6.3 C
Vancouver
Sunday, January 19, 2025

ਗੈਂਗਸਟਰਾਂ ਦਾ ਅੱਡਾ ਬਣੀ ਭਾਰਤ ਦੀ ਰਾਜਧਾਨੀ ਦਿੱਲੀ ਅਤੇ ਪੰਜਾਬ ਸਟੇਟ

 

700 ਤੋਂ ਵੱਧ ਸ਼ੂਟਰਾਂ ਵਾਲਾ ਗਰੋਹ ਲਾਰੰਸ ਬਿਸ਼ਨੋਈ ਦੇਸ਼ਾਂ -ਵਿਦੇਸ਼ਾਂ ਵਿਚ ਸਰਗਰਮ, ਫਿਰੋਜ਼ਪੁਰ ਵਿਚ ਖਿਡੌਣਿਆਂ ਨਾਲੋਂ ਵੱਧ ਸਪਲਾਈ ਹੁੰਦੇ ਹਨ ਨਾਜਾਇਜ਼ ਹਥਿਆਰ
ਭਾਰਤ ਦੀ ਰਾਜਧਾਨੀ ਦਿੱਲੀ ਤੇ ਸਟੇਟ ਪੰਜਾਬ ਅਪਰਾਧਿਕ ਗਰੋਹਾਂ ਦਾ ਅੱਡਾ ਬਣ ਗਿਆ ਹੈ ਤੇ ਅਜਿਹਾ ਲੱਗ ਰਿਹਾ ਹੈ ਕਿ ਜਿਵੇਂ ਇਸ ਰਾਜਧਾਨੀ ਦਾ ਹਰ ਦੂਜਾ ਜਾਂ ਤੀਜਾ ਵਿਅਕਤੀ ਕਿਸੇ ਨਾ ਕਿਸੇ ਗਿਰੋਹ ਦਾ ਸ਼ੂਟਰ ਹੋਵੇ। ਰੋਜ਼ਾਨਾ ਅਖ਼ਬਾਰ ਵਿਚ ਨਵੇਂ ਗੈਂਗ ਤੇ ਗੈਂਗਸਟਰ ਦਾ ਨਾਂਅ ਛਪਦਾ ਹੈ ਤੇ ਕਿਸੇ ਕੰਪਨੀ ਦੀ ਪ੍ਰੋਫਾਈਲ ਦੀ ਤਰ੍ਹਾਂ ਛਪਣ ਵਾਲੇ ਉਸ ਦੇ ਪ੍ਰੋਫਾਈਲ ਵਿਚ ਦੱਸਿਆ ਜਾਂਦਾ ਹੈ ਕਿ ਉਸ ਗੈਂਗਸਟਰ ਨੇ ਕਿਹੜੇ-ਕਿਹੜੇ ਕਾਰਨਾਮੇ ਕੀਤੇ ਹਨ, ਉਸ ‘ਤੇ ਕਿੰਨੇ ਮੁਕੱਦਮੇ ਹਨ, ਉਹ ਇਸ ਸਮੇਂ ਕਿਹੜੀ ਜੇਲ੍ਹ ਵਿਚ ਜਾਂ ਕਿਸ ਦੇਸ਼ ਵਿਚ ਹੈ ਅਤੇ ਉਸ ਕੋਲ ਕਿੰਨੇ ਸ਼ੂਟਰ ਹਨ, ਜੋ ਉਸ ਦੇ ਇਕ ਇਸ਼ਾਰੇ ‘ਤੇ ਕਿਸੇ ‘ਤੇ ਵੀ ਗੋਲੀ ਚਲਾ ਸਕਦੇ ਹਨ। ਇਸ ਸਮੇਂ ਇਕ 700 ਤੋਂ ਵੱਧ ਸ਼ੂਟਰਾਂ ਵਾਲਾ ਗਰੋਹ ਲਾਰੰਸ ਬਿਸ਼ਨੋਈ ਸਭ ਤੋਂ ਵੱਡਾ ਗੈਂਗ ਹੈ, ਪਰ 100-200 ਸ਼ੂਟਰਾਂ ਵਾਲੇ ਵੀ ਕਈ ਗਰੋਹ ਹਨ। ਕੈਨੇਡਾ ਸਰਕਾਰ ਲਾਰੰਸ ਬਿਸ਼ਨੋਈ ਗੈਂਗ ਉਪਰ ਇਹ ਦੋਸ਼ ਲਗਾ ਚੁਕੀ ਹੈ ਕਿ ਇਹ ਸਰਕਾਰੀ ਗੈਂਗ ਹੈ ਜਿਸ ਦੀ ਪੁਸ਼ਤ ਪੁਨਾਹੀ ਭਾਰਤ ਸਰਕਾਰ ਕਰ ਰਹੀ ਹੈ।