ੍ਹਾਂ ਨੇ ਨੇ ਨਾ ਸਿਰਫ ਆਪਣੀ ਬਾਣੀ ਨਾਲ ਉਸ ਯੁੱਗ ਦਾ ਕਾਇਆ-ਕਲਪ ਕਰਨ ਲਈ ਮਨੁੱਖਾਂ ਨੂੰ ਜਾਗਰੂਕ ਕੀਤਾ ਸਗੋਂ ਆਉਣ ਵਾਲੀਆਂ ਪੀੜੀਆਂ ਨੂੰ ਨੂੰ ਦਿਸ਼ਾ ਦਿਖਾ ਕੇ ਆਪਣੇ ਅਧਿਕਾਰਾਂ, ਆਪਣੀਆਂ ਨੈਤਿਕ, ਸਮਾਜਿਕ ਆਦਿ ਕਦਰਾਂ-ਕੀਮਤਾਂ ਤੋਂ ਜਾਣੂ ਕਰਵਾਇਆ।ਉਨ੍ਹਾਂ ਦੁਆਰਾ ਦਿੱਤੇ ਹੋਏ ਉਪਦੇਸ਼ ਰਹਿੰਦੀ ਦੁਨੀਆਂ ਤੱਕ ਲੋਕਾਈ ਨੂੰ ਤਾਰਦੇ ਅਤੇ ਜ਼ਿੰਮੇਵਾਰੀਆਂ ਦਾ ਅਹਿਸਾਸ ਦਿਵਾਊਂਦੇ ਰਹਿਣਗੇ । ਬਾਬ ਨਾਨਕ ਜੀ ਨੇ ਮਨੁੱਖੀ ਅਧਿਕਾਰਾਂ ਦੇ ਖੇਤਰ ‘ਚ ਵਡਮੁੱਲਾ ਯੋਗਦਾਨ ਪਾਇਆ। ਉਨ੍ਹਾਂ ਦਾ ਸਮੁੱਚਾ ਜੀਵਨ ਮਨੁੱਖੀ ਅਧਿਕਾਰਾਂ ਲਈ ਸੰਘਰਸ਼ ਨੂੰ ਸਮਰਪਿਤ ਸੀ। ਉਨ੍ਹਾਂ ਨੇ
ਰਾਜੇ ਸੀਹ ਮੁਕਦਮ ਕੁਤੇ ॥
ਰਾਜੇ (ਮਾਨੋ) ਸ਼ੇਰ ਹਨ (ਉਹਨਾਂ ਦੇ, ਪੜ੍ਹੇ ਹੋਏ) ਅਹਲਕਾਰ (ਮਾਨੋ) ਕੁੱਤੇ ਹਨ
ਜਾਇ ਜਗਾਇਨਿ ਬੈਠੇ ਸੁਤੇ ॥
ਲੋਕਾਈ ਨੂੰ ਤੰਗ ਕਰਦੇ ਹਨ ।
ਧਾਰਮਿਕ ਆਗੂਆਂ ਵਲੋਂ ਕੀਤੇ ਜਾ ਰਹੇ ਪਾਖੰਡ ਅਤੇ ਸਰਕਾਰੀ ਅਹਿਲਕਾਰਾਂ ਵਲੋਂ ਕੀਤੇ ਜਾ ਰਹੇ ਧੱਕਿਆਂ ਵਿਰੁੱਧ ਜਾਗਰੂਕਤਾ ਪੈਦਾ ਕਰਨ ਲਈ ਵੱਖ-ਵੱਖ ਮੁਲਕਾਂ ਵਿੱਚ ਪ੍ਰਚਾਰਕ ਉਦਾਸੀਆਂ ਕੀਤੀਆਂ। ਉਨ੍ਹਾਂ ਉਸ ਸਮੇਂ ‘ਚ ਪ੍ਰਚੱਲਿਤ ਵੱਖ-ਵੱਖ ਧਰਮਾਂ ਦੇ ਉਨ੍ਹਾਂ ਧਾਰਮਿਕ ਆਗੂਆਂ ਵਲੋਂ ਆਮ ਲੋਕਾਂ ਨਾਲ ਕੀਤੇ ਜਾ ਰਹੇ ਪਾਖੰਡਵਾਦ ਅਤੇ ਧੱਕਿਆਂ ਦੀ ਨਿੰਦਾ ਕੀਤੀ, ਜਿਨ੍ਹਾਂ ਨੇ ਆਮ ਲੋਕਾਂ ਨੂੰ ਧਾਰਮਿਕ ਆਜ਼ਾਦੀ ਅਤੇ ਉਨ੍ਹਾਂ ਦੇ ਮੌਲਿਕ ਅਧਿਕਾਰਾਂ ਤੋਂ ਵਾਂਝੇ ਕੀਤਾ। ਉਨ੍ਹਾਂ ਨੇ ਲੋਕਾਂ ਨੂੰ ਧਰਮ ਦਾ ਅਸਲ ਅਰਥ ਸਿਖਾਇਆ ਅਤੇ ਉਨ੍ਹਾਂ ਨੇ ਧਰਮ ਦੇ ਨਾਂ ‘ਤੇ ਲੋਕਾਈ ਦੇ ਹੋ ਰਹੇ ਸ਼ੋਸ਼ਣ ਅਤੇ ਜ਼ੁਲਮ ਤੋਂ ਜਾਣੂ ਕਰਵਾਇਆ।
ਬਾਬਾ ਨਾਨਕ ਜੀ ਨੇ ਆਪਣੇ ਸਮੇਂ ਦੇ ਸਾਰੇ ਧਾਰਮਿਕ ਆਗੂਆਂ ਨੂੰ ਸਲਾਹ ਦਿੱਤੀ ਕਿ ਉਹ ਬਾਹਰੀ ਰੀਤੀ-ਰਿਵਾਜਾਂ ਦੀ ਬਜਾਏ ਆਪਣੇ ਧਾਰਮਿਕ ਉਪਦੇਸ਼ਾਂ ਅਨੁਸਾਰ ਕੰਮ ਕਰਨ ਅਤੇ ਚਰਚਾ /ਗੱਲਬਾਤ ਰਾਂਹੀ ਆਪਣੇ ਮੱਤਭੇਦਾਂ ਨੂੰ ਸੁਲਝਾਉਣ। ਬਾਬਾ ਨਾਨਕ ਜੀ ਨੇ ਆਪਣੇ ਸਮੇਂ ਦੇ ਸ਼ਾਸਕਾਂ ਦੀ ਨਿੰਦਾ ਕੀਤੀ, ਜੋ ਲੋਕਾਂ ਤੇ ਜ਼ੁਲਮ ਕਰ ਰਹੇ ਸਨ ਅਤੇ ਜਿਨ੍ਹਾਂ ਨੇ ਧਰਮ ਨੂੰ ਮੰਨਣ ਦੀ ਆਜ਼ਾਦੀ ਦਾ ਅਧਿਕਾਰ ਖੋਹਿਆ। ਉਨ੍ਹਾਂ ਨੇ ਧਾਰਮਿਕ ਆਜ਼ਾਦੀ ਦਾ ਜ਼ੋਰਦਾਰ ਪ੍ਰਚਾਰ ਕੀਤਾ ਬਾਬਾ ਨਾਨਕ ਜੀ ਨੇ ਆਪਣੀ ਬਾਣੀ ‘ਚ ਅਜਿਹੇ ਅੱਤਿਆਚਾਰ ਨੂੰ ਬਿਆਨ ਕੀਤਾ। ਉਨ੍ਹਾਂ ਨੇ ਬਾਬਰ ਬਾਣੀ ਵਿੱਚ ਉਸ ਸਮੇਂ ਦੇ ਵਰਤਾਰੇ ਬਾਰੇ ਵਰਨਣ ਵੀ ਕੀਤਾ ਹੈ
ਉਨ੍ਹਾਂ ਦੱਬੇ-ਕੁਚਲੇ ਲੋਕਾਂ ‘ਚ ਨਵੀਂ ਰੂਹ ਫੂਕਣ ਅਤੇ ਉਨ੍ਹਾਂ ‘ਚ ਰਾਜਨੀਤਕ ਚੇਤਨਾ ਜਗਾਈ। ਬਾਬਾ ਨਾਨਕ ਜੀ ਸਮਾਜ ਦੇ ਹਰ ਵਰਗ ਦੇ ਲੋਕਾਂ ਦਾ ਮਾਣ-ਸਨਮਾਨ ਬਹਾਲ ਕਰਨਾ ਚਾਹੁੰਦੇ ਸਨ ਅਤੇ ਜਾਤ, ਨਸਲ, ਰੰਗ ਅਤੇ ਵਰਗ ਦੇ ਬੰਧਨਾਂ ਨੂੰ ਤੋੜ ਕੇ ਸਾਰੇ ਲੋਕਾਂ ਦੀ ਬਰਾਬਰੀ ਦਾ ਉਪਦੇਸ਼ ਦਿੰਦੇ ਸਨ। ਜਾਤੀ ਭੇਦਭਾਵ ਨੂੰ ਦੂਰ ਕਰਨ ਲਈ ਬਾਬਾ ਨਾਨਕ ਜੀ ਨੇ ‘ਸੰਗਤ’ ਅਤੇ ‘ਪੰਗਤ’ ਦੇ ਸੰਕਲਪ ਨੂੰ ਲਿਆਂਦਾ । ਬਾਬਾ ਨਾਨਕ ਜੀ ਨੇ ਬਰਾਬਰੀ ਦੇ ਅਧਿਕਾਰ ਦੀ ਵਕਾਲਤ ਕੀਤੀ ਅਤੇ ਕਿਸੇ ਵੀ ਤਰ੍ਹਾਂ ਦੇ ਭੇਦਭਾਵ ਦੀ ਨਿੰਦਾ ਕੀਤੀ। ਇਸੇ ਤਰ੍ਹਾਂ ਬਾਬਾ ਨਾਨਕ ਜੀ ਨੇ ਔਰਤਾਂ ਨੂੰ ਮਰਦਾਂ ਦੇ ਬਰਾਬਰ ਅਧਿਕਾਰਾਂ ਦੀ ਵਕਾਲਤ ਕੀਤੀ। ਉਨ੍ਹਾਂ ਔਰਤਾਂ ਨਾਲ ਸਬੰਧਤ ਸਾਰੀਆਂ ਸਮਾਜਿਕ ਬੁਰਾਈਆਂ ਦੀ ਨਿਖੇਧੀ ਕੀਤੀ ਅਤੇ ਔਰਤਾਂ ਦੇ ਹੱਕਾਂ ਲਈ ਆਵਾਜ਼ ਉਠਾਈ।ਬਾਬਾ ਨਾਨਕ ਜੀ ਨੇ ਲੋਕਾਂ ਨੂੰ ਆਪਣੇ ਅਧਿਕਾਰਾਂ ਨੂੰ ਜਾਣਨ ਅਤੇ ਪਛਾਣਨ ਲਈ ਜਾਗਰੂਕ ਕੀਤਾ।
ਅੱਜ ਦੇ ਸਮੇਂ ਦੇ ਦੌਰ ਵਿੱਚ ਮਨੁੱਖੀ ਅਧਿਕਾਰਾਂ ਦੀ ਜੋ ਗੱਲ ਕੀਤੀ ਜਾ ਰਹੀ ਹੈ, ਉਨ੍ਹਾਂ ਹੀ ਅਧਿਕਾਰਾਂ ਦੀ ਗੱਲ ਬਾਬਾ ਨਾਨਕ ਜੀ ਨੇ 15ਵੀਂ ਸਦੀ ‘ਚ ਹੀ ਕਰ ਦਿੱਤੀ ਸੀ। ਉਨ੍ਹਾਂ ਨੇ ਹਰ ਤਰ੍ਹਾਂ ਦੇ ਜ਼ੁਲਮ, ਸ਼ੋਸ਼ਣ ਤੋਂ ਮੁਕਤ ਨਵੀਂ ਤਰ੍ਹਾਂ ਦੇ ਸਮਾਜ ਦੀ ਕਲਪਨਾ ਕੀਤੀ ਸੀ ਅੱਜ ਵੀ ਬਾਬੇ ਨਾਨਕ ਦੇ ਸਿੱਖ 555 ਸਾਲਾਂ ਬਾਅਦ ਵੀ ਮਨੁੱਖੀ ਅਧਿਕਾਰਾਂ ਲਈ ਸ਼ਹੀਦੀਆਂ ਦੇ ਰਹੇ ਹਨ
