-0.3 C
Vancouver
Saturday, January 18, 2025

ਕੈਨੇਡਾ ਦਾ ਪ੍ਰਬੰਧਕੀ ਢਾਂਚਾ ਅਤੇ ਮੁਰੰਮਤ ਦਾ ਪ੍ਰਬੰਧ

 

ਲੇਖਕ : ਪ੍ਰਿੰਸੀਪਲ ਵਿਜੈ ਕੁਮਾਰ
ਕਿਸੇ ਵੀ ਦੇਸ਼ ਦੇ ਹਰ ਤਰ੍ਹਾਂ ਦੇ ਚੰਗੇ ਪ੍ਰਬੰਧ ਦਾ ਢੰਗ ਉਸ ਮੁਲਕ ਦੀਆਂ ਸਰਕਾਰਾਂ ਦੀ ਅਕਲਮੰਦੀ, ਦੇਸ਼ ਅਤੇ ਉਸ ਦੀ ਲੋਕਾਂ ਪ੍ਰਤੀ ਫ਼ਿਕਰਮੰਦੀ, ਮੁਸ਼ਤੈਦੀ ਅਤੇ ਵਿਉਂਤਬੰਦੀ ਦਾ ਪ੍ਰਮਾਣ ਹੁੰਦੀ ਹੈ। ਕੈਨੇਡਾ ਦਾ ਬਿਜਲੀ, ਪਾਣੀ, ਅੱਗ ਬਝਾਉਣ, ਰੁੱਖਾਂ ਦੇ ਕੱਟਣ ਅਤੇ ਲਗਾਉਣ, ਟ੍ਰੈਫਿਕ, ਸੜਕਾਂ ਬਣਾਉਣ ਅਤੇ ਉਨ੍ਹਾਂ ਦੀ ਮੁਰੰਮਤ ਕਰਨ, ਪਾਰਕਾਂ, ਸੈਰਗਾਹਾਂ ਦੀ ਸਾਂਭ ਸੰਭਾਲ, ਘਰਾਂ ਨੂੰ ਬਣਾਉਣ ਅਤੇ ਉਨ੍ਹਾਂ ਦੀ ਮੁਰੰਮਤ ਕਰਨ ਅਤੇ ਰੋਜ਼ਮਰਾ ਦੀਆਂ ਸੇਵਾਵਾਂ ਦਾ ਪ੍ਰਬੰਧ ਆਪਣੇ ਆਪ ਵਿੱਚ ਬਹੁਤ ਕਮਾਲ ਦਾ ਹੈ।
ਇਸ ਦੇਸ਼ ਦੇ ਹਰ ਖੇਤਰ ਦੇ ਪ੍ਰਬੰਧ ਨੂੰ ਵੇਖ ਕੇ ਦੂਜੇ ਦੇਸ਼ਾਂ ਤੋਂ ਘੁੰਮਣ ਫਿਰਨ ਗਏ ਜਾਂ ਦੂਜੇ ਦੇਸ਼ਾਂ ਦੇ ਇਸ ਮੁਲਕ ਵਿੱਚ ਵਸਦੇ ਲੋਕ ਆਪਣੇ ਮਨ ਵਿੱਚ ਇਹ ਸੋਚਣ ਲਈ ਮਜਬੂਰ ਹੋ ਜਾਂਦੇ ਹਨ ਕਿ ਇਸ ਮੁਲਕ ਦੀਆਂ ਸਰਕਾਰਾਂ ਕਿੰਨੀ ਸੂਝਬੂਝ ਵਾਲੀਆਂ ਹਨ। ਉਨ੍ਹਾਂ ਦੇ ਮਨਾਂ ਵਿੱਚ ਇਹ ਸਵਾਲ ਵੀ ਜ਼ਰੂਰ ਖੜ੍ਹਾ ਹੁੰਦਾ ਹੈ ਕਿ ਸਾਡੇ ਮੁਲਕ ਵਿੱਚ ਅਜਿਹੇ ਪ੍ਰਬੰਧ ਕਿਉਂ ਨਹੀਂ ਹਨ? ਕੈਨੇਡਾ ਦੇ ਇਹ ਸਾਰੇ ਪ੍ਰਬੰਧ ਵਧੀਆ ਅਤੇ ਸੁਚੱਜੇ ਇਸ ਲਈ ਹਨ ਕਿਉਂਕਿ ਇੱਥੋਂ ਦੀਆਂ ਸਰਕਾਰਾਂ ਨੂੰ ਆਪਣੇ ਦੇਸ਼ ਦੇ ਲੋਕਾਂ ਦੀ ਖੱਜਲ ਖ਼ੁਆਰੀ ਦਾ ਫ਼ਿਕਰ ਹੈ। ਉਹ ਆਪਣੇ ਦੇਸ਼ ਦੇ ਪੈਸੇ ਦੀ ਸੁਯੋਗ ਵਰਤੋਂ ਕਰਨਾ ਜਾਣਦੀਆਂ ਹਨ। ਉਨ੍ਹਾਂ ਨੂੰ ਹੋਣ ਵਾਲੀਆਂ ਦੁਰਘਟਨਾਵਾਂ ਅਤੇ ਸਾਫ਼ ਸਫ਼ਾਈ ਦਾ ਫ਼ਿਕਰ ਹੁੰਦਾ ਹੈ। ਇੱਥੇ ਸਾਡੇ ਮੁਲਕ ਵਾਂਗ ਪ੍ਰਬੰਧਾਂ ਦੇ ਕੰਮਾਂ ਵਿੱਚ ਰਿਸ਼ਵਤ ਨਹੀਂ ਖਾਧੀ ਜਾਂਦੀ। ਸਮੇਂ ਸਮੇਂ ‘ਤੇ ਲੋੜੀਂਦੇ ਕਰਮਚਾਰੀਆਂ ਦੀ ਭਰਤੀ ਕੀਤੀ ਜਾਂਦੀ ਹੈ।
ਹੁਣ ਇਨ੍ਹਾਂ ਪ੍ਰਬੰਧਾਂ ਵਿੱਚੋਂ ਮੁਰੰਮਤ ਦੇ ਕੰਮ ਦੀ ਗੱਲ ਕਰਦੇ ਹਾਂ। ਕੈਨੇਡਾ ਵਿੱਚ ਬਿਜਲੀ, ਪਾਣੀ, ਟੈਲੀਫੋਨ, ਨੈੱਟ, ਗੈਸ ਅਤੇ ਟੈਲੀਵਿਜ਼ਨ ਦੀਆਂ ਤਾਰਾਂ ਧਰਤੀ ਵਿੱਚ ਦੱਬੀਆਂ ਗਈਆਂ ਹਨ। ਜੇਕਰ ਇਨ੍ਹਾਂ ਵਿੱਚੋਂ ਕਿਸੇ ਪ੍ਰਬੰਧ ਵਿੱਚ ਕਦੇ ਕੋਈ ਖਰਾਬੀ ਆ ਜਾਂਦੀ ਹੈ ਤਾਂ ਇਸ ਦੀ ਮੁਰੰਮਤ ਲਈ ਸਾਰੀ ਸੜਕ ਨਹੀਂ ਪੁੱਟੀ ਜਾਂਦੀ। ਰਸਤਿਆਂ ਵਿੱਚ ਡੂੰਘੇ ਟੋਏ ਨਹੀਂ ਪੁੱਟੇ ਜਾਂਦੇ। ਹੁਣ ਸਵਾਲ ਇਹ ਹੈ ਕਿ ਬਿਨਾਂ ਸੜਕਾਂ ਅਤੇ ਟੋਏ ਪੁੱਟੇ ਮੁਰੰਮਤ ਕਿਵੇਂ ਕੀਤੀ ਜਾਂਦੀ ਹੈ? ਬਿਜਲੀ, ਪਾਣੀ, ਨੈੱਟ, ਗੈਸ ਅਤੇ ਟੈਲੀਫੋਨ ਦੀਆਂ ਤਾਰਾਂ ਵਿਛਾਉਣ ਲੱਗਿਆਂ ਉਨ੍ਹਾਂ ਦਾ ਬਕਾਇਦਾ ਇਹ ਰਿਕਾਰਡ ਰੱਖਿਆ ਜਾਂਦਾ ਹੈ ਕਿ ਇਹ ਤਾਰਾਂ ਕਿੱਥੋਂ ਅਤੇ ਕਿਸ ਰਾਹ ਵੱਲ ਜਾ ਰਹੀਆਂ ਹਨ। ਕੁਝ ਫਾਸਲੇ ਉੱਤੇ ਉਨ੍ਹਾਂ ਦਾ ਇੱਕ ਪੁਆਇੰਟ ਬਣਾ ਕੇ ਉਸ ਉੱਤੇ ਇੱਕ ਲੋਹੇ ਦਾ ਮਜ਼ਬੂਤ ਢੱਕਣ ਲਗਾ ਦਿੱਤਾ ਜਾਂਦਾ ਹੈ। ਦਬਾਈਆਂ ਗਈਆਂ ਤਾਰਾਂ ਦੀ ਕੀਤੀ ਗਈ ਨਿਸ਼ਾਨਦੇਹੀ ਅਨੁਸਾਰ ਪਾਣੀ, ਬਿਜਲੀ, ਗੈਸ, ਨੈੱਟ ਅਤੇ ਟੈਲੀਫੋਨ ਨੂੰ ਅਲਾਟ ਕੀਤੇ ਰੰਗਾਂ ਅਨੁਸਾਰ ਹਰ ਮਹੀਨੇ ਦਬਾਈਆਂ ਗਈਆਂ ਤਾਰਾਂ ਉੱਤੇ ਅਲਾਟ ਕੀਤੇ ਰੰਗਾਂ ਨਾਲ ਲਾਇਨਿੰਗ ਕੀਤੀ ਜਾਂਦੀ ਹੈ। ਹਰ ਸੇਵਾ ਦੇ ਪ੍ਰਬੰਧ ਨੂੰ ਰੰਗ ਇਸ ਲਈ ਅਲਾਟ ਕੀਤੇ ਗਏ ਹਨ ਤਾਂ ਕਿ ਮੁਰੰਮਤ ਸਮੇਂ ਉਸ ਦੀ ਹੀ ਮੁਰੰਮਤ ਕੀਤੀ ਜਾਵੇ ਜਿਸ ਵਿੱਚ ਖਰਾਬੀ ਆਈ ਹੈ।
ਜਿਨ੍ਹਾਂ ਰਸਤਿਆਂ ਤੋਂ ਗੈਸ ਦੀ ਪਾਈਪ ਲਾਈਨ ਜਾਂਦੀ ਹੈ, ਉਸ ਉੱਤੇ ਵਿਸ਼ੇਸ਼ ਬੋਰਡ ਲਗਾਇਆ ਜਾਂਦਾ ਹੈ ਕਿ ਇਸ ਰਸਤੇ ਉੱਤੋਂ ਭਾਰੀ ਗੱਡੀ ਨਾ ਲੰਘਾਈ ਜਾਵੇ ਤਾਂ ਕਿ ਗੈਸ ਦੀ ਪਾਈਪ ਲਾਈਨ ਨੂੰ ਕੋਈ ਨੁਕਸਾਨ ਨਾ ਪਹੁੰਚੇ। ਮੁਰੰਮਤ ਕਰਨ ਲਈ ਸੜਕਾਂ ਅਤੇ ਰਸਤਿਆਂ ਨੂੰ ਥਾਂ ਥਾਂ ਤੋਂ ਨਹੀਂ ਪੁੱਟਿਆ ਜਾਂਦਾ ਸਗੋਂ ਮਸ਼ੀਨਾਂ ਦੀ ਸਹਾਇਤਾ ਨਾਲ ਪਹਿਲਾਂ ਇਹ ਪਤਾ ਲਗਾਇਆ ਜਾਂਦਾ ਹੈ ਕਿ ਨੁਕਸ ਕਿੱਥੇ ਹੈ। ਨੁਕਸ ਵਾਲੀ ਥਾਂ ਨੂੰ ਹੀ ਪੁੱਟ ਕੇ ਬਣਾਏ ਪੁਆਇੰਟ ਦੀ ਸਹਾਇਤਾ ਨਾਲ ਮੁਰੰਮਤ ਕੀਤੀ ਜਾਂਦੀ ਹੈ। ਸਾਡੇ ਮੁਲਕ ਵਾਂਗ ਸਾਰੀ ਸੜਕ ਨਹੀਂ ਪੁੱਟੀ ਜਾਂਦੀ ਅਤੇ ਨਾ ਡੂੰਘੇ ਟੋਏ ਪੁੱਟੇ ਜਾਂਦੇ ਹਨ। ਜਿੰਨਾ ਮਰਜ਼ੀ ਵੱਡਾ ਨੁਕਸ ਹੋਵੇ, ਉਸ ਦੀ ਮੁਰੰਮਤ ਨਾਲ ਦੇ ਨਾਲ ਕਰ ਦਿੱਤੀ ਜਾਂਦੀ ਹੈ ਤਾਂ ਕਿ ਲੋਕ ਖੱਜਲ ਖੁਆਰ ਨਾ ਹੋਣ। ਸਾਡੇ ਮੁਲਕ ਵਾਂਗ ਕਈ ਕਈ ਦਿਨ ਸੜਕਾਂ ਅਤੇ ਟੋਏ ਪੁੱਟੇ ਨਹੀਂ ਰਹਿੰਦੇ ਤੇ ਨਾ ਹੀ ਦੁਰਘਟਨਾਵਾਂ ਵਾਪਰਦੀਆਂ ਹਨ ਤੇ ਨਾ ਹੀ ਟ੍ਰੈਫਿਕ ਜਾਮ ਦੀ ਸਮੱਸਿਆ ਖੜ੍ਹੀ ਹੁੰਦੀ ਹੈ। ਮੁਰੰਮਤ ਦਾ ਕੰਮ ਨਾਲ ਦੇ ਨਾਲ ਹੀ ਖ਼ਤਮ ਕਰ ਦਿੱਤਾ ਜਾਂਦਾ ਹੈ।
