-0.3 C
Vancouver
Saturday, January 18, 2025

ਨਸ਼ਿਆਂ ਵਿਚ ਗਰਕਦਾ ਪੰਜਾਬ ਸਿਆਸੀ ਧਿਰਾਂ ਅਤੇ ਆਮ ਲੋਕ

 

ਲੇਖਕ : ਗੁਰਬਿੰਦਰ ਸਿੰਘ ਮਾਣਕ
ਸੰਪਰਕ: 98153-56086
ਨਸ਼ੇ ਤਾਂ ਸਦੀਆਂ ਤੋਂ ਪ੍ਰਚੱਲਿਤ ਰਹੇ ਹਨ ਪਰ ਜਿਹੜੇ ਘਾਤਕ ਨਸ਼ੇ ਅਜੋਕੇ ਸਮਿਆਂ ਦੀ ਉਪਜ ਹਨ, ਇਨ੍ਹਾਂ ਨੇ ਸਮੁੱਚੇ ਸਮਾਜ ਲਈ ਕਈ ਤਰ੍ਹਾਂ ਦੇ ਸੰਕਟ ਪੈਦਾ ਕਰ ਦਿੱਤੇ ਹਨ। ਅੱਜ ਪੰਜ ਪਾਣੀਆਂ ਦੀ ਧਰਤੀ ਗੂੜ੍ਹੇ ਕਾਲੇ ਹਨੇਰਿਆਂ ਦੀ ਗ੍ਰਿਫਤ ਵਿਚ ਆਈ ਹੋਈ ਹੈ। ਡੂੰਘੀ ਉਦਾਸੀ, ਬੇਵਸੀ, ਲਾਚਾਰੀ, ਮੌਤਾਂ, ਖੱਫਣ, ਕੀਰਨੇ૴ ਲਗਦਾ ਹੈ ਕਿਸੇ ਮਾਤਮੀ ਰੁੱਤ ਨੇ ਪੰਜਾਬ ਨੂੰ ਆਪਣੀ ਲਪੇਟ ਵਿਚ ਲਿਆ ਹੋਇਆ ਹੈ। ਨਸ਼ਿਆਂ ਦੇ ਕਹਿਰ ਨਾਲ ਨਿੱਤ ਉੱਠ ਰਹੀਆਂ ਨੌਜਵਾਨਾਂ ਦੀਆਂ ਅਰਥੀਆਂ ਨੇ ਹਰ ਸੋਚਵਾਨ ਮਨੁੱਖ ਦੇ ਹਿਰਦੇ ਨੂੰ ਵਲੂੰਧਰ ਸੁੱਟਿਆ ਹੈ। ਨੌਜਵਾਨ ਪੁੱਤਰਾਂ ਦੀਆਂ ਅਰਥੀਆਂ ਨੂੰ ਮੋਢਾ ਦਿੰਦੇ ਬਾਪੂਆਂ ਦੇ ਦਰਦ ਦੀ ਸ਼ਿੱਦਤ ਨੂੰ ਸ਼ਬਦਾਂ ਵਿਚ ਬਿਆਨ ਕਰਨਾ ਬਹੁਤ ਔਖਾ ਹੈ। ਚਾਵਾਂ ਮਲਾਰਾਂ ਨਾਲ ਪਾਲੇ ਪੁੱਤ ਦੀ ਲਾਸ਼ ਨਾਲ ਚਿੰਬੜੀਆਂ ਮਾਵਾਂ ਦੇ ਕੀਰਨੇ ਹਰ ਸੁਣਨ ਵਾਲੇ ਦੇ ਦਿਲ ਵਿਚ ਚੀਰ ਪਾਉਂਦੇ ਜਾਂਦੇ ਹਨ ਪਰ ਪਤਾ ਨਹੀਂ ਕਿਉਂ, ਪੰਜਾਬ ਦੀ ਜਵਾਨੀ ਨੂੰ ਮੌਤ ਦੇ ਰਾਹ ਤੋਰਨ ਵਾਲੇ ਬੇਦਰਦ ਵਪਾਰੀਆਂ ਤੇ ਨਸ਼ਿਆਂ ਨੂੰ ਖਤਮ ਕਰਨ ਦੇ ਨਾਂ ‘ਤੇ ਵੋਟਾਂ ਹਾਸਲ ਕਰਨ ਵਾਲੀ ਹਕੂਮਤ ਨੂੰ ਇਹ ਕੀਰਨੇ ਸੁਣਾਈ ਨਹੀਂ ਦਿੱਦੇ? ਪੁੱਤਾਂ ਦੀਆਂ ਲਾਸ਼ਾਂ ਨੂੰ ਚਿੰਬੜੀਆਂ ਮਾਵਾਂ ਦੇ ਵੈਣ ਪੰਜਾਬ ਵਿਚ ਨਸ਼ਿਆਂ ਦੀ ਸੁਨਾਮੀ ਦੇ ਕਹਿਰ ਨੂੰ ਪ੍ਰਗਟ ਕਰਦੇ ਦੁਖਾਂਤ ਕੋਈ ਦ੍ਰਿਸ਼ ਮਾਤਰ ਨਹੀਂ ਸਗੋਂ ਲਗਾਤਾਰ ਉਜੜ ਰਹੇ ਪੰਜਾਬ ਦੀ ਹੋਣੀ ਦਾ ਵਿਰਲਾਪ ਹੈ।