ਸਿੱਖ ਇਤਿਹਾਸ ਗਵਾਹ ਹੈ ਕਿ ਦਸ ਗੁਰੂ ਸਾਹਿਬਾਨ (1469 ਤੋ 1708 ਈਸਵੀ) ਤੋਂ ਬਾਅਦ ਅੱਜ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਹੇਠ ਚਲਦੇ ਖਾਲਸੇ ਨੂੰ ਜਦੋਂ ਜਦੋਂ ਵੀ ਜਾਲਮਾਂ ਨੇ ਦਬਾਉਣ ਦਾ ਯਤਨ ਕੀਤਾ ਤਾਂ ਨਾਮ ਬਾਣੀ ਨਾਲ ਭਿੱਜੇ ਅਤੇ ਸਚ ਨਾਲ ਜੁੜੇ ਪ੍ਰਵਾਨਿਆਂ ਨੇ ਸ਼ਹੀਦੀਆਂ ਦਿੱਤੀਆਂ ।ਬਾਬਾ ਨਾਨਕ ਜੀ ਨੇ ਆਪਣਾ ਸਮੁੱਚਾ ਜੀਵਨ ਮਨੁੱਖਾਂ ਦੇ ਹੱਕਾਂ ਅਤੇ ਸਤਿਕਾਰ ਲਈ ਸਮਰਪਿਤ ਕਰ ਦਿੱਤਾ। ਬਾਬਾ ਨਾਨਕ ਜੀ ਦੇ ਮਨੁੱਖੀ ਜੀਵਨ ਦੀ ਮਹੱਤਤਾ ਨੂੰ ਸਮਝਦੇ ਹੋਏ ਸਾਨੂੰ ਸਮੁੱਚੀ ਸਥਿਤੀ ਬਾਰੇ ਨਵੇਂ ਸਿਰੇ ਤੋਂ ਸੋਚਣ ਦੀ ਲੋੜ ਹੈ। ਬਾਬਾ ਨਾਨਕ ਜੀ ਦੇ ਫਲਸਫੇ ਨੂੰ ਸਮਝਣਾ, ਸੁਰਜੀਤ ਕਰਨਾ ਅਤੇ ਲਾਗੂ ਕਰਨਾ ਸਮੇਂ ਦੀ ਸਖ਼ਤ ਲੋੜ ਹੈ। ਮਨੁੱਖਤਾ ਨੂੰ ਨਿਘਾਰ ਤੋਂ ਬਚਾਉਣ ਦਾ ਇਹੀ ਤਰੀਕਾ ਹੈ ਕਿ ਅਸੀਂ ਆਪਣਾ ਜੀਵਨ ਨਾਮ – ਬਾਣੀ ਅਨੁਸਾਰ ਪਾਖੰਡਾਂ ਵਹਿਮਾਂ ਤੋਂ ਦੂਰ ਅਤੇ ਮਨੁੱਖੀ ਅਧਿਕਾਰਾਂ ਨੂੰ ਸਮਰਪਿਤ ਹੋਈਏ ਇਹ ਤਾਂ ਹੀ ਸੰਭਵ ਹੈ ਜਦੋਂ ਅਸੀਂ ਬਾਬਾ ਨਾਨਕ ਜੀ ਦੀਆਂ ਸਿੱਖਿਆਵਾਂ ‘ਤੇ ਚੱਲ ਕੇ ਆਪਣਾ ਫਰਜ਼ ਸਮਝਾਂਗੇ ਅਤੇ ਇਹੀ ਸਾਡੇ ਮਹਾਨ ਬਾਬਾ ਨਾਨਕ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਦੀ ਸਾਰਥਿਕਤਾ ਹੋਵੇਗੀ ।

Related Articles

Latest Articles