6.3 C
Vancouver
Sunday, January 19, 2025

ਦਿਨੋਂ-ਦਿਨ ਵਧ ਰਿਹਾ ਪ੍ਰਦੂਸ਼ਣ ਜ਼ਿੰਮੇਵਾਰ ਕੌਣ?

 

ਲੇਖਕ : ਦਵਿੰਦਰ ਕੌਰ ਖ਼ੁਸ਼ ਧਾਲੀਵਾਲ
ਸੰਪਰਕ: 88472-27740
ਵਾਤਾਵਰਨ ਦੀ ਤਬਾਹੀ ਬਾਰੇ ਦੋ ਮਸਲੇ ਇਸ ਸਮੇਂ ਬਹੁਤ ਚਰਚਾ ਵਿੱਚ ਹਨ: ਪਹਿਲਾ ਹੈ ਦਿੱਲੀ ਵਿੱਚ ਹਵਾ ਪ੍ਰਦੂਸ਼ਣ ਦਾ ਮਾਰੂ ਹੱਦ ਤੱਕ ਪਹੁੰਚਣਾ ਤੇ ਦੂਜਾ ਹੈ ਪੰਜਾਬ ਵਿੱਚ ਪਰਾਲੀ ਨੂੰ ਅੱਗ ਲਾਉਣਾ। ਇਹ ਦੋਵੇਂ ਮਸਲੇ ਕੁਝ ਹੱਦ ਤੱਕ ਜੁੜੇ ਹੋਏ ਵੀ ਹਨ। ਦਿੱਲੀ ਦੇ ਪ੍ਰਦੂਸ਼ਣ ਲਈ ਕਈ ਮਾਹਿਰ ਸਿਰਫ ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਵਿੱਚ ਜਲਾਈ ਜਾਣ ਵਾਲੀ ਪਰਾਲੀ ਨੂੰ ਮੁੱਖ ਕਾਰਨ ਐਲਾਨ ਦਿੰਦੇ ਹਨ। ਕਿਸਾਨ ਪਰਾਲੀ ਫੂਕੇ ਜਾਣ ਨੂੰ ਨਾ ਸਿਰਫ ਉਨ੍ਹਾਂ ਦੀ ਮਜਬੂਰੀ ਆਖਦੇ ਹਨ ਸਗੋਂ ਦੱਬ ਕੇ ਪਰਾਲੀ ਫੂਕਣ ਦੀ ਵਕਾਲਤ ਕੀਤੀ ਜਾਂਦੀ ਹੈ। ਇਹ ਪਰਾਲੀ ਫੂਕ ਹਮਾਇਤੀ ਹਾਸੋਹੀਣਾ ਤਰਕ ਦਿੰਦੇ ਹਨ ਕਿ ਸਨਅਤਾਂ ਨੂੰ ਪ੍ਰਦੂਸ਼ਣ ਫੈਲਾਉਣ ਦਿੱਤਾ ਜਾ ਰਿਹਾ ਹੈ, ਕੋਈ ਉਨ੍ਹਾਂ ਨੂੰ ਕਿਉਂ ਨਹੀਂ ਰੋਕਦਾ। ਉਂਝ, ਹਵਾ ਪ੍ਰਦੂਸ਼ਣ ਦਾ ਇਹ ਮਸਲਾ ਸਿਰਫ ਪੰਜਾਬ ਜਾਂ ਦਿੱਲੀ ਦਾ ਨਹੀਂ ਸਗੋਂ ਭਾਰਤ, ਪਾਕਿਸਤਨ ਸਮੇਤ ਦੱਖਣ ਏਸ਼ੀਆ ਦੇ ਮੁਲਕਾਂ ਵਿੱਚ ਇਹ ਸਮੱਸਿਆ ਕਾਫੀ ਜ਼ਿਆਦਾ ਹੈ। ਦਿੱਲੀ ਕਈ ਸਾਲਾਂ ਤੋਂ ਪ੍ਰਦੂਸ਼ਣ ਦੀ ਰਾਜਧਾਨੀ ਬਣੀ ਹੋਈ ਹੈ। ਉੱਥੇ ਹਵਾ ਪੂਰਾ ਸਾਲ ਹੀ ਪ੍ਰਦੂਸ਼ਿਤ ਰਹਿੰਦੀ ਹੈ ਪਰ ਠੰਢ ਸ਼ੁਰੂ ਹੋਣ ਮੌਕੇ ਇਹ ਸਮੱਸਿਆ ਵਧ ਜਾਂਦੀ ਹੈ ਕਿਉਂਕਿ ਇਸ ਮੌਸਮ ਵਿੱਚ ਹਵਾ ਵਾਯੂਮੰਡਲ ਦੀ ਉੱਪਰਲੀਆਂ ਪਰਤਾਂ ਵੱਲ ਨਹੀਂ ਜਾਂਦੀ ਸਗੋਂ ਧਰਤੀ ਦੀ ਸਤਹਿ ਨੇੜੇ ਰਹਿੰਦੀ ਹੈ। ਧੁੰਦ ਨਾਲ ਰਲ ਕੇ ਇਹ ਪ੍ਰਦੂਸ਼ਿਤ ਹਵਾ ਹੀ ਸਮੌਗ (ਧੁੰਦ ਤੇ ਧੂੰਏ ਦਾ ਮਿਸ਼ਰਨ) ਬਣਾਉਂਦੀ ਹੈ। ਇਸੇ ਮੌਕੇ ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਵਿੱਚ ਲੱਗਣ ਵਾਲੀ ਅੱਗ ਅਤੇ ਦੀਵਾਲੀ ਮੌਕੇ ਚੱਲਣ ਵਾਲੇ ਪਟਾਕੇ ਇਸ ਦਾ ਮਾਰੂ ਪੱਧਰ ਹੋਰ ਵਧਾ ਦਿੰਦੇ ਹਨ। ਹਵਾ ਦੀ ਰਫਤਾਰ ਮੱਠੀ ਹੋਣ ਅਤੇ ਮੀਂਹ ਨਾ-ਮਾਤਰ ਪੈਣ ਜਿਹੇ ਕਾਰਨਾਂ ਕਰ ਕੇ ਪ੍ਰਦੂਸ਼ਿਤ ਹਵਾ ਤੋਂ ਕੁਦਰਤੀ ਰਾਹਤ ਵੀ ਨਹੀਂ ਮਿਲਦੀ। ਵੱਖ-ਵੱਖ ਸ੍ਰੋਤਾਂ ਮੁਤਬਿਕ ਦਿੱਲੀ ਦੀ ਹਵਾ ਦੇ ਪ੍ਰਦੂਸ਼ਣ ਲਈ ਵਾਹਨਾਂ ਦਾ ਧੂੰਆਂ 40-50 ਫੀਸਦੀ, ਪਰਾਲੀ ਦਾ ਧੂੰਆਂ 25-30 ਫੀਸਦੀ ਤੇ 20-25 ਫੀਸਦੀ ਸਨਅਤ ਤੇ ਬਾਕੀ ਹੋਰ ਸ੍ਰੋਤ ਜ਼ਿੰਮੇਵਾਰ ਹਨ।
ਹਵਾ ਦੇ ਸ਼ੁੱਧ ਜਾਂ ਪ੍ਰਦੂਸ਼ਿਤ ਹੋਣ ਨੂੰ ਹਵਾ ਗੁਣਵੱਤਾ ਸੂਚਕ ਅੰਕ (ਏਅਰ ਕੁਆਲਿਟੀ ਇੰਡੈਕਸ) ਰਾਹੀਂ ਮਾਪਿਆ ਜਾਂਦਾ ਹੈ ਜੋ ਹਵਾ ਵਿੱਚ 8 ਵੱਖ-ਵੱਖ ਤਰ੍ਹਾਂ ਦੇ ਮਾਰੂ ਤੱਤਾਂ ਦੀ ਮਾਤਰਾ ਰਾਹੀਂ ਤੈਅ ਹੁੰਦਾ ਹੈ। ਇਸ ਮੁਤਾਬਕ 100 ਤੋਂ ਘੱਟ ਸੂਚਕ ਅੰਕ ਵਾਲੀ ਹਵਾ ਮਨੁੱਖੀ ਸਿਹਤ ਲਈ ਚੰਗੀ ਮੰਨੀ ਜਾਂਦੀ ਹੈ ਤੇ 300 ਤੋਂ ਉੱਪਰ ਦੀ ਮਾੜੀ। ਅਜਿਹੀ ਹਵਾ ਸਿਹਤਮੰਦ ਇਨਸਾਨਾਂ ਲਈ ਵੀ ਮਾਰੂ ਹੈ। ਸਾਹ ਪ੍ਰਣਾਲੀ, ਫੇਫੜੇ ਆਦਿ ਦੇ ਰੋਗੀਆਂ ਲਈ ਇਹ ਹਾਲਤ ਜਾਨਲੇਵਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਦਿੱਲੀ ਦੇ ਧੂੰਏਂ ਵਿੱਚ ਸਾਹ ਲੈਣਾ ਇੱਥੋਂ ਦੇ ਵਸਨੀਕਾਂ ਦੀ ਔਸਤ ਉਮਰ 12 ਸਾਲ ਘਟਾ ਰਿਹਾ ਹੈ। ਇਸ ਹਵਾ ਵਿੱਚ ਸਾਹ ਲੈਣਾ 30 ਸਿਗਰਟਾਂ ਪੀਣ ਦੇ ਬਰਾਬਰ ਹੈ। ਸਰਕਾਰ ਵੱਲੋਂ ਸਕੂਲਾਂ ਵਿੱਚ ਛੁੱਟੀਆਂ ਕਰਨ, ਟਾਂਕ-ਜਿਸਤ ਦੀ ਵਿਉਂਤ ਉੱਪਰ ਵਾਹਨ ਚਲਾਉਣ ਤੇ ਵੱਡੇ ਵਾਹਨਾਂ ਦੀ ਦਿੱਲੀ ਵਿੱਚ ਆਮਦ ਉੱਪਰ ਰੋਕ ਲਾਉਣ ਜਿਹੇ ਕਦਮ ਚੁੱਕੇ ਗਏ ਜੋ ਨਾਕਾਫੀ ਹਨ। ਪੰਜਾਬ ਵਿੱਚ ਵੀ ਪਰਾਲੀ ਦੇ ਧੂੰਏਂ ਕਾਰਨ ਸਿਹਤਮੰਦ ਇਨਸਾਨਾਂ ਲਈ ਵੀ ਹਵਾ ਘੁਟਣ ਭਰੀ ਹੁੰਦੀ ਹੈ। ਧੂੰਆਂ ਸਾਹ ਦੇ ਰੋਗੀਆਂ, ਬਜ਼ੁਰਗਾਂ ਤੇ ਬੱਚਿਆਂ ਲਈ ਸਭ ਤੋਂ ਵੱਧ ਮਾਰੂ ਹੁੰਦਾ ਹੈ। ਹਰ ਸਾਲ ਸੜਕਾਂ ਕੰਢੇ ਖੇਤਾਂ ਵਿੱਚ ਲਾਈ ਅੱਗ ਕਾਰਨ ਅਨੇਕਾਂ ਹਾਦਸੇ ਹੁੰਦੇ ਹਨ।
ਵਾਤਾਵਰਨ ਦੀ ਤਬਾਹੀ ਸੰਸਾਰ ਵਿਆਪੀ ਸਮੱਸਿਆ ਹੈ। ਇਸ ਦੀ ਜੜ੍ਹ ਮੁਨਾਫ਼ਾ ਆਧਾਰਿਤ ਸਰਮਾਏਦਾਰਾ ਪੈਦਾਵਾਰੀ ਢੰਗ ‘ਚ ਹੈ। ਇਹ ਪ੍ਰਬੰਧ ਨਾ ਸਿਰਫ ਇਨਸਾਨਾਂ ਦਾ ਸਗੋਂ ਉਸ ਦੇ ਚੌਗਿਰਦੇ ਦਾ ਵੀ ਵੈਰੀ ਹੈ। ਹਵਾ ਦੇ ਪ੍ਰਦੂਸ਼ਣ ਦੇ ਮੁੱਖ ਸਰੋਤ ਹਨ-ਫ਼ਨਬਸਪ; ਸਨਅਤ, ਆਵਾਜਾਈ ਦੇ ਸਾਧਨ, ਜੰਗਲਾਂ ਦੀ ਅੰਨ੍ਹੇਵਾਹ ਕਟਾਈ ਤੇ ਸਾਮਰਾਜੀ ਜੰਗਾਂ।
ਭਾਰਤ ਦੀ ਬਹੁਗਿਣਤੀ ਸਨਅਤ ਖਰਚੇ ਘਟਾਉਣ ਤੇ ਮੁਨਾਫੇ ਵਧਾਉਣ ਲਈ ਵਤਾਵਾਰਨ ਦੀ ਰੱਜ ਕੇ ਤਬਾਹੀ ਕਰਦੀ ਹੈ ਤੇ ਇਹ ਸਭ ਇੱਥੋਂ ਦੇ ਸਿਆਸੀ ਪ੍ਰਬੰਧ ਦੀਆਂ ਅੱਖਾਂ ਸਾਹਮਣੇ ਹੁੰਦਾ ਹੈ। ਤਕਨੀਕ ਦੇ ਵਿਕਾਸ ਨਾਲ ਹਾਸਿਲ ਹੋਏ ਕਾਰਖਾਨੇ, ਫੈਕਟਰੀਆਂ ਮਨੁੱਖੀ ਜੀਵਨ ਲਈ ਜ਼ਰੂਰੀ ਹਨ ਪਰ ਇਸ ਤਕਨੀਕੀ ਵਿਕਾਸ ਨੇ ਇਨ੍ਹਾਂ ਸਨਅਤਾਂ ਨੂੰ ਪ੍ਰਦੂਸ਼ਣ ਮੁਕਤ ਜਾਂ ਘੱਟ ਤੋਂ ਘੱਟ ਪ੍ਰਦੂਸ਼ਣ ਕਰਨ ਦੇ ਰਾਹ ਵੀ ਖੋਜੇ ਹੋਏ ਹਨ। ਸਨਅਤਾਂ ਵਿੱਚੋਂ ਨਿੱਕਲਣ ਵਾਲੀ ਗੰਧਲੀ ਹਵਾ ਸੋਧ ਕੇ ਵਾਤਾਵਰਨ ਵਿੱਚ ਛੱਡਿਆ ਜਾ ਸਕਦਾ ਹੈ ਪਰ ਸਰਮਾਏਦਾਰ ਇਸ ਨੂੰ ਵਾਧੂ ਖਰਚਾ ਮੰਨਦੇ ਹਨ। ਸਿਰਫ ਹਵਾ ਹੀ ਨਹੀਂ, ਇਹ ਮੁਨਾਫਾਖੋਰੀ ਪਾਣੀ ਨੂੰ ਵੀ ਦੂਸ਼ਿਤ ਕਰ ਰਹੇ ਹਨ। ਫੈਕਟਰੀਆਂ ਦਾ ਗੰਦਾ ਪਾਣੀ ਦਰਿਆਵਾਂ ਤੇ ਬੋਰ ਕਰ ਕੇ ਧਰਤੀ ਅੰਦਰ ਛੱਡਿਆ ਜਾਂਦਾ ਹੈ।
ਆਵਾਜਾਈ ਦੇ ਸਾਧਨਾਂ ਦੀ ਅੰਨ੍ਹੀ ਵਰਤੋਂ ਵੀ ਪ੍ਰਦੂਸ਼ਣ ਦਾ ਵੱਡਾ ਕਾਰਨ ਹੈ। ਇਹ ਪ੍ਰਬੰਧ ਨਿੱਜੀ ਵਾਹਨਾਂ ਦੀ ਖਰੀਦ ਨੂੰ ਹੱਲਾਸ਼ੇਰੀ ਦਿੰਦਾ ਹੈ। ਇਸ ਨਾਲ ਆਟੋ ਸਨਅਤ ਨੂੰ ਵੱਡੇ ਮੁਨਾਫ਼ੇ ਹੁੰਦੇ ਹਨ ਤੇ ਨਾਲ ਹੀ ਪ੍ਰਦੂਸ਼ਣ ਵਧਦਾ ਹੈ। ਭਾਰਤ ਸਰਕਾਰ ਵੱਲੋਂ ਪਿਛਲੇ ਸਾਲ ਸੰਸਦ ਵਿੱਚ ਪੇਸ਼ ਕੀਤੇ ਅੰਕੜਿਆਂ ਮੁਤਾਬਕ ਭਾਰਤ ਵਿੱਚ 21 ਕਰੋੜ ਦੋ ਪਹੀਆ ਅਤੇ 7 ਕਰੋੜ ਚਾਰ ਪਹੀਆ ਵਾਹਨ ਹਨ। ‘ਸਟੈਟਿਸਕਾ’ ਮੁਤਾਬਿਕ 2022 ਵਿੱਚ ਭਾਰਤ ਵਿੱਚ ਕੁੱਲ 32.6 ਕਰੋੜ ਵਾਹਨ ਸਨ ਤੇ ਪਿਛਲੇ 3 ਦਹਾਕਿਆਂ ਤੋਂ ਇਹ ਗਿਣਤੀ ਬਹੁਤ ਤੇਜ਼ੀ ਨਾਲ ਵਧੀ ਹੈ। 2001 ਵਿੱਚ ਭਾਰਤ ਵਿੱਚ 5.5 ਕਰੋੜ, 2013 ਵਿੱਚ 12.7 ਕਰੋੜ ਵਾਹਨ ਸਨ ਜੋ 2020 ਵਿੱਚ 32.63 ਕਰੋੜ ਹੋ ਗਏ। ਜ਼ਾਹਿਰ ਹੈ ਕਿ ਵਾਹਨਾਂ ਦੀ ਗਿਣਤੀ ਦੇ ਤਿੱਖੇ ਵਾਧੇ ਨਾਲ ਪ੍ਰਦੂਸ਼ਣ ਵਧਦਾ ਹੈ। ਅਮੀਰਾਂ ਦੀ ਆਬਾਦੀ ਦਾ ਵੱਡਾ ਹਿੱਸਾ ਵਾਹਨਾਂ ਦੀ ਬੇਲੋੜੀ ਵਰਤੋਂ ਕਰ ਕੇ ਵੀ ਇਸ ਸਮੱਸਿਆ ਨੂੰ ਵਧਾ ਰਿਹਾ ਹੈ। ਇਸ ਵਾਧੇ ਨੂੰ ਕੰਟਰੋਲ ਕਰਨ ਦਾ ਸਭ ਤੋਂ ਅਹਿਮ ਤਰੀਕਾ ਬੱਸਾਂ, ਰੇਲਾਂ ਤੇ ਇਸ ਦੇ ਨਾਲ ਸ਼ਹਿਰਾਂ ਵਿੱਚ ਮੈਟਰੋ, ਸਥਾਨਕ ਬੱਸਾਂ ਆਦਿ ਦੇ ਰੂਪ ਵਿੱਚ ਜਨਤਕ ਆਵਾਜਾਈ ਦੇ ਸਾਧਨਾਂ ਨੂੰ ਵਧਾਉਣਾ ਤੇ ਇਸ ਸਫਰ ਨੂੰ ਸਸਤਾ ਤੇ ਸਹੂਲਤ ਵਾਲਾ ਬਣਾਉਣਾ ਹੈ ਪਰ ਮੁਨਾਫੇ ਵਾਲੇ ਪ੍ਰਬੰਧ ਵਿੱਚ ਅਜਿਹਾ ਸੰਭਵ ਨਹੀਂ।
ਪਰਾਲੀ ਤੇ ਕਣਕ ਦਾ ਨਾੜ ਸਾੜਨ ਨਾਲ ਹੋਣ ਵਾਲ਼ਾ ਪ੍ਰਦੂਸ਼ਣ ਭਾਵੇਂ ਸਾਲ ਵਿੱਚ ਖਾਸ ਵਕਤ ਲਈ ਹੁੰਦਾ ਹੈ ਪਰ ਇਸ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ। ਮੌਜੂਦਾ ਸਰਮਾਏਦਾਰਾ ਪ੍ਰਬੰਧ ‘ਚ ਖੇਤੀ ਦਾ ਮਕਸਦ ਵੀ ਮੁਨਾਫ਼ਾ ਹੈ। ਜੇ ਪਰਾਲ਼ੀ ਜਾਂ ਕਣਕ ਦੇ ਨਾੜ ਨੂੰ ਅੱਗ ਲਾਉਣ ਨਾਲ਼ ਕਿਸਾਨ ਦਾ ਮੁਨਾਫ਼ਾ ਵਧਦਾ ਹੈ ਤਾਂ ਉਸ ਨੂੰ ਅਜਿਹਾ ਕਰਨ ਤੋਂ ਕੋਈ ਨਹੀਂ ਰੋਕ ਸਕਦਾ। ਪਰਾਲੀ ਸਾੜਨਾ ਕਿਸਾਨਾਂ ਦੀ ਕੋਈ ਮਜਬੂਰੀ ਨਹੀਂ ਸਗੋਂ ਪੈਸੇ ਬਚਾਉਣ ਦੀ ਲਾਲਸਾ ਹੈ। ਪਰਾਲੀ ਦੇ ਨਿਬੇੜੇ ਜਾਂ ਇਸ ਨੂੰ ਖੇਤ ਵਿੱਚ ਵਾਹ ਕੇ ਅਗਲੀ ਫਸਲ ਬੀਜਣ ਦੇ ਅਨੇਕਾਂ ਰਾਹ ਹਨ। ਭਾਰਤ ਵਿੱਚ ਉੱਪਰਲੇ 10 ਫੀਸਦੀ ਅਮੀਰ ਕਿਸਾਨਾਂ ਕੋਲ਼ ਕੁੱਲ ਵਾਹੀਯੋਗ ਜ਼ਮੀਨ ਦਾ 60 ਫੀਸਦੀ ਹੈ, ਹੇਠਲੇ 50 ਫੀਸਦੀ ਗਰੀਬ ਕਿਸਾਨਾਂ ਕੋਲ਼ ਵਾਹੀਯੋਗ ਜ਼ਮੀਨ ਦਾ ਸਿਰਫ 3 ਫੀਸਦੀ ਹੈ। ਜੇ ਹੇਠਲੇ 80 ਫੀਸਦੀ ਕਿਸਾਨਾਂ ਦੀ ਗੱਲ ਕਰੀਏ ਤਾਂ ਇਨ੍ਹਾਂ ਕੋਲ ਕੁੱਲ ਵਾਹੀਯੋਗ ਜ਼ਮੀਨ ਦਾ ਨਾ-ਮਾਤਰ ਹੀ ਹਿੱਸਾ ਹੈ। ਪੰਜਾਬ ਦੀ ਤਸਵੀਰ ਵੀ ਕੁੱਲ ਭਾਰਤ ਦੇ ਇਨ੍ਹਾਂ ਅੰਕੜਿਆਂ ਤੋਂ ਬਹੁਤੀ ਵੱਖਰੀ ਨਹੀਂ। ਗਰੀਬ ਕਿਸਾਨੀ ਜਿਸ ਦਾ ਖੇਤੀ ਵਿੱਚੋਂ ਆਪਣੇ ਪਰਿਵਾਰ ਦਾ ਗੁਜ਼ਾਰਾ ਵੀ ਔਖ ਨਾਲ ਚਲਦਾ ਹੈ, ਉਸ ਲਈ ਖਰਚਾ ਬਚਾਉਣ ਲਈ ਪਰਾਲੀ ਦੇ ਨਿਬੇੜੇ ਦਾ ਕੋਈ ਸਸਤਾ ਰਾਹ ਲੱਭਣ ਦਾ ਸਵਾਲ ਤਾਂ ਹੋ ਸਕਦਾ ਹੈ ਪਰ ਇਹ ਕੁੱਲ ਕਿਸਾਨੀ ਦੀ ਸਮੱਸਿਆ ਨਹੀਂ ਕਹੀ ਜਾ ਸਕਦੀ। ਜਿਹੜੀ ਧਨੀ ਕਿਸਾਨੀ ਵਿਆਹਾਂ ਅਤੇ ਹੋਰ ਸਮਾਗਮਾਂ ਉੱਪਰ ਅੰਨ੍ਹੇਵਾਹ ਖਰਚਾ ਕਰਨ ਅਤੇ ਟਰੈਕਟਰਾਂ ਦੇ ਟੋਚਨ ਮੁਕਾਬਲੇ ਜਿਹੀ ਕਈ ਤਰ੍ਹਾਂ ਦੀ ਫਜ਼ੂਲ ਖਰਚਾ ਕਰਦੀ ਹੈ, ਉਹਦਾ ਪਰਾਲੀ ਸਾੜਨਾ ਮਨੁੱਖਤਾ ਖਿਲਾਫ ਜੁਰਮ ਹੈ।
ਪਰਾਲੀ ਤੇ ਕਣਕ ਦਾ ਨਾੜ ਸਾੜਨ ਤੋਂ ਬਿਨਾਂ ਖੇਤੀ ‘ਚ ਅੰਨ੍ਹੇਵਾਹ ਵਰਤੀਆਂ ਜਾ ਰਹੀਆਂ ਰਸਾਇਣਕ ਖਾਦਾਂ ਵੀ ਹਵਾ ਤੇ ਪਾਣੀ ਨੂੰ ਪ੍ਰਦੂਸ਼ਿਤ ਕਰ ਰਹੀਆਂ ਹਨ। ਇਸ ਪ੍ਰਬੰਧ ‘ਚ ਸ਼ਹਿਰਾਂ ਦੀ ਪੇਂਡੂ ਜਾਂ ਖੇਤੀ ਖੇਤਰਾਂ ਤੋਂ ਦੂਰੀ ਹੋਣ ਕਾਰਨ ਖੇਤੀ ਤੋਂ ਪੈਦਾਵਾਰ ਦੇ ਰੂਪ ‘ਚ ਲਏ ਪੌਸ਼ਟਿਕ ਤੱਤ, ਆਰਗੈਨਿਕ ਕੂੜੇ ਅਤੇ ਮਨੁੱਖੀ ਮਲ ਦੇ ਰੂਪ ‘ਚ ਵਾਪਿਸ ਜ਼ਮੀਨ ਨੂੰ ਨਹੀਂ ਮਿਲ਼ਦੇ। ਇਸ ਥੁੜ੍ਹ ਨੂੰ ਪੂਰਾ ਕਰਨ ਲਈ ਰਸਾਇਣਕ ਖਾਦਾਂ ਵਰਤੀਆਂ ਜਾਂਦੀਆਂ ਹਨ, ਇਸ ਕਾਰਨ ਨਦੀਨ ਅਤੇ ਕੀਟਨਾਸ਼ਕਾਂ ਦੀ ਵਰਤੋਂ ਵਧਦੀ ਹੈ। ਇਹ ਵਾਤਾਵਰਨ ਨੂੰ ਪਲੀਤ ਕਰਨ ਦਾ ਵੱਡਾ ਜ਼ਰੀਆ ਬਣਦਾ ਹੈ।
ਜੰਗਲ ਸਾਡੇ ਲਈ ਉਹ ਸੌਗਾਤ ਹਨ ਜੋ ਸਾਡੀਆਂ ਹੋਰ ਬਹੁਤ ਸਾਰੀਆਂ ਲੋੜਾਂ ਪੂਰੀਆਂ ਕਰਨ ਦੇ ਨਾਲ-ਨਾਲ ਹਵਾ ਨੂੰ ਸ਼ੁੱਧ ਕਰਨ ਦਾ ਵੀ ਕੰਮ ਕਰਦੇ ਹਨ। ਸੱਭਿਅਤਾ ਦੇ ਵਿਕਾਸ ਮਨੁੱਖੀ ਲੋੜਾਂ ਦੀ ਪੂਰਤੀ ਲਈ ਭਾਵੇਂ ਇੱਕ ਹੱਦ ਤੱਕ ਜੰਗਲਾਂ ਦੀ ਕਟਾਈ ਜ਼ਰੂਰੀ ਹੈ। ਇਸ ਕਟਾਈ ਦੀ ਪੂਰਤੀ ਨਵੇਂ ਜੰਗਲ ਲਗਾ ਕੇ ਹੋਣੀ ਚਾਹੀਦੀ ਹੈ ਪਰ ਸਰਮਾਏਦਾਰਾ ਢਾਂਚੇ ਦੀ ਦਿਲਚਸਪੀ ਜੰਗਲਾਂ ਦੀ ਤਬਾਹੀ ‘ਚ ਹੈ, ਜੰਗਲ ਉਗਾਉਣ ‘ਚ ਨਹੀਂ। ਜੰਗਲਾਂ ਦੀ ਇਹ ਤਬਾਹੀ ਵੀ ਪ੍ਰਦੂਸ਼ਣ ਦਾ ਕਾਰਨ ਬਣ ਰਹੀ ਹੈ।