ਇਸ ਗੈਂਗ ਉਪਰ ਕੈਨੇਡਾ ਵਿਚ ਵਿਚ ਕਤਲ ਕਰਨ ਤੇ ਵਾਰਦਾਤਾਂ ਕਰਨ ਦੇ ਇਲਜਾਮ ਹਨ।ਖਾਲਿਸਤਾਨੀ ਹਰਦੀਪ ਸਿੰਘ ਨਿਝਰ ਕਤਲ ਕਾਂਡ ਦਾ ਦੋਸ਼ ਇਸੇ ਗੈਂਗ ਉਪਰ ਲਗਿਆ ਹੈ।
ਰਾਜਧਾਨੀ ਦਿੱਲੀ ਤੇ ਪੰਜਾਬ ਸਟੇਟ ਵਿਚ ਲਗਭਗ ਹਰ ਦਿਨ ਕਿਤੇ ਗੋਲੀ ਚੱਲਣ ਤੇ ਕਿਤੇ ਵਸੂਲੀ ਦੀ ਧਮਕੀ ਦਿੱਤੇ ਜਾਣ ਦਾ ਖ਼ਬਰ ਆ ਰਹੀ ਹੈ। ਪਤਾ ਨਹੀਂ ਅਸਲੀ ਬੌਸ ਭਾਵ ਗੈਂਗਸਟਰ ਨੂੰ ਪਤਾ ਵੀ ਹੋਵੇ ਜਾਂ ਨਹੀਂ, ਪਰ ਉਸ ਦੇ ਨਾਂਅ ‘ਤੇ ਲੋਕਾਂ ਨੂੰ ਧਮਕੀਆਂ ਭਰੇ ਫ਼ੋਨ ਕੀਤੇ ਜਾ ਰਹੇ ਹਨ। ਅਜਿਹਾ ਵੀ ਹੁੰਦਾ ਹੈ ਕਿ ਆਪਣਾ ਨਾਂਅ ਬਣਾਉਣ ਦੇ ਚੱਕਰ ਵਿਚ ਕਿਸੇ ਨਾ ਕਿਸੇ ‘ਤੇ ਗੋਲੀ ਚਲਾ ਦਿੱਤੀ ਜਾਂਦੀ ਹੈ ਜਾਂ ਕਤਲ ਕਰ ਦਿੱਤਾ ਜਾਂਦਾ ਹੈ ।ਬਾਅਦ ਵਿਚ ਕੋਈ ਵੱਡਾ ਗੈਂਗਸਟਰ ਇਸ ਦੀ ਜ਼ਿੰਮੇਵਾਰੀ ਲੈ ਲੈਂਦਾ ਹੈ।
ਇਹ ਨੌਜਵਾਨ ਦੇਸੀ ਅਸਲਾ ਆਪਣੇ ਕੋਲ ਰੱਖ ਕੇ ਆਪਣੇ ਬੇਹੱਦ ਤਾਕਤਵਰ ਹੋਣ ਤੇ ਆਪਣੇ ਇਲਾਕੇ ਦਾ ‘ਦਾਦਾ’ ਹੋਣ ਦਾ ਭਰਮ ਪਾਲ਼ ਲੈਂਦੇ ਹਨ।ਫਿਰੋਜ਼ਪੁਰ ਵਿਚ ਨਾਜਾਇਜ਼ ਅਸਲੇ ਦਾ ਆਲਮ ਇਹ ਹੈ ਕਿ ਜ਼ਿਲ੍ਹਾ ਫਿਰੋਜ਼ਪੁਰ ਵਿਚ ਉੱਚ ਕੁਆਲਟੀ ਦੇ ਨਾਜਾਇਜ਼ ਪਿਸਟਲ ਖਿਡੌਣਿਆਂ ਨਾਲੋਂ ਵੀ ਵੱਧ ਸਪਲਾਈ ਹੋ ਰਹੇ ਹਨ,ਜੋ ਕਦੇ ਕਦੇ ਪੁਲਿਸ ਚੈਕਿੰਗ ਦੌਰਾਨ ਪੁਲਿਸ ਦੇ ਅੜਿੱਕੇ ਵੀ ਚੜ੍ਹ ਜਾਂਦੇ ਹਨ।