ਕਿਹੜੇ ਬੁਰੇ ਵਕਤ ਖੌਰੇ ਦੁਆਵਾਂ ਭੇਜ ਹੋ ਗਈਆਂ।
ਦੀਵੇ ਬੁਝਣ ਜੋ ਲੱਗੇ ਨੇ ਹਵਾਵਾਂ ਤੇਜ਼ ਹੋ ਗਈਆਂ।
ਬਹੁਤ ਭੱਜਿਆ ਮੈਂ ਕਿ ਵਕਤ ਦੇ ਨਾਲ ਰਲ ਜਾਵਾਂ,
ਜਿੰਨਾ ਤੇਜ਼ ਭੱਜਿਆ ਇਹ ਰਾਹਵਾਂ ਤੇਜ਼ ਹੋ ਗਈਆਂ।
ਸੁਪਨੇ ‘ਚ ਵੇਖਿਆ ਰਾਤੀਂ ਮੈਂ ਜਦ ਪੰਜਾਬ ਨੂੰ,
ਘਬਰਾ ਕੇ ਉੱਠ ਬੈਠਿਆ ਸਾਹਵਾਂ ਤੇਜ਼ ਹੋ ਗਈਆਂ।
ਉਨ੍ਹਾਂ ਦੇਖ ਲਿਆ ਮੈਨੂੰ ਕੱਲ੍ਹ ਗਲੀ ਚੋਂ ਲੰਘਦੇ,
ਨਜ਼ਰਅੰਦਾਜ ਵੀ ਕੀਤਾ ਨਿਗਾਵਾਂ ਤੇਜ਼ ਹੋ ਗਈਆਂ।
ਅੰਦਰ ਹੱਕ ਮੰਗਣ ਵਾਲੇ ਬਾਹਰ ਨੇ ਲੁੱਟਣ ਵਾਲੇ,
ਉਂਝ ਸੁਣਨ ‘ਚ ਸੁਣੀਂਦਾ ਸਜ਼ਾਵਾਂ ਤੇਜ਼ ਹੋ ਗਈਆਂ।
ਰਾਂਝੇ ਜਿਸਮਾਂ ਦੇ ਭੁੱਖੇ ਤੇ ਹੀਰਾਂ ਦੀ ਦੌੜ ਦੌਲਤਾਂ,
ਅੱਜਕੱਲ੍ਹ ਇਸ਼ਕ ਦੇ ਕਿੱਸੇ ਵਫ਼ਾਵਾਂ ਤੇਜ਼ ਹੋ ਗਈਆਂ।
ਸ਼ਬਦਾਂ ਨਾਲ ਬਣਾਕੇ ਰੱਖ ‘ਜਗਤਾਰ’ ਜੇ ਤੂੰ ਸ਼ਾਇਰ,
ਸੁਣ ਸ਼ਾਇਰਾ ਗ਼ਜ਼ਲਾਂ ਤੇ ਕਵਿਤਾਵਾਂ ਤੇਜ਼ ਹੋ ਗਈਆ।
ਲੇਖਕ : ਜਗਤਾਰ ਸਕਰੌਦੀ
ਸੰਪਰਕ: 94630-36033