ਸੜਕਾਂ ਦੀ ਮੁਰੰਮਤ ਅਤੇ ਨਿਰਮਾਣ ਲਈ ਅਜਿਹੀ ਮਸ਼ੀਨਰੀ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਨਾਲ ਸੜਕ ਦੀ ਮੁਰੰਮਤ ਅਤੇ ਨਿਰਮਾਣ ਦਾ ਕੰਮ ਬਹੁਤ ਛੇਤੀ ਨਿਪਟ ਜਾਂਦਾ ਹੈ। ਸੜਕ ਦੇ ਨਿਰਮਾਣ ਅਤੇ ਉਸ ਦੀ ਮੁਰੰਮਤ ਦਾ ਕੰਮ ਉਸ ਸਮੇਂ ਕੀਤਾ ਜਾਂਦਾ ਹੈ ਜਿਸ ਸਮੇਂ ਨਾ ਤਾਂ ਲੋਕਾਂ ਨੂੰ ਅਸੁਵਿਧਾ ਹੋਵੇ ਤੇ ਨਾ ਹੀ ਟ੍ਰੈਫਿਕ ਜਾਮ ਹੋਵੇ। ਕਿਸੇ ਵੀ ਪ੍ਰਬੰਧ ਦੀ ਮੁਰੰਮਤ ਸਮੇਂ ਉਸ ਨਾਲ ਸਬੰਧਿਤ ਸਮੱਗਰੀ ਸੜਕਾਂ ਉਤੇ ਖਿੱਲਰੀ ਨਹੀਂ ਪਈ ਹੁੰਦੀ, ਸਗੋਂ ਉਸ ਨੂੰ ਬਕਾਇਦਾ ਢੰਗ ਨਾਲ ਰੱਖ ਕੇ ਉਸ ਦੇ ਦੁਆਲੇ ਜਾਲੀਦਾਰ ਹਰਾ ਕੱਪੜਾ ਲੱਗਿਆ ਹੁੰਦਾ ਹੈ ਜੋ ਕਿ ਇਸ ਗੱਲ ਦਾ ਪ੍ਰਤੀਕ ਹੁੰਦਾ ਹੈ ਕਿ ਮੁਰੰਮਤ ਅਤੇ ਨਿਰਮਾਣ ਦਾ ਕੰਮ ਚੱਲ ਰਿਹਾ ਹੈ।
ਸਾਡੇ ਮੁਲਕ ਵਿੱਚ ਲਾਲ ਬੱਤੀਆਂ ਮੰਤਰੀਆਂ ਦੀਆਂ ਗੱਡੀਆਂ ਉੱਤੇ ਲੱਗੀਆਂ ਹੁੰਦੀਆਂ ਹਨ, ਪਰ ਕੈਨੇਡਾ ਵਿੱਚ ਲਾਲ ਬੱਤੀਆਂ ਮੁਰੰਮਤ ਅਤੇ ਐਂਬੂਲੈਂਸ ਉੱਤੇ ਹੀ ਹੁੰਦੀਆਂ ਹਨ ਤਾਂ ਕਿ ਲੋਕ ਉਨ੍ਹਾਂ ਪ੍ਰਤੀ ਸੁਚੇਤ ਹੋ ਸਕਣ। ਕੈਨੇਡਾ ਵਿੱਚ ਘਰਾਂ ਦੀ ਮੁਰੰਮਤ, ਨਿਰਮਾਣ ਅਤੇ ਬੇਸਮੈਟਾਂ ਦੇ ਨਿਰਮਾਣ ਸਮੇਂ ਮਲਬਾ ਅਤੇ ਹੋਰ ਸਮੱਗਰੀ ਸੜਕਾਂ ਉੱਤੇ ਅਤੇ ਦੂਜਿਆਂ ਦੇ ਘਰਾਂ ਅੱਗੇ ਸੁੱਟਿਆ ਜਾਂ ਖਿਲਾਰਿਆ ਨਹੀਂ ਜਾ ਸਕਦਾ। ਮੁਰੰਮਤ ਅਤੇ ਨਿਰਮਾਣ ਸਮੇਂ ਬਕਾਇਦਾ ਨਿਯਮਾਂ ਦਾ ਪਾਲਣ ਕਰਦੇ ਹੋਏ ਬਣੇ ਹੋਏ ਸਾਈਨ ਅਤੇ ਪੱਟੀ ਲਗਾਉਣੀ ਪੈਂਦੀ ਹੈ ਜੋ ਕਿ ਇਸ ਗੱਲ ਵੱਲ ਇਸ਼ਾਰਾ ਕਰਦੇ ਹਨ ਕਿ ਨਿਰਮਾਣ ਜਾਂ ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਘਰ ਦੀ ਮੁਰੰਮਤ ਅਤੇ ਨਿਰਮਾਣ ਤੋਂ ਬਾਅਦ ਘਰ ਅੱਗੋਂ ਦੀ ਸਾਫ਼ ਸਫ਼ਾਈ ਕਰਵਾਉਣੀ ਲਾਜ਼ਮੀ ਹੁੰਦੀ ਹੈ। ਨਿਯਮਾਂ ਦਾ ਪਾਲਣ ਨਾ ਕਰਨ ‘ਤੇ ਨਗਰ ਕੌਂਸਲ ਵੱਲੋਂ ਸੈਂਕੜੇ ਡਾਲਰ ਜੁਰਮਾਨਾ ਕੀਤਾ ਜਾਂਦਾ ਹੈ ਜੋ ਹਰ ਹਾਲਤ ਵਿੱਚ ਜਮ੍ਹਾਂ ਕਰਵਾਉਣ ਪੈਂਦਾ ਹੈ।
ਬਿਜਲੀ ਦੇ ਖੰਭਿਆਂ ਦੀ ਮੁਰੰਮਤ ਦਾ ਪ੍ਰਬੰਧ ਬਹੁਤ ਕਮਾਲ ਦਾ ਹੈ। ਇਸ ਲਈ ਅਹਿਜੀ ਮਸ਼ੀਨਰੀ ਦੀ ਵਿਵਸਥਾ ਹੈ ਜਿਸ ਨਾਲ ਬਿਜਲੀ ਦੀਆਂ ਤਾਰਾਂ ਸੜਕਾਂ ਵਿੱਚ ਡਿੱਗੀਆਂ ਹੋਈਆਂ ਨਹੀਂ ਮਿਲਣਗੀਆਂ, ਬਿਜਲੀ ਦੀਆਂ ਤਾਰਾਂ ਡਿੱਗਣ ਨਾਲ ਨਾ ਦੁਰਘਟਨਾਵਾਂ ਵਾਪਰਦੀਆਂ ਹਨ ਤੇ ਨਾ ਹੀ ਟ੍ਰੈਫਿਕ ਜਾਮ ਹੁੰਦੀ ਹੈ। ਬਿਜਲੀ ਦੀ ਮੁਰੰਮਤ ਦਾ ਕੰਮ ਨਾਲ ਦੀ ਨਾਲ ਚੱਲਦਾ ਰਹਿੰਦਾ ਹੈ, ਇਸ ਲਈ ਤਾਰਾਂ ਟੁੱਟਣ ਦੀ ਨੌਬਤ ਬਹੁਤ ਘੱਟ ਆਉਂਦੀ ਹੈ। ਕਿਸੇ ਵੀ ਤਰ੍ਹਾਂ ਦਾ ਨੁਕਸ ਪੈਣ ‘ਤੇ ਬਿਜਲੀ ਵਿਭਾਗ ਦੇ ਕਰਮਚਾਰੀ ਝੱਟ ਪਹੁੰਚ ਜਾਂਦੇ ਹਨ ਕਿਉਕਿ ਉਨ੍ਹਾਂ ਨੂੰ ਸੂਚਨਾ ਆਪਣੇ ਆਪ ਪਹੁੰਚ ਜਾਂਦੀ ਹੈ। ਸਾਡੇ ਮੁਲਕ ਵਾਂਗ ਨਾ ਕਰਮਚਾਰੀਆਂ ਦੀ ਘਾਟ ਦੀ ਗੱਲ ਕਹੀ ਜਾਂਦੀ ਹੈ ਤੇ ਨਾ ਹੀ ਕਰਮਚਾਰੀਆਂ ਵੱਲੋਂ ਕੋਈ ਲਾਪਰਵਾਹੀ ਕੀਤੀ ਜਾਂਦੀ ਹੈ।