ਅਜਿਹਾ ਹੀ ਇਕ ਮਾਮਲਾ ਜ਼ਿਲ੍ਹੇ ਦੇ ਕਸਬਾ ਤਲਵੰਡੀ ਭਾਈ ਵਿਖੇ ਸਾਹਮਣੇ ਆਇਆ ਸੀ,ਜਿਥੇ ਫਿਰੋਜ਼ਪੁਰ ਲੁਧਿਆਣਾ ਹਾਈਵੇ ‘ਤੇ ਮੁੱਖ ਚੌਂਕ ਵਿਚ ਲੱਗੇ ਨਾਕੇ ਦੌਰਾਨ ਪੁਲਿਸ ਨੇ 11 ਪਿਸਟਲ ਅਤੇ 7 ਮੈਗਜ਼ੀਨ ਬਰਾਮਦ ਕੀਤੇ ਸਨ। ਮੋਗਾ ਪੁਲਿਸ ਨੇ ਗੈਂਗਸਟਰ ਦਲਵੀਰ ਸਿੰਘ ਉਰਫ ਲੱਕੀ ਨਿਵਾਸੀ ਪਿੰਡ ਚੜਿੱਕ ਜੋ ਕੈਨੇਡਾ ਰਹਿੰਦਾ ਹੈ ,ਦੇ ਗਿਰੋਹ ਨਾਲ ਸਬੰਧਤ 5 ਮੈਂਬਰਾਂ ਅਰਸ਼ਦੀਪ ਸਿੰਘ ਅਰਸ਼, ਗੁਰਜੀਤ ਸਿੰਘ ਜੱਗਾ, ਹਰਦੀਪ ਸਿੰਘ ਹਨੀ, ਕੁਲਦੀਪ ਸਿੰਘ ਲੱਡੂ, ਗਿਰਦੋਰ ਸਿੰਘ ਨੂੰ ਕਾਬੂ ਕਰ ਕੇ ਫਿਰੌਤੀ ਦੇ 1 ਲੱਖ 90 ਹਜ਼ਾਰ ਰੁਪਏ ਦੇ ਇਲਾਵਾ 4 ਫੋਨ ਬਰਾਮਦ ਕੀਤੇ ਗਏ ਸਨ।
ਇਥੇ ਜ਼ਿਕਰਯੋਗ ਹੈ ਕਿ ਦੋ ਕੁ ਸਾਲ ਪਹਿਲਾਂ ਦੇ ਅੰਕੜਿਆਂ ਅਨੁਸਾਰ ਪੰਜਾਬ ਵਿਚ 70 ਦੇ ਲਗਪਗ ਗਿਰੋਹ ਸਰਗਰਮ ਸਨ ਜੋ ਅਗਵਾ, ਕਤਲਾਂ, ਲੁੱਟਾਂ-ਖੋਹਾਂ ਤੇ ਫਿਰੌਤੀਆਂ ਵਸੂਲਣ ਜਿਹੇ ਅਪਰਾਧਾਂ ਵਿਚ ਸ਼ਾਮਲ ਰਹੇ ਹਨ।ਸੈਂਕੜੇ ਗਿ੿ਫ਼ਤਾਰੀਆਂ ਤੋਂ ਬਾਵਜੂਦ ਇਨ੍ਹਾਂ ਵਿਚੋਂ ਬਹੁਤ ਸਾਰੇ ਗੈਂਗ ਹਾਲੇ ਵੀ ਪੰਜਾਬ ਵਿਚ ਸਰਗਰਮ ਹਨ। ਬਹੁਤ ਸਾਰੇ ਸਮਰੱਥ ਗੈਂਗਸਟਰ ਹੁਣ ਕੈਨੇਡਾ, ਅਮਰੀਕਾ ਤੇ ਹੋਰ ਪੱਛਮੀ ਮੁਲਕਾਂ ਵਿਚ ਜਾ ਕੇ ਵਸ ਗਏ ਹਨ ਤੇ ਉੱਥੋਂ ਹੀ ਆਪਣੇ ਗਿਰੋਹ ਚਲਾ ਰਹੇ ਹਨ। ਇਹ ਸਮਾਜ ਵਿਰੋਧੀ ਅਨਸਰ ਸੋਸ਼ਲ ਮੀਡੀਆ ਦੀ ਡਟ ਕੇ ਦੁਰਵਰਤੋਂ ਕਰ ਰਹੇ ਹਨ। ਉਹ ਸ਼ਰੇਆਮ ਸੁਪਾਰੀ ਲੈ ਕੇ ਕਤਲ ਕਰਵਾਉਂਦੇ ਹਨ। ਬੀਤੇ ਕੁਝ ਸਮੇਂ ਦੌਰਾਨ ਪੰਜਾਬ ਵਿਚ ਭਾਵੇਂ ਗੈਂਗਸਟਰਾਂ ਵਿਰੁੱਧ ਵੱਡੀਆਂ ਕਾਰਵਾਈਆਂ ਕੀਤੀਆਂ ਗਈਆਂ ਹਨ ਪਰ ਫਿਰ ਵੀ ਉਨ੍ਹਾਂ ਦੀਆਂ ਗ਼ੈਰ-ਕਾਨੂੰਨੀ ਗਤੀਵਿਧੀਆਂ ਹਾਲੇ ਵੀ ਜਾਰੀ ਹਨ।ਕੈਨੇਡਾ ਵਿਚ ਰਹਿੰਦੇ ਗੋਲਡੀ ਬਰਾੜ ਜਿਹੇ ਗੈਂਗਸਟਰ ‘ਤੇ ਸਿੱਧੂ ਮੂਸੇਵਾਲਾ ਤੇ ਡੇਰਾ ਸੱਚਾ ਸੌਦਾ ਦੇ ਪੈਰੋਕਾਰ ਪ੍ਰਦੀਪ ਸਿੰਘ ਦੇ ਕਤਲਾਂ ਸਮੇਤ 50 ਤੋਂ ਵੱਧ ਹੋਰ ਸੰਗੀਨ ਕਿਸਮ ਦੇ ਅਪਰਾਧਾਂ ਦੇ ਦੋਸ਼ ਹਨ। ਸਾਲ 2019 ਵਿਚ ਜਦੋਂ ਉਹ ਸਟੂਡੈਂਟ ਵੀਜ਼ਾ ‘ਤੇ ਕੈਨੇਡਾ ਗਿਆ ਸੀ ਤਦ ਉਸ ਖ਼ਿਲਾਫ਼ ਕੋਈ ਵੀ ਮਾਮਲਾ ਨਹੀਂ ਸੀ ਪਰ ਉੱਥੇ ਜਾ ਕੇ ਉਹ ਅਪਰਾਧ ਜਗਤ ਦੇ ਢਹੇ ਚੜ੍ਹ ਗਿਆ।
ਲਾਰੈਂਸ ਬਿਸ਼ਨੋਈ ਭਾਵੇਂ ਜੇਲ੍ਹ ਵਿੱਚ ਹੋਵੇ ਪਰ ਉਹ ਆਪਣੇ ਗੈਂਗ ਨਾਲ ਲਗਾਤਾਰ ਸੰਪਰਕ ਵਿੱਚ ਰਹਿੰਦਾ ਹੈ। ਮੰਨਿਆ ਜਾਂਦਾ ਹੈ ਕਿ ਦੁਨੀਆ ਭਰ ਵਿੱਚ ਜਿੱਥੇ ਵੀ ਭਾਰਤੀ ਨੌਜਵਾਨ ਹਨ, ਉੱਥੇ ਲਾਰੈਂਸ ਬਿਸ਼ਨੋਈ ਗੈਂਗ ਦਾ ਨੈੱਟਵਰਕ ਹੈ।ਬਿਸ਼ਨੋਈ ਗੈਂਗ ਨੇ ਹਾਲ ਹੀ ਵਿੱਚ ਐਨਸੀਪੀ ਆਗੂ ਬਾਬਾ ਸਿੱਦੀਕੀ ਦੇ ਕਤਲ ਦੀ ਜ਼ਿੰਮੇਵਾਰੀ ਵੀ ਲਈ ਸੀ। ਇਸ ਦੌਰਾਨ ਲਾਰੈਂਸ ਬਿਸ਼ਨੋਈ ਦੇ ਚਚੇਰੇ ਭਰਾ ਨੇ ਉਸ ਬਾਰੇ ਹੈਰਾਨ ਕਰਨ ਵਾਲਾ ਖ਼ੁਲਾਸਾ ਕੀਤਾ ਹੈ।
