ਸਵੇਰੇ ਦੀ ਇੱਕ ਗਹਿਰੀ ਖ਼ਾਮੋਸ਼ੀ ਵਿੱਚ ਸੜਕ ਦੇ ਇੱਕ ਪਾਸੇ ਖੜ੍ਹਾ ਮੈਂ ਸੋਚ ਰਿਹਾ ਸੀ ਕਿ ਜ਼ਿੰਦਗੀ ਕਿੰਨੀ ਅਜੀਬ ਅਤੇ ਬੇਰਹਿਮ ਹੋ ਸਕਦੀ ਹੈ। ਇੱਕ ਕੁੱਤੀ ਆਪਣੇ ਦੋ ਬੱਚਿਆ ਦੇ ਨਾਲ ਹੌਲੀ-ਹੌਲੀ ਸੜਕ ਪਾਰ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਉਸ ਦੇ ਹਰ ਕਦਮ ‘ਚ ਸਾਵਧਾਨੀ ਅਤੇ ਮਮਤਾ ਸੀ। ਉਸ ਦੀ ਮਾਂਵਾਂ ਵਾਲੀ ਤਾਕਤ ਉਸਦੇ ਹਰ ਹੱਲੇ ਵਿਚ ਦਿਖਾਈ ਦੇ ਰਹੀ ਸੀ। ਪਰ ਇਹ ਅਜੀਬੋ-ਗਰੀਬ ਜ਼ਿੰਦਗੀ ਕਦੇ ਕਦੇ ਸਮਝਦਾਰੀ ਦੀ ਵੀ ਕਦਰ ਨਹੀਂ ਕਰਦੀ। ਇਕ ਅਣਜਾਣ ਵਾਹਨ ਆਇਆ, ਬੇਰਹਿਮ ਤੋਰ ਤੇ ਉਸਨੂੰ ਟੱਕਰ ਮਾਰਕੇ ਅਗਾਂਹ ਵਧ ਗਿਆ। ਮਾਂ ਦੀ ਤੁਰੰਤ ਮੌਤ ਹੋ ਗਈ। ਉਹ ਦੋ ਨਿਰਦੋਸ਼ ਬੱਚੇ, ਜੋ ਉਸਦੇ ਪਿੱਛੇ ਹੀ ਸਨ, ਬਚ ਗਏ। ਪਰ ਦਾਸਤਾਨ ਇਥੇ ਨਹੀਂ ਮੁਕਦੀ। ਉਸ ਮਰੀ ਹੋਈ ਮਾਂ ਦੀ ਲਾਸ਼ ਨਾਲ ਉਹ ਦੋ ਛੋਟੇ ਬੱਚੇ ਦਿਨ ਭਰ ਜੁੜੇ ਰਹੇ। ਉਨ੍ਹਾਂ ਦੀਆਂ ਨਿਰਦੋਸ਼ ਹਰਕਤਾਂ ਜਿਸ ਵੀ ਰਾਹਗੀਰ ਨੇ ਦੇਖੀਆਂ, ਉਹ ਭਾਵੁਕ ਹੋਏ । ਇਹ ਬੱਚੇ ਕਦੇ ਆਪਣੀ ਮਾਂ ਦੀ ਲਾਸ਼ ਉੱਤੇ ਚੜ੍ਹ ਕੇ ਉਸਨੂੰ ਜਗਾਉਣ ਦੀ ਕੋਸ਼ਿਸ਼ ਕਰਦੇ, ਤਾਂ ਕਦੇ ਉਸਦੇ ਸਰੀਰ ਨੂੰ ਚੁੰਮਣ ਕਰਦੇ ਜਿਵੇਂ ਮਾਂ ਦੇ ਦੁੱਧ ਦੀ ਤਲਾਸ਼ ਕਰ ਰਹੇ ਹੋਣ। ਇਹ ਮਾਸੂਮ ਜਾਨਵਰ ਇੱਕ ਅਜਿਹੀ ਸਥਿਤੀ ਦਾ ਸਾਹਮਣਾ ਕਰ ਰਹੇ ਸਨ, ਜਿਸਦੀ ਉਹਨਾ ਨੂੰ ਨਾਹ ਤਾਂ ਸਮਝ ਸੀ ਅਤੇ ਨਾਹ ਹੀ ਰਾਹ। ਇਸ ਦਰਦ ਭਰੇ ਦ੍ਰਿਸ਼ ਨੂੰ ਦੇਖ ਕੇ ਇਕ ਇਨਸਾਨ ਨੇ ਹਿੰਮਤ ਕੀਤੀ। ਉਸ ਨੇ ਮਰੀ ਹੋਈ ਕੁੱਤੀ ਨੂੰ ਉਥੋਂ ਹਟਾ ਕੇ ਨੇੜੇ ਦੇ ਇੱਕ ਖਾਲੀ ਪਲਾਟ ਵਿਚ ਦੱਬ ਦਿੱਤਾ। ਉਸ ਨੂੰ ਲੱਗਾ ਕਿ ਹੁਣ ਇਹ ਸਥਿਤੀ ਸੁਧਰ ਜਾਵੇਗੀ, ਪਰ ਅਸਲ ਕਹਾਣੀ ਤਾਂ ਅਗਲੀ ਰਾਤ ਸੁਰਜੀਤ ਹੋਈ। ਉਹ ਦੋ ਨਨ੍ਹੇ ਕੁੱਤੇ ਉਸ ਜਗ੍ਹਾ ਪਹੁੰਚ ਗਏ, ਜਿੱਥੇ ਮਾਂ ਨੂੰ ਦੱਬਿਆ ਗਿਆ ਸੀ। ਉਨ੍ਹਾਂ ਨੇ ਆਪਣੀਆਂ ਨਾਜ਼ੁਕ ਨਿੱਠਾਂ ਨਾਲ ਮਿੱਟੀ ਖੁਦਾਈ ਕਰਨੀ ਸ਼ੁਰੂ ਕਰ ਦਿੱਤੀ। ਸਾਰੀ ਰਾਤ ਉਨ੍ਹਾਂ ਦੀਆਂ ਚੀਕਾਂ ਆਸਮਾਨ ਤੱਕ ਗੂੰਜ ਰਹੀਆਂ ਸਨ। ਉਹ ਹਾਰਨਹਾਰ ਸਨ ਪਰ ਥੱਕੇ ਨਹੀਂ। ਇਹ ਮੰਜ਼ਰ ਹਰ ਗੁਜ਼ਰਨ ਵਾਲੇ ਦੇ ਦਿਲ-ਦਿਮਾਗ ਤੇ ਜਿਵੇਂ ਸੱਟ ਦੀ ਮਾਰ ਕਰ ਰਹੀਆ ਹੋਣ। ਅਗਲੇ ਦਿਨ ਸਵੇਰੇ ਮੈਨੂੰ ਇੱਕ ਹੋਰ ਚੀਜ਼ ਨੇ ਹਿਲਾ ਕੇ ਰੱਖ ਦਿੱਤਾ। ਮੈ ਅਖ਼ਬਾਰ ਦੇ ਪਹਿਲੇ ਪੰਨੇ ‘ਤੇ ਇੱਕ ਖ਼ਬਰ ਪੜ੍ਹੀ, ਜਿਸ ਨੇ ਮੇਰੇ ਦਿਮਾਗ ਵਿੱਚ ਤੂਫ਼ਾਨ ਪੈਦਾ ਕਰ ਦਿੱਤਾ। ”ਬੇਟੇ ਨੇ ਮਾਂ ਨੂੰ ਤੇਜਧਾਰ ਹਥਿਆਰ ਨਾਲ ਮੌਤ ਦੇ ਘਾਟ ਉਤਾਰਿਆ।” ਖ਼ਬਰ ਵਿੱਚ ਲਿਖਿਆ ਸੀ ਕਿ ਮਾਂ ਨੇ ਆਪਣੇ ਬੇਟੇ ਨੂੰ ਗਲਤ ਕੰਮ ਕਰਨ ਤੋਂ ਰੋਕਿਆ ਸੀ, ਪਰ ਬੇਟਾ ਇਸ ਗੱਲ ਨੂੰ ਸਹਾਰ ਨਹੀਂ ਸਕਿਆ। ਗੁੱਸੇ ਵਿੱਚ ਅੰਨ੍ਹਾ ਹੋ ਕੇ ਉਸਨੇ ਮਾਂ ਦਾ ਕਤਲ ਕਰ ਦਿੱਤਾ। ਇੱਕ ਜਨਮ ਦਾਤਰੀ ਦੀ ਮੌਤ ਦਾ ਜ਼ਿੰਮੇਵਾਰ ਉਹੀ ਬੇਟਾ ਬਣਿਆ,”ਜਿਸਨੂੰ ਮਾਂ ਨੇ ਪਹਿਲੀ ਗੁੱਟ ਚੁੰਘਾਈ ਹੋਵੇਗੀ।” ਇਹ ਦੋ ਵਾਕਿਆਂ ਨੇ ਮੇਰੇ ਅੰਦਰ ਦੂਰੀਆਂ ਦੇ ਸਮੁੰਦਰ ਭਰ ਦਿੱਤੇ। ਇੱਕ ਪਾਸੇ ਕੁੱਤੀ ਦੇ ਬੱਚਿਆਂ ਦੀ ਮੱਮਤਾ ਸੀ, ਜਿਹੜੀ ਮਿੱਟੀ ਨੂੰ ਖੁਦਾਈ ਕਰਕੇ ਮਾਂ ਨੂੰ ਲੱਭ ਰਹੀ ਸੀ। ਦੂਜੇ ਪਾਸੇ ਇੱਕ ਇਨਸਾਨ ਦਾ ਗੁੱਸਾ ਸੀ, ਜਿਹੜਾ ਆਪਣੀ ਮਾਂ ਨੂੰ ਮੌਤ ਦੇ ਘਾਟ ਉਤਾਰਨ ਲਈ ਵਜ੍ਹਾ ਬਣਿਆ। ਇੱਕ ਪਾਸੇ ਉਹ ਜਾਨਵਰ ਸਨ, ਜਿਨ੍ਹਾਂ ਦੇ ਦਿਲ ਵਿੱਚ ਮਮਤਾ ਦਾ ਜਲਾਲ ਸੀ। ਦੂਜੇ ਪਾਸੇ ਇਹ ਇਨਸਾਨ ਸਨ, ਜਿਨ੍ਹਾਂ ਨੇ ਆਪਣੇ ਸਾਰੇ ਸੰਵੇਦਨਾਵਾਂ ਨੂੰ ਮਾਰ ਦਿੱਤਾ ਸੀ। ਮਨ ਨੂੰ ਸਵਾਲ ਕਰਨਾ ਪਿਆ: ਕਿ ਕੀ ਅਸੀਂ ਅਸਲ ਵਿੱਚ ਸਮਾਜਿਕ ਜੀਵ ਹਾਂ ? ਜਾਂ ਜਾਨਵਰਾਂ ਵਿੱਚ ਉਹ ਦਿਲਦਾਰੀ ਹੈ, ਜੋ ਅਸੀਂ ਖੋ ਬੈਠੇ ਹਾਂ ? ਜਾਨਵਰ ਅਸਲ ਜੀਵਨ ਦਾ ਉਹ ਰੂਪ ਪੇਸ਼ ਕਰਦੇ ਹਨ, ਜੋ ਸ਼ਾਇਦ ਸਾਨੂੰ ਸਿੱਖਣ ਦੀ ਲੋੜ ਹੈ।
ਰਾਜਿੰਦਰ ਸਿੰਘ ਰਾਜਨ
94174-27656