-0.3 C
Vancouver
Saturday, January 18, 2025

ਜਵਾਨੀ ਖਾ ਚੱਲਿਆ ਪਰਵਾਸ…

 

ਲੇਖਕ : ਕੁਲਮਿੰਦਰ ਕੌਰ, ਸੰਪਰਕ +91-98156-52272
ਜ਼ਿੰਦਗੀ ਦੇ ਫ਼ੈਸਲੇ ਅਸੀਂ ਖ਼ੁਦ ਕਰਦੇ ਹਾਂ ਪਰ ਕੁਝ ਕੁ ਸਮੇਂ ਦਾ ਚੱਕਰ ਵੀ ਹੁੰਦਾ ਹੈ। ਮੇਰੇ ਪਤੀ ਦੀ ਮੌਤ ਤੋਂ ਦੋ ਮਹੀਨੇ ਬਾਅਦ ਮੇਰੀ ਵੱਡੀ ਦੋਹਤੀ ਦਾ ਵਿਆਹ ਸੀ ਜੋ ਪਹਿਲਾਂ ਹੀ ਮਿਥਿਆ ਸੀ। ਸਾਰਾ ਪਰਿਵਾਰ ਸਿਡਨੀ (ਆਸਟਰੇਲੀਆ) ਤੋਂ ਆਇਆ ਹੋਇਆ ਸੀ। ਚੰਡੀਗੜ੍ਹ ਦੇ ਵੱਡੇ ਰਿਜੌਰਟ ‘ਚ ਦਾਦਕੇ ਪਰਿਵਾਰ ਨੇ ਆਲੀਸ਼ਾਨ ਵਿਆਹ ਕੀਤਾ। ਜ਼ਿਆਦਾ ਸਮਾਂ ਮੇਰੇ ਨਾਲ ਬਿਤਾਇਆ। ਇਨ੍ਹਾਂ ਦੇ ਸਾਥ ‘ਚ ਵੀ ਮੇਰੇ ਮਨ ਦਾ ਹੁਲਾਸ ਗਾਇਬ ਸੀ ਜੋ ਇਹ ਵੀ ਕਿਧਰੇ ਭਾਂਪ ਚੁੱਕੇ ਸਨ। ਜਾਂਦੇ ਵਕਤ ਸਾਰਿਆਂ ਨੇ ਕਿਹਾਤੁਸੀਂ ਸਾਡੇ ਨਾਲ ਆਸਟਰੇਲੀਆ ਰਹੋਗੇ, ਤੁਹਾਡੇ ਪੇਪਰ ਭੇਜਾਂਗੇ। ਖ਼ੈਰ, ਇਹ ਫੈਸਲੇ ਮੈਂ ਮੰਨ ਲਿਆ ਤੇ ਅੱਜ ਕੱਲ੍ਹ ਆਪਣੇ ਬੱਚਿਆਂ ਕੋਲ ਸਿਡਨੀ ‘ਚ ਹਾਂ ਜੋ ਦੁਨੀਆ ਦੇ ਪੰਜ ਵੱਡੇ ਸ਼ਹਿਰਾਂ ਵਿਚੋਂ ਇੱਕ ਹੈ। ਬਹੁਤ ਮਹਿੰਗਾ ਹੋਣ ਦੇ ਬਾਵਜੂਦ ਅੱਛਾ ਜੀਵਨ ਜਿਊਣ ਦੇ ਮਾਮਲੇ ਵਿਚ ਇਹ ਪੂਰੀ ਦੁਨੀਆ ਦੇ ਉਪਰਲੇ ਸ਼ਹਿਰਾਂ ਵਿਚੋਂ ਗਿਆਰਵੇਂ ਨੰਬਰ ‘ਤੇ ਹੈ। ਇੱਥੋਂ ਦੇ ਬੁਨਿਆਦੀ ਢਾਂਚੇ ਅੰਦਰ ਸਫਾਈ ਦੇ ਉੱਚ ਮਾਪਦੰਡ, ਗੁਣਵੱਤਾ ਵਾਲੀ ਸਿੱਖਿਆ ਅਤੇ ਬਿਹਤਰ ਸਿਹਤ ਸਹੂਲਤਾਂ ਨੂੰ ਖਾਸ ਤਰਜੀਹ ਦਿੱਤੀ ਜਾਂਦੀ ਹੈ। ਸਾਡੇ ਦੇਸ਼ ਦੇ ਕਸਬੇ ਅਤੇ ਸ਼ਹਿਰ ਸੰਸਾਰ ਭਰ ਵਿਚ ਸਭ ਤੋਂ ਵੱਧ ਗੰਦਗੀ ਅਤੇ ਪ੍ਰਦੂਸ਼ਣ ਸਹਿਣ ਵਾਲੇ ਸ਼ਹਿਰਾਂ ਵਿਚੋਂ ਇੱਕ ਹਨ। ਇੱਥੇ ਸਰਦੀ ਦੀ ਰੁੱਤ ਹੈ, ਮੇਰਾ ਸਾਹ ਵੀ ਸੌਖਾ ਤੇ ਕੰਨਾਂ ਨੂੰ ਆਵਾਜ਼ ਪ੍ਰਦੂਸ਼ਣ ਤੋਂ ਰਾਹਤ ਵੀ ਮਿਲੀ। ਸਵੇਰੇ ਉੱਠਣ ਵੇਲੇ ਗੁਰਦੁਆਰੇ ਦੇ ਪਾਠ ਤੇ ਮੰਦਰ ਦੀਆਂ ਘੰਟੀਆਂ ਦੀ ਰਲਗੱਡ ਆਵਾਜ਼, ਲੰਘਦੇ ਵਾਹਨਾਂ ਦੇ ਹਾਰਨ ਤੇ ਰੇਹੜੀ ਵਾਲਿਆਂ ਦੇ ਹੋਕੇ ਸੁਣਨ ਨੂੰ ਨਹੀਂ ਮਿਲਦੇ। ਲੱਗਦਾ, ਇਹੀ ਹੈ ਸਹੀ ਮਾਇਨਿਆਂ ‘ਚ ਅੰਮ੍ਰਿਤ ਵੇਲਾ। ਮੇਰੀ ਗਲੀ ਦੇ ਕੁੱਤੇ ਤਾਂ ਸਾਰਾ ਦਿਨ ਰਲ ਕੇ ਭੌਂਕਦੇ ਰਹਿੰਦੇ! ਬੜੀ ਦਹਿਸ਼ਤ ਹੈ ਪਰ ਇੱਥੇ ਕੋਈ ਅਵਾਰਾ ਕੁੱਤਾ ਜਾਂ ਪਸ਼ੂ ਨਹੀਂ ਦਿਸੇ। ਪਰਵਾਸੀ ਭਾਈਚਾਰੇ ਨੇ ਵਧੀਆ ਪਰਿਵਾਰਕ ਸਾਂਝਾਂ ਪਾਈਆਂ ਹਨ। ਵਿਦੇਸ਼ੀ ਸਮਾਜ ਦਾ ਹਿੱਸਾ ਬਣ ਕੇ ਇਸ ਦੇਸ਼ ਅਤੇ ਸੂਬੇ ਦੀ ਤਰੱਕੀ ਵਿਚ ਹਿੱਸਾ ਪਾਉਂਦੇ ਹੋਏ ਵੀ ਪੰਜਾਬੀ ਭਾਸ਼ਾ, ਸਭਿਆਚਾਰ ਅਤੇ ਪੰਜਾਬੀਅਤ ਦਾ ਮਾਣ ਵਧਾਉਂਦੇ ਹਨ। ਪੰਜਾਬੀ ਪਾਠਕਾਂ ਦੀ ਖੁਰਾਕ ਇੱਥੇ ਛਪਣ ਵਾਲੇ ਪੰਜਾਬੀ ਅਖਬਾਰ ਪੂਰੀ ਕਰਦੇ ਹਨ। ਕੁਝ ਅਖਬਾਰਾਂ ਦੀਆਂ ਪੁਰਾਣੀਆਂ ਕਾਪੀਆਂ ਸਟੋਰ ਤੋਂ ਮਿਲਣ ਕਰ ਕੇ ਪੜ੍ਹਨ ਲਈ ਕਾਫੀ ਸਮੱਗਰੀ ਹੋ ਗਈ। ਇੱਥੋਂ ਦੀ ਜੰਮਪਲ ਦੂਜੀ ਪੀੜ੍ਹੀ ਆਪਣੇ ਜੀਵਨ ਸਾਥੀ ਖੁਦ ਹੀ ਚੁਣ ਲੈਂਦੀ ਹੈ। ਜਾਤਪਾਤ ਨੂੰ ਇਹ ਬੱਚੇ ਜਾਣਦੇ ਹੀ ਨਹੀਂ। ਮੇਰੀ ਦੋਹਤੀ ਨੇ ਵੀ ਹਿੰਦੂ ਤਬਕੇ ਦੀ ਚੋਣ ਕੀਤੀ। ਇਸੇ ਦੀ ਸਹੇਲੀ ਦਾ ਵਿਆਹ ਇੱਥੇ ਦੇਖਿਆ, ਉਹ ਵੀ ਅੰਤਰ-ਜਾਤੀ ਸੀ। ਕੋਈ ਨਿੰਦ-ਵਿਚਾਰ ਨਹੀਂ ਕਰਦਾ। ਆਪਣੇ ਮੁਲਕ ਵਿਚ ਹੁੰਦੇ ਅਣਖਾਂ ਦੇ ਸਵਾਲ ਯਾਦ ਆਉਂਦੇ ਹਨ। ਇਨ੍ਹਾਂ ਦੇ ਦੋਸਤ ਦੇ ਲੜਕੇ ਦੇ ਵਿਆਹ ਵਿਚ ਮੇਰੀ ਵੀ ਸ਼ਮੂਲੀਅਤ ਰਹੀ। ਵਿਆਹ ਦੀ ਹਰ ਰਸਮ ਨਿਭਾਈ ਗਈ। ਕਈ ਦਿਨ ਵਿਆਹ ਚੱਲਿਆ ਪਰ ਆਪਣੇ ਵਾਂਗ ਕੰਨ ਪਾੜਵੀਂ ਆਵਾਜ਼ ਵਿਚ ਡੀ.ਜੇ. ਨਹੀਂ ਚੱਲਦੇ। ਲੇਡੀਜ਼ ਸੰਗੀਤ ਬਹੁਤ ਆਨੰਦਮਈ ਰਿਹਾ। ਮੁੰਡੇ ਤੇ ਕੁੜੀ ਵਾਲੇ ਇੱਕੋ ਹਾਲ ‘ਚ ਇਕੱਠੇ ਹੋਏ। ਹਾਲ ਦੇ ਗੇਟ ‘ਤੇ ਚਰਖਾ, ਪੀੜ੍ਹੀ, ਖੂਹ, ਡੋਲ, ਫੁਲਕਾਰੀ, ਮੰਜਾ ਆਦਿ ਰੱਖੇ ਹੋਏ ਸਨ। ਉੱਥੇ ਹਰ ਕੋਈ ਫੋਟੋ ਖਿੱਚਵਾ ਰਹੇ ਸਨ। ਹਾਲ ਅੰਦਰ ਪਹਿਲੀ ਪੀੜ੍ਹੀ ਨੇ ਵਾਰੀ-ਵਾਰੀ ਬੀਤੇ ਵੇਲਿਆਂ ਦੀਆਂ ਤਰਜ਼ਾਂ ‘ਤੇ ਘੋੜੀਆਂ ਅਤੇ ਸੁਹਾਗ ਗਾਏ। ਜਾਪਿਆ, ਜਿਵੇਂ ਸੱਤ ਸਮੁੰਦਰੋਂ ਪਾਰ ਪਿੰਡਾਂ ਦੀਆਂ ਜੂਹਾਂ ‘ਚ ਪਹੁੰਚ ਗਈਆਂ ਹੋਈਏ। ਬਾਅਦ ਵਿਚ ਗਿੱਧੇ, ਬੋਲੀਆਂ, ਭੰਗੜੇ ਨਾਲ ਧਮਾਲਾਂ ਪਈਆਂ। ਦੂਜੀ ਪੀੜ੍ਹੀ ਨੇ ਪੰਜਾਬੀ ਗਾਣਿਆਂ ‘ਤੇ ਨਾਚ ਕੀਤਾ। ਗਾਣਿਆਂ ਰਾਹੀਂ ਸਕਿੱਟ ‘ਚ ਦੱਸਿਆ ਕਿ ਕਿਵੇਂ ਇਸ ਜੋੜੀ ਦੀ ਪ੍ਰੇਮ ਕਹਾਣੀ ਵਿਆਹ ਤੱਕ ਪਹੁੰਚੀ। ਮੇਰੀਆਂ ਦੋਵੇਂ ਦੋਹਤੀਆਂ ਮੁੱਖ ਪਾਤਰ ਰਹੀਆਂ। ਜਵਾਨੀ ਦੀ ਮਸਤੀ ‘ਚ ਮਗਨ ਮੇਰੀਆਂ ਤਿਤਲੀਆਂ (ਦੋਹਤੀਆਂ) ਵਾਰ-ਵਾਰ ਮੇਰੇ ਕੋਲ ਆ ਕੇ ਪੁੱਛ ਜਾਂਦੀਆਂ, ”ਨਾਨੀ ਮੇਰਾ ਆਈਟਮ ਕਿਵੇਂ ਸੀ?” ‘ਨਾਈਸ’ ਕਹਿ ਕੇ ਮੇਰੀ ਰੂਹ ਰੱਜ ਜਾਂਦੀ। ਇਨ੍ਹੱ ਦੇ ਜਨਮ ਇੱਥੋਂ ਦੇ ਹਨ। ਬਚਪਨ ਇੱਥੇ ਬੀਤਿਆ ਤੇ ਹੁਣ ਜਵਾਨੀ ਦੀ ਮਸਤੀ ਵਿਚ ਹਨ। ਮੇਰੇ ਮਨ ਦੇ ਤੌਖਲੇ ਵੀ ਅੱਜ ਦੂਰ ਹੋਏ ਕਿ ਜੇ ਇਹ ਭਲੇ ਵੇਲਿਆਂ ‘ਚ ਪੱਕੇ ਤੌਰ ‘ਤੇ ਨਾ ਆਏ ਹੁੰਦੇ ਤਾਂ ਇਨ੍ਹਾਂ ਕੁੜੀਆਂ ਨੇ ਹੁਣ ਵਿਦੇਸ਼ ਉਡਾਰੀ ਭਰਨੀ ਸੀ। ਫਿਰ ਸ਼ਾਇਦ ਬਾਹਰ ਕਿਸੇ ਸਟਾਲ ‘ਤੇ ਗੋਲਗੱਪੇ ਵਰਤਾ ਰਹੀਆਂ ਹਰਿਆਣਵੀ ਕੁੜੀਆਂ ਦੀ ਜਗ੍ਹਾ ਇਹ ਖੜ੍ਹੀਆਂ ਹੁੰਦੀਆਂ…। ਮੇਰੀ ਸੁਰਤ ਹਰਿਆਣਵੀ ਕੁੜੀਆਂ ਨਾਲ ਜੁੜ ਗਈ। ਬਾਹਰ ਆ ਕੇ ਉਨ੍ਹਾਂ ਦਾ ਹਾਲ ਪੁੱਛਿਆ ਤਾਂ ਇਕ ਕੁੜੀ ਬੋਲੀ- ਆਂਟੀ! ਤੁਹਾਡੇ ਸਾਹਮਣੇ ਈ ਐ… ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਵੇਂ ਸਰਕਾਰ ਸਾਥੋਂ ਸਾਡੀ ਜਵਾਨੀ ਖੋਹ ਰਹੀ ਹੈ। ਸਰਕਾਰ ਬੁੱਧੀਵਾਨ ਤੇ ਪ੍ਰਤਿਭਾਸ਼ਾਲੀ ਨੌਜਵਾਨਾਂ ਨੂੰ ਵਿਦੇਸ਼ਾਂ ਦਾ ਰਾਹ ਨਾ ਦਿਖਾਏ। ਉਹ ਆਪਣੀ ਮਿੱਟੀ ਨਾਲ ਜੁੜ ਕੇ ਹੀ ਅੱਗੇ ਵਧਣ ਦੇ ਰਾਹ ਭਾਲਦੇ ਹਨ। ਵਿਕਾਸ ਕਾਰਜਾਂ ਦੀਆਂ ਗੱਲਾਂ ਕਰਨ ਵਾਲੇ ਸਾਡੇ ਨੇਤਾਵਾਂ ਨੂੰ ਸਮਝਣਾ ਪਵੇਗਾ ਕਿ ਹਰ ਮੁਲਕ ਦੇ ਵਿਕਾਸ ਲਈ ਵਿਦਿਆ, ਸਿਹਤ ਤੇ ਰੁਜ਼ਗਾਰ ਮੁੱਖ ਥੰਮ੍ਹ ਹੁੰਦੇ ਹਨ। ਨੌਜਵਾਨ ਪੀੜ੍ਹੀ ਨੂੰ ਸੰਭਾਲਣਾ ਸਰਕਾਰ ਲਈ ਚੁਣੌਤੀ ਹੈ। ਉਹ ਕੁੜੀ ਕਿਸੇ ਵੱਡੇ ਤਬਦੀਲੀ ਦਾ ਸੁਨੇਹਾ ਦੇ ਗਈ।

Related Articles

Latest Articles