ਕੀ ਹਾਲ ਲਿਖਾਂ ਦੋਸਤਾ,
ਆਪਣੇ ਮੁਲਕ ਦੇ ਬਾਰੇ।
ਇਹਦਾ ਨੀਲਾ ਅੰਬਰ ਗੁੰਮਿਆ,
ਤੇ ਗੁੰਮ ਗਏ ਨੇ ਤਾਰੇ।
ਕੀ ਹਾਲ ਲਿਖਾਂ ਦੋਸਤਾ,
ਆਪਣੇ ਮੁਲਕ ਦੇ ਬਾਰੇ…।
ਜਿਉਂ ਜਿਉਂ ਸਮੇਂ ਨੇ ਕਰ ਲਈ,
ਤੇਜ਼ ਆਪਣੀ ਰਫ਼ਤਾਰ।
ਇੱਥੋਂ ਹਾਸੇ ਖੇੜੇ ਉੱਡ ਗਏ,
ਤੇ ਰਹਿ ਗਿਆ ਬੱਸ ਉਜਾੜ।
ਹੁਣ ਰੋਟੀ ਟੁੱਕ ਨੂੰ ਲੱਭਦੇ,
ਲੋਕੀਂ ਫਿਰਦੇ ਮਾਰੇ ਮਾਰੇ।
ਕੀ ਹਾਲ ਲਿਖਾਂ ਦੋਸਤਾ…।
ਇੱਕ ਦੈਂਤ ਤਰੱਕੀ ਦਾ ਆ ਕੇ,
ਸਭ ਖ਼ੁਸ਼ੀਆਂ ਗਿਆ ਹੈ ਲੁੱਟ।
ਇੱਥੇ ਪੈਸਾ ਪ੍ਰਧਾਨ ਹੋ ਗਿਆ,
ਤੇ ਪਾਈ ਭਾਈਆਂ ਦੇ ਵਿੱਚ ਫੁੱਟ।
ਹੁਣ ਲੱਭਿਆਂ ‘ਤੇ ਨਾ ਲੱਭਦੇ,
ਕੋਈ ਪੱਕੇ ਯਾਰ ਸਹਾਰੇ।
ਕੀ ਹਾਲ ਲਿਖਾਂ ਦੋਸਤਾ…।
ਇੱਥੇ ਪਾਣੀ ਗੰਧਲਾ ਹੋ ਗਿਆ,
ਤੇ ਹਵਾ ‘ਚ ਘੁਲਿਆ ਜ਼ਹਿਰ।
ਲੋਕ ਧਰਮ ਦੇ ਨਾਂ ‘ਤੇ ਲੜਦੇ,
ਨਾ ਕਿਸੇ ਦੀ ਮੰਗਣ ਖ਼ੈਰ।
ਝੱਟ ਵਾਅਦੇ ਹਵਾ ਨੇ ਹੋ ਗਏ,
ਸਭ ਨਿਕਲੇ ਝੂਠੇ ਲਾਰੇ।
ਕੀ ਹਾਲ ਲਿਖਾਂ ਦੋਸਤਾ…।
ਅੱਜ ਸਬਰ ਸੰਤੋਖ ਰਿਹਾ ਨਾ,
ਹਰ ਪਾਸੇ ਵਰਤੇ ਭੁੱਖ।
ਨਸ਼ਿਆਂ ਦੇ ਸੱਪ ਨੇ ਡੰਗ ਕੇ,
ਇੱਥੇ ਮਾਰੇ ਲੱਤਾਂ ਪੁੱਤ।
ਕਦੇ ਰਾਜੇ ਆਖ ਸਦਾਂਵਦੇ,
ਅੱਜ ਮਸਾਂ ਕਰਨ ਗੁਜ਼ਾਰੇ।
ਕੀ ਹਾਲ ਲਿਖਾਂ ਦੋਸਤਾ…।
ਅਸੀਂ ਬਣਾ ਕੇ ਸੜਕਾਂ ਪੱਕੀਆਂ,
ਕਿੰਨੇ ਕੱਟ ਦਿੱਤੇ ਨੇ ਰੁੱਖ।
ਹੁਣ ਬੈਠ ਮੱਥੇ ਹੱਥ ਮਾਰਦੇ,
ਜਦ ਪੈ ਗਏ ਪੱਲੇ ਦੁੱਖ।
ਕਦੇ ਮਿੱਠੇ ਜਲ ਦਰਿਆਵਾਂ ਦੇ,
ਅੱਜ ਹੋ ਗਏ ਨੇ ਖਾਰੇ।
ਕੀ ਹਾਲ ਲਿਖਾਂ ਦੋਸਤਾ…।
ਇੱਥੇ ਅਜ਼ਮਤਾਂ ਜੋ ਨੇ ਲੁੱਟਦੇ,
ਬੈਠੇ ਸਾਧ ਦੇ ਭੇਸ ‘ਚ ਚੋਰ।
ਹੋਰ ਸਮਝ ਨਹੀਂ ਆਂਵਦਾ,
ਕੀ ਲਿਖਾਂ ਦੱਸ ਮੈਂ ਹੋਰ।
ਮੈਥੋਂ ਹੋਰ ਲਿਖ ਨਾ ਹੋਂਵਦਾ,
ਕਾਲ਼ੇ ਲੋਕਾਂ ਦੇ ਕਾਰੇ।
ਕੀ ਹਾਲ ਲਿਖਾਂ ਦੋਸਤਾ,
ਆਪਣੇ ਮੁਲਕ ਦੇ ਬਾਰੇ…।
ਲੇਖਕ : ਅਤੁਲ ਕੰਬੋਜ
ਸੰਪਰਕ: 98888-07608