ਕੈਨੇਡਾ-ਅਮਰੀਕਾ ਬਾਰਡਰ ‘ਤੇ ਮਾਰੇ ਗਏ ਭਾਰਤੀ ਪਰਿਵਾਰ ਦੇ ਮਾਮਲੇ ਵਿੱਚ ਦੋ ਦੋਸ਼ੀ ਅਦਾਲਤ ‘ਚ ਪੇਸ਼

 

ਸਰੀ, (ਸਿਮਰਨਜੀਤ ਸਿੰਘ): ਮੈਨੀਟੋਬਾ ਅਤੇ ਮਿਨੀਸੋਟਾ ਬਾਰਡਰ ‘ਤੇ 2022 ਵਿੱਚ ਭਾਰਤੀ ਪਰਿਵਾਰ ਦੇ ਠੰਢ ਨਾਲ ਮਰਨ ਦੇ ਮਾਮਲੇ ਵਿੱਚ ਦੋਸ਼ੀ ਦੋ ਵਿਅਕਤੀਆਂ ਦੇ ਖ਼ਿਲਾਫ਼ ਇਸ ਹਫ਼ਤੇ ਮੁਕੱਦਮਾ ਸ਼ੁਰੂ ਹੋਵੇਗਾ। ਇਸ ਪਰਿਵਾਰ ਵਿੱਚ 39 ਸਾਲਾ ਜਗਦੀਸ਼ ਪਟੇਲ, 37 ਸਾਲਾ ਵੈਸ਼ਾਲੀਬੇਨ ਪਟੇਲ, ਉਨ੍ਹਾਂ ਦੀ 11 ਸਾਲਾ ਧੀ ਅਤੇ 3 ਸਾਲਾ ਦਾ ਬੇਟਾ ਸ਼ਾਮਲ ਸੀ। ਉਹਨਾਂ ਦੀਆਂ ਲਾਸ਼ਾਂ ਮੈਨੀਟੋਬਾ ਦੇ ਐਮਰਸਨ ਨਜ਼ਦੀਕ ਖੇਤਾਂ ਵਿੱਚ ਬਰਫ਼ ਵਿੱਚ ਦੱਬੀਆਂ ਮਿਲੀਆਂ ਸਨ।
ਦੋਸ਼ੀਆਂ ‘ਚ ਹਰਸ਼ਕੁਮਾਰ ਰਮਨਲਾਲ ਪਟੇਲ ਅਤੇ ਸਟੀਵ ਸ਼ੈਂਡ ਉੱਪਰ ਇਲਜ਼ਾਮ ਹੈ ਕਿ ਉਹ ਇੱਕ ਵੱਡੇ ਮਨੁੱਖੀ ਸਮੱਗਲਿੰਗ ਔਪਰੇਸ਼ਨ ਦਾ ਹਿੱਸਾ ਸਨ। ਇਸ ਔਪਰੇਸ਼ਨ ਰਾਹੀਂ ਉਹ ਭਾਰਤ ਤੋਂ ਵਿਦਿਆਰਥੀ ਵੀਜ਼ੇ ‘ਤੇ ਕੈਨੇਡਾ ਆਏ ਲੋਕਾਂ ਨੂੰ ਅਮਰੀਕਾ ਦੀ ਸਰਗੱਦ ਪਾਰ ਕਰਵਾਉਂਦੇ ਸਨ। ਦੋਸ਼ੀਆਂ ਨੇ ਆਪਣੇ ਖ਼ਿਲਾਫ਼ ਸਾਰੇ ਦੋਸ਼ਾਂ ਨੂੰ ਰੱਦ ਕਰਦਿਆਂ ਅਤੇ ਜਾਨ ਖਤਰੇ ਵਿੱਚ ਪਾਉਣ ਸਬੰਧੀ ਦੋਸ਼ਾਂ ਤੇ ਬੇਗੁਨਾਹੀ ਦਰਜ ਕੀਤੀ ਹੈ।
