-0.3 C
Vancouver
Saturday, January 18, 2025

ਵਿਦੇਸ਼ ਜਾਣ ਦੀ ਤਾਂਘ

 

ਲੇਖਕ : ਪ੍ਰੋ. ਹਰਦੀਪ ਸਿੰਘ, ਸੰਗਰੂਰ, ਸੰਪਰਕ : 9417665241
ਪੰਜਾਬ ਵਿਚ ਮਾਹੌਲ ਇਹ ਹੈ ਕਿ ਸਕੂਲ ਦੀ ਪੜ੍ਹਾਈ ਦੀ ਪੌੜੀ ਦਾ ਅਖੀਰਲਾ ਡੰਡਾਂ (+2) ਨੂੰ ਚੜ੍ਹ ਚੁੱਕੇ ਬਹੁਤੇ ਵਿਦਿਆਰਥੀ ਵਿਦੇਸ਼ ਜਾਣ ਨੂੰ ਕਾਹਲੇ ਹਨ । ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਵਿਦੇਸ਼ ਵਿਚ ਜਾਂਦਿਆਂ ਹੀ ਸੈੱਟ ਹੋ ਜਾਣਗੇ ਤੇ ਮੋਟੀ ਕਮਾਈ ਕਰਨ ਦੇ ਸਾਰੇ ਸਾਧਨ ਹਾਸਲ ਕਰ ਕੇ ਆਲੀਸ਼ਾਨ ਜ਼ਿੰਦਗੀ ਦੇ ਮਾਲਕ ਹੋ ਜਾਣਗੇ। ਜਦਕਿ ਕੈਨੇਡਾ ਵਰਗੇ ਮੁਲਕਾਂ ਨੇ ਤਾਂ ਵੀਜ਼ਾ ਸ਼ਰਤਾਂ ਵੀ ਸਖ਼ਤ ਕਰ ਦਿੱਤੀਆਂ ਨੇ, ਜਿਸ ਕਾਰਨ ਪੜ੍ਹਾਈ ਦੇ ਆਧਾਰ ‘ਤੇ ਉਥੇ ਜਾਣਾ ਹੁਣ ਔਖਾ ਹੋ ਗਿਆ ਹੈ ਤੇ ਪਹਿਲਾਂ ਗਏ ਲੱਖਾਂ ਭਾਰਤੀ ਵਿਦਿਆਰਥੀਆਂ ਨੂੰ ਉਥੋਂ ਵਾਪਸ ਭੇਜਣ ਦੀ ਵੀ ਤਿਆਰੀ ਹੈ ।
ਪਰ ਬਹੁਤੇ ਨੌਜਵਾਨਾਂ ਦੇ ਨਾਲ-ਨਾਲ ਉਨ੍ਹਾਂ ਦੇ ਮਾਪੇ ਵੀ ਦੂਜਿਆਂ ਨੂੰ ਦੇਖ ਕੇ ਆਪਣੇ ਬੱਚਿਆਂ ਨੂੰ ਛੇਤੀ ਤੋਂ ਛੇਤੀ ਵਿਦੇਸ਼ ਭੇਜਣ ਦੇ ਚਾਹਵਾਨ ਹਨ, ਕਿਉਂਕਿ ਉਹ ਚਾਹੁੰਦੇ ਹਨ ਕਿ ਬੱਚਾ ਵਿਦੇਸ਼ ਵਿਚ ਆਪਣੀ ਪੜ੍ਹਾਈ ਜਲਦੀ ਮੁਕੰਮਲ ਕਰ ਕੇ ਉਥੇ ਛੇਤੀ ਪੱਕਾ ਹੋ ਕੇ ਸੈੱਟ ਹੋ ਜਾਵੇ । ਕੈਨੇਡਾ ਦੀ ਸਖ਼ਤੀ ਮਗਰੋਂ ਹੁਣ ਬਹੁਤੇ ਨੌਜਵਾਨ ਆਸਟ੍ਰੇਲੀਆ ਜਾਂ ਨਿਊਜ਼ਲੈਂਡ ਵੱਲ ਵਹੀਰਾਂ ਘੱਤਣ ਦੀ ਤਿਆਰੀ ‘ਚ ਹਨ। ਸੁਪਨਿਆਂ ਨੂੰ ਹਕੀਕਤ ਵਿਚ ਬਦਲਣ ਦੇ ਚਾਹਵਾਨ ਇਨ੍ਹਾਂ ਬੱਚਿਆਂ ਦੇ ਮਾਪੇ ਉਨ੍ਹਾਂ ਦੀ ਵਿਦੇਸ਼ ਪਰਵਾਜ਼ ਲਈ ਹਰ ਹੀਲਾ ਵਸੀਲਾ ਵਰਤ ਰਹੇ ਨੇ ।
ਕੋਈ ਮਾਂ-ਬਾਪ ਆਪਣੀ ਪੁਰਖਿਆਂ ਦੀ ਜ਼ਮੀਨ ਨੂੰ ਵੇਚ ਕੇ ਜਹਾਜ਼ ਦੀਆਂ ਟਿਕਟਾਂ ਤੇ ਕੋਰਸ ਦੀ ਫੀਸ ਦਾ ਪ੍ਰਬੰਧ ਕਰ ਰਹੇ ਹਨ । ਕਿਸੇ ਨੇ ਲਿਮਟਾਂ ਬਣਾ ਕੇ ਬੈਂਕਾਂ ਤੋਂ ਕਰਜ਼ਾ ਚੁੱਕਿਆ ਤੇ ਕਿਸੇ ਨੇ ਘਰਵਾਲੀ ਦੇ ਗਹਿਣੇ-ਗੱਟੇ ਵੇਚ ਕੇ ਪੈਸੇ ਇਕੱਠੇ ਕੀਤੇ ਤੇ ਘਟਦੀ ਰਕਮ ਕਿਸੇ ਤੋਂ ਕਰਜ਼ਾ ਲੈ ਕੇ ਪੂਰੀ ਕੀਤੀ । ਕਈਆਂ ਨੇ ਆਪਣੇ ਮੁੰਡੇ-ਕੁੜੀ ਨੂੰ ਬਾਹਰ ਭੇਜਣ ਲਈ ਆਇਲੈਟਸ ਪਾਸ ਕੁੜੀ-ਮੁੰਡੇ ਨਾਲ ਵਿਆਹ ਲਈ ਰਿਸ਼ਤੇ ਲੱਭ ਕੇ ਜੁਗਾੜ ਕੀਤਾ ਤੇ ਕਈ ਟਰੈਵਲ ਏਜੰਟਾਂ ਨੂੰ ਮੋਟੀ ਰਕਮ ਤਾਰ ਕੇ ਆਪਣੇ ਜਵਾਕਾਂ ਨੂੰ ਡੌਂਕੀ ਲਵਾ ਕੇ ਵਲੈਤ ਭੇਜਣ ਦਾ ਜੋਖ਼ਮ ਵੀ ਲਈ ਜਾ ਰਹੇ ਹਨ ।
ਭਾਵ ਕਿ ਵਿਦੇਸ਼ ਸੈੱਟ ਹੋਣ ਦੀ ਚਾਹਤ ਨਾਲ ਬਾਹਰ ਜਾਣ ਵਾਲੇ ਬੱਚਿਆਂ ਦੇ ਮਾਪੇ ਕਈ ਤਰ੍ਹਾਂ ਦੇ ਤਰੀਕੇ ਵਰਤ ਕੇ ਉਨ੍ਹਾਂ ਨੂੰ ਬਾਹਰ ਭੇਜ ਰਹੇ ਹਨ । ਜਹਾਜ਼ ਦੀਆਂ ਟਿਕਟਾਂ , ਵੀਜ਼ਾ ਅਤੇ ਵਿਦੇਸ਼ ਵਿਚ ਪੜ੍ਹਾਈ ਵਾਲੇ ਕਾਲਜ ਦੇ ਪ੍ਰਬੰਧ ਤੋਂ ਬਾਅਦ ਬੱਚੇ ਇਕ ਨਵੀਂ ਆਸ ਨਾਲ ਘਰ ਦੀ ਸਰਦਲ ਨੂੰ ਸਿਜਦਾ ਕਰ ਏਅਰਪੋਰਟ ਪਹੁੰਚਦੇ ਹਨ ਪਰ ਉਨ੍ਹਾਂ ਨੂੰ ਏਅਰਪੋਰਟ ਛੱਡਣ ਜਾ ਰਹੇ ਮਾਪਿਆਂ ਦਾ ਅੰਦਰੋਂ ਬੜਾ ਕੁਝ ਪਿਘਲਦਾ ਵੀ ਹੈ॥
