ਕੈਨੇਡਾ ਪੋਸਟ ਦੇ ਵਰਕਰਾਂ ਦੀ ਹੜ੍ਹਤਾਲ ਕਾਰਨ ਲੋਕ ਪਰੇਸ਼ਾਨ

 

ਸਰੀ, (ਸਿਮਰਨਜੀਤ ਸਿੰਘ): ਕੈਨੇਡਾ ਪੋਸਟ ਦੇ ਵਰਕਰ ਰਾਸ਼ਟਰੀ ਪੱਧਰ ‘ਤੇ ਹੜ੍ਹਤਾਲ ‘ਤੇ ਹਨ ਜਿਸ ਕਾਰਨ ਦੇਸ਼ ਭਰ ਦੀ ਸਾਰੀ ਡਾਕ ਪ੍ਰਣਾਲੀ ਪ੍ਰਭਾਵਿਤ ਹੈ, ਦੇਸ਼ ਵਿਆਪੀ ਡਾਕ ਸੇਵਾਵਾਂ ਅਤੇ ਨਿੱਜੀ ਪਾਰਸਲਾਂ ਸਬੰਧੀ ਸੇਵਾਵਾਂ ਠੱਪ ਪਈਆਂ ਹਨ ਜਿਸ ਕਾਰਨ ਲੋਕਾਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਹੜ੍ਹਤਾਲ ਕਾਰਨ ਕੈਨੇਡਾ ਦੀ ਅਰਥਵਿਵਸਥਾ ਤੇ ਵੀ ਇਸਦਾ ਡੂੰਘਾ ਅਸਰ ਪੈ ਰਿਹਾ ਹੈ।
ਇਸ ਦਾ ਸਭ ਤੋਂ ਵੱਡਾ ਅਸਰ ਪਾਸਪੋਰਟ ਸੇਵਾਵਾਂ ‘ਤੇ ਪਿਆ ਹੈ। ਇੰਪਲੋਇਮੈਂਟ ਐਂਡ ਸੋਸ਼ਲ ਡਿਵੈਲਪਮੈਂਟ ਕੈਨੇਡਾ ਨੇ ਸਪੱਸ਼ਟ ਕੀਤਾ ਹੈ ਕਿ ਹੜਤਾਲ ਦੇ ਚਲਦਿਆਂ 85,000 ਪਾਸਪੋਰਟਾਂ ਨੂੰ ਡਾਕ ਰਾਹੀਂ ਭੇਜਣ ਦੀ ਪ੍ਰਕਿਰਿਆ ਰੋਕ ਦਿੱਤੀ ਗਈ ਹੈ।
ਕੈਨੇਡਾ ਪੋਸਟ ਦੇ ਕਰਮਚਾਰੀ ਆਪਣੇ ਕੰਮ ਦੀ ਮਹਿੰਗਾਈ ਅਤੇ ਦਬਾਅ ਦੇ ਮੱਦੇਨਜ਼ਰ ਉੱਚ ਤਨਖਾਹਾਂ ਦੀ ਮੰਗ ਕਰ ਰਹੇ ਹਨ। ਉਹ ਕਹਿੰਦੇ ਹਨ ਕਿ ਮੌਜੂਦਾ ਤਨਖਾਹ ਮਹਿੰਗਾਈ ਦੀ ਰਫ਼ਤਾਰ ਨਾਲ ਮੇਲ ਨਹੀਂ ਖਾਂਦੀ।
ਡਾਕ ਅਤੇ ਪਾਰਸਲ ਦੀ ਵਧ ਰਹੀ ਮੰਗ ਕਾਰਨ ਕਰਮਚਾਰੀਆਂ ਨੂੰ ਵਾਧੂ ਕੰਮ ਕਰਨਾ ਪੈਂਦਾ ਹੈ। ਉਹ ਵਧੇਰੇ ਘੰਟਿਆਂ ਅਤੇ ਸੁਰੱਖਿਆ ਮਾਪਦੰਡਾਂ ਵਿੱਚ ਸੁਧਾਰ ਦੀ ਮੰਗ ਕਰ ਰਹੇ ਹਨ।
ਯੂਨੀਅਨ ਨੇ ਪੈਨਸ਼ਨ ਅਤੇ ਹੋਰ ਸਹੂਲਤਾਂ ਦੇ ਕਟੌਤੀ ਖਿਲਾਫ਼ ਸਖ਼ਤ ਵਿਰੋਧ ਕੀਤਾ ਹੈ। ਕਰਮਚਾਰੀਆਂ ਦੀ ਮੰਗ ਹੈ ਕਿ ਪੈਨਸ਼ਨ ਪ੍ਰਣਾਲੀ ਅਤੇ ਰਿਟਾਇਰਮੈਂਟ ਫੰਡ ਨੂੰ ਮੁਕੰਮਲ ਸੁਰੱਖਿਆ ਦਿੱਤੀ ਜਾਵੇ।
ਕਈ ਕੰਟਰੈਕਟ ਕਰਮਚਾਰੀਆਂ ਨੂੰ ਸਥਾਈ ਕਰਮਚਾਰੀ ਬਣਾਉਣ ਦੀ ਮੰਗ ਕੀਤੀ ਗਈ ਹੈ ਤਾਂ ਕਿ ਵਰਕਰਾਂ ਨੂੰ ਰੋਜ਼ਗਾਰ ਸੁਰੱਖਿਆ ਮਿਲ ਸਕੇ।