ਜੰਗਾਂ ਸਰਮਾਏਦਾਰਾ ਸਾਮਰਾਜੀ ਪ੍ਰਬੰਧ ‘ਚ ਵਾਤਾਵਰਨ ਨੂੰ ਪਲੀਤ ਕਰਨ ਦਾ ਇੱਕ ਹੋਰ ਵੱਡਾ ਜ਼ਰੀਆ ਹਨ। ਇਸ ਪ੍ਰਬੰਧ ‘ਚ ਸਾਮਰਾਜੀ ਗਰੋਹਾਂ ‘ਚ ਧਰਤੀ ਦੇ ਮਾਲ ਖਜ਼ਾਨਿਆਂ ਦੀ ਲੁੱਟ ਲਈ ਜੰਗਾਂ ਅਟੱਲ ਹਨ। ਇਸ ਵੇਲੇ ਵੀ ਅਸੀਂ ਯੂਕਰੇਨ ਅਤੇ ਫਲਸਤੀਨ ਵਿੱਚ ਦੋ ਜੰਗਾਂ ਦੇ ਗਵਾਹ ਹਾਂ ਜੋ ਮਨੁੱਖੀ ਲਹੂ ਵਹਾਉਣ ਦੇ ਨਾਲ-ਨਾਲ ਵਾਤਾਵਰਨ ਨੂੰ ਵੀ ਤਬਾਹ ਕਰ ਰਹੀ ਹੈ।
ਇਉਂ ਹਵਾ ਦੇ ਪ੍ਰਦੂਸ਼ਣ ਜਾਂ ਵਾਤਾਵਰਨ ਦੀ ਕੁੱਲ ਤਬਾਹੀ ਲਈ ਸਮੁੱਚਾ ਸਰਮਾਏਦਾਰਾ ਢਾਂਚਾ ਜ਼ਿੰਮੇਵਾਰ ਹੈ। ਇਸ ਦੇ ਲਈ ਪੂਰੀ ਮਨੁੱਖਤਾ ਨਹੀਂ ਸਗੋਂ ਮੁੱਖ ਤੌਰ ‘ਤੇ ਸਰਮਾਏਦਾਰ ਜਮਾਤ ਹੀ ਜ਼ਿੰਮੇਵਾਰ ਹੈ। ਲੋਕਾਂ ਦੇ ਸੁਚੇਤ ਹੋਣ ਅਤੇ ਸਰਕਾਰ ਵੱਲੋਂ ਢੁਕਵੇਂ ਕਦਮ ਚੁੱਕਣ ਨਾਲ ਇਸ ਸਮੱਸਿਆ ਉੱਪਰ ਕੁਝ ਹੱਦ ਤੱਕ ਕਾਬੂ ਪਾਇਆ ਜਾ ਸਕਦਾ ਹੈ ਪਰ ਇਹ ਸਮੱਸਿਆ ਮੁਕੰਮਲ ਖਤਮ ਨਹੀਂ ਹੋ ਸਕਦੀ। ਇਸ ਕਰ ਕੇ ਪਰਾਲੀ ਸਾੜਨ ਉੱਪਰ ਪਬੰਦੀ ਲਾਉਣ, ਜ਼ਹਿਰੀਲੀ ਹਵਾ ਤੇ ਪਾਣੀ ਵਾਤਾਵਰਨ ਵਿੱਚ ਛੱਡਣ ਵਾਲੀਆਂ ਸਨਅਤਾਂ ਉੱਪਰ ਕਾਰਵਾਈ ਕਰਨ ਅਤੇ ਆਵਾਜਾਈ ਦੇ ਜਨਤਕ ਸਾਧਨਾਂ ਨੂੰ ਵਧਾਉਣ ਦੀਆਂ ਮੰਗਾਂ ਇਸ ਪ੍ਰਬੰਧ ਵਿੱਚ ਸਾਨੂੰ ਉਭਾਰਨੀਆਂ ਚਾਹੀਦੀਆਂ ਹਨ। ਉਂਝ, ਵਾਤਾਵਰਨ ਬਚਾਉਣ ਦੀ ਲੜਾਈ ਪੂਰਨ ਤੌਰ ‘ਤੇ ਸਰਮਾਏਦਾਰਾ ਪ੍ਰਬੰਧ ਦੇ ਖਾਤਮੇ ਨਾਲ ਹੀ ਜਿੱਤੀ ਜਾ ਸਕਦੀ ਹੈ।

Related Articles

Latest Articles