ਗੈਂਗਸਟਰ ਦਾ ਪਰਿਵਾਰ ਹਰ ਸਾਲ ਉਸ ‘ਤੇ 35 ਤੋਂ 40 ਲੱਖ ਰੁਪਏ ਖ਼ਰਚ ਕਰਦਾ ਹੈ। 50 ਸਾਲਾ ਰਮੇਸ਼ ਬਿਸ਼ਨੋਈ ਨੇ ਆਪਣੇ ਚਚੇਰੇ ਭਰਾ ਨਾਲ ਜੁੜੀਆਂ ਕਈ ਗੱਲਾਂ ਦੀ ਜਾਣਕਾਰੀ ਦਿੰਦਿਆਂ ਕਿਹਾ ਸੀ ਕਿ ਜਦੋਂ ਲਾਰੈਂਸ ਪੰਜਾਬ ਯੂਨੀਵਰਸਿਟੀ ਵਿੱਚ ਪੜ੍ਹਦਾ ਸੀ ਤਾਂ ਕੋਈ ਅੰਦਾਜ਼ਾ ਨਹੀਂ ਲਗਾ ਸਕਦਾ ਸੀ ਕਿ ਉਹ ਬਾਅਦ ਵਿੱਚ ਗੈਂਗਸਟਰ ਬਣ ਜਾਵੇਗਾ।ਲਾਰੈਂਸ ਹਮੇਸ਼ਾ ਮਹਿੰਗੇ ਕੱਪੜੇ ਅਤੇ ਜੁੱਤੇ ਪਹਿਨਦਾ ਸੀ। ਅੱਜ ਵੀ ਜਦੋਂ ਉਹ ਜੇਲ੍ਹ ਵਿੱਚ ਹੈ ਤਾਂ ਉਸ ਦਾ ਪਰਿਵਾਰ ਉਸ ਦੀ ਦੇਖਭਾਲ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਦਾ। ਦ ਡੇਲੀ ਗਾਰਡੀਅਨ ਦੀ ਰਿਪੋਰਟ ਮੁਤਾਬਕ ਰਮੇਸ਼ ਨੇ ਦੱਸਿਆ ਕਿ ਜੇਲ੍ਹ ਵਿਚ ਬੰਦ ਲਾਰੈਂਸ ਦਾ ਪਰਿਵਾਰ ਹਰ ਸਾਲ ਉਸ ‘ਤੇ ਕਰੀਬ 40 ਲੱਖ ਰੁਪਏ ਖ਼ਰਚ ਕਰਦਾ ਹੈ।
ਪੰਜਾਬ ਦੇ ਫ਼ਿਰੋਜ਼ਪੁਰ ਵਿੱਚ ਜਨਮੇ ਲਾਰੈਂਸ ਬਿਸ਼ਨੋਈ ਦਾ ਅਸਲੀ ਨਾਂ ਬਲਕਰਨ ਬਰਾੜ ਹੈ। ਅੱਜਕਲ੍ਹ ਕੈਨੇਡਾ ਵਿਚ ਅਰਸ਼ ਡੱਲਾ ਮੋਗਾ ਜ਼ਿਲ੍ਹੇ ਦਾ ਰਹਿਣ ਵਾਲਾ ਬਹੁਤ ਮਸ਼ਹੂਰ ਹੈ।ਪੰਜਾਬ ਪੁਲਿਸ ਦਾ ਕਹਿਣਾ ਹੈ ਕਿ ਅਰਸ਼ ਡੱਲਾ ਹੁਣ ਕੈਨੇਡਾ ਵਿੱਚ ਹੈ ਜੋ ਪੰਜਾਬ ਵਿਚ ਖਾਲਿਸਤਾਨੀਆਂ ਨਾਲ ਮਿਲਕੇ ਵਾਰਦਾਤਾਂ ਕਰਾ ਰਿਹਾ ਹੈ।