ਆਪਣੇ ਇਕਲੌਤੇ ਧੀ-ਪੁੱਤ ਨੂੰ ਜਦ ਕੋਈ ਅੱਖੋਂ ਦੂਰ ਹੁੰਦਾ ਦੇਖਦੈ ਤਾਂ ਉਸ ਨੂੰ ਆਪਾ ਖੁਰਦਾ ਨਜ਼ਰ ਆਉਂਦੈ । ਮਾਪੇ ਆਪਣੇ ਜਾਇਆਂ ਨੂੰ ਵਾਰ-ਵਾਰ ਤਾਕੀਦ ਕਰਦੇ ਹਨ ਕਿ ਪੁੱਤ ਸੰਭਲ ਕੇ ਰਹੀਂ , ਮਨ ਲਾ ਕੇ ਪੜ੍ਹੀਂ , ਉਥੇ ਮੋਟੇ ਕੱਪੜੇ ਪਾਈਂ , ਠੰਢ ਤੋਂ ਬਚਾਅ ਰੱਖੀਂ ਤੇ ਆਪਣੀ ਫੀਸ ਦੀ ਅਗਲੀ ਕਿਸ਼ਤ ਤਾਰਨ ਲਈ ਕੰਮ ‘ਤੇ ਲੱਗੀਂ , ਸਾਡੇ ਕੋਲ ਜੋ ਕੁਝ ਸੀ ਉਹ ਅਸੀਂ ਤੈਨੂੰ ਦੇ ਦਿੱਤਾ ਹੈ। ਬੱਚਿਆਂ ਨੂੰ ਤੋਰਨ ਲੱਗਿਆਂ ਮਾਪਿਆਂ ਦੀਆਂ ਦੀਆਂ ਅੱਖਾਂ ਵਿਚ ਕਈ ਤਰ੍ਹਾਂ ਦੇ ਧੁੜਕੂ ਤੈਰਦੇ ਨਜ਼ਰ ਆਉਂਦੇ ਹਨ । ਉਨ੍ਹਾਂ ਨੂੰ ਬੇਗਾਨੀ ਧਰਤੀ ‘ਤੇ ਮੌਸਮ ਦੀ ਮਾਰ ਨਾਲ ਜਾਂ ਕਿਸੇ ਹੋਰ ਕਾਰਨ ਬੱਚਿਆਂ ਦੇ ਬਿਮਾਰ ਹੋਣ ਨਾਲ ਜਾਨ ਜਾਣ ਦਾ ਡਰ ਵੀ ਸਤਾਉਂਦਾ ਹੈ ।
ਮਾਪਿਆਂ ਨੂੰ ਇਹ ਡਰ ਵੀ ਸਤਾਉਂਦੈ ਕਿ ਕਿਤੇ ਉਨ੍ਹਾਂ ਦਾ ਬੱਚਾ ਵਿਦੇਸ਼ ਵਿਚ ਕਿਸੇ ਮਾੜੀ ਸੰਗਤ ‘ਚ ਪੈ ਕੇ ਵਿਗੜ ਨਾ ਜਾਵੇ । ਕਿਤੇ ਬੁਰੀਆਂ ਅਲਾਮਤਾਂ ਦੀ ਛੂਕਦੀ ਨਦੀ ਦਾ ਖ਼ੌਲਦਾ ਪਾਣੀ ਉਨ੍ਹਾਂ ਦੇ ਜਾਇਆਂ ਨੂੰ ਆਪਣੇ ਨਾਲ ਨਾ ਵਹਾਅ ਕੇ ਲੈ ਜਾਵੇ । ਜਿਸ ਢੰਗ ਨਾਲ ਹੇੜਾਂ ਦੀਆਂ ਹੇੜਾਂ ਨਿੱਤ ਜਹਾਜ਼ ਚੜ੍ਹ ਵਿਦੇਸ਼ ਜਾਣ ਲਈ ਪਰਵਾਸ ਦੇ ਰਾਹ ਪਈਆਂ ਨੇ ਉਸ ਤੋਂ ਲਗਦਾ ਹੈ ਕਿ ਆਉਣ ਵਾਲੇ ਸਮੇਂ ਵਿਚ ਪੰਜਾਬ ਅੰਦਰ ਸਿਰਫ਼ ਵਡੇਰੀ ਉਮਰ ਦੇ ਨਾਗਰਿਕ ਹੀ ਰਹਿ ਜਾਣਗੇ ਤੇ ਇਹ ਬੁੱਢਿਆਂ ਦਾ ਸੂਬਾ ਬਣ ਕੇ ਰਹਿ ਜਾਵੇਗਾ।