ਜੇ ਸਰਕਾਰਾਂ ਵਿਚ ਇੱਛਾ ਸ਼ਕਤੀ ਹੋਵੇ ਤੇ ਪੰਜਾਬ ਲਈ ਕੋਈ ਦਰਦ ਹੋਵੇ ਤਾਂ ਬਹੁਤ ਕੁਝ ਕੀਤਾ ਜਾ ਸਕਦਾ ਹੈ। ਅਸਲ ਵਿਚ ਨਸ਼ਿਆਂ ਦੇ ਦੁਖਾਂਤ ਦੀਆਂ ਪਰਤਾਂ ਇੰਨੀਆਂ ਡੂੰਘੀਆਂ ਹਨ ਕਿ ਇਸ ਦੀ ਥਾਹ ਪਾ ਸਕਣਾ ਸੌਖਾ ਨਹੀਂ। ਨਸ਼ੇ ਦੇ ਸੁਦਾਗਰਾਂ ਦੁਆਰਾ ਫੈਲਾਇਆ ਇਹ ਜਾਲ ਪੂਰੇ ਪੰਜਾਬ ਨੂੰ ਆਪਣੀ ਲਪੇਟ ਵਿਚ ਲੈ ਚੁੱਕਾ ਹੈ। ਸਭ ਤੋਂ ਵੱਧ ਦੁਖਦਾਈ ਗੱਲ ਇਹ ਹੈ ਕਿ ਕਿਸੇ ਵੀ ਸਰਕਾਰ ਨੇ ਦ੍ਰਿੜਤਾ ਨਾਲ ਪਲੇਗ ਰੂਪੀ ਇਸ ਬਿਮਾਰੀ ਨੂੰ ਰੋਕਣ ਦਾ ਕੋਈ ਉਪਰਾਲਾ ਨਹੀਂ ਕੀਤਾ। ਹੁਣ ਤਾਂ ਇਹ ਪੂਰੀ ਤਰ੍ਹਾਂ ਸਪੱਸ਼ਟ ਹੋ ਚੁੱਕਾ ਹੈ ਕਿ ਨਸ਼ਿਆਂ ਦੇ ਇਸ ਮਾਇਆ ਜਾਲ ਦੀਆਂ ਜੜ੍ਹਾਂ ਬਹੁਤ ਦੂਰ ਤੱਕ ਫੈਲੀਆਂ ਹੋਈਆਂ ਹਨ। ਜਿਨ੍ਹਾਂ ਨੂੰ ਨਸ਼ਿਆ ਦੀ ਲਾਹਣਤ ਨੂੰ ਰੋਕਣ ਦੀ ਜ਼ਿੰਮੇਵਾਰੀ ਸੌਂਪੀ ਹੋਈ ਸੀ, ਉਨ੍ਹਾਂ ਦੀ ਮਿਲੀਭੁਗਤ ਹੁਣ ਕੋਈ ਲੁਕੀ ਨਹੀਂ ਰਹੀ। ਸਿਆਸੀ ਨੇਤਾਵਾਂ ਦੀ ਪੁਸ਼ਤਪਨਾਹੀ ਨੇ ਨਸ਼ਿਆਂ ਦੀ ਇਸ ਦਲਦਲ ਨੂੰ ਵਧਣ-ਫੁੱਲਣ ਵਿਚ ਵੱਡੀ ਭੂਮਿਕਾ ਨਿਭਾਈ ਹੈ।
ਇਸ ਤੋਂ ਵੱਡਾ ਦੁਖਾਂਤ ਕੀ ਹੋ ਸਕਦਾ ਹੈ ਕਿ ਪੰਜਾਬ ਵਿਚ ਕਾਰਜਸ਼ੀਲ ਮੁੱਖ ਸਿਆਸੀ ਧਿਰਾਂ ਇੱਕਮੁੱਠ ਹੋ ਕੇ ਨਸ਼ਿਆਂ ਦੇ ਕੋਹੜ ਨੂੰ ਰੋਕਣ ਲਈ ਕੋਈ ਉਪਰਾਲਾ ਕਰਨ ਦੀ ਥਾਂ ਇਕ ਦੂਜੇ ਨਾਲ ਉਲਝ ਕੇ ਸਿਆਸੀ ਲਾਹਾ ਲੈਣ ਦੀ ਤਾਕ ਵਿਚ ਰਹਿੰਦੀਆਂ ਹਨ। ਮਸਲੇ ਦੀ ਜੜ੍ਹ ਫੜ ਕੇ ਨਸ਼ੇ ਦੇ ਮਗਰਮੱਛ ਵਪਾਰੀਆਂ ਨੂੰ ਜੇਲ੍ਹਾਂ ਵਿੱਚ ਪਹੁੰਚਾਉਣ ਦੇ ਦਾਅਵੇ ਤੇ ਵਾਅਦੇ ਕਰਨ ਵਾਲਿਆਂ ਨੇ ਵੀ ਇਮਾਨਦਾਰੀ ਨਾਲ ਬਹੁਤੇ ਯਤਨ ਨਹੀਂ ਕੀਤੇ। ਬਹੁਤ ਦੁਖਦਾਈ ਸਥਿਤੀ ਹੈ ਕਿ ਰੋਜ਼ ਨੌਜਵਾਨਾਂ ਵਲੋਂ ਨਸ਼ੇ ਦੀ ਡੋਜ਼ ਵੱਧ ਲੈਣ ਕਾਰਨ ਘਰਾਂ ਵਿਚ ਸੱਥਰ ਵਿੱਛ ਰਹੇ ਹਨ। ਬਾਹਾਂ ‘ਚ ਲੱਗੀਆ ਸਰਿੰਜਾਂ ਇਸ ਗੱਲ ਦੀ ਗਵਾਹੀ ਭਰਦੀਆਂ ਹਨ ਕਿ ‘ਚਿੱਟੇ’ ਨੇ ਪੰਜਾਬ ਦੇ ਭਵਿੱਖ ਨੂੰ ਕਾਲਾ ਕਰ ਦਿੱਤਾ ਹੈ। ਹਕੂਮਤ ਕੋਈ ਵੀ ਹੋਵੇ, ਬਿਆਨ ਇਕੋ ਹੀ ਹੁੰਦਾ ਹੈ ਕਿ ਅਸੀਂ ਸਪਲਾਈ ਲਾਇਨ ਤੋੜ ਦਿੱਤੀ ਹੈ। ਰਾਜਨੀਤੀ ਕਿੰਨੀ ਵੀ ਗੰਧਲੀ ਹੋ ਜਾਵੇ ਪਰ ਆਪਣੇ ਹੀ ਰਾਜ ਵਿਚ ਮਾਵਾਂ ਦੇ ਜਿਗਰ ਦੇ ਟੋਟਿਆਂ ਦੀਆਂ ਮੌਤਾਂ ‘ਤੇ ਵੀ ਝੂਠ ਦੀ ਰਾਜਨੀਤੀ ਕਰੀ ਜਾਣ ਤੋਂ ਵੱਡਾ ਕੋਈ ਗੁਨਾਹ ਨਹੀਂ। ਕੋਈ ਕਹਿੰਦਾ ਰਿਹਾ ਕਿ ਪੰਜਾਬ ਵਿਚ ਤਾਂ ਨਸ਼ਾ ਹੈ ਹੀ ਨਹੀਂ, ਇਹ ਤਾਂ ਪੰਜਾਬ ਨੂੰ ਬਦਨਾਮ ਕਰਨ ਦੀ ਚਾਲ ਹੈ। ਕੋਈ ਧਾਰਮਿਕ ਪੋਥੀ ਦੀ ਸਹੁੰ ਚੁੱਕ ਕੇ ਇਹ ਦਾਅਵੇ ਕਰਦਾ ਰਿਹਾ ਕਿ ਅਸੀਂ ਚਾਰ ਹਫਤਿਆਂ ਵਿਚ ਪੰਜਾਬ ਵਿਚੋਂ ਨਸ਼ਿਆਂ ਦਾ ਸਫਾਇਆ ਕਰ ਦਿਆਂਗੇ।
ਪੰਜਾਬ ਦੀਆਂ ਸਾਰੀਆਂ ਸਰਕਾਰਾਂ ਇਸ ਮਸਲੇ ‘ਤੇ ਸਿਆਸੀ ਰੋਟੀਆਂ ਸੇਕਦੀਆਂ ਰਹੀਆਂ ਹਨ। ਜ਼ਮੀਨੀ ਹਕੀਕਤ ਇਹ ਹੈ ਕਿ ਵੱਡੇ-ਵੱਡੇ ਰਸੂਖਵਾਨ ਲੋਕ, ਸਿਆਸੀ ਨੇਤਾਵਾਂ ਦੀ ਮਿਲੀਭੁਗਤ ਨਾਲ ਨਸ਼ਿਆਂ ਦੇ ਵਪਾਰ ਵਿਚੋਂ ਚੰਗੇ ਹੱਥ ਰੰਗ ਰਹੇ ਹਨ। ਵਿਚ-ਵਿਚ ਪੁਲੀਸ ਪ੍ਰਸ਼ਾਸਨ ਦੇ ਕੁਝ ਕਰਮਚਾਰੀ/ਅਧਿਕਾਰੀ ਵੀ ਇਨ੍ਹਾਂ ਵਿਚ ਸ਼ਾਮਲ ਹੋ ਕੇ ਨਸ਼ੇ ਦੇ ਵਪਾਰੀਆਂ ਨੂੰ ਸੁਰੱਖਿਅਤ ਆਪਣਾ ਕਾਰੋਬਾਰ ਕਰਨ ਲਈ ਇਸ ਮਿਲੀਭੁਗਤ ਵਿਚ ਸ਼ਾਮਲ ਹਨ। ਨਸ਼ਿਆਂ ਦਾ ਵਾਪਾਰ ਉਦੋਂ ਵੀ ਬੇਰੋਕ ਜਾਰੀ ਰਿਹਾ ਤੇ ਹੁਣ ਵੀ ਇਸ ਵਿਚ ਕੋਈ ਕਮੀ ਨਹੀਂ ਆਈ। ਪੰਜ ਦਸ ਗਰਾਮ ਨਸ਼ੀਲਾ ਪਦਾਰਥ ਫੜੇ ਜਾਣ ਦੀਆਂ ਖਬਰਾਂ ਤਾਂ ਪੁਲੀਸ ਮੁਲਾਜ਼ਮਾਂ ਦੀ ਕਾਰਗੁਜ਼ਾਰੀ ਨੂੰ ਦਰਸਾਉਂਦੀਆਂ ਫੋਟੋਆਂ ਸਮੇਤ ਨਿੱਤ ਛਪ ਰਹੀਆਂ ਹਨ ਪਰ ਇਨ੍ਹਾਂ ਵਿਚੋਂ ਬਹੁਤੇ ਲੋਕ ਤਾਂ ਆਪ ਹੀ ਨਸ਼ਿਆਂ ਦੀ ਗ੍ਰਿਫਤ ਵਿਚ ਆਏ ਹੁੰਦੇ ਹਨ ਅਤੇ ਉਹ ਆਪਣੀ ਨਸ਼ੇ ਦੀ ਤੋਟ ਨੂੰ ਪੂਰਾ ਕਰਨ ਲਈ ਲੈ ਕੇ ਆਉਂਦੇ ਹਨ। ਨਸ਼ਿਆਂ ਦੇ ਆਦੀ ਹੋ ਚੁੱਕੇ ਅਜਿਹੇ ਅਮਲੀਆਂ ਨੂੰ ਜੇਲ੍ਹਾਂ ਵਿਚ ਸੁੱਟਣ ਦੀ ਥਾਂ ਨਸ਼ਾ ਛਡਾਊ ਕੇਂਦਰਾਂ ਵਿਚ ਇਲਾਜ ਦੀ ਲੋੜ ਹੈ।
