4.8 C
Vancouver
Monday, November 25, 2024

ਕੈਨੇਡਾ ਵਿੱਚ ਮਹਿੰਗਾਈ ਦਰ ਫਿਰ ਵੱਧ ਕੇ 2 ਪ੍ਰਤੀਸ਼ਤ ਤੇ ਪਹੁੰਚੀ

 

ਦਸੰਬਰ ਮਹੀਨੇ ਵਿਆਜ਼ ਦਰਾਂ ‘ਚ 50 ਅੰਕਾਂ ਦੀ ਥਾਂ 25 ਅੰਕਾਂ ਦੀ ਕਟੌਤੀ ਕੀਤੇ ਜਾਣ ਦੀ ਸੰਭਾਵਨਾ ਬਣੀ
ਸਰੀ, (ਸਿਮਰਨਜੀਤ ਸਿੰਘ): ਕੈਨੇਡਾ ਦੀ ਮਹਿੰਗਾਈ ਦਰ ਅਕਤੂਬਰ ਮਹੀਨੇ ਵਿੱਚ ਵਧ ਕੇ 2 ਪ੍ਰਤੀਸ਼ਤ ਹੋ ਗਈ, ਜਦਕਿ ਸਤੰਬਰ ਵਿੱਚ ਇਹ 1.6 ਪ੍ਰਤੀਸ਼ਤ ਸੀ। ਸਟੈਟਿਸਟਿਕਸ ਕੈਨੇਡਾ ਦੀ ਤਾਜ਼ਾ ਰਿਪੋਰਟ ਮੁਤਾਬਕ, ਇਹ ਵਾਧਾ ਖਾਸ ਤੌਰ ‘ਤੇ ਗੈਸੋਲਿਨ ਕੀਮਤਾਂ ਕਾਰਨ ਹੋਇਆ ਹੈ। ਕਨਜ਼ਯੂਮਰ ਪ੍ਰਾਈਸ ਇੰਡੈਕਸ ਦੇ 8 ਮੁੱਖ ਤੱਤਾਂ ਵਿੱਚੋਂ 5 ਵਿੱਚ ਕੀਮਤਾਂ ਵਧਣ ਦੀ ਰਫ਼ਤਾਰ ਵਿੱਚ ਵਾਧਾ ਹੋਇਆ। ਅਕਤੂਬਰ ਵਿੱਚ ਗੈਸੋਲਿਨ ਦੀ ਕੀਮਤ ਸਾਲਾਨਾ ਮਿਆਦ ਵਿੱਚ ਸਤੰਬਰ ਦੀ ਤੁਲਨਾ ਵਿੱਚ ਘੱਟ ਗਿਰਾਵਟ ਦਰਸਾਉਂਦੀ ਹੈ, ਜੋ ਮਹਿੰਗਾਈ ਦੀ ਦਰ ਨੂੰ ਉੱਚਾ ਕਰਨ ਦਾ ਇੱਕ ਮੁੱਖ ਕਾਰਣ ਬਣੀ।
ਬੈਂਕ ਆਫ ਕੈਨੇਡਾ ਮਹਿੰਗਾਈ ਦੀ ਦਰ ਨੂੰ 2 ਪ੍ਰਤੀਸ਼ਤ ‘ਤੇ ਲਿਆਉਣ ਦਾ ਹੀ ਟੀਚਾ ਮਿੱਥਿਆ ਗਿਆ ਸੀ ਜਿਸ ਤੋਂ ਬਾਅਦ ਇਹ ਸੰਭਾਵਨਾ ਅਜੇ ਵੀ ਜਾਰੀ ਰਹੇਗੀ ਕਿ ਆਉਣ ਵਾਲੇ ਮਹੀਨਿਆਂ ਵਿੱਚ ਵਿਆਜ ਦਰਾਂ ਵਿੱਚ ਕਟੌਤੀ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਬੈਂਕ ਆਫ਼ ਕੈਨੇਡਾ ਵਲੋਂ ਵਿਆਜ਼ ਦਰਾਂ ਸਬੰਧੀ ਅਗਲਾ ਫੈਸਲਾ ਦਸੰਬਰ ਮਹੀਨੇ ਲਿਆ ਜਾਣਾ ਹੈ ਉਮੀਦ ਕੀਤੀ ਜਾ ਰਹੀ ਹੈ ਵਿਆਜ਼ ਦਰਾਂ ‘ਚ ਇੱਕ ਹੋਰ ਕਟੌਤੀ ਵੇਖਣ ਨੂੰ ਮਿਲੇਗੀ। ਬੀਐਮਓ ਦੇ ਮੁੱਖ ਅਰਥਸ਼ਾਸਤਰੀ ਡਗ ਪੋਰਟਰ ਨੇ ਕਿਹਾ ਕਿ, ”ਇਹ ਨਤੀਜੇ ਦਰਸਾਉਂਦੇ ਹਨ ਕਿ ਦਸੰਬਰ ਵਿੱਚ 50 ਬੇਸਿਸ ਪੌਇੰਟ ਦੀ ਕਟੌਤੀ ਦੀ ਉਮੀਦ ਘਟਦੀ ਜਾ ਰਹੀ ਹੈ। ਅਸੀਂ ਸਿਰਫ 25 ਬੇਸਿਸ ਪੌਇੰਟ ਦੀ ਕਟੌਤੀ ਦੀ ਉਮੀਦ ਕਰਦੇ ਸਕਦੇ ਹਾਂ ਅਤੇ ਇਹ ਰਿਪੋਰਟ ਇਸ ਉਮੀਦ ਨੂੰ ਹੋਰ ਮਜ਼ਬੂਤੀ ਦੇ ਰਹੀ ਹੈ।” ਬੈਂਕ ਆਫ ਕੈਨੇਡਾ 11 ਦਸੰਬਰ ਨੂੰ ਆਪਣੀ ਅਗਲੀ ਐਲਾਨੀਕ ਬੈਠਕ ਵਿੱਚ ਅਕਤੂਬਰ ਦੇ ਮਹਿੰਗਾਈ ਅੰਕੜੇ, ਨਵੰਬਰ ਦੀ ਰੋਜ਼ਗਾਰ ਰਿਪੋਰਟ, ਅਤੇ ਜੀ.ਡੀ.ਪੀ. ਦੇ ਤਾਜ਼ਾ ਅੰਕੜਿਆਂ ਨੂੰ ਧਿਆਨ ਵਿੱਚ ਰੱਖੇਗਾ।
ਵਿਆਜ਼ ਦਰਾਂ ਵਿੱਚ ਕਟੌਤੀਆਂ ਦੇ ਨਤੀਜੇ ਵਜੋਂ ਮਾਰਗੇਜ ਵਿਆਜ਼ ਖਰਚੇ ਵਿਚ ਕੁਝ ਰਾਹਤ ਜ਼ਰੂਰ ਮਿਲੀ ਹੈ ਅਤੇ ਮਕਾਨਾਂ ਦੀ ਕੀਮਤਾਂ ‘ਤੇ ਦਬਾਅ ਘਟਿਆ ਹੈ। ਕਿਰਾਏ ਦੀਆਂ ਦਰਾਂ ਦੀ ਰਫ਼ਤਾਰ ਵੀ ਘਟੀ ਹੈ। ਅਕਤੂਬਰ ਵਿੱਚ ਸਾਲਾਨਾ ਆਧਾਰ ‘ਤੇ ਕਿਰਾਇਆ ਦਰ 7.3 ਪ੍ਰਤੀਸ਼ਤ ਵਧਿਆ, ਜੋ ਸਤੰਬਰ ਦੇ 8.2 ਪ੍ਰਤੀਸ਼ਤ ਦੇ ਵਾਧੇ ਨਾਲੋਂ ਘੱਟ ਹੈ। ਅਕਤੂਬਰ ਵਿੱਚ ਕਰਿਆਨੇ ਦੀਆਂ ਕੀਮਤਾਂ 2.7 ਪ੍ਰਤੀਸ਼ਤ ਵਧੀਆ, ਜਦਕਿ ਜਾਇਦਾਦ ਟੈਕਸ ਅਤੇ ਹੋਰ ਵਿਸ਼ੇਸ਼ ਖਰਚਿਆਂ ਵਿੱਚ ਸਾਲਾਨਾ 6 ਪ੍ਰਤੀਸ਼ਤ ਵਾਧਾ ਹੋਇਆ, ਜੋ 1992 ਤੋਂ ਲੈ ਕੇ ਸਭ ਤੋਂ ਤੇਜ਼ ਵਾਧਾ ਹੈ। This report was written by Simranjit Singh as part of the Local Journalism Initiative.

Related Articles

Latest Articles