ਲੇਖਕ : ਡਾ. ਸੁਖਰਾਜ ਸਿੰਘ ਬਾਜਵਾ
ਮਨੁੱਖ ਵੀ ਬਾਕੀ ਜਾਨਵਰਾਂ ਦੀ ਤਰ੍ਹਾਂ ਹੀ ਧਰਤੀ ‘ਤੇ ਇੱਕ ਸੈਲੀ ਜੀਵ ਤੋਂ ਵਿਕਸੀਤ ਹੋਇਆ ਹੈ। ਮਨੁੱਖ ਨੂੰ ਬਾਕੀ ਜੀਵਾਂ ਤੋਂ ਅਲੱਗ ਕਰਕੇ ਸਿਰਫ ਉਸਦੀ ਅਕਲ ਅਤੇ ਜ਼ਬਾਨ ਵਿੱਚ ਸ਼ਬਦਾਂ ਦੀ ਵਰਤੋਂ ਕਰਕੇ ਰੱਖਿਆ ਗਿਆ ਹੈ। ਧਰਤੀ ਉੱਪਰ ਜਿਸ ਤਰ੍ਹਾਂ ਬਾਕੀ ਜੀਵ ਕੁਦਰਤੀ ਜੀਵਨ ਬਤੀਤ ਕਰਦੇ ਹਨ, ਉਸੇ ਤਰ੍ਹਾਂ ਮਨੁੱਖ ਦਾ ਵਿਕਾਸ ਵੀ ਕੁਦਰਤੀ ਰੂਪ ਵਿੱਚ ਕੁਦਰਤੀ ਜੀਵਨ ਜਿਊਣ ਲਈ ਹੀ ਹੋਇਆ ਹੈ। ਪਰ ਮਨੁੱਖ ਦੀ ਜ਼ਬਾਨ ਨੂੰ ਸ਼ਬਦ ਮਿਲਣ ਕਰਕੇ ਅਤੇ ਦਿਮਾਗ ਦਾ ਵਿਕਾਸ ਹੋਣ ਕਰਕੇ ਮਨੁੱਖ ਨੇ ਆਪਣੇ ਆਪ ਨੂੰ ਬਾਕੀ ਜੀਵਾਂ ਤੋਂ ਅਲੱਗ ਕਰ ਲਿਆ, ਇੱਥੋਂ ਤਕ ਕੇ ਆਪਣੇ ਆਪ ਨੂੰ ਜਾਨਵਰ ਕਹਾਉਣਾ ਇੱਕ ਗਾਲ੍ਹ ਸਮਝਣ ਲੱਗ ਗਿਆ। ਮਨੁੱਖ ਨੇ ਆਪਣੇ ਦਿਮਾਗ ਦਾ ਇਸਤੇਮਾਲ ਕਰਕੇ ਅਨਾਜ ਪੈਦਾ ਕਰਨ ਤੋਂ ਲੈਕੇ ਬਹੁਤ ਕੁਝ ਅਜਿਹਾ ਬਣਾ ਲਿਆ, ਜਿਸਨੂੰ ਉਹ ਆਪਣੇ ਸੁਖ ਆਰਾਮ ਲਈ ਇਸਤੇਮਾਲ ਕਰਨ ਲੱਗ ਗਿਆ। ਪੈਦਲ ਚੱਲਣਾ, ਭੋਜਨ ਦੀ ਤਲਾਸ਼ ਕਰਨਾ ਅਤੇ ਭੋਜਨ ਲਈ ਸੰਘਰਸ਼ ਕਰਨਾ ਹਰ ਜਾਨਵਰ ਦੀ ਫਿਤਰਤ ਹੈ, ਪਰ ਮਨੁੱਖ ਦੇ ਵਿਕਾਸ਼ੀਲ ਦਿਮਾਗ ਨੇ ਜੀਵਨ ਦੇ ਇਸ ਸੰਘਰਸ਼ ਨੂੰ ਖਤਮ ਕਰਕੇ ਸੰਘਰਸ਼ ਨੂੰ ਇੱਕ ਨਵੇਂ ਪਾਸੇ ਵੱਲ ਮੋੜ ਦਿੱਤਾ ਅਤੇ ਉਹ ਸੀ ਵੱਧ ਤੋਂ ਵੱਧ ਤਾਕਤ ਹਾਸਲ ਕਰਨੀ, ਵੱਧ ਤੋਂ ਵੱਧ ਧਨ ਜੋੜਨਾ। ਇਸ ਤਾਕਤ ਦੇ ਨਸ਼ੇ ਨੇ ਮਨੁੱਖ ਨੂੰ ਈਰਖਾਲੂ ਅਤੇ ਝਗੜਾਲੂ ਬਣਾ ਦਿੱਤਾ। ਮਨੁੱਖ ਹੀ ਮਨੁੱਖ ਦਾ ਵੈਰੀ ਬਣਨ ਲੱਗਾ ਅਤੇ ਇਸੇ ਲੜੀ ਤਹਿਤ ਵਿਨਾਸ਼ ਵਾਲੇ ਹਥਿਆਰਾਂ ਦੀ ਦੌੜ ਸ਼ੁਰੂ ਹੋਈ, ਜਿਹੜੀ ਕੇ ਪਰਮਾਣੂ ਬੰਬ, ਹਾਈਡ੍ਰੋਜਨ ਬੰਬ ਦੇ ਰੂਪ ਵਿੱਚ ਵੀ ਖਤਮ ਨਹੀਂ ਹੋਈ।
ਦੋ ਪਹੀਆ ਤੋਂ ਫਿਰ ਚਾਰ ਪਹੀਆ ਦੇ ਸਫ਼ਰ ਨੇ ਮਨੁੱਖ ਨੂੰ ਆਲਸੀ ਬਣਾ ਦਿੱਤਾ। ਦੋ ਪੈਰ ਤੁਰਨਾ ਉਹ ਆਪਣੀ ਸ਼ਾਨ ਦੇ ਖਿਲਾਫ ਸਮਝਣ ਲੱਗਾ। ਏਸੀ ਦੀ ਹਵਾ ਅਤੇ ਫਿਰ ਮੋਬਾਇਲ ਫੋਨ ਦੇ ਵਿਕਾਸ ਨੇ ਮਨੁੱਖ ਨੂੰ ਸਮਾਜਿਕ ਪ੍ਰਾਣੀ ਦੀ ਸ਼੍ਰੇਣੀ ਤੋਂ ਵੱਖ ਕਰ ਦਿੱਤਾ ਤੇ ਮਨੁੱਖ ਬੰਦ ਕਮਰੇ ਵਿੱਚ ਕੈਦ ਹੋ ਕੇ ਰਹਿਣਾ ਪਸੰਦ ਕਰਨ ਲੱਗਾ। ਵਿਕਾਸ ਦੀ ਇਸ ਦੌੜ ਵਿੱਚ ਮਨੁੱਖ ਔਲਾਦ ਦੀ ਲੋੜ ਬਾਰੇ ਵੀ ਭੁੱਲਣ ਲੱਗ ਗਿਆ ਤੇ ਪਰਿਵਾਰ ਛੋਟੇ ਹੋਣ ਲੱਗੇ। ਹੁਣ ਹਾਲਾਤ ਇਹ ਹੋ ਗਏ ਹਨ ਕਿ ਪਰਿਵਾਰ ਸ਼ਬਦ ਦੇ ਹੌਲੀ ਹੌਲੀ ਅਲੋਪ ਹੋਣ ਦਾ ਖਤਰਾ ਪੈਦਾ ਹੋਣ ਲੱਗ ਗਿਆ ਹੈ। ਮਨੁੱਖ ਇਕੱਲੇਪਣ ਵਿੱਚ ਰਹਿਣ ਲੱਗ ਗਿਆ ਪਰ ਇਸ ਇਕੱਲੇਪਣ ਨੇ ਮਨੁੱਖ ਦੇ ਦਿਮਾਗ ਨੂੰ ਜਕੜ ਕੇ ਰੱਖ ਦਿੱਤਾ ਤੇ ਮਨੁੱਖ ਮਾਨਸਿਕ ਤੌਰ ‘ਤੇ ਤਣਾਅ ਵਿੱਚ ਜਿਊਣ ਦੀ ਕੋਸ਼ਿਸ਼ ਵਿੱਚ ਲੱਗਾ ਹੋਇਆ ਹੈ। ਆਪਣੇ ਹੀ ਦਿਮਾਗ ਨਾਲ ਵਿਕਸਿਤ ਕੀਤੇ ਟੈਲੀਵਿਜ਼ਨ, ਮੋਬਾਇਲ ਫੋਨ, ਗੱਡੀਆਂ ਉਸਦੇ ਇਕੱਲੇਪਣ ਨੂੰ ਦੂਰ ਨਹੀਂ ਕਰ ਸਕੇ ਅਤੇ ਇਹ ਸਾਧਨ ਹੀ ਹੌਲੀ ਹੌਲੀ ਮਾਨਸਿਕ ਤੌਰ ‘ਤੇ ਤਨਾਵ ਦਾ ਕਾਰਨ ਬਣਨ ਲੱਗੇ ਹਨ।
ਬੰਦ ਕਮਰੇ ਵਿੱਚ ਬੈਠਕੇ ਸਿਰਫ ਦੀਵਾਰਾਂ ਜਾਂ ਛੱਤ ਨੂੰ ਹੀ ਵੇਖੀ ਜਾਣਾ, ਇਹ ਬਿਮਾਰ ਦਿਮਾਗ ਦੀ ਨਿਸ਼ਾਨੀ ਹੈ। ਅਸਲ ਵਿੱਚ ਮਨੁੱਖ ਆਪਣੇ ਸੁਭਾਅ ਦੇ ਉਲਟ ਜਿਊਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਇਹੀ ਬਿਮਾਰੀ ਦਾ ਸਭ ਤੋਂ ਵੱਡਾ ਕਾਰਨ ਹੈ।
ਉਦਾਹਰਣ ਦੇ ਤੌਰ ‘ਤੇ ਕੁੱਤਾ ਇੱਕ ਅਜਿਹਾ ਜਾਨਵਰ ਹੈ ਜੋ ਕੁਦਰਤ ਦੇ ਨੇੜੇ ਜਿਊਣਾ ਪਸੰਦ ਕਰਦਾ ਹੈ ਪਰ ਅਸੀਂ ਕੁਝ ਕੁੱਤਿਆਂ ਦੀਆਂ ਨਸਲਾਂ ਨੂੰ ਪਾਲਤੂ ਬਣਾ ਲਿਆ। ਖੋਜ ਨੇ ਦੱਸਿਆ ਕਿ ਜੰਗਲੀ ਤੌਰ ‘ਤੇ ਰਹਿ ਰਹੇ ਕੁੱਤਿਆਂ ਨਾਲੋਂ ਪਾਲਤੂ ਕੁੱਤੇ ਜਲਦੀ ਅਤੇ ਜ਼ਿਆਦਾ ਬਿਮਾਰ ਹੁੰਦੇ ਹਨ ਅਤੇ ਉਹ ਪਾਲਤੂ ਕੁੱਤੇ ਜਿਨ੍ਹਾਂ ਨੂੰ ਹਰ ਵਕਤ ਬੰਨ੍ਹ ਕੇ ਰੱਖਿਆ ਜਾਂਦਾ ਹੈ ਜਾਂ ਇਕੱਲੇ ਘਰਾਂ ਵਿੱਚ ਰੱਖਿਆ ਜਾਂਦਾ ਹੈ, ਉਹਨਾਂ ਵਿੱਚ ਡਿਪਰੈਸ਼ਨ ਵੇਖਿਆ ਜਾਂਦਾ ਹੈ। ਡਿਪਰੈਸ਼ਨ ਕਾਰਨ ਉਹ ਚਿੜਚਿੜੇ ਹੋ ਜਾਂਦੇ ਹਨ ਅਤੇ ਕਈ ਵਾਰ ਆਪਣੇ ਮਾਲਿਕ ਨੂੰ ਹੀ ਪੈ ਜਾਂਦੇ ਹਨ। ਕੁੱਤਿਆਂ ਦਾ ਸੁਭਾਅ ਨਹੀਂ ਹੈ ਬੱਝ ਕੇ ਰਹਿਣਾ। ਇਸੇ ਤਰ੍ਹਾਂ ਦੁਧਾਰੂ ਪਸ਼ੂ ਜੋ ਘਰਾਂ ਵਿੱਚ ਰੱਖੇ ਜਾਂਦੇ ਹਨ ਜੇਕਰ ਇਹਨਾਂ ਨੂੰ ਵੀ ਇਕੱਲੇ ਰੱਖਿਆ ਜਾਵੇ ਤਾਂ ਇਹ ਵੀ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਹਨ, ਇਸ ਹਾਲਤ ਵਿੱਚ ਇਹਨਾਂ ਵਿੱਚ ਦੁੱਧ ਦਾ ਘਟਣਾ ਵੇਖਿਆ ਗਿਆ ਹੈ। ਇਸੇ ਤਰ੍ਹਾਂ ਰੁੱਖਾਂ ਵਿੱਚ ਵੀ ਵੇਖਿਆ ਗਿਆ ਹੈ ਕਿ ਕੋਈ ਬੂਟਾ ਜਾਂ ਰੁੱਖ ਅਗਰ ਇੱਕ ਵੱਡੇ ਸਮੂਹ ਵਿੱਚ ਹੋਵੇ ਤਾਂ ਜ਼ਿਆਦਾ ਵਧ ਰਿਹਾ ਹੁੰਦਾ ਹੈ ਪਰ ਇਕੱਲਾ ਰੁੱਖ ਹੌਲੀ ਹੌਲੀ ਵਧਦਾ ਹੈ ਜਾਂ ਮਰ ਜਾਂਦਾ ਹੈ।
ਉੱਪਰ ਦੱਸੀਆਂ ਉਦਾਹਰਣਾਂ ਇਹ ਸਪਸ਼ਟ ਕਰਦੀਆਂ ਹਨ ਕਿ ਕੋਈ ਵੀ ਜੀਵ ਜਦੋਂ ਇਕੱਲਾ ਰਹਿ ਜਾਵੇ ਜਾਂ ਚਾਰਦੀਵਾਰੀ ਵਿੱਚ ਬੰਦ ਹੋ ਕੇ ਰਹੇ ਤਾਂ ਉਸਦਾ ਡਿਪਰੈਸ਼ਨ ਵਿੱਚ ਚਲੇ ਜਾਣਾ ਆਮ ਗੱਲ ਹੈ। ਡਿਪਰੈਸ਼ਨ ਤੋਂ ਬਚਣ ਲਈ ਜਾਂ ਇਸਦੇ ਇਲਾਜ ਲਈ ਅਕਸਰ ਮਨੁੱਖ ਡਾਕਟਰ ਦਾ ਸਹਾਰਾ ਲੈਂਦਾ ਹੈ ਅਤੇ ਨੀਂਦ ਦੀਆਂ ਗੋਲੀਆਂ ਜਾਂ ਦਿਮਾਗ ਨੂੰ ਸੁੰਨ ਕਰਨ ਵਾਲੀਆਂ ਦਵਾਈਆਂ ਨਾਲ ਕੋਸ਼ਿਸ਼ ਕਰਦਾ ਹੈ ਕਿ ਉਹ ਇਸ ਸਥਿਤੀ ਤੋਂ ਬਾਹਰ ਆ ਜਾਵੇ ਪਰ ਇਸ ਤਰ੍ਹਾਂ ਉਹ ਦੂਸਰੀਆਂ ਬਿਮਾਰੀਆਂ ਦਾ ਸ਼ਿਕਾਰ ਹੋਣ ਲੱਗ ਜਾਂਦਾ ਹੈ। ਡਿਪਰੈਸ਼ਨ ਵਿੱਚੋਂ ਨਿਕਲਣ ਦਾ ਠੋਸ ਉਪਾ ਦਵਾਈਆਂ ਨਹੀਂ, ਜੀਵਨਸ਼ੈਲੀ ਵਿੱਚ ਬਦਲਾਵ ਹੈ। ਕੁਦਰਤ ਦੇ ਨੇੜੇ ਹੋਣਾ, ਖੁੱਲ੍ਹ ਕੇ ਜ਼ਿੰਦਗੀ ਜਿਊਣਾ, ਸਮੂਹ ਵਿੱਚ ਰਹਿਣਾ ਮਤਲਬ ਆਪਣੇ ਆਪ ਨੂੰ ਸਮਾਜਿਕ ਤੌਰ ਤੇ ਵੱਧ ਕਿਰਿਆਸ਼ੀਲ ਕਰਨਾ। ਪੁਰਾਣੇ ਸਮਿਆਂ ਵਿੱਚ ਮਨੁੱਖ ਡਿਪਰੈਸ਼ਨ ਦਾ ਘੱਟ ਸ਼ਿਕਾਰ ਹੁੰਦਾ ਸੀ ਕਿਉਂਕਿ ਉਹ ਦਿਨ ਵੇਲੇ ਸਖ਼ਤ ਮਿਹਨਤ ਤੋਂ ਬਾਅਦ ਰਾਤ ਨੂੰ ਖੁੱਲ੍ਹੇ ਅਸਮਾਨ ਹੇਠ ਸੌਂਦਾ ਸੀ, ਖੁੱਲ੍ਹਾ ਖਾਣਾ ਖਾਂਦਾ ਸੀ, ਖੁੱਲ੍ਹੇ ਕੱਪੜੇ ਪਹਿਨਦਾ ਸੀ। ਪਰਿਵਾਰ ਵੱਡਾ ਹੁੰਦਾ ਸਿ ਤੇ ਹਰ ਗੱਲ ਵਿੱਚ ਇੱਕ ਦੂਸਰੇ ਨਾਲ ਸਾਂਝ ਹੁੰਦੀ ਸੀ।
ਬਾਕੀ ਜਾਨਵਰਾਂ ਵਾਂਗ ਬੇਸ਼ਕ ਮਨੁੱਖ ਪੁਰੀ ਤਰ੍ਹਾਂ ਖੁੱਲ੍ਹ ਕੇ ਆਪਣਾ ਜੀਵਨ ਨਹੀਂ ਜੀ ਸਕਦਾ ਜਿਸਦਾ ਕਾਰਨ ਮਨੁੱਖ ਦਾ ਸਮਾਜਿਕ ਬੰਧਨਾਂ ਵਿੱਚ ਬੱਝੇ ਹੋਣਾ ਹੈ ਪਰ ਇਸਦਾ ਅਰਥ ਇਹ ਵੀ ਨਹੀਂ ਕਿ ਸਮਾਜ ਨੂੰ ਖੁਸ਼ ਕਰਦੇ ਕਰਦੇ ਅਸੀਂ ਆਪਣੀ ਕੁਦਰਤੀ ਤੌਰ ‘ਤੇ ਜੀਣ ਵਾਲੀ ਜ਼ਿੰਦਗੀ ਨੂੰ ਹੀ ਦਾਅ ‘ਤੇ ਲਾ ਦੇਈਏ। ਕੁਦਰਤ ਨੇ ਜੋ ਜੀਵਨ ਜਿਊਣ ਲਈ ਸਾਨੂੰ ਦਿੱਤਾ ਹੈ, ਇਸ ਨੂੰ ਹੱਸ ਕੇ ਜਿਊਣਾ ਬਣਦਾ ਹੈ। ਇਸਦੇ ਲਈ ਸਾਨੂੰ ਨਾਂਹ ਪੱਖੀ ਵਿਕਾਸ, ਜਿਸ ਨਾਲ ਵਿਨਾਸ਼ ਜ਼ਿਆਦਾ ਹੋ ਰਿਹਾ ਹੈ, ਨੂੰ ਤਿਆਗ ਕੇ ਕੁਦਰਤ ਦੇ ਨੇੜੇ ਹੋ ਕੇ, ਬੰਦ ਕਮਰਿਆਂ ਵਿੱਚੋਂ ਬਾਹਰ ਆ ਕੇ ਜਿਊਣਾ ਪਏਗਾ। ਸਾਨੂੰ ਆਪਣੇ ਦੋਸਤਾਂ ਮਿੱਤਰਾਂ ਦਾ ਦਾਇਰਾ ਵਧਾਉਣਾ ਪਵੇਗਾ। ਮੋਬਾਇਲ ਫੋਨਾਂ ‘ਤੇ ਰਿਸ਼ਤੇਦਾਰ ਜਾਂ ਦੋਸਤਾਂ ਦਾ ਹਾਲਚਾਲ ਪੁੱਛਣ ਨਾਲੋਂ ਉਹਨਾਂ ਕੋਲ ਜਾ ਕੇ ਉਹਨਾਂ ਦਾ ਹਾਲ ਪੁੱਛਣ ਦੀ ਆਦਤ ਪਾਓ। ਕਮਾਈ ਕਰੋ ਪਰ ਪੈਸੇ ਪਿੱਛੇ ਭੱਜਣ ਨੂੰ ਹੀ ਜ਼ਿੰਦਗੀ ਨਾ ਬਣਾ ਲਵੋ। ਪੈਸਾ ਸਿਰਫ ਇੰਨਾ ਹੀ ਕਾਫੀ ਹੈ ਕਿ ਰੱਜ ਕੇ ਖਾ ਸਕੋ, ਲੋੜਾਂ ਪੂਰੀਆਂ ਹੁੰਦੀਆਂ ਰਹਿਣ, ਤੰਗੀ ਨੇੜੇ ਨਾ ਆਵੇ। ਬਿਮਾਰੀ ਦੇ ਇਲਾਜ ਨਾਲੋਂ ਬਿਮਾਰ ਹੀ ਨਾ ਹੋਵੋ, ਇਸ ਬਾਰੇ ਆਪਣੀ ਸੋਚ ਅਤੇ ਕਰਮ ਵਿਕਸਿਤ ਕਰੋ, ਤਾਂ ਹੀ ਅਸੀਂ ਇੱਕ ਤਨਾਵ ਰਹਿਤ ਜੀਵਨ ਜੀ ਪਾਵਾਂਗੇ।