ਅਸਲ ਲੋੜ ਨਸ਼ਿਆਂ ਦੀ ਸਪਲਾਈ ਕਰਨ ਵਾਲੇ ਵੱਡੇ ਵਪਾਰੀਆਂ ਤੇ ਤਸਕਰਾਂ ਨੂੰ ਕਾਬੂ ਕਰਨ ਦੀ ਹੈ। ਇਹ ਠੀਕ ਹੈ ਕਿ ਪੁਲੀਸ ਪ੍ਰਸ਼ਾਸਨ ਕੁਝ ਤਸਕਰਾਂ ਨੂੰ ਫੜਨ ਵਿਚ ਕਾਮਯਾਬ ਵੀ ਹੋਇਆ ਹੈ ਅਤੇ ਨਸ਼ੇ ਦੇ ਕੁਝ ਵਪਾਰੀਆਂ ਦੀਆਂ ਜਾਇਦਾਦਾਂ ਵੀ ਕੁਰਕ ਕੀਤੀਆਂ ਗਈਆਂ ਹਨ; ਅਸਲ ਵਿਚ ਸਭ ਤੋਂ ਵੱਡੀ ਲੋੜ ਨਸ਼ਿਆਂ ਦੇ ਧੰਦੇ ਵਿਚ ਬਣ ਚੁੱਕੀ ਉਸ ਕੜੀ ਨੂੰ ਤੋੜਨ ਦੀ ਹੈ ਜੋ ਵੱਡੇ ਨਸ਼ਾ ਤਸਕਰਾਂ ਵਲੋਂ ਅੱਗੇ ਨਸ਼ਾ ਸਪਲਾਈ ਕਰਦੇ ਹਨ।
ਕੁਝ ਸਮਾਂ ਪਹਿਲਾਂ ਸੰਸਦ ਵਿਚ ‘ਸਮਾਜਿਕ ਨਿਆਂ ਅਤੇ ਸ਼ਕਤੀਕਰਨ’ ਬਾਰੇ ਸਥਾਈ ਕਮੇਟੀ ਦੀ ਰਿਪੋਰਟ ਲੋਕ ਸਭਾ ਵਿਚ ਪੇਸ਼ ਕੀਤੀ ਗਈ। ਇਸ ਵਿਚ ਪੰਜਾਬ ਨਾਲ ਸਬੰਧਿਤ ਅੰਕੜੇ ਬਹੁਤ ਪਰੇਸ਼ਾਨ ਕਰਨ ਵਾਲੇ ਹਨ। ਇਨ੍ਹਾਂ ਅੰਕੜਿਆਂ ਅਨੁਸਾਰ ਪੰਜਾਬ ਵਿਚ 66 ਲੱਖ ਤੋਂ ਵੱਧ ਲੋਕ ਨਸ਼ਿਆਂ ਦੇ ਆਦੀ ਹਨ। ਇਨ੍ਹਾਂ ਵਿਚ 21.36 ਲੱਖ ਅਜਿਹੇ ਨਸ਼ਈ ਹਨ ਜਿਹੜੇ ਅਫੀਮ, ਮਾਰਫੀਨ, ਹੈਰੋਇਨ ਤੇ ਇਸ ਤਰ੍ਹਾਂ ਦੇ ਕੁਝ ਹੋਰ ਨਸ਼ਿਆਂ ਦੇ ਆਦੀ ਹਨ। ਪੰਜਾਬ ਵਿਚ ਸਭ ਤੋਂ ਭੈ-ਭੀਤ ਕਰਨ ਵਾਲੀ ਗੱਲ ਇਹ ਹੈ ਕਿ 10 ਤੋਂ 17 ਸਾਲ ਦੀ ਉਮਰ ਦੇ 6.97 ਲੱਖ ਬੱਚੇ ਵੀ ਨਸ਼ਿਆਂ ਦੇ ਆਦੀ ਹੋ ਚੁੱਕੇ ਹਨ। ਪੰਜਾਬ ਵਿਧਾਨ ਸਭਾ ਵਿਚ ਵੀ ਇਹ ਦੱਸਿਆ ਗਿਆ ਕਿ ਸੂਬੇ ਵਿਚ ਨਸ਼ਿਆਂ ਦੀ ਗ੍ਰਿਫਤ ਵਿਚ ਆਏ 2.62 ਲੱਖ ਲੋਕਾਂ ਦਾ ਇਲਾਜ ਨਸ਼ਾ ਛਡਾਊ ਕੇਂਦਰਾਂ ਵਿਚ ਕਰਵਾਇਆ ਜਾ ਰਿਹਾ ਹੈ ਪਰ 6 ਲੱਖ ਤੋਂ ਵੱਧ ਨਸ਼ੇ ਦੇ ਆਦੀ ਹੋ ਚੁੱਕੇ ਅਜਿਹੇ ਲੋਕਾਂ ਦਾ ਇਲਾਜ ਨਿੱਜੀ ਖੇਤਰ ਦੇ ਨਸ਼ਾ ਛਡਾਊ ਕੇਂਦਰਾਂ ਵਿਚ ਹੋ ਰਿਹਾ ਹੈ। ਅਜਿਹੇ ਨਸ਼ਈਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਜਿਹੜੇ ਨਸ਼ੇ ਦੀ ਤੋਟ ਨੂੰ ਪੂਰਾ ਕਰਨ ਲਈ ਸਿੱਧੇ ਆਪਣੀਆਂ ਨਾੜਾਂ ਵਿਚ ਟੀਕੇ ਲਗਾ ਕੇ ਮੌਤ ਨੂੰ ਸੱਦਾ ਦੇ ਰਹੇ ਹਨ। ਸਰਕਾਰ ਤੇ ਪ੍ਰਸ਼ਾਸਨ ਇਹ ਕੋਸ਼ਿਸ਼ਾਂ ਤਾਂ ਕਰ ਰਹੇ ਹਨ ਕਿ ਨਸ਼ੇ ਦੀ ਵੱਧ ਮਾਤਰਾ ਨਾਲ ਲਗਾਤਾਰ ਮਰ ਰਹੇ ਨੌਜਵਾਨਾਂ ਦੇ ਮਰਨ ਦੀ ਸੂਰਤ ਵਿਚ ਨਸ਼ਾ ਸਪਲਾਈ ਕਰਨ ਵਾਲਿਆਂ ਵਿਰੁੱਧ ਗੈਰ-ਇਰਾਦਤਨ ਕਤਲ ਦਾ ਮੁਕੱਦਮਾ ਚਲਾਇਆ ਜਾਵੇ ਪਰ ਇਹ ਨੈੱਟਵਰਕ ਇੰਨਾ ਗੁੰਝਲਦਾਰ ਤੇ ਸ਼ਕਤੀਸ਼ਾਲੀ ਹੈ ਕਿ ਕਈ ਵਾਰ ਅਸਲੀ ਦੋਸ਼ੀਆਂ ਤੱਕ ਪਹੁੰਚਿਆ ਹੀ ਨਹੀਂ ਜਾਂਦਾ, ਤੇ ਅਕਸਰ ਹੀ ਨਸ਼ਿਆਂ ਦੀ ਖੇਪ ਪਹੁੰਚਾਉਣ ਵਾਲੇ ਬਲੀ ਦੇ ਬੱਕਰੇ ਬਣਾ ਦਿੱਤੇ ਜਾਂਦੇ ਹਨ।
ਇਹ ਸਥਿਤੀ ਇੰਨੀ ਗੰਭੀਰ ਬਣ ਚੁੱਕੀ ਹੈ ਕਿ ਕੇਵਲ ਪੁਲੀਸ ਪ੍ਰਸ਼ਾਸਨ, ਸਰਕਾਰ ਉੱਤੇ ਜ਼ਿੰਮੇਵਾਰੀ ਸੁੱਟ ਕੇ ਗੱਲ ਟਾਲੀ ਨਹੀਂ ਜਾ ਸਕਦੀ। ਨਸ਼ਿਆਂ ਨਾਲ ਬਰਬਾਦ ਹੋ ਰਹੇ ਪੰਜਾਬ ਨੂੰ ਬਚਾਉਣ ਲਈ ਸਾਰੀਆਂ ਸਿਆਸੀ ਪਾਰਟੀਆਂ, ਐਨਜੀਓਜ਼, ਟਰੇਡ ਯੂਨੀਅਨਾਂ ਤੇ ਆਮ ਲੋਕਾਂ ਨੂੰ ਯਤਨ ਕਰਨੇ ਪੈਣਗੇ। ਜੇ ਸਾਡੇ ਘਰ ਦਾ ਬੱਚਾ ਅਜੇ ਨਸ਼ਿਆਂ ਤੋਂ ਬਚਿਆ ਵੀ ਹੋਇਆ ਹੈ ਤਾਂ ਵੀ ਸਾਨੂੰ ਨਸ਼ਿਆਂ ਦੀ ਸੁਨਾਮੀ ਨੂੰ ਰੋਕਣ ਲਈ ਜ਼ਿੰਮੇਵਾਰੀ ਨਾਲ ਕੰਮ ਕਰਨ ਦੀ ਫੌਰੀ ਲੋੜ ਹੈ ਕਿਉਂਕਿ ਕੱਲ੍ਹ ਬਹੁਤ ਦੇਰ ਹੋ ਜਾਵੇਗੀ। ਨਸ਼ਿਆਂ ਦੇ ਪ੍ਰਭਾਵ ਵਿਚ ਆ ਚੁੱਕੇ ਨੌਜਵਾਨਾਂ ਨੂੰ ਜੇਲ੍ਹ ਦੀ ਥਾਂ ਨਸ਼ਾ ਛਡਾਊ ਕੇਂਦਰਾਂ ਵਿਚ ਇਲਾਜ ਦੀ ਲੋੜ ਹੈ। ਜਿਹੜੇ ਪਰਿਵਾਰ ਦਾ ਵਿਅਕਤੀ ਕਿਸੇ ਨਸ਼ੇ ਦਾ ਆਦੀ ਹੋ ਚੁੱਕਾ ਹੈ, ਉਸ ਨਾਲ ਮਾਨਵੀ ਵਿਹਾਰ ਹੋਣਾ ਚਾਹੀਦਾ ਹੈ। ਇਹ ਸਮਝਣ ਦੀ ਲੋੜ ਹੈ ਕਿ ਉਹ ਬਿਮਾਰ ਹੈ ਤੇ ਬਿਮਾਰ ਨੂੰ ਹਮੇਸ਼ਾ ਇਲਾਜ ਦੀ ਲੋੜ ਹੁੰਦੀ ਹੈ। ਨਸ਼ਾ ਤਿਆਗਣ ਵਾਲਿਆਂ ਨੂੰ ਸਮਾਜ ਵਿਚ ਜ਼ਿੰਮੇਵਾਰੀ ਦਾ ਅਹਿਸਾਸ ਕਰਾਉਂਦਿਆਂ ਪਹਿਲ ਦੇ ਆਧਾਰ ‘ਤੇ ਨੌਕਰੀਆਂ ਦੇਣਾ ਵੀ ਸਰਕਾਰ ਯਕੀਨੀ ਬਣਾਏ।