ਸੂਬੇ ਦੇ ਬਹੁਤੇ ਸ਼ਹਿਰਾਂ ਅੰਦਰ ਹੁਣ ਇਹ ਰੁਝਾਨ ਵੀ ਦੇਖਣ ਨੂੰ ਮਿਲ ਰਿਹਾ ਹੈ ਕਿ ਕਈ ਪੂਰੇ ਦੇ ਪੂਰੇ ਪਰਿਵਾਰ ਵਿਦੇਸ਼ ਚਲੇ ਗਏ ਹਨ ਤੇ ਉਹ ਇੱਥੇ ਆਪਣੇ ਘਰਾਂ ਦੀ ਰਾਖੀ ਲਈ ਗ਼ੈਰ ਪੰਜਾਬੀ ਲੋਕਾਂ ਨੂੰ ਚੌਕੀਦਾਰ ਰੱਖ ਸੁਰਖਰੂ ਹੋਏ ਬੈਠੇ ਹਨ । ਜੇ ਵੇਲੇ ਸਿਰ ਪਰਵਾਸ ਦੇ ਕਾਰਨਾਂ ਨੂੰ ਵਿਚਾਰ ਕੇ ਉਨ੍ਹਾਂ ਦਾ ਹੱਲ ਨਾ ਲੱਭਿਆ ਗਿਆ ਤਾਂ ਘਰਾਂ ਦੀ ਰਾਖੀ ਲਈ ਰੱਖੇ ਇਹ ਚੌਕੀਦਾਰ ਚੁਬਾਰਿਆਂ ਦੇ ਦਾਅਵੇਦਾਰ ਬਣ ਸਕਦੇ ਹਨ ਜਾਂ ਵਿਦੇਸ਼ ਗਏ ਬੱਚਿਆਂ ਦੇ ਮੁੜ ਕੇ ਆਉਣ ਤੱਕ ਚਾਵਾਂ ਨਾਲ ਬਣਾਏ ਆਸ਼ਿਆਨਿਆਂ ‘ਤੇ ਮਾਲਕੀ ਹੱਕ ਕਿਸੇ ਹੋਰ ਦਾ ਹੋ ਸਕਦਾ ਹੈ। ਮਾਪਿਆਂ ਦੇ ਗਲ ਅੰਗੂਠਾ ਦੇ ਕੇ ਵਿਦੇਸ਼ ਗਏ ਜਾਂ ਜਾਣ ਲਈ ਕਾਹਲੇ ਹੋਏ ਨੌਜਵਾਨਾਂ ਅਤੇ ਬੱਚਿਆਂ ਨੂੰ ਪੌੜੀ ਬਣਾ ਕੇ ਵਿਦੇਸ਼ ਜਾਣ ਲਈ ਜਹਾਜ਼ ਚੜ੍ਹਣ ਦੇ ਚਾਹਵਾਨ ਮਾਂ-ਬਾਪ ਨੂੰ ਕੁਝ ਸੋਚ ਵਿਚਾਰ ਕਰਨਾ ਚਾਹੀਦਾ ਹੈ। ਸਮਾਂ ਆ ਗਿਆ ਹੈ ਕਿ ਆਪਣੇ ਦੇਸ਼ ਵਿਚ ਹੀ ਰੁਜ਼ਗਾਰ ਦਾ ਕੋਈ ਹੀਲਾ-ਵਸੀਲਾ ਕੀਤਾ ਜਾਵੇ। ਇਸ ਲਈ ਸਰਕਾਰਾਂ ਨੂੰ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ।

Related Articles

Latest Articles