ਮਾਤਾ ਧਰਤਿ ਮਹਤ

 

ਲੇਖਕ : ਡਾ. ਆਸਮਾ ਕਾਦਰੀ
ਪਾਣੀ ਦੀ ਸੱਚ ਹੋਂਦ ਅਸਾਂ ਵੇਖੀ, ਹੁਣ ਮਿੱਟੀ ਨੂੰ ਵੇਖ ਲਈਏ। ਮਿੱਟੀ ਕਿਵੇਂ ਆਦਿ ਜੁਗਾਦਿ ਦੇ ਸੱਚ ਨਾਲ਼ ਜੁੜਦੀ ਹੈ। ਫ਼ਰੀਦ ਨੇ ਮਿੱਟੀ ਦੀ ਵਡਿਆਈ ਕੀਤੀ ਏ। ਫਰੀਦਾ ਖਾਕੁ ਨ ਨਿੰਦੀਐ ਖਾਕੂ ਜੇਡੁ ਨ ਕੋਇ॥ ਜੀਵਦਿਆ ਪੈਰਾ ਤਲੈ ਮੁਇਆ ਉਪਰਿ ਹੋਇ॥ (ਪੰਨਾ 1378, ਬਾਬਾ ਫਰੀਦ ਜੀ) ਫ਼ਰੀਦ ਦਾ ਦੋਹੜਾ ਮਿੱਟੀ ਦੀ ਵਡਿਆਈ ਕਰੇਂਦਾ ਹੈ। ਮਿੱਟੀ ਉਪਰ ਆਕੜ-ਆਕੜ ਕੇ ਟੁਰਨ ਵਾਲੇ ਭੁੱਲ ਵੇਂਹਦੇ ਨੇਂ ਜੋ ਮੋਇਆਂ ਏਸ ਮਿੱਟੀ ਹੇਠ ਈ ਜਾਣਾ ਹੈ ਅਸਾਂ। ਏਹਾ ਮਿੱਟੀ ਈ ਹੈ ਜਿਸ ਸਾਡੀ ਸਾਂਭ ਕਰਨੀ ਹੈ। ਮਿੱਟੀ ਨਾਲ ਮਿੱਟੀ ਹੋਏ ਜਿਉਂਦੇ ਜੀ ਹਨ ਯਾਂ ਪੈਰਾਂ ਹੇਠ ਦੀ ਮਿੱਟੀ, ਦੋਵੇਂ ਈ ਬੇ ਜ਼ਬਾਨ ਹੋਏ। ਦੋਹਾਂ ਦੀ ਕਰਨੀ ਬੋਲਦੀ ਹੈ, ਇਹ ਆਪ ਨਹੀਂ ਬੋਲਦੇ। ਮਿੱਟੀ ਏਸ ਕਾਇਨਾਤ ਦੀ ਸਭ ਤੋਂ ਹੇਠਲੀ ਹੋਂਦ ਹੈ। ਪੈਰਾਂ ਹੇਠ ਆਉਂਦੀ ਇਹ ਮਿੱਟੀ ਕਿਸ ਕਿਸ ਰੰਗ ਵਿਚ ਸੇਵਾ ਕਰੇਂਦੀ ਹੈ। ਮਿੱਟੀ ਨਿਮਾਣਤਾ ਦਾ ਨਿਸ਼ਾਨ ਹੈ, ਆਜਜ਼ੀ ਦਾ, ਚੁੱਪ ਦਾ। ਮਿੱਟੀ ਹਰ ਪਲ ਆਪਣੇ ਆਹਰੇ ਲੱਗੀ ਹੈ, ਪਰ ਕਦੀਂ ਏਸ ਦੀ ‘ਵਾਜ ਨਹੀਂ ਸੁਣੀ ਕਿਸੇ। ਬੱਸ ਮਿੱਟੀ ਦੀ ਕਰਨੀ ਬੋਲਦੀ ਹੈ। ਮਿੱਟੀ ਪਾਣੀ ਦਾ ਸੰਗ ਹੋਇਆ ਆਦਿ ਜੁਗਾਦਿ ਦਾ। ਮਿੱਟੀ ਦੀ ਕੁੱਖ ਸਾਂਭਦੀ ਹੈ ਹਰ ਬੀ ਨੂੰ। ਰਾਖੀ ਕਰੇਂਦੀ ਹੈ ਤੇ ਰੁੱਤ ਆਵਣ ‘ਤੇ ਬੂਟਾ ਬਣਾ ਕੇ ਆਪਣਾ ਢਿੱਡ ਪਾੜ ਕੇ ਉਸ ਨੂੰ ਜੰਮਦੀ ਹੈ। ਮਿੱਟੀ ਦਾ ਉਗਾਇਆ ਕੁੱਲ ਜਿਉਂਦੀ ਹੋਂਦ ਦਾ ਜੀਵਕਾ ਹੋਇਆ। ਮਿੱਟੀ ਵਿਚੋਂ ਉੱਗਿਆ ਨਿੱਕਾ ਜਿਤਨਾ ਬੂਟਾ ਹੌਲੀ-ਹੌਲੀ ਵੱਡਾ ਹੋ ਕੇ ਉੱਚਾ ਲੰਮਾ ਰੁੱਖ ਬਣ ਕੇ ਅੰਬਰ ਨਾਲ ਗੱਲਾਂ ਕਰੇਂਦਾ ਹੈ। ਮਿੱਟੀ ਅੰਦਰ ਕੋਈ ਈਰਖਾ ਜਾਂ ਹਸਦ ਨਹੀਂ ਪੈਦਾ ਹੁੰਦਾ ਜੋ ਮੇਰਾ ਜੰਮਿਆ ਅੱਜ ਕਿੱਥੇ ਉਚਿਆਈਆਂ ਵਿਚ ਹੈ। ਮਿੱਟੀ ਰੁੱਖ ਦੀਆਂ ਜੜ੍ਹਾਂ ਦੀ ਸਾਂਭ ਕਰੇਂਦੀ ਉਸ ਦੀ ਸਿਖਰ ਨੂੰ ਵੀ ਵੱਤਰਦੀ ਹੈ। ਮਿੱਟੀ ਜਿਉਂਦਿਆਂ ਨੂੰ ਪਾਲਦੀ ਤੇ ਮੋਇਆਂ ਨੂੰ ਸਾਂਭਦੀ ਹੈ। ਮਿੱਟੀ ਮੋਏ ਵਜੂਦ ਦੀ ਸਾਂਭ ਨਾ ਕਰੇ ਤਾਂ ਧਰਤ ਉਪਰ ਜੀਵਨ ਮੁੱਕ ਜਾਵੇ। ਮਿੱਟੀ ਦਾ ਆਪਣਾ ਫਿੱਕਾ ਜਿਹਾ ਭੂਰਾ ਰੰਗ ਹੈ, ਪਰ ਮਿੱਟੀ ਦੀ ਉਪਜ ਵੰਨੋ-ਵੰਨ ਰੰਗਾਂ ਵਿਚ ਖਿੜਦੀ ਹੱਸਦੀ ਹੈ। ਮਿੱਟੀ ਵਿਚੋਂ ਹੀ ਉੱਗਿਆ ਹੈ ਸਰ੍ਹੋਂ ਦਾ ਹਰਾ ਬੂਟਾ, ਪੀਲੇ ਫੁੱਲਾਂ ਵਿਚ ਹੱਸਦਾ ਵੱਸਦਾ ਵੇਖੋ ਮਿੱਟੀ ਦਾ ਸੁਨੇਹਾ ਪਿਆ ਦਿੰਦਾ ਹੈ: ਸਰ੍ਹੋਂ ਦੀ ਪੀਲਕ ਦੇ ਵਿਚ ਸਾਵਾ ਜਿਸ ਪੜ੍ਹਿਆ ਤਿਸ ਨੈਣ ਕੀਤੇ ਸਿਰ ਸਾਵੇ ਹੈ ਦੂਈ ਆਪ ਮਿਲਾਵਾ ਤਨ ਮਨ ਵਿਛੜਿਆਂ ਦਾ। (4) ਮਿੱਟੀ ਦੀ ਕਰਨੀ ਸੁਨੇਹਾ ਦਿੰਦੀ ਹੈ ਇਕਾਈ ਦਾ। ਜੋ ਵੇਖੋ ਇੱਕ ਨਿੱਕੇ ਜਿਤਨੇ ਬੀ ਵਿਚੋਂ ਕਿਤਨੇ ਰੰਗ ਨਿਕਲੇ ਨੇਂ ਤੇ ਮੁੜ ਆਪਣੇ ਬੀ ਵਿਚ ਸਮਾ ਗਏ ਨੇਂ। ਇੱਕ ਬੀ ਨੇ ਆਪਣੀ ਹੋਂਦ ਗਵਾਈ ਏ ਤੇ ਬੂਟਾ ਬਣਿਆ ਹੈ। ਇੱਕ ਹੋਂਦ ਮੁਕਾਵਨ ਪਾਰੋਂ ਹੀ ਅਨੇਕਾਂ ਬੀ ਜੰਮੇ ਨੇਂ। ਮਿੱਟੀ ਹੀ ਤੱਤ ਹੈ ਮਨੁੱਖ ਦਾ। ਮਿੱਟੀ ਉਪਜਾਉਂਦੀ ਹੈ ਆਪਣੀ ਸੱਤ ਸੱਤਿਆ ਵਰਤ ਕੇ। ਜੇ ਮਿੱਟੀ ਉਪਜ ਨਾ ਕਰੇ, ਤਾਂ ਉਹ ਮਿੱਟੀ ਸੱਚ ਨਾ ਰਹਿਸੀ। ਵੇਖੋ, ”ਆਦਿ” ਦੇ ਅਰਥਾਂ ਨਾਲ ਜੋੜ ਮਿੱਟੀ ਦੀ ਕਰਨੀ ਦਾ। ਮਿੱਟੀ ਹੀ ਪਉਂਦ ਹੈ, ਮੁੱਢ ਹੈ। ਮਿੱਟੀ ਆਦਿ ਵੀ ਹੈ ਖ਼ੁਰਾਕ, ਰਿਜ਼ਕ। ਮਿੱਟੀ ਬੀ ਲੈਂਦੀ ਹੈ ਤੇ ਬੂਟਾ ਬਣਾ ਪਰਤਾਉਂਦੀ ਹੈ। ਸਾਵਾਂ ਲੈਣ ਦੇਣ ਈ ਜੀਵਨ ਟੋਰਾ ਹੈ ਕੁਦਰਤ ਦਾ। ਇਨਸਾਨੀ ਹੋਂਦ ਵੀ ਮਿੱਟੀ ਨਾਲ ਬਣੀ ਹੈ, ਤਾਹੀਓਂ ਤਾਂ ਮਰ ਮੁੱਕ ਕੇ ਮਿੱਟੀ ਨਾਲ ਮਿੱਟੀ ਹੋ ਵੇਂਹਦੀ ਹੈ। ਹਰ ਸ਼ੈਅ ਆਪਣੇ ਅਸਲੇ ਨਾਲ ਈ ਇੱਕ-ਮਿੱਕ ਹੁੰਦੀ ਏ। ਬੱਸ ਵਿੱਥ ਇਤਨੀ ਹੈ ਜੋ ਪੈਰਾਂ ਹੇਠ ਦੀ ਮਿੱਟੀ ਜਵਾਲਦੀ, ਪਾਲਦੀ, ਸਾਂਭਦੀ ਹੈ ਜੋ ਮਿੱਟੀ ਤਨ ਉਪਰ ਲੱਗੀ ਹੈ ਉਹ ਬੱਝ ਕੇ ਮੈਂ ਬਣ ਜਾਂਦੀ ਹੈ। ਮੈਂ ਦਾ ਕੰਮ ਮਾਰਨਾ ਮੁਕਾਉਣਾ ਹੋਇਆ, ਉਹ ਉਪਜ ਕਰ ਈ ਨਹੀਂ ਸਕਦੀ। ਮਿੱਟੀ ਦਾ ਕੰਮ ਤਾਂ ਮਿਲਣ ਹੋਇਆ। ਬੰਦੇ ਦੇ ਤਨ ਵਿਚ ਕੈਦ ਹੋਈ ਮਿੱਟੀ ਮਿਲਣ ਭੁੱਲੀ ਤਾਂ ਵਿਸ ਬਣੀ। ਏਹਾ ਗੱਲ ਚੇਤੇ ਕਰਵਾਈ ਆਹੀ ਫ਼ਰੀਦ ਨੇ, ਜੋ ਬਾਬੇ ਨਾਨਕ ਨੇ ਲਿਖ ਸਾਂਭੀ: ਦੇਖੁ ਫਰੀਦਾ ਜਿ ਥੀਆ ਸਕਰ ਹੋਈ ਵਿਸੁ॥ ਸਾਂਈ ਬਾਝਹੁ ਆਪਣੇ ਵੇਦਣ ਕਹੀਐ ਕਿਸੁ॥ (ਪੰਨਾ 1378 ਸਲੋਕ, ਸੇਖ ਫਰੀਦ ਜੀ) ਮਿਲਣ ਸਕਤ, ਉਪਜ ਸਕਤ ਜਦੋਂ ਬੱਝ ਜਾਵੇ। ਆਪਣੀ ਸੱਤ ਸੱਤਿਆ ਸਾਂਝੀ ਨਾ ਕਰ ਸਕੇ ਕੁੱਲ ਕੁਦਰਤ ਨਾਲ ਤਾਂ ਉਹ ਵੱਸ ਬਣ ਵੇਂਹਦੀ ਏ। ਮਿੱਟੀ ਮਿਲਦੀ ਹੈ ਹਰ ਪਲ ਵਾਅ ਨਾਲ, ਪਾਣੀ ਨਾਲ, ਸਿੰਜ ਨਾਲ ਤਾਹੀਓਂ ਉਪਜਾਉਂਦੀ ਹੈ। ਮਿੱਟੀ ਦਾ ਵਰਤਾਰਾ ਕੁੱਲ ਹੋਂਦ ਨਾਲ ਸਾਵਾਂ ਹੈ। ਮਿੱਟੀ ਨੂੰ ਕੋਈ ਨਿੰਦੇ ਰੱਦੇ, ਉਹ ਪਰਤਾਵਾ ਪਿਆਰ ਦਾ ਹੀ ਦਿੰਦੀ ਹੈ। ਮਿੱਟੀ ਨੂੰ ਕੋਈ ਵਡਿਆਏ ਤਾਂ ਵੀ ਉਹ ਮਾਣ ਨਹੀਂ ਕਰੇਂਦੀ, ਸਗੋਂ ਹੋਰ ਨਿਉਂਦੀ ਹੈ। ਮਿੱਟੀ ਜੁੜਨਾ ਸਿਖਾਉਂਦੀ ਹੈ। ਹੁਣ ਵੇਖੋ ਆਦਿ ਦੀ ਜ਼ੇਰ ਜ਼ਬਰ ਤੋਂ ਵੱਖ ਕੁਦਰਤ ਦੀ ਕਰਨੀ। ਪੈਰਾਂ ਥੱਲੇ ਜ਼ੇਰ ਹੋਈ ਮਿੱਟੀ ਹੀ ਮੋਏ ਵਜੂਦ ਦੀ ਜ਼ਬਰ ਬਣ ਵੈਂਹਦੀ ਏ। ਉਲਮਾਈ ਦੀ ਜ਼ੇਰ ਜ਼ਬਰ ਵਿਚ ਫਾਤਾ ਜੀਅ ਕੁਦਰਤ ਦੀ ਦਾਨ ਹੋਈ ਸ਼ੱਕਰ ਨੂੰ ਅੰਦਰੋਂ ਅੰਦਰ ਜੋੜ ਕੇ ਵਿੱਸ ਬਣਾ ਕੇ ਪਿਆ ਵੰਡਦਾ ਹੈ ਤੇ ਵਿਰਾਨ ਥੇਂਦਾ ਹੈ। ਪਾਣੀ ਮਿੱਟੀ ਦਾ ਆਦਿ ਜੁਗਾਦਿ ਦਾ ਸੱਚ ਵੇਖਿਆ, ਅਸਾਂ ਹੁਣ ਅੱਗ ਦਾ ਵੇਖ ਲਈਏ। ਅੱਗ ਮੁੱਢਲਾ ਤੱਤ ਏ ਜੀਵਨ ਦਾ। ਅੱਗ ਸੇਕ ਏ, ਨਿੱਘ ਵੀ, ਤੇ ਚਾਨਣ ਵੀ। ਅੱਗ ਦੀਆਂ ਵੰਨੋ ਵੰਨ ਸ਼ਕਲਾਂ ਹਨ। ਕਿਤੇ ਦੂਰ ਅੰਬਰ ਉਪਰ ਲਿਸ਼ਕਦਾ ਸਿੱਝ ਏ ਤੇ ਕਿਤੇ ਧਰਤੀ ਦੇ ਹੇਠੋਂ ਹੇਠ ਪੱਕਦਾ ਲਾਵਾ।

Exit mobile version