0.4 C
Vancouver
Saturday, January 18, 2025

ਕੈਨੇਡਾ ਜਾਣ ਦਾ ਚਾਅ…

 

ਲੇਖਕ : ਗੁਰਤੇਜ ਸਿੰਘ ਕੱਟੂ ਫੋਨ: 98155-94197
ਬਰੈਂਪਟਨ ਤੋਂ ਛੇ ਕੁ ਮਹੀਨੇ ਬਾਅਦ ਵਾਪਸ ਪੰਜਾਬ ਪਰਤੀ ਮੇਰੀ ਦੋਸਤ ਨੂੰ ਮਿਲਣ ਦਾ ਬੜਾ ਚਾਅ ਸੀ। ਮੇਰੇ ਮਨ ਵਿਚ ਬੇਚੈਨੀ ਸੀ, ਇੱਕ ਉਤਸੁਕਤਾ ਕਿ ਉਹ ਕਿਹੋ ਜਿਹਾ ਅਨੁਭਵ ਲੈ ਕੇ ਆਈ ਹੋਵੇਗੀ ”ਸੁਪਨਿਆਂ ਦੀ ਧਰਤੀ” ਤੋਂ। ਕਿਉਂਕਿ ਮੈਂ ਵੀ ਕੈਨੇਡਾ ਜਾਣ ਦੀ ਇੱਛਾ ਰੱਖਦਾ ਸਾਂ, ਆਪਣੀ ਪੀੜ੍ਹੀ ਦੇ ਅਨੇਕਾਂ ਹੋਰ ਜਵਾਨਾਂ ਵਾਂਗ। ਸੁਪਨੇ ਅਤੇ ਉਮੀਦਾਂ, ਇਹ ਦੋਵੇਂ ਹੀ ਉਸ ਮੁਲਕ ਨਾਲ ਜੁੜੇ ਹੋਏ ਸਨ। ਜਦੋਂ ਉਹ ਮੇਰੇ ਸਾਹਮਣੇ ਸਕੂਟੀ ਲੈ ਆਈ ਤੇ ਕਹਿੰਦੀ, ”ਚੱਲ ਆਜਾ ਬਹਿਜਾ, ਆਪਾਂ 25 ਸੈਕਟਰ ਵਾਲੇ ਡੈਂਟਲ ਹਸਪਤਾਲ ਜਾਣਾ। ਕੈਨੇਡਾ ਜਾ ਕੇ ਮੇਰੇ ਦੰਦ ਦਾ ਕੈਪ ਲਹਿ ਗਿਆ ਸੀ, ਉਹ ਲਗਵਾਉਣਾ,” ਮੈਂ ਝੱਟ-ਝੱਟੀ ਵਿਚ ਉਸ ਦੀ ਸਕੂਟੀ ‘ਤੇ ਬੈਠ ਗਿਆ। ਰਾਹ ਦੌਰਾਨ ਮੇਰਾ ਮਨ ਤਿਆਰ ਨਹੀਂ ਹੋ ਰਿਹਾ ਸੀ ਕਿ ਕਿਹੜੇ ਸਵਾਲਾਂ ਨਾਲ ਗੱਲ ਸ਼ੁਰੂ ਕਰਾਂ। ਮੇਰੇ ਸੋਚਣ ਤੋਂ ਪਹਿਲਾਂ ਹੀ ਉਸ ਨੇ ਸਵਾਲ ਪੁੱਛ ਲਿਆ, ”ਤੇਰੀ ਪੀਐਚ. ਡੀ. ਕਿਵੇਂ ਚੱਲ ਰਹੀ ਆ ਗੁਰਤੇਜ?” ਇਹ ਸਵਾਲ ਉਸ ਸਮੇਂ ਜਿਵੇਂ ਮੇਰੇ ਮਨ ਦੇ ਸੁਪਨਿਆਂ ਦੇ ਅੰਦਰ ਖਲਲ ਪਾ ਗਿਆ। ਮੈਂ ਹੌਲੀ ਜਵਾਬ ਦਿੱਤਾ, ”ਬਹੁਤ ਵਧੀਆ। ਅਗਲੇ ਸਾਲ ਕੰਪਲੀਟ ਕਰ ਦੇਵਾਂਗਾ।” ”ਤੂੰ ਦੱਸ ਕੈਨੇਡਾ ਬਾਰੇ, ਪੀ. ਪੂਐਚ. ਡੀ. ਤਾਂ ਚਲਦੀਆਂ ਰਹਿਣਗੀਆਂ! ਐਨੇ ‘ਚ ਡੈਂਟਲ ਹਸਪਤਾਲ ਆ ਗਿਆ, ਮੇਰੇ ਮਨ ਅੰਦਰ ਸਵਾਲ ਦਰ ਸਵਾਲ ਪੈਦਾ ਹੋ ਰਹੇ ਸੀ ਪਰ ਮੈਂ ਥੋੜ੍ਹਾ ਹੈਰਾਨ ਵੀ ਸਾਂ ਕਿ ਇਹ ਕੈਨੇਡਾ ਬਾਰੇ ਉਸ ਚਾਅ ਨਾਲ ਕਿਉਂ ਨੀ ਗੱਲ ਕਰ ਰਹੀ ਜਿਸ ਚਾਅ ਨਾਲ ਮੈਂ ਸਵਾਲ ਕਰ ਰਿਹਾਂ! ਫਿਰ ਸੋਚਿਆ ਸ਼ਾਇਦ ਉਸਦੇ ਦੰਦ ਦੀ ਤਕਲੀਫ਼ ਜ਼ਿਆਦਾ ਹੋਣੀ ਏ। ਫਿਰ ਓਥੇ ਹਸਪਤਾਲ ‘ਚ ਅੱਧਾ ਕੁ ਘੰਟਾ ਅਸੀਂ ਆਮ ਗੱਲਬਾਤ ਕੀਤੀ ਤੇ ਵਾਪਸ ਯੂਨੀਵਰਸਿਟੀ ਪਰਤ ਆਏ। ਵਾਪਸ ਆ ਕੇ ਰੋਜ਼ ਗਾਰਡਨ ‘ਚ ਬੈਠ ਗਏ, ਤੇ ਆਖਰਕਾਰ ਉਸਨੇ ਕੈਨੇਡਾ ਬਾਰੇ ਗੱਲਬਾਤ ਸ਼ੁਰੂ ਕੀਤੀ ਤੇ ਮੈਂ ਆਪਣੇ ਸਵਾਲ…”ਤੂੰ ਵਾਪਿਸ ਕਦੋਂ ਜਾਣਾ ਹੁਣ ਕੈਨੇਡਾ?” ”ਮੈਂ ਦੋ ਕੁ ਮਹੀਨਿਆਂ ਬਾਅਦ ਜਾਣਾ૴!” ਉਸਨੇ ਤੁਰੰਤ ਜਵਾਬ ਦਿੱਤਾ। ”ਓਕੇ, ਗੁੱਡ!” ਸੁਭਾਵਕ ਹੀ ਮੇਰੇ ਮੂੰਹੋਂ ਨਿਕਲਿਆ। ”ਕੀ ਕੰਮ ਕਰਦੀ ਹੁੰਦੀ ਸੀ ਕੈਨੇਡਾ ‘ਚ૴?” ”ਕੁਝ ਨਹੀਂ,” ਉਸ ਨੇ ਇੱਕ ਠੰਢੇ ਜਵਾਬ ਵਿਚ ਕਿਹਾ। ਉਹ ਵਾਰਤਾ ਜਿਵੇਂ ਕੈਨੇਡਾ ਦੇ ਰੰਗੇ ਸੁਪਨਿਆਂ ਨੂੰ ਥੋੜ੍ਹਾ-ਥੋੜ੍ਹਾ ਕਮਜ਼ੋਰ ਕਰ ਰਹੀ ਸੀ। ਉਹ ਦੱਸਣ ਲੱਗੀ ਕਿ ”ਜਦ ਸਨੋਅ ਪੈਂਦੀ ਸੀ, ਉਹ ਘਰ ਦੀ ਚਾਰਦਿਵਾਰੀ ਅੰਦਰ ਕੈਦ ਹੋ ਜਾਂਦੀ, ਕੁਦਰਤ ਦਾ ਸੋਹਣਾ ਰੰਗ ਵੀ ਬੰਦ ਕਮਰੇ ਦੀ ਨੀਰਸਤਾ ਵਿਚ ਬਦਲ ਜਾਂਦਾ। ਜਦੋਂ ਮੌਸਮ ਠੀਕ ਹੁੰਦਾ ਤਾਂ ਘੁੰਮਣ ਚਲੀ ਜਾਂਦੀ। ਜਿੱਥੇਂ ਮੈਂ ਰਹਿੰਦੀ ਸੀ ਗੁਰਤੇਜ, ਓਥੇ ਲਗਭਗ ਛੇ ਮਹੀਨੇ ਸਨੋਅ ਪੈਂਦੀ ਏ ਤੇ ਉਹ ਛੇ ਮਹੀਨੇ ਬੰਦੇ ਨੂੰ ਜ਼ਿਆਦਾ ਸਮਾਂ ਅੰਦਰ ਹੀ ਰਹਿਣਾ ਪੈਂਦਾ, ਚਾਰਦੀਵਾਰੀ ਅੰਦਰ। ਜ਼ਿੰਦਗੀ ਐਨੀ ਸੌਖੀ ਨਹੀਂ ਜਿੰਨੀ ਅਸੀਂ ਏਥੇ ਸੋਚਦੇ ਹਾਂ।” ਜਦੋਂ ਉਹ ਅਜਿਹੀਆਂ ਗੱਲਾਂ ਕਰ ਰਹੀਂ ਸੀ ਤਾਂ ਮੇਰੇ ਮਨ ਅੰਦਰ ਸਿਰਜੇ ਕੈਨੇਡਾ ਦੀ ਚਮਕ ਥੋੜ੍ਹੀ ਧੁੰਦਲੀ ਪੈ ਰਹੀ ਸੀ। ”ਹਾਂ ਪਰ ਸਰਕਾਰ, ਪ੍ਰਬੰਧ, ਸਹੂਲਤਾਂ ਪੱਖੋਂ ਤਾਂ ਬਾ-ਕਮਾਲ ਆ ਕੈਨੇਡਾ।” ਇਹ ਗੱਲ ਉਸ ਨੇ ਥੋੜ੍ਹੇ ਚਾਅ ਨਾਲ ਬਾਅਦ ‘ਚ ਕਹੀ। ”ਇਕ ਦਿਨ ਮੈਂ ਓਥੇ ਆਪਣੇ ਘਰ ਦੇ ਬਾਹਰ ਖੜ੍ਹੀ ਸਾਂ ਤੇ ਮੇਰਾ ਫੋਨ ਮੇਰੀ ਜੇਬ ‘ਚ ਸੀ। ਪਤਾ ਨੀ ਕਿਸ ਤਰ੍ਹਾਂ ਉਸ ਤੋਂ ਕੈਨੇਡੀਅਨ ਐਮਰਜੈਂਸੀ ਨੰਬਰ ਡਾਇਲ ਹੋ ਗਿਆ। ਫਿਰ ਮੈਨੂੰ ਜਦੋਂ ਬੈਕ ਕਾਲ ਆਈ ਤਾਂ ਫੋਨ ‘ਤੇ ਗੋਰੇ ਔਫਿਸਰ ਨੇ ਪੁੱਛਿਆ, ”ਇਸ ਸਮੇਂ ਤੁਸੀਂ ਕਿਥੇ ਹੋ, ਤੁਸੀਂ ਸਾਨੂੰ ਕਾਲ ਕੀਤੀ ਸੀ, ਕੀ ਤੁਸੀਂ ਸੇਫ ਹੋ?” ਸਵਾਲ ‘ਤੇ ਸਵਾਲ ਤੇ ਮੈਂ ਕਿਹਾ ”ਸਰ ਗਲਤੀ ਨਾਲ ਲੱਗ ਗਿਆ ਸੀ।” ਪਰ ਗੋਰੇ ਨੂੰ ਲੱਗਦਾ ਸੀ ਕਿ ਮੇਰੇ ਤੋਂ ਕੋਈ ਫੋਰਸ ਨਾਲ ਇਹ ਗੱਲ ਕਹਾ ਰਿਹਾ ਹੈ। ਫਿਰ ਉਨ੍ਹਾਂ ਕਿਹਾ ”ਸਾਨੂੰ ਤੁਸੀਂ ਦੱਸੋ ਹੁਣ ਕਿਥੇ ਹੋ?” ਤਾਂ ਮੈਂ ਆਪਣਾ ਐਡਰੈਸ ਦਿੱਤਾ ਤੇ ਦੋ ਕੁ ਮਿੰਟਾਂ ਬਾਅਦ ਉਹ ਮੈਨੂੰ ਮਿਲ ਕੇ ਗਏ ਤੇ ਜਾਂਦੇ ਜਾਂਦੇ ਪਿਆਰੀ ਜਿਹੀ ਸਮਾਈਲ ਦੇ ਗਏ।” ਇਹ ਸੁਣਦਿਆਂ ਇਕ ਵਾਰ ਫਿਰ ਕੈਨੇਡਾ ਦੀ ਚਮਕ ਬਰਕਰਾਰ ਹੋ ਗਈ। ਇਸ ਗੱਲ ਤੋਂ ਬਾਅਦ ਉਹ ਇਕਦਮ ਚੁੱਪ ਹੋ ਗਈ। ਉਸਨੇ ਲੰਮਾ ਸਾਹ ਲਿਆ ਤੇ ਕਿਹਾ, ”ਪਰ…ਜਿਹੜੀ ਮਿੱਟੀ ਦੀ ਮਿਠਾਸ ਸਾਡੇ ਪੰਜਾਬ ਦੀ ਧਰਤੀ ‘ਚ ਹੈ, ਹੋਰ ਕਿਸੇ ਵੀ ਦੇਸ਼ ‘ਚ ਨਹੀ। ਕੈਨੇਡੇ ਦੀ ਮਿੱਟੀ ‘ਚ ਸਹੂਲਤਾਂ ਹਨ ਪਰ ਦਿਲ ਦੇ ਜਜ਼ਬਾਤਾਂ ਨੂੰ ਨਿਰਵਾਣ ਕਰਨ ਵਾਲੀ ਸ਼ਕਤੀ ਇੱਥੇ ਹੀ ਹੈ।” ”ਯਾਰ૴ਸੱਚ ਦੱਸਾਂ ਤਾਂ ਸਾਡੇ ਪੰਜਾਬ, ਭਾਰਤ ਦੀ ਧਰਤੀ ਵਰਗੀ ਧਰਤੀ ਨਹੀਂ ਉਥੇ, ਜੋ ਕੁਝ ਇਹ ਧਰਤੀ ਪੈਦਾ ਕਰ ਸਕਦੀ ਆ ਉਹ ਸ਼ਾਇਦ ਹੀ ਕਿਸੇ ਦੇਸ਼ ਦੀ ਧਰਤੀ ਪੈਦਾ ਕਰ ਸਕਦੀ ਹੋਵੇ૴ਪਰ ਏਥੋਂ ਦੀਆਂ ਸਰਕਾਰਾਂ ਨੇ ਇਸਦਾ ਨਾਸ ਮਾਰ ਦਿੱਤਾ ਤੇ ਸਾਡੀ ਮਜਬੂਰੀ ਬਣਾ ਦਿੱਤੀ, ਇਥੋਂ ਨਿੱਕਲ ਜਾਣ ਦੀ। ਕੈਨੇਡੇ ‘ਚ ਸਭ ਸੁੱਖ ਸਹੂਲਤਾਂ ਨੇ ਪਰ ਓਥੋਂ ਦੀ ਮਿਟੀ ‘ਚ ਉਹ ਮਿਠਾਸ ਤੇ ਸ਼ਕਤੀ ਨਹੀਂ ਜੋ ਭਾਰਤ/ਪੰਜਾਬ ਦੀ ਮਿੱਟੀ ‘ਚ ਆ।” ਉਸਦੀ ਕਹਾਣੀ ਨੇ ਮੇਰੇ ਸੁਪਨਿਆਂ ਵਿਚ ਕਸ਼ਮਕਸ਼ ਪੈਦਾ ਕਰ ਦਿੱਤੀ, ਤੇ ਮਨ ‘ਚ ਸਵਾਲ ਉਠਿਆ ਕਿ ”ਕੀ ਇਨ੍ਹਾਂ ਸਹੂਲਤਾਂ ਦੇ ਬਦਲੇ ਆਪਣੀਆਂ ਜੜ੍ਹਾਂ ਨੂੰ ਖੋ ਦੇਣਾ ਸਹੀ ਹੈ?” ਉਹ ਸਵਾਲਾਂ ਦੀਆਂ ਗੂੰਜਾਂ ਛੱਡ ਕੇ ਚੁੱਪ ਹੋ ਗਈ, ਤੇ ਅਸੀਂ ਦੋਵੇਂ ਆਪਣੇ-ਆਪਣੇ ਹੋਸਟਲ ਵੱਲ ਚਲ ਪਏ ਪਰ ਉਹ ਗੱਲਾਂ ਅਜੇ ਵੀ ਮੇਰੇ ਦਿਲ ਅਤੇ ਦਿਮਾਗ ਵਿਚ ਗੂੰਜਦੀਆਂ ਹਨ। ਕੈਨੇਡਾ ਦੀ ਚਮਕ ਅਤੇ ਪੰਜਾਬ ਦੀ ਮਿੱਟੀ ਦੀ ਮਿਠਾਸ ਦੇ ਦਰਮਿਆਨ ਫਸਿਆ ਮੈਂ ਸੋਚਦਾ ਰਹਿ ਗਿਆ૴।

 

Related Articles

Latest Articles