ਡਾਕਟਰ ਕੁਲਵੰਤ ਸਿੰਘ ਫੁਲ
21ਵੀਂ ਸਦੀ ਦੇ ਆਰੰਭਿਕ ਸਾਲਾਂ ਦੌਰਾਨ ਸੰਸਾਰ ਦੇ ਕਈ ਦੇਸ਼ਾਂ ‘ਚ ਉਦਾਰੀਕਰਨ ਅਤੇ ਵਿਸ਼ਵੀਕਰਨ ਦੀਆਂ ਨੀਤੀਆਂ ਲਾਗੂ ਹੋਣ ਨਾਲ ਵਧਦੇ ਵਿਸ਼ਵ ਪ੍ਰਵਾਸ ਦੇ ਮੱਦੇਨਜ਼ਰ ਜ਼ਿਆਦਾਤਰ ਭਾਰਤੀ ਪ੍ਰਵਾਸੀ ਹੁਣ ਫਾਰਸ ਦੀ ਖਾੜੀ, ਉੱਤਰੀ ਅਮਰੀਕਾ ਅਤੇ ਯੂਰਪ ਦੇ ਦੇਸ਼ਾਂ ਵੱਲ ਆਕਰਸ਼ਿਤ ਹੋ ਰਹੇ ਹਨ। ਦੁਨੀਆ ਭਰ ਦੇ ਹਰੇਕ 20 ਪ੍ਰਵਾਸੀਆਂ ‘ਚੋਂ ਇਕ ਭਾਰਤ ‘ਚ ਪੈਦਾ ਹੋਇਆ ਹੋਣ ਕਰਕੇ ਦੇਸ਼ ਵਿਸ਼ਵਵਿਆਪੀ ਪ੍ਰਵਾਸ ਨੂੰ ਭਾਰਤ ਅਹਿਮ ਰੂਪ ਵਿਚ ਪ੍ਰਭਾਵਿਤ ਕਰ ਰਿਹਾ ਹੈ। ‘ਵਿਸ਼ਵ ਪ੍ਰਵਾਸ ਰਿਪੋਰਟ 2024’ ਮੁਤਾਬਿਕ ਸਾਲ 2022 ਤੱਕ ਭਾਰਤ ‘ਚ ਪੈਦਾ ਹੋਏ ਲਗਭਗ 18 ਮਿਲੀਅਨ ਲੋਕ ਸੰਸਾਰ ਦੇ ਦੂਜੇ ਦੇਸ਼ਾਂ ‘ਚ ਰਹਿ ਰਹੇ ਹਨ। ਸਾਲ 1990, ਜਦੋਂ ਤੋਂ ਸੰਯੁਕਤ ਰਾਸ਼ਟਰ ਨੇ ਪ੍ਰਵਾਸੀ ਲੋਕਾਂ ਦੇ ਮੂਲ ਦਾ ਪਤਾ ਲਗਾਉਣ ਦਾ ਸਿਲਸਿਲਾ ਸ਼ੁਰੂ ਕੀਤਾ ਹੈ, ਭਾਰਤ ਲਗਾਤਾਰ ਵਿਸ਼ਵ ਦੇ ਪ੍ਰਮੁੱਖ ਮੂਲ ਪ੍ਰਵਾਸੀ ਦੇਸ਼ਾਂ ‘ਚੋਂ ਇਕ ਰਿਹਾ ਹੈ। ਪਿਛਲੇ 25 ਸਾਲਾਂ ਦੌਰਾਨ ਭਾਰਤੀ ਪ੍ਰਵਾਸੀਆਂ ਦੀ ਗਿਣਤੀ ਦੁੱਗਣੀ ਤੋਂ ਵੀ ਵਧ ਗਈ ਹੈ, ਜੋ ਕਿ ਵਿਸ਼ਵ ਦੇ ਕੁੱਲ ਪ੍ਰਵਾਸੀਆਂ ਨਾਲੋਂ ਦੁੱਗਣੀ ਤੇਜ਼ੀ ਨਾਲ ਵਧ ਰਹੀ ਹੈ। ਜ਼ਿਆਦਾਤਰ ਭਾਰਤੀ ਮੂਲ ਦੇ ਲੋਕ ਸੰਯੁਕਤ ਅਰਬ ਅਮੀਰਾਤ, ਅਮਰੀਕਾ ਅਤੇ ਸਾਊਦੀ ਅਰਬ ‘ਚ ਰਹਿ ਰਹੇ ਹਨ। ਇਸ ਸਮੇਂ ਸਭ ਤੋਂ ਵੱਧ ਲਗਭਗ 3.5 ਮਿਲੀਅਨ ਭਾਰਤੀ ਪ੍ਰਵਾਸੀ ਸੰਯੁਕਤ ਅਰਬ ਅਮੀਰਾਤ ‘ਚ ਜ਼ਿਆਦਾਤਰ ਮਜ਼ਦੂਰਾਂ ਵਜੋਂ ਕਾਰਜਸ਼ੀਲ ਹਨ। ਇਸ ਤੋਂ ਬਾਅਦ ਅਮਰੀਕਾ ਅਤੇ ਸਾਊਦੀ ਅਰਬ ‘ਚ ਕ੍ਰਮਵਾਰ ਲਗਭਗ 2.7 ਅਤੇ 2.5 ਮਿਲੀਅਨ ਭਾਰਤੀ ਪ੍ਰਵਾਸੀ ਰਹਿੰਦੇ ਹਨ। ਉਥੇ ਵਸਦੇ ਭਾਰਤੀ-ਅਮਰੀਕੀਆਂ ਵਿਚੋਂ ਤਕਰੀਬਨ ਹਰੇਕ ਦਸ ਪਿਛੇ 9 ਭਾਰਤ ‘ਚ ਪੈਦਾ ਹੋਏ ਹਨ ਅਤੇ ਇਕ ਭਾਈਚਾਰੇ ਦੇ ਤੌਰ ‘ਤੇ ਇੰਡੋ-ਅਮਰੀਕਨ ਸਭ ਤੋਂ ਵੱਧ ਪੜ੍ਹੇ-ਲਿਖੇ ਅਤੇ ਅਮਰੀਕਾ ‘ਚ ਰਹਿਣ ਵਾਲੀਆਂ ਸਾਰੀਆਂ ਨਸਲਾਂ ਅਤੇ ਨਸਲੀ ਸਮੂਹਾਂ ‘ਚੋਂ ਸਭ ਤੋਂ ਵੱਧ ਆਮਦਨੀ ਵਾਲੇ ਲੋਕ ਹਨ।
ਕੋਵਿਡ-2019 ਮਹਾਂਮਾਰੀ ਤੋਂ ਬਾਅਦ ਤਾਂ, ਬਿਹਤਰ ਆਰਥਿਕ ਮੌਕਿਆਂ, ਵਿੱਤੀ ਸੁਰੱਖਿਆ ਅਤੇ ਸਥਿਰਤਾ ਦੀ ਭਾਲ ‘ਚ ਲੋਕਾਂ ਦੇ ਵਿਸ਼ਵਵਿਆਪੀ ਪ੍ਰਵਾਸ ‘ਚ ਸਮੁੱਚੇ ਤੌਰ ‘ਤੇ ਵਾਧਾ ਹੋ ਰਿਹਾ ਹੈ ਅਤੇ ਭਾਰਤ ਵੀ ਇਸ ਦਾ ਅਪਵਾਦ ਨਹੀਂ ਰਿਹਾ। ਬਹੁਤ ਸਾਰੇ ਭਾਰਤੀ, ਖ਼ਾਸ ਕਰਕੇ ਵਧੇਰੇ ਉਤਸ਼ਾਹਿਤ ਨੌਜਵਾਨ ਵਿਦੇਸ਼ਾਂ ‘ਚ ਬਿਹਤਰ ਆਰਥਿਕ ਸੰਭਾਵਨਾਵਾਂ ਲਈ ਨਿਰੰਤਰ ਪ੍ਰਵਾਸ ਕਰ ਰਹੇ ਹਨ। ਭਾਰਤ ‘ਚ ਧਾਰਮਿਕ, ਜਾਤ, ਨਸਲ ਜਾਂ ਰਾਜਨੀਤੀ ਦੇ ਆਧਾਰ ‘ਤੇ ਘੱਟ ਗਿਣਤੀਆਂ ਨਾਲ ਹੋ ਰਹੇ ਵਿਤਕਰੇ ਨੇ ਵੀ ਕਈਆਂ ਨੂੰ ਆਪਣੇ ਵਤਨ ਤੋਂ ਭੱਜਣ ਲਈ ਮਜਬੂਰ ਕੀਤਾ ਹੈ। ਪ੍ਰੰਤੂ ਭਾਰਤ ਤੋਂ ਸੰਯੁਕਤ ਰਾਜ ਅਮਰੀਕਾ ਵੱਲ ਪ੍ਰਵਾਸ ਕਰਨ ਦਾ ਰੁਝਾਨ ਕੁਝ ਖ਼ਾਸ ਕਾਰਨਾਂ ਕਰਕੇ ਜ਼ਿਆਦਾ ਹੀ ਹੋ ਰਿਹਾ ਹੈ, ਇਸੇ ਕਾਰਨ ਅਮਰੀਕਾ ਲਈ ਕਾਨੂੰਨੀ ਇਮੀਗ੍ਰੇਸ਼ਨ ਚੈਨਲਾਂ ਨੂੰ ਅਕਸਰ ਮਹੱਤਵਪੂਰਨ ਬੈਕਲਾਗ ਦਾ ਸਾਹਮਣਾ ਕਰਨਾ ਪੈਂਦਾ ਹੈ। ਨਤੀਜਨ, ਵਿਜ਼ਟਰ ਵੀਜ਼ਾ ਜਾਂ ਪਰਿਵਾਰ ਦੁਆਰਾ ਸਪਾਂਸਰ ਕੀਤੇ ਵੀਜ਼ਿਆਂ ਲਈ ਲੰਮੀ ਉਡੀਕ ਕਾਰਨ ਕਈਆਂ ਨੂੰ ਬਦਲਵੇਂ ਅਣ-ਅਧਿਕਾਰਤ ਗ਼ੈਰ-ਕਾਨੂੰਨੀ ਰਸਤੇ ਅਪਣਾਉਣ ਲਈ ਮਜਬੂਰ ਹੋਣਾ ਪੈਂਦਾ ਹੈ। ਅਣ-ਅਧਿਕਾਰਤ ਏਜੰਟ ਜਾਂ ਤਸਕਰ ਵੀ ਪ੍ਰਵਾਸ ਦੀ ਸਹੂਲਤ ਪ੍ਰਦਾਨ ਕਰਨ ਲਈ ਵੱਧ ਤੋਂ ਵੱਧ ਆਧੁਨਿਕ ਤਰੀਕੇ ਵਰਤ ਰਹੇ ਹਨ ਅਤੇ ਭਾਰਤ ਤੋਂ ਅਮਰੀਕਾ ਤੱਕ ਪੁੱਜਣ ਲਈ ਵੱਖ-ਵੱਖ ਦੇਸ਼ਾਂ ‘ਚੋਂ ਲੰਘਦੇ ਨਵੇਂ-ਨਵੇਂ ਰੂਟ ਅਪਣਾਉਂਦੇ ਰਹਿੰਦੇ ਹਨ। ਅਮਰੀਕਾ ਦੀ ਮੈਕਸੀਕੋ ਨਾਲ ਲਗਦੀ ਦੱਖਣ-ਪੱਛਮੀ ਸਰਹੱਦ ਤਾਂ ਇਸ ਸਮੇਂ ਦੁਨੀਆ ਭਰ ਦੇ ਪ੍ਰਵਾਸੀਆਂ ਲਈ ਇਕ ਖ਼ਾਸ ਮੰਚ ਬਣੀ ਹੋਈ ਹੈ। ਪਿਛਲੇ ਕੁਝ ਸਾਲਾਂ ਦੌਰਾਨ ਅਮਰੀਕਾ ‘ਚ ਦਾਖ਼ਲ ਹੋਣ ਵਾਲੇ ਗ਼ੈਰ-ਕਾਨੂੰਨੀ ਭਾਰਤੀ ਪ੍ਰਵਾਸੀਆਂ ਦੀ ਗਿਣਤੀ ‘ਚ ਕਈ ਉਤਰਾਅ-ਚੜ੍ਹਾਅ ਦੇਖੇ ਗਏ ਹਨ। ਯੂ.