ਹਰ ਸਮਾਗਮ ਵਿਚ ਸ਼ਰਾਬ ਦਾ ਹੋਣਾ ਸਮਾਜਿਕ ਰੁਤਬੇ ਅਤੇ ਮਾਣ ਦੀ ਨਿਸ਼ਾਨੀ ਬਣ ਚੁੱਕਾ ਹੈ। ਪੰਜਾਬ ਵਿਚ ਤਾਂ ਸ਼ਰਾਬ ਦਾ ਹੜ੍ਹ ਆਇਆ ਹੋਇਆ ਹੈ। ਪੰਜਾਬ ਵਿਚ ਇਸ ਦੀ ਖਪਤ ਵੀ ਸਭ ਤੋਂ ਵੱਧ ਹੈ। ਇਹ ਕੋਈ ਸ਼ੇਖੀ ਨਹੀਂ ਹੈ ਕਿ ਹਜ਼ਾਰਾਂ ਰੁਪਿਆ ਸ਼ਰਾਬ ‘ਤੇ ਰੋੜ੍ਹ ਦਿੱਤਾ ਜਾਵੇ। ਕਈ ਸਾਲ ਪਹਿਲਾਂ ਤਾਂ ਪੰਜਾਬ ਦੇ ਇਕ ਨੇਤਾ ਨੇ ਕਿਹਾ ਸੀ ਕਿ ਸ਼ਰਾਬ ਕੋਈ ਨਸ਼ਾ ਨਹੀਂ ਹੈ। ਪੰਜਾਬ ਲਈ ਫ਼ਿਕਰਮੰਦ ਲੋਕਾਂ ਨੂੰ ਇਹ ਸੋਚਣ ਵਿਚਾਰਨ ਦੀ ਲੋੜ ਹੈ ਕਿ ਸਮਾਗਮਾਂ ਵਿਚ ਖੁਲ੍ਹੇਆਮ ਵਰਤਾਈ ਜਾ ਰਹੀ ਸ਼ਰਾਬ ਦਾ ਅੱਲੜ੍ਹ ਉਮਰ ਦੇ ਬੱਚਿਆਂ ‘ਤੇ ਕਿੰਨਾ ਨਕਾਰਾਤਮਿਕ ਪ੍ਰਭਾਵ ਪੈਂਦਾ ਹੋਵੇਗਾ। ਉਹ ਵੀ ਰੌਲੇ-ਰੱਪੇ ਵਿਚ ਇਸ ਵੱਲ ਖਿੱਚੇ ਜਾਂਦੇ ਹਨ ਤੇ ਪਤਾ ਉਦੋਂ ਹੀ ਲੱਗਦਾ ਹੈ ਜਦੋਂ ਮੁੰਡਾ ਸ਼ਰਾਬੀ ਹਾਲਤ ਵਿਚ ਘਰ ਆਉਂਦਾ ਹੈ। ਸਰਕਾਰਾਂ ਨੇ ਜੇ ਮਾਲੀਆ ਹੀ ਕਮਾਉਣਾ ਹੈ ਤਾਂ ਇਸ ਨੂੰ ਹੋਰ ਮਹਿੰਗਾ ਕਰ ਦਿੱਤਾ ਜਾਵੇ ਤਾਂ ਕਿ ਆਮ ਲੋਕ ਇਸ ਦੀ ਵਰਤੋਂ ਤੋਂ ਪ੍ਰਹੇਜ਼ ਕਰਨ।
ਉਦਾਸ ਖਬਰਾਂ ਨਾਲ ਅਖਬਾਰਾਂ ਰੋਜ਼ ਭਰੀਆਂ ਨਜ਼ਰ ਆਉਂਦੀਆਂ ਹਨ। ਨਸ਼ੇ, ਖੁਦਕੁਸ਼ੀਆਂ, ਸੜਕ ਹਾਦਸੇ, ਗੈਂਗਸਟਰ, ਗੋਲੀਆਂ, ਕਤਲ ਤੇ ਅਪਰਾਧੀ ਟੋਲਿਆਂ ਦਾ ਬੋਲਬਾਲਾ; ਦਹਿਸ਼ਤ ਦਾ ਨੰਗਾ-ਨਾਚ ਹੋ ਰਿਹਾ ਹੈ। ਕਿਸੇ ਵੀ ਥਾਂ ਕੋਈ ਔਰਤ ਸੁਰੱਖਿਅਤ ਨਹੀਂ। ਇਸ ਵੇਲੇ ਲੋੜ ਸਿਰ ਜੋੜ ਕੇ ਬੈਠਣ ਦੀ ਹੈ ਤਾਂ ਕਿ ਪੰਜਾਬ ਨੂੰ ਇਸ ਸੰਤਾਪ ਵਿਚੋਂ ਕੱਢਿਆ ਜਾ ਸਕੇ। ਸਰਕਾਰੀ ਤੰਤਰ ਵੀ ਅੱਕੀਂ-ਪਲਾਹੀਂ ਹੱਥ ਮਾਰੀ ਜਾਂਦਾ ਹੈ। ਜਿਹੜੀ ਸਥਿਤੀ ਬਾਹਰੀ ਰੂਪ ਵਿਚ ਨਜ਼ਰ ਆਉਂਦੀ ਹੈ, ਅਸਲੀਅਤ ਉਸ ਤੋਂ ਕਿਤੇ ਵੱਧ ਗੰਭੀਰ ਹੈ। ਖਬਰਾਂ ਦੱਸਦੀਆਂ ਹਨ ਕਿ ਕੇਵਲ ਦੀਵਾਲੀ ਮਨਾਉਂਦਿਆਂ ਹੀ ਪੰਜਾਬੀਆਂ ਨੇ ਇਕ ਦਿਨ ਵਿਚ ਹੀ 75 ਕਰੋੜ ਦੀ ਸ਼ਰਾਬ ਪੀ ਲਈ ਹੈ। ਇਸ ਵਿਚ ਕੋਈ ਸ਼ੇਖੀ ਜਾ ਮਾਣ ਕਰਨ ਵਾਲੀ ਗੱਲ ਨਹੀ ਸਗੋਂ ਇਸ ਦੁਖਦਾਈ ਸਥਿਤੀ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਨਸ਼ਿਆਂ ਦੀ ਦਲਦਲ ਵਿਚ ਕਿਸ ਕਦਰ ਡੁੱਬ ਚੁੱਕਾ ਹੈ।
ਹੈਰਾਨੀ ਹੁੰਦੀ ਹੈ ਕਿ ਸਿਆਸੀ ਜਮਾਤਾਂ, ਮੁਲਾਜ਼ਮ ਜਥੇਬੰਦੀਆਂ ਤੇ ਕਈ ਵਾਰ ਆਮ ਲੋਕ ਵੀ ਕਿਸੇ ਛੋਟੇ ਜਿਹੇ ਮਸਲੇ ਨੂੰ ਲੈ ਕੇ ਧਰਨੇ, ਮੁਜ਼ਾਹਰੇ, ਰੈਲੀਆਂ, ਬੰਦ ਤੇ ਸੜਕਾਂ-ਰੇਲਾਂ ਜਾਮ ਕਰ ਦਿੰਦੇ ਹਨ ਪਰ ਨਸ਼ਿਆਂ ਦੀ ਸੁਨਾਮੀ ਜੋ ਪੰਜਾਬ ਦੇ ਭਵਿੱਖ ਨੂੰ ਬਰਬਾਦੀ ਦੇ ਰਾਹ ਤੋਰ ਰਹੀ ਹੈ, ਖ਼ਿਲਾਫ਼ ਇੱਕਮੁੱਠ ਹੋ ਕੇ ਆਵਾਜ਼ ਬੁਲੰਦ ਕਰਨ ਦੇ ਯਤਨ ਨਾਂ-ਮਾਤਰ ਹਨ। ਪੰਜਾਬ ਨੂੰ ਪਿਆਰ ਕਰਨ ਵਾਲੇ ਅਤੇ ਹਰ ਸਹੀ ਸੋਚ ਵਾਲੇ ਸ਼ਖ਼ਸ ਨੂੰ ਨਸ਼ਿਆਂ ਦੇ ਵਪਾਰੀਆਂ ਤੇ ਸਰਕਾਰ ਦੀ ਨਸ਼ਿਆਂ ਨੂੰ ਰੋਕਣ ਵਿਚ ਨਾਕਾਮੀ ਲਈ ਆਪਣੇ ਰੋਸ ਦਾ ਇਜ਼ਹਾਰ ਕਰਨ ਲਈ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਜੇ ਇਸ ਅਗਨੀ ਦਾ ਸੇਕ ਅਜੇ ਸਾਡੇ ਘਰ ਤੱਕ ਨਹੀਂ ਵੀ ਪਹੁੰਚਿਆ ਤਾਂ ‘ਸਾਨੂੰ ਕੀ’ ਕਹਿ ਕੇ ਇਸ ਨੂੰ ਟਾਲਣ ਤੋਂ ਗੁਰੇਜ਼ ਕੀਤਾ ਜਾਣਾ ਚਾਹੀਦਾ ਹੈ। ਸਰਹੱਦ ਪਾਰ ਤੋਂ ਹੋ ਰਹੀ ਨਸ਼ਿਆਂ ਦੀ ਤਸਕਰੀ ਗੰਭੀਰ ਮੁੱਦਾ ਹੈ, ਇਸ ਬਾਰੇ ਸਰਕਾਰਾਂ ਨੂੰ ਇਕ ਦੂਜੇ ‘ਤੇ ਦੋਸ਼ ਲਾਉਣ ਦੀ ਥਾਂ ਅਜਿਹੇ ਉਪਰਾਲੇ ਕਰਨ ਦੀ ਲੋੜ ਹੈ ਕਿ ਨਸ਼ਿਆਂ ਦਾ ਵਪਾਰ ਰੁਕ ਜਾਵੇ। ਅਜਿਹੀਆਂ ਕਾਲੀਆਂ ਭੇਡਾਂ ਦੀ ਨਿਸ਼ਾਨਦੇਹੀ ਕਰਨੀ ਜ਼ਰੂਰੀ ਹੈ ਜਿਨ੍ਹਾਂ ਦੀ ਮਿਲੀਭੁਗਤ ਨਾਲ ਇਹ ਸਪਲਾਈ ਟੁੱਟਦੀ ਨਹੀਂ। ਇਸ ਤੋਂ ਵੱਡਾ ਅਪਰਾਧ ਕੀ ਹੋ ਸਕਦਾ ਹੈ ਕਿ ਨਸ਼ਿਆਂ ਦੇ ਵਪਾਰੀ ਆਪਣੇ ਮੁਨਾਫੇ ਖਾਤਰ ਦੇਸ਼ ਦੇ ਨੌਜਵਾਨਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਰ ਰਹੇ ਹਨ।