ਕੈਨੇਡਾ ਵਿੱਚ ਜੇਕਰ ਰੁੱਖਾਂ ਦੇ ਕਟਾਈ ਦੇ ਪ੍ਰਬੰਧ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਸਾਡੇ ਮੁਲਕ ਨਾਲੋਂ ਵੱਖਰਾ ਹੈ। ਸਭ ਤੋਂ ਪਹਿਲਾਂ ਤਾਂ ਸੜਕਾਂ ਉੱਤੇ ਰੁੱਖ ਲਗਾਏ ਹੀ ਇਸ ਢੰਗ ਨਾਲ ਜਾਂਦੇ ਹਨ, ਜਿਨ੍ਹਾਂ ਦੇ ਟੁੱਟਣ ਜਾਂ ਡਿੱਗਣ ਨਾਲ ਨਾ ਕੋਈ ਦੁਰਘਟਨਾ ਵਾਪਰੇ ਸਕੇ ਅਤੇ ਨਾ ਕੋਈ ਸੜਕ ਉੱਤੇ ਟ੍ਰੈਫਿਕ ਜਾਮ ਲੱਗ ਸਕੇ। ਕੌਂਸਲ ਦੇ ਕਰਮਚਾਰੀ ਟੁੱਟਣ ਅਤੇ ਡਿੱਗਣ ਵਾਲੇ ਰੁੱਖਾਂ ਉੱਤੇ ਨਜ਼ਰ ਰੱਖਦੇ ਹਨ। ਉਨ੍ਹਾਂ ਰੁੱਖਾਂ ਨੂੰ ਨਾਲ ਦੀ ਨਾਲ ਸੰਭਾਲ ਲਿਆ ਜਾਂਦਾ ਹੈ। ਨਗਰ ਕੌਂਸਲ ਕੋਲ ਅਜਿਹੀ ਮਸ਼ੀਨਰੀ ਦਾ ਪ੍ਰਬੰਧ ਹੈ ਜਿਸ ਨਾਲ ਟੁੱਟੇ ਹੋਏ ਰੁੱਖ ਨੂੰ ਚੁੱਕਣ ਸਮੇਂ ਨਾ ਤਾਂ ਲੋਕਾਂ ਨੂੰ ਖੱਜਲ ਖੁਆਰ ਹੋਣ ਦਿੱਤਾ ਜਾਂਦਾ ਹੈ ਤੇ ਨਾ ਹੀ ਟ੍ਰੈਫਿਕ ਜਾਮ ਹੋਣ ਦਿੱਤੀ ਜਾਂਦੀ ਹੈ। ਸਾਡੇ ਮੁਲਕ ਵਿੱਚ ਇਹ ਸਾਰਾ ਕੁਝ ਨਾ ਹੋ ਸਕਣ ਦਾ ਕਾਰਨ ਦੇਸ਼ ਦੀ ਜ਼ਿਆਦਾ ਆਬਾਦੀ ਦੱਸੀ ਜਾਂਦੀ ਹੈ, ਪਰ ਇਹ ਇੱਕ ਕਾਰਨ ਹੋ ਸਕਦਾ ਹੈ। ਇਸ ਦੇ ਨਾਲ ਸਰਕਾਰਾਂ ਦੀ ਗ਼ੈਰ ਜ਼ਿੰਮੇਵਾਰੀ ਦੀ ਭਾਵਨਾ, ਕਰਮਚਾਰੀਆਂ ਦੀ ਘਾਟ, ਰਿਸ਼ਵਤਖੋਰੀ, ਲੋੜੀਂਦੀ ਮਸ਼ੀਨਰੀ ਦੀ ਘਾਟ ਦੇਸ਼ ਦੇ ਲੋਕਾਂ ਪ੍ਰਤੀ ਫ਼ਿਕਰਮੰਦੀ ਦੀ ਘਾਟ ਅਤੇ ਆਰਥਿਕ ਮੰਦਹਾਲੀ ਵੀ ਜ਼ਿੰਮੇਵਾਰ ਹਨ।
ਈਮੇਲ: vijaykumarbehki@gmail.com

Related Articles

Latest Articles