ਐੱਸ. ਕਸਟਮ ਅਤੇ ਬਾਰਡਰ ਪ੍ਰੋਟੈਕਸ਼ਨ ਦੇ ਅੰਕੜਿਆਂ ਅਨੁਸਾਰ 1 ਜਨਵਰੀ, 2022 ਤੱਕ ਲਗਭਗ 11 ਮਿਲੀਅਨ ਅਣ-ਅਧਿਕਾਰਤ ਪ੍ਰਵਾਸੀ ਅਮਰੀਕਾ ‘ਚ ਰਹਿ ਰਹੇ ਸਨ। ਮੈਕਸੀਕੋ ਅਤੇ ਅਲ ਸਲਵਾਡੋਰ ਤੋਂ ਬਾਅਦ ਅਮਰੀਕਾ ‘ਚ ਲਗਭਗ 7,25,000 ਅਣ-ਅਧਿਕਾਰਤ ਭਾਰਤੀ ਰਹਿੰਦੇ ਹਨ, ਜੋ ਕਿ ਗ਼ੈਰ-ਕਾਨੂੰਨੀ ਪ੍ਰਵਾਸੀਆਂ ਦੀ ਤੀਜੀ ਸਭ ਤੋਂ ਵੱਡੀ ਆਬਾਦੀ ਹਨ। ਯੂ.ਐੱਸ. ਕਸਟਮ ਅਤੇ ਬਾਰਡਰ ਪ੍ਰੋਟੈਕਸ਼ਨ ਡੇਟਾ ਮੁਤਾਬਿਕ ਵਿੱਤੀ ਸਾਲ 2021-22 ਦੌਰਾਨ ਯੂ.ਐੱਸ. ਅਧਿਕਾਰੀਆਂ ਦਾ ਗ਼ੈਰ-ਕਾਨੂੰਨੀ ਢੰਗ ਨਾਲ ਦੇਸ਼ ‘ਚ ਦਾਖਲ ਹੋਏ 63,927 ਭਾਰਤੀਆਂ ਨਾਲ ਸਾਹਮਣਾ ਹੋਇਆ, ਜਿਹੜੇ ਕਿ ਪਿਛਲੇ ਵਿੱਤੀ ਸਾਲ ਨਾਲੋਂ ਜ਼ਿਆਦਾ ਸਨ। ਅਮਰੀਕਾ ਦੀਆਂ ਸਰਹੱਦਾਂ ਪੈਦਲ ਪਾਰ ਕਰਨ ਵਾਲੇ ਗ਼ੈਰ-ਕਾਨੂੰਨੀ ਭਾਰਤੀ ਪ੍ਰਵਾਸੀਆਂ ਦੀ ਗਿਣਤੀ ‘ਚ ਤਾਂ ਕਮਾਲ ਦਾ ਵਾਧਾ ਹੋਇਆ ਹੈ। ਇਸ ਦੇ ਤਾਜ਼ਾ ਅੰਕੜਿਆਂ ਮੁਤਾਬਿਕ ਅਕਤੂਬਰ 2022 ਤੋਂ ਸਤੰਬਰ 2023 ਦਰਮਿਆਨ ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ ‘ਚ ਦਾਖਲ ਹੋਣ ਲਈ ਰਿਕਾਰਡ ਗਿਣਤੀ ‘ਚ 96,917 ਭਾਰਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜੋ ਕਿ 2019 ਤੋਂ 2020 ਦੀ ਇਸੇ ਮਿਆਦ ਦੇ ਮੁਕਾਬਲੇ ਪੰਜ ਗੁਣਾ ਵਧੇਰੇ ਹਨ। ਹਰ ਮਹੀਨੇ ਔਸਤਨ 8000 ਭਾਰਤੀ ਗ੍ਰਿਫ਼ਤਾਰ ਕੀਤੇ ਜਾ ਰਹੇ ਸਨ ਅਤੇ ਅਪ੍ਰੈਲ 2023 ‘ਚ ਸਭ ਤੋਂ ਵਧ 12,537 ਗ੍ਰਿਫ਼ਤਾਰੀਆਂ ਦਰਜ ਕੀਤੀਆਂ ਗਈਆਂ। ਪ੍ਰੰਤੂ ਇਸ ਰਿਕਾਰਡ ਗਿਣਤੀ ਦੇ ਬਾਵਜੂਦ, ਅਮਰੀਕੀ ਸਰਹੱਦਾਂ ‘ਤੇ ਗ੍ਰਿਫ਼ਤਾਰ ਕੀਤੇ ਗਏ ਗ਼ੈਰ-ਕਾਨੂੰਨੀ ਭਾਰਤੀਆਂ ਦੇ ਅੰਕੜੇ ਹੋਰ ਦੇਸ਼ਾਂ, ਖ਼ਾਸ ਕਰਕੇ ਲਾਤੀਨੀ ਅਮਰੀਕਾ ਦੇ ਮੁਕਾਬਲੇ ਬਹੁਤ ਘੱਟ ਹਨ। ਉਦਾਹਰਨ ਲਈ, ਇਸੇ ਸਮੇਂ ਦੌਰਾਨ 7.35 ਲੱਖ ਮੈਕਸੀਕਨ ਅਤੇ 2.16 ਲੱਖ ਹਾਂਡੂਰਸ ਦੇ ਵਿਅਕਤੀ ਵੀ ਫੜੇ ਗਏ ਸਨ।
ਅਸਾਧਾਰਨ ਮੂਲ ਦੇਸ਼ਾਂ ਤੋਂ ਵਧ ਰਹੀ ਗ਼ੈਰ-ਕਾਨੂੰਨੀ ਆਮਦ ਕਰਕੇ ਅਮਰੀਕਾ ‘ਚ ਅਣ-ਅਧਿਕਾਰਤ ਪ੍ਰਵਾਸ ਇਕ ਨਿਰੰਤਰ ਚੁਣੌਤੀ ਅਤੇ ਪ੍ਰਮੁੱਖ ਨੀਤੀ ਮੁੱਦਾ ਬਣਿਆ ਰਿਹਾ ਹੈ। ਸਾਲ 2022 ‘ਚ ਯੂ.ਐੱਸ.-ਮੈਕਸੀਕੋ ਸਰਹੱਦ ‘ਤੇ ਸਭ ਤੋਂ ਵੱਧ ਰਿਕਾਰਡ 2.4 ਮਿਲੀਅਨ ਮੁਕਾਬਲੇ ਹੋਏ। ਇਨ੍ਹਾਂ ‘ਚ ਬਹੁਤ ਸਾਰੇ ਪ੍ਰਵਾਸੀ ਅਜਿਹੇ ਵੀ ਸ਼ਾਮਿਲ ਸਨ, ਜਿਨ੍ਹਾਂ ਨੇ ਕਈ ਵਾਰ ਗ਼ੈਰ-ਕਾਨੂੰਨੀ ਤੌਰ ‘ਤੇ ਅਮਰੀਕਾ ‘ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਕਈ ਸਾਲਾਂ ਤੋਂ ਜ਼ਿਆਦਾਤਰ ਅਜਿਹੇ ਅਨਿਯਮਿਤ ਪ੍ਰਵਾਸੀ ਲਾਤੀਨੀ-ਅਮਰੀਕੀ ਦੇਸ਼ਾਂ ਮੈਕਸੀਕੋ, ਗੁਆਟੇਮਾਲਾ, ਐਲ ਸਲਵਾਡੋਰ ਅਤੇ ਹਾਂਡੂਰਸ ਵਰਗੇ ਦੇਸ਼ਾਂ ਤੋਂ ਆ ਰਹੇ ਸਨ। ਪ੍ਰੰਤੂ ਸਾਲ 2022 ‘ਚ ਪਹਿਲੀ ਵਾਰ ਵੈਨੇਜ਼ੁਏਲਾ, ਕਿਊਬਾ ਅਤੇ ਨਿਕਾਰਾਗੁਆ ਦੇ ਬੋਲੀਵਾਰੀਅਨ ਗਣਰਾਜ ਦੇ ਪ੍ਰਵਾਸੀਆਂ ਨਾਲ ਵਧੇਰੇ ਮੁਕਾਬਲੇ ਹੋਏ ਸਨ। ਹੈਤੀ, ਬ੍ਰਾਜ਼ੀਲ ਅਤੇ ਇਸ ਖੇਤਰ ਤੋਂ ਬਾਹਰਲੇ ਦੇਸ਼ਾਂ ਜਿਵੇਂ ਕਿ ਭਾਰਤ ਅਤੇ ਯੂਕਰੇਨ ਤੋਂ ਵੀ ਬਹੁਤ ਸਾਰੇ ਪ੍ਰਵਾਸੀ ਆ ਰਹੇ ਸਨ।
ਪ੍ਰਸਿੱਧ ਖ਼ਬਰ ਏਜੰਸੀ ਰਾਇਟਰ ਅਨੁਸਾਰ ਹਾਲ ਹੀ ਵਿਚ ਯੂ.ਐਸ. ਅਤੇ ਸਲਵਾਡੋਰ ਦੇ ਅਧਿਕਾਰੀਆਂ ਨੇ ਐਲ ਸਲਵਾਡੋਰ ‘ਚ ਚਾਰਟਰ ਜਹਾਜ਼ਾਂ ਦੀ ਲੈਂਡਿੰਗ ਦੇ ਇਕ ਅਸਾਧਾਰਨ ਰੁਝਾਨ ਨੂੰ ਦੇਖਿਆ ਹੈ, ਜਿਸ ‘ਚ ਮੁੱਖ ਤੌਰ ‘ਤੇ ਭਾਰਤੀ ਨਾਗਰਿਕ ਸਵਾਰ ਸਨ। ਇਹ ਹਵਾਈ ਜਹਾਜ਼ ਯਾਤਰੀਆਂ ਨਾਲ ਭਰੇ ਆਉਂਦੇ ਹਨ, ਪਰ ਖਾਲੀ ਵਾਪਸ ਰਵਾਨਾ ਹੁੰਦੇ ਹਨ। ਇਥੋਂ ਤੱਕ ਕਿ ਕਈ ਵਿਅਕਤੀ ਹਫ਼ਤਿਆਂਬੱਧੀ ਲੰਬੀ ਯਾਤਰਾ ਵਾਸਤੇ ਸਿਰਫ਼ ਇਕ ਬੈਗ ਨਾਲ ਲੈ ਕੇ ਜਾਣ ਦੇ ਬਾਵਜੂਦ ਸੈਲਾਨੀ ਹੋਣ ਦਾ ਦਾਅਵਾ ਕਰਦੇ ਹਨ। ਬਾਅਦ ਦੀ ਜਾਂਚ ਤੋਂ ਪਤਾ ਲੱਗਾ ਕਿ ਇਹ ਚਾਰਟਰ ਯਾਤਰੀਆਂ ‘ਚੋਂ ਲਗਭਗ ਸਾਰੇ ਐਲ ਸਲਵਾਡੋਰ ‘ਚ ਉਤਰਨ ਤੋਂ ਬਾਅਦ ਸਰਹੱਦ ਪਾਰ ਕਰ ਕੇ ਅਮਰੀਕਾ ‘ਚ ਜਾ ਰਹੇ ਸਨ। ਇਹ ਵਰਤਾਰਾ ਅਮਰੀਕਾ ‘ਚ ਗ਼ੈਰ-ਕਾਨੂੰਨੀ ਇਮੀਗ੍ਰੇਸ਼ਨ ਦੇ ਇਕ ਨਵੇਂ ਰੂਟ ਨੂੰ ਦਰਸਾਉਂਦਾ ਹੈ। ਲਾਤੀਨੀ ਅਮਰੀਕਾ ਤੋਂ ਬਾਹਰਲੇ ਖੇਤਰਾਂ ਦੇ ਆ ਰਹੇ ਜ਼ਿਆਦਾਤਰ ਪ੍ਰਵਾਸੀ ਯਾਤਰਾ ਪੈਕੇਜਾਂ ਲਈ ਤਸਕਰਾਂ ਦੇ ਨੈੱਟਵਰਕ ਨੂੰ ਮੋਟੀ ਰਕਮ ਅਦਾ ਕਰ ਰਹੇ ਹਨ, ਜਿਸ ‘ਚ ਮੱਧ ਅਮਰੀਕਾ ਲਈ ਹਵਾਈ-ਉਡਾਣਾਂ ਵਾਸਤੇ ਏਅਰਲਾਈਨ ਟਿਕਟਾਂ ਦੇ ਨਾਲ-ਨਾਲ ਅਮਰੀਕਾ-ਮੈਕਸੀਕੋ ਸਰਹੱਦ ਦੇ ਰਸਤੇ ‘ਚ ਬੱਸਾਂ ਅਤੇ ਹੋਟਲਾਂ ‘ਚ ਰਿਹਾਇਸ਼ ਦੇ ਖਰਚੇ ਵਗੈਰਾ ਸ਼ਾਮਿਲ ਹੁੰਦੇ ਹਨ। ਇੱਥੋਂ ਤੱਕ ਕਿ ਕੁਝ ਚਾਰਟਰ ਟਰਾਂਸਪੋਰਟੇਸ਼ਨ ਕੰਪਨੀਆਂ ਵੀ ਬਹੁਤ ਜ਼ਿਆਦਾ ਕੀਮਤਾਂ ਵਸੂਲ ਕਰਕੇ ਅਮਰੀਕਾ ‘ਚ ਅਨਿਯਮਿਤ ਪ੍ਰਵਾਸ ਦੀ ਸਹੂਲਤ ਦੇ ਕੇ ਪ੍ਰਵਾਸੀਆਂ ਦਾ ਸ਼ੋਸ਼ਣ ਕਰ ਰਹੀਆਂ ਹਨ।
ਨਤੀਜਨ, ਦੱਖਣ-ਪੱਛਮੀ ਅਮਰੀਕੀ ਸਰਹੱਦ ‘ਤੇ ਪ੍ਰਵਾਸੀਆਂ ਦੀ ਗ੍ਰਿਫ਼ਤਾਰੀ ਦੀ ਗਿਣਤੀ ਤਾਂ ਪਿਛਲੇ ਵਿੱਤੀ ਸਾਲ ਦੇ ਰਿਕਾਰਡ ਉੱਚ ਪੱਧਰ ਦੋ ਮਿਲੀਅਨ ਤੋਂ ਵੀ ਵੱਧ ‘ਤੇ ਪਹੁੰਚ ਗਈ ਹੈ। ਇਹ ਨਵੰਬਰ ‘ਚ ਹੋਈਆਂ ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਇਕ ਮਹੱਤਵਪੂਰਨ ਮੁੱਦਾ ਬਣਿਆ ਸੀ? ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਇਸ ਸੰਬੰਧੀ ਸਖ਼ਤ ਨੀਤੀ ਲਿਆਂਦੇ ਜਾਣ ਦੀਆਂ ਭਾਰੀ ਸੰਭਾਵਨਾਵਾਂ ਹਨ। ਉਂਝ ਅਮਰੀਕਾ ਪ੍ਰਸ਼ਾਸਨ ਨੇ ਫੜੇ ਜਾਣ ਵਾਲੇ ਗ਼ੈਰ ਕਾਨੂੰਨੀ ਪ੍ਰਵਾਸੀਆਂ ਨੂੰ ਜਹਾਜ਼ਾਂ ਰਾਹੀਂ ਵਾਪਸ ਭੇਜਣਾ ਵੀ ਸ਼ੁਰੂ ਕਰ ਦਿੱਤਾ ਹੈ।