ਬਰਬਾਦੀ ਦੇ ਕਗਾਰ ‘ਤੇ ਖੜ੍ਹੇ ਪੰਜਾਬ ਦੀ ਹਕੂਮਤ ਨੂੰ ਵੀ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਜੇ ਪੰਜਾਬ ਹੀ ਨਾ ਬਚਿਆ ਤਾਂ ਲੋਕ ਸ਼ਕਤੀ ਨੇ ਇਕ ਦਿਨ ਤੁਹਾਡੇ ਹੇਠੋਂ ਵੀ ਸੱਤਾ ਦੀ ਕੁਰਸੀ ਖਿੱਚਣ ਲੱਗਿਆਂ ਬਹੁਤਾ ਸਮਾਂ ਨਹੀਂ ਲਾਉਣਾ। ਨਸ਼ਿਆਂ ਦੇ ਰਾਹ ਪੈ ਗਿਆਂ ਨੂੰ ਡਾਕਟਰੀ ਇਲਾਜ ਦੇ ਨਾਲ-ਨਾਲ ਗਲਵੱਕੜੀ ਵਿੱਚ ਲੈਣ ਦੀ ਲੋੜ ਹੈ। ਮਾਪਿਆਂ ਤੇ ਹੋਰ ਸੰਸਥਾਵਾਂ ਦਾ ਸਭ ਤੋਂ ਜ਼ਰੂਰੀ ਕੰਮ ਇਹ ਹੈ ਕਿ ਨੌਜਵਾਨਾਂ ਦੇ ਮਨ ਵਿਚੋਂ ਬੇਗਾਨਗੀ ਦੀ ਭਾਵਨਾ ਖਤਮ ਕੀਤੀ ਜਾਵੇ। ਪੀੜਤ ਨੌਜਵਾਨਾਂ ਨੂੰ ਉਨ੍ਹਾਂ ਦੇ ਅੰਦਰਲੀ ਸ਼ਕਤੀ ਦਾ ਅਹਿਸਾਸ ਕਰਾ ਕੇ ਇਸ ਰਾਹ ਤੋਂ ਮੋੜਨ ਦੇ ਯਤਨ ਜ਼ਰੂਰੀ ਹਨ। ਆਉ! ਰਲਮਿਲ ਕੇ ਹੰਭਲਾ ਮਾਰੀਏ ਤੇ ਪੰਜਾਬ ਨੂੰ ਇਸ ਮਰਨ ਰੁੱਤ ਤੋਂ ਬਾਹਰ ਕੱਢੀਏ। ਪਿੰਡਾਂ, ਸ਼ਹਿਰਾਂ ਤੇ ਕਸਬਿਆਂ ਵਿਚ ਨਸ਼ਾ ਰੋਕੂ ਜਾਗ੍ਰਿਤ ਕਮੇਟੀਆਂ ਬਣਾ ਕੇ ਨਸ਼ਿਆਂ ਦੇ ਵਪਾਰੀਆਂ ਨੂੰ ਮਨਮਾਨੀਆਂ ਕਰਨ ਤੋਂ ਸਖਤੀ ਨਾਲ ਰੋਕਣ ਦੇ ਉਪਰਾਲੇ ਹੋਣ।
ਨਸ਼ਿਆਂ ਦੀ ਲਪੇਟ ਵਿਚ ਆ ਚੁੱਕੇ ਨੌਜਵਾਨਾਂ ਨੂੰ ਨਸ਼ਾ ਛਡਾਊ ਕੇਂਦਰਾਂ ਵਿਚ ਪਹੁੰਚਾਇਆ ਜਾਵੇ ਤੇ ਨਸ਼ਿਆਂ ਤੋਂ ਤੋਬਾ ਕਰਨ ਸਬੰਧੀ ਉਨ੍ਹਾਂ ਨਾਲ ਵਿਚਾਰਾਂ ਦੀ ਸਾਂਝ ਪਾਈ ਜਾਵੇ। ਸਮਾਜਿਕ ਤੌਰ ‘ਤੇ ਹੁੰਦੇ ਸਮਾਗਮਾਂ ਵਿਚ ਸ਼ਰਾਬ ਦੀ ਵਰਤੋਂ ਬੰਦ ਹੋਵੇ ਤੇ ਸਾਦੇ ਵਿਆਹਾਂ ਦੀ ਰੀਤ ਚਲਾਈ ਜਾਵੇ। ਬਰਬਾਦੀ ਦੇ ਰਾਹ ਪਏ ਪੰਜਾਬ ਨੂੰ ਬਚਾਉਣ ਲਈ ਹਰ ਵਿਅਕਤੀ ਨੂੰ ਆਪਣਾ ਯੋਗਦਾਨ ਪਾਉਣ ਦੀ ਲੋੜ ਹੈ। ਸਿਆਸੀ ਪਾਰਟੀਆਂ ਨੂੰ ਵੀ ਚਾਹੀਦਾ ਹੈ ਕਿ ਇਸ ਸਥਿਤੀ ਤੋਂ ਕੋਈ ਸਿਆਸੀ ਲਾਹਾ ਲੈਣ ਦੀ ਥਾਂ ਅਤੇ ਇਕ ਦੂਜੇ ਤੇ ਚਿੱਕੜ ਉਛਾਲਣ ਦੀ ਥਾਂ ਰਲ ਬੈਠ ਕੇ ਸਮੱਸਿਆ ਦੀ ਥਾਹ ਪਾਉਣ ਦੇ ਰਾਹ ਤਲਾਸ਼ ਕੀਤਾ ਜਾਵੇ ਤਾਂ ਕਿ ਡੁੱਬਦਾ ਪੰਜਾਬ ਬਚ ਸਕੇ।

 

Related Articles

Latest Articles