ਜ਼ਿਕਰਯੋਗ ਹੈ ਕਿ ਕੈਨੇਡਾ ਪੋਸਟ ਦੀ ਹੜਤਾਲ ਨੇ ਸਾਰੇ ਕਾਰੋਬਾਰਾਂ ਅਤੇ ਲੋਕਾਂ ਦੀ ਜ਼ਿੰਦਗੀ ‘ਤੇ ਗਹਿਰਾ ਪ੍ਰਭਾਵ ਪਾਇਆ ਹੈ। ਆਨਲਾਈਨ ਸ਼ਾਪਿੰਗ ਤੋਂ ਲੈ ਕੇ ਕਈ ਗਾਹਕਾਂ ਦੇ ਪਾਰਸਲ ਪਿਛਲੇ ਕਈ ਦਿਨਾਂ ਤੋਂ ਰੁਕੇ ਹੋਏ ਹਨ।
ਛੋਟੇ ਵਪਾਰੀ, ਜੋ ਆਪਣੀਆਂ ਸੇਵਾਵਾਂ ਲਈ ਕੈਨੇਡਾ ਪੋਸਟ ‘ਤੇ ਨਿਰਭਰ ਕਰਦੇ ਹਨ, ਇਸ ਹੜਤਾਲ ਦੇ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਇਸ ਤੋਂ ਇਲਾਵਾ ਅੰਤਰਰਾਸ਼ਟਰੀ ਡਾਕ ਸੇਵਾਵਾਂ ਵਿੱਚ ਵੀ ਦੇਰੀ ਹੋ ਰਹੀ ਹੈ, ਜਿਸ ਨਾਲ ਵਿਦੇਸ਼ੀ ਵਪਾਰ ਵਿੱਚ ਰੁਕਾਵਟ ਆ ਰਹੀ ਹੈ।
ਇੰਪਲੋਇਮੈਂਟ ਐਂਡ ਸੋਸ਼ਲ ਡਿਵੈਲਪਮੈਂਟ ਕੈਨੇਡਾ ਦੀ ਬੁਲਾਰਨ, ਮੀਲਾ ਰੌਏ ਨੇ ਦੱਸਿਆ ਕਿ ਕੈਨੇਡਾ ਪੋਸਟ ਦੇ ਡਾਕ ਵਰਕਰਾਂ ਦੀ ਹੜਤਾਲ 15 ਨਵੰਬਰ ਤੋਂ ਸ਼ੁਰੂ ਹੋਈ, ਪਰ 8 ਨਵੰਬਰ ਤੋਂ ਹੀ ਪਾਸਪੋਰਟ ਦੇ ਪੈਕੇਜ ਭੇਜਣ ਬੰਦ ਕਰ ਦਿੱਤੇ ਗਏ ਸਨ। ਇਹ ਫੈਸਲਾ ਇਸ ਲਈ ਕੀਤਾ ਗਿਆ ਸੀ ਕਿ “ਸੰਭਾਵੀ ਲੇਬਰਲ ਵਿਘਨ” ਤੋਂ ਬਚਿਆ ਜਾ ਸਕੇ। ਡਾਕ ਸੇਵਾ ਠੱਪ ਹੋਣ ਕਾਰਨ ਪਾਸਪੋਰਟ ਸੈਂਟਰਾਂ ਵਿੱਚ ਪੈਕੇਜ ਫਸਣ ਦੀ ਸੰਭਾਵਨਾ ਬਹੁਤ ਵੱਧ ਗਈ ਸੀ।
ਕੈਨੇਡਾ ਪੋਸਟ ਦੇ ਡਾਕ ਵਰਕਰਾਂ ਨੇ ਹੜਤਾਲ ਤਨਖਾਹਾਂ, ਕੰਮਕਾਜੀ ਸਥਿਤੀਆਂ ਅਤੇ ਨੌਕਰੀ ਸੁਰੱਖਿਆ ਨੂੰ ਲੈ ਕੇ ਕੀਤੀ ਹੈ। ਇਹ ਹੜਤਾਲ ਬਲੈਕ ਫ੍ਰਾਈਡੇ ਅਤੇ ਛੁੱਟੀਆਂ ਦੇ ਸੀਜ਼ਨ ਤੋਂ ਠੀਕ ਪਹਿਲਾਂ ਹੋਈ ਹੈ, ਜਿਸ ਨਾਲ ਲੱਖਾਂ ਲੋਕਾਂ ਦੀਆਂ ਕਾਰੋਬਾਰੀ ਅਤੇ ਨਿੱਜੀ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ।
ਕੈਨੇਡਾ ਪੋਸਟ ਪ੍ਰਬੰਧਨ ਨੇ ਕਿਹਾ ਹੈ ਕਿ ਉਹ ਯੂਨੀਅਨ ਨਾਲ ਗੱਲਬਾਤ ਕਰ ਰਹੇ ਹਨ ਅਤੇ ਸੰਭਾਵੀ ਸਮਾਧਾਨ ਦੀ ਭਾਲ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਰਵਿਸਜ਼ ਦੀ ਬਹਾਲੀ ਲਈ ਛੇਤੀ ਹੱਲ ਲੱਭ ਲਿਆ ਜਾਵੇਗਾ।

Exit mobile version