ਪ੍ਰੋਸਿਕਿਊਟਰਾਂ ਨੇ ਦੋਸ਼ ਲਾਇਆ ਹੈ ਕਿ ਪਟੇਲ ਕੈਨੇਡਾ ਦੇ ਸਮੱਗਲਰਾਂ ਨਾਲ ਮਿਲ ਕੇ ਮਨੁੱਖਾਂ ਨੂੰ ਬਾਰਡਰ ਦੇ ਨਜ਼ਦੀਕ ਉਤਾਰਦੇ ਅਤੇ ਉਸ ਤੋਂ ਬਾਅਦ ਸ਼ੈਂਡ ਉਹਨਾਂ ਨੂੰ ਅਮਰੀਕਾ ਵਿੱਚ ਲੈ ਜਾਵੇਗਾ। ਅਦਾਲਤੀ ਦਸਤਾਵੇਜ਼ਾਂ ਮੁਤਾਬਿਕ, ਜਨਵਰੀ 19, 2022 ਨੂੰ ਬਰਫ਼ੀਲੇ ਤੂਫ਼ਾਨ ਵਿਚ ਇਹ ਘਟਨਾ ਵਾਪਰੀ ਸੀ। ਉਸ ਸਮੇਂ ਹਵਾ ਦਾ ਤਾਪਮਾਨ -35 ਡਿਗਰੀ ਸੈਲਸਿਅਸ ਤੋਂ ਘੱਟ ਵੀ ਸੀ।
ਪਰਿਵਾਰ ਸਣੇ 11 ਲੋਕਾਂ ਦੇ ਗਰੁੱਪ ਵਿੱਚੋਂ ਕੁਝ ਲੋਕ ਸ਼ੈਂਡ ਦੀ ਵੈਨ ਤੱਕ ਪਹੁੰਚਣ ਵਿੱਚ ਸਫਲ ਹੋਏ। ਬਾਕੀਆਂ ਵਿੱਚੋਂ ਉਪਰੋਕਤ ਪਰਿਵਾਰ ਠੰਡ ਨਾਲ ਮਾਰਿਆ ਗਿਆ।
ਮ੍ਰਿਤਕ ਪਰਿਵਾਰ ਗੁਜਰਾਤ ਦੇ ਪਿੰਡ ਡਿੰਗੂਚਾ ਨਾਲ ਸੰਬੰਧਿਤ ਸੀ। ਪਰਿਵਾਰ ਦੇ ਮੁਖੀ ਜਗਦੀਸ਼ ਪਟੇਲ ਨੇ ਭਾਰਤ ਵਿੱਚ ਕਈ ਕੰਮ ਕੀਤੇ ਸਨ ਪਰ ਸਫਲਤਾ ਨਾ ਮਿਲੀ। ਪਰਿਵਾਰ ਦੇ ਕੈਨੇਡਾ ਪਹੁੰਚਣ ‘ਤੇ, ਉਹਨਾਂ ਦੇ ਪਿਤਾ ਬਲਦੇਵ ਪਟੇਲ ਨੇ ਆਪਣੇ ਪਿੰਡ ‘ਚ ਖੁਸ਼ੀ ਵੀ ਮਨਾਈ ਸੀ ਕਿ ਉਨ੍ਹਾਂ ਦਾ ਪਰਿਵਾਰ ਜਲਦ ਅਮਰੀਕਾ ਪਹੁੰਚ ਜਾਵੇਗਾ।
ਆਰਸੀਐਮਪੀ ਨੇ ਕੈਨੇਡਾ ਪਾਸੇ ਅਜੇ ਤੱਕ ਕਿਸੇ ਦੀ ਗਿਰਫਤਾਰੀ ਨਹੀਂ ਕੀਤੀ, ਪਰ ਪੜਤਾਲ ਜਾਰੀ ਹੈ। ਮੁਕੱਦਮਾ ਪੰਜ ਦਿਨ ਚੱਲਣ ਦੀ ਸੰਭਾਵਨਾ ਹੈ, ਜਿਸ ਵਿੱਚ ਦੋਸ਼ੀਆਂ ਦੀਆਂ ਮੋਬਾਈਲ ਗੱਲਬਾਤਾਂ ਤੇ ਮੌਸਮ ਸਬੰਧੀ ਚਰਚਾ ਨੂੰ ਸਬੂਤ ਵਜੋਂ ਪੇਸ਼ ਕੀਤਾ ਜਾਵੇਗਾ। This report was written by Simranjit Singh as part of the Local Journalism Initiative.

Exit mobile version