ਭਾਰਤੀ ਮੀਡੀਆ ਨੇ ਦਾਅਵਾ ਕੀਤਾ ਸੀ ਕਿ ਕੈਨੇਡਾ ਵਿਚ ਉਸਦੀ ਗਿ੿ਫਤਾਰੀ ਹੋਈ ਹੈ ,ਪਰ ਕੈਨੇਡਾ ਸਰਕਾਰ ਨੇ ਇਸ ਬਾਰੇ ਕੋਈ ਉਘ ਸੁਘ ਨਹੀਂ ਕੱਢੀ।ਦੱਸਿਆ ਜਾਂਦਾ ਹੈ ਕਿ ਕੈਨੇਡਾ ‘ਵਿਚ ਉਂਟਾਰੀਓ ਦੇ ਗੁਏਲਫ ਸ਼ਹਿਰ ਵਿਖੇ ਬੀਤੇ ਦਿਨ ਹਸਪਤਾਲ ਵਿਚ ਅਚਾਨਕ ਪੁਲਿਸ ਦੇ ਹੱਥ ਆ ਗਏ ਭਾਰਤ ਤੋਂ ਭਗੌੜੇ ਗੈਂਗਸਟਰ ਅਰਸ਼ਦੀਪ ਸਿੰਘ ਗਿੱਲ ਉਰਫ਼ ਅਰਸ਼ ਡੱਲਾ (28) ਬਾਰੇ ਪਤਾ ਲੱਗਾ ਹੈ ਕਿ ਉਸ ਦੀ ਬੀਤੇ ਦਿਨੀ ਮਿਲਟਨ ਵਿਖੇ ਅਦਾਲਤ ਵਿਚ ਸੰਖੇਪ ਪੇਸ਼ੀ ਹੋਈ ਸੀ।
ਇਸ ਮੌਕੇ ਜੱਜ ਨੇ ਉਸ ਨੂੰ ਅਤੇ ਉਸ ਦੇ ਨਾਲ ਗਿ੿ਫ਼ਤਾਰ ਕੀਤੇ ਗਏ ਗੁਰਜੰਟ ਸਿੰਘ ਨੂੰ ਜੇਲ੍ਹ ਵਿਚ ਭੇਜ ਦਿੱਤਾ ਸੀ ਅਤੇ ਉਨ੍ਹਾਂ ਦੀ ਜ਼ਮਾਨਤ ਨਹੀਂ ਹੋਈ ਸੀ ।ਆਮ ਤੌਰ ‘ਤੇ ਕੈਨੇਡਾ ਦੀ ਨਿਆਂ ਪ੍ਰਣਾਲੀ ਵਿਚ ਗਿ੿ਫ਼ਤਾਰੀ ਤੋਂ ਬਾਅਦ ਮੁਲਜ਼ਮਾਂ ਨੂੰ ਜ਼ਮਾਨਤ ਮਿਲਣਾ ਕੇਸ ਦੀ ਪ੍ਰਕ੍ਰਿਆ ਦਾ ਹਿੱਸਾ ਹੈ ਪਰ ਡੱਲਾ ਦੇ ਮਾਮਲੇ ਵਿਚ ਪਤਾ ਲੱਗਾ ਹੈ ਕਿ ਉਸ ਦੀ ਜ਼ਮਾਨਤ ਆਮ ਹਾਲਾਤ ਵਿਚ ਨਹੀਂ ਹੋ ਸਕੇਗੀ । ਇਹ ਵੀ ਕਿ ਜ਼ਮਾਨਤ ਦੀ ਅਰਜ਼ੀ ਦੀ ਵਿਸਥਾਰ ਸਹਿਤ ਲੰਬੀ ਸੁਣਵਾਈ ਹੋਣ ਦੀ ਸੰਭਾਵਨਾ ਰਹੇਗੀ ਕਿਉਂਕਿ ਮਾਮਲਾ ਅੰਤਰਰਾਸ਼ਟਰੀ ਪੱਧਰ ਦਾ ਅਤੇ ਹਿਰਾਸਤ ਵਿਚੋਂ ਛੱਡੇ ਜਾਣ ‘ਤੇ ਮੁਲਜ਼ਮ ਵਲੋਂ ਦੇਸ਼ ਵਿਚੋਂ ਭੱਜ ਜਾਣ ਦਾ ਹੈ । ਸਰਕਾਰੀ ਵਕੀਲ ਅਤੇ ਪੁਲਿਸ ਵਲੋਂ ਉਸ ਖਿਲਾਫ਼ ਗੈਰ-ਕਾਨੂੰਨੀ ਹਥਿਆਰ ਰੱਖਣ, ਅਤੇ ਜਾਣਬੁੱਝ ਕੇ ਗੋਲੀ ਚਲਾਉਣ ਸਮੇਤ ਦਰਜਨ ਦੇ ਕਰੀਬ ਦੋਸ਼ਾਂ ਦੀ ਚਾਰਜਸ਼ੀਟ ਤਿਆਰ ਕੀਤੀ ਜਾ ਰਹੀ ਹੈ । ਇਸੇ ਦੌਰਾਨ ਅਰਸ਼ ਅਤੇ ਗੁਰਜੰਟ ਨੂੰ ਉਂਟਾਰੀਓ ਵਿਚ ਮਿਲਟਨ ਵਿਖੇ ਕੇਸ ਭੁਗਤ ਰਹੇ ਅਤੇ ਸਜ਼ਾ ਕੱਟ ਰਹੇ (ਖਤਰਨਾਕ) ਅਪਰਾਧੀਆਂ ਲਈ ਬਣੀ ਹੋਈ ਵੱਡੀ ਜੇਲ੍ਹ ਵਿਚ ਵੱਖ ਕਰਕੇ ਰੱਖਿਆ ਜਾ ਰਿਹਾ ਹੈ ।ਉਸ ਜੇਲ੍ਹ ਵਿਚੋਂ ਵਿਡੀਓ ਰਾਹੀਂ ਪੇਸ਼ੀਆਂ ਦਾ ਪ੍ਰਬੰਧ ਹੈ ਅਤੇ ਵਿਸ਼ੇਸ਼ ਅਦਾਲਤਾਂ ਵੀ ਜੇਲ੍ਹ ਦੇ ਅੰਦਰ ਹੀ ਲੱਗ ਜਾਂਦੀਆਂ ਹਨ ।
ਪੁਲਿਸ ਅਨੁਸਾਰ ਦਿੱਲੀ, ਮੁੰਬਈ ,ਪੰਜਾਬ ਵਿਚ ਅਜਿਹੇ ਮਹਾਨਗਰਾਂ ਵਿਚ ਬੇਰੁਜ਼ਗਾਰ ਨੌਜਵਾਨਾਂ ਦਾ ਇਕ ਵਿਸ਼ਾਲ ਅਪਰਾਧੀ ਸਮੂਹ ਘੁੰਮ ਰਿਹਾ ਹੈ, ਜਿਨ੍ਹਾਂ ਤੋਂ ਗੈਂਗਸਟਰਾਂ ਨੂੰ ਆਸਾਨੀ ਨਾਲ ਕੱਚਾ ਮਾਲ ਮਿਲ ਰਿਹਾ ਹੈ। ਗੈਂਗਸਟਰ ਪੈਸੇ ਤੇ ਐਸ਼- ਮੌਜ ਮਸਤੀ ਦੇ ਜੀਵਨ ਦਾ ਲਾਲਚ ਦੇ ਕੇ ਇਨ੍ਹਾਂ ਨੌਜਵਾਨਾਂ ਨੂੰ ਫਸਾ ਰਹੇ ਹਨ। ਆਮ ਲੋਕਾਂ ਦਾ ਮੰਨਣਾ ਹੈ ਕਿ ਰਾਜਨੀਤਕ ਲੋਕ ਗੈਂਗਸਟਰਾਂ ਨੂੰ ਆਪਣਾ ਹਥਿਆਰ ਬਣਾਕੇ ਵਰਤ ਰਹੇ ਹਨ।ਪੁਲਿਸ ਸਿਆਸੀ ਪ੍ਰਭਾਵ ਕਾਰਣ ਇਨ੍ਹਾਂ ਦਾ ਕੁਛ ਨਹੀਂ ਵਿਗਾੜ ਰਹੀ।

Related Articles

Latest Articles