ਵਾਸ਼ਿੰਗਟਨ : ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੰਡੀਗੜ੍ਹ ਵਿੱਚ ਜਨਮੀ ਮਸ਼ਹੂਰ ਵਕੀਲ ਹਰਮੀਤ ਕੌਰ ਢਿੱਲੋਂ ਨੂੰ ਸਹਾਇਕ ਅਟਾਰਨੀ ਜਨਰਲ ਵਜੋਂ ਨਾਮਜ਼ਦ ਕਰਕੇ ਇੱਕ ਵੱਡਾ ਐਲਾਨ ਕੀਤਾ ਹੈ। ਇਸ ਅਹੁਦੇ ‘ਤੇ ਨਿਯੁਕਤੀ ਨਾਲ ਉਹ ਅਮਰੀਕਾ ਦੇ ਨਿਆਂ ਵਿਭਾਗ ਵਿੱਚ ਸਿਵਲ ਰਾਈਟਸ ਦੀ ਰੱਖਿਆ ਲਈ ਜ਼ਿੰਮੇਵਾਰੀ ਸਾਂਭਣਗੇ।
ਜ਼ਿਕਰਯੋਗ ਹੈ ਕਿ ਹਰਮੀਤ ਕੌਰ ਢਿਲੋਂ ਸੈਨਫਰੈਸਿਸਕੋ ਕੈਲੀਫੋਰਨੀਆ ਵਿਖੇ ਲੋਕਾਂ ਨੂੰ ਆਪਣੀਆਂ ਕਾਨੂੰਨੀ ਸੇਵਾਵਾਂ ਦੇ ਰਹੀ ਹੈ। ਹਰਮੀਤ ਢਿੱਲੋਂ, ਜੋ ਫ੍ਰੀਡਮ ਆਫ ਸਪੀਚ ਅਤੇ ਨਾਗਰਿਕ ਅਧਿਕਾਰਾਂ ਦੀ ਰੱਖਿਆ ਲਈ ਜਾਣੀ ਜਾਂਦੀ ਹੈ, ਨੇ ਆਪਣੇ ਕਰੀਅਰ ਦੌਰਾਨ ਤਕਨੀਕੀ ਕੰਪਨੀਆਂ ਵਿਰੁੱਧ ਮੁਹਿੰਮ ਚਲਾਈ । ਉਹਨਾਂ ਦੀ ਰਹਿਨੁਮਾਈ ਹੇਠ ਕਈ ਅਹਿਮ ਮਾਮਲਿਆਂ ਵਿੱਚ ਅਮਰੀਕੀ ਨਾਗਰਿਕਾਂ ਦੇ ਸੰਵਿਧਾਨਕ ਅਧਿਕਾਰਾਂ ਦੀ ਰੱਖਿਆ ਕੀਤੀ ਗਈ।
ਟਰੰਪ ਨੇ ਆਪਣੇ ਬਿਆਨ ਵਿੱਚ ਕਿਹਾ, ”ਹਰਮੀਤ ਨੇ ਹਮੇਸ਼ਾ ਨਾਗਰਿਕ ਸੁਤੰਤਰਤਾ ਅਤੇ ਚੋਣਾਂ ਦੀ ਪਾਰਦਰਸ਼ਤਾ ਲਈ ਅਹਿਮ ਭੂਮਿਕਾ ਨਿਭਾਈ ਹੈ। ਉਹ ਸਿੱਖ ਭਾਈਚਾਰੇ ਦੀ ਸਤਿਕਾਰਤ ਮੈਂਬਰ ਹਨ, ਅਤੇ ਉਨ੍ਹਾਂ ਦੀ ਭੂਮਿਕਾ ਸੰਵਿਧਾਨਕ ਅਧਿਕਾਰਾਂ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਰਹੇਗੀ।”
ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ ‘ਤੇ ਹਰਮੀਤ ਦੀ ਤਾਰੀਫ਼ ਕਰਦੇ ਹੋਏ ਲਿਖਿਆ ਕਿ ਹਰਮੀਤ ਅਮਰੀਕਾ ਦੇ ਚੋਟੀ ਦੇ ਵਕੀਲਾਂ ਵਿੱਚੋਂ ਇੱਕ ਹਨ, ਜੋ ਚੋਣਾਂ ਦੀ ਪਾਰਦਰਸ਼ਤਾ ਅਤੇ ਨਾਗਰਿਕ ਅਧਿਕਾਰਾਂ ਲਈ ਲੜ ਰਹੀਆਂ ਹਨ। ਹਰਮੀਤ ਨੇ ਇਸ ਦੇ ਜਵਾਬ ਵਿੱਚ ਟਰੰਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਅਹੁਦਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ।
ਜ਼ਿਕਰਯੋਗ ਹੈ ਕਿ 2 ਅਪ੍ਰੈਲ 1969 ਨੂੰ ਚੰਡੀਗੜ੍ਹ ਵਿੱਚ ਜਨਮੀ ਹਰਮੀਤ ਢਿੱਲੋਂ ਦੋ ਸਾਲ ਦੀ ਉਮਰ ਵਿੱਚ ਆਪਣੇ ਪਰਿਵਾਰ ਨਾਲ ਅਮਰੀਕਾ ਆ ਗਏ ਸਨ। ਉਹ ਉੱਤਰੀ ਕੈਰੋਲੀਨਾ ਵਿੱਚ ਇੱਕ ਸਿੱਖ ਪਰਿਵਾਰ ਵਿੱਚ ਵੱਡੀ ਹੋਈ। ਉਨ੍ਹਾਂ ਨੇ ਡਾਰਟਮਾਊਥ ਕਾਲਜ ਤੋਂ ਕਲਾਸੀਕਲ ਸਟੱਡੀਜ਼ ਅਤੇ ਯੂਨੀਵਰਸਿਟੀ ਆਫ਼ ਵਰਜੀਨੀਆ ਸਕੂਲ ਆਫ਼ ਲਾਅ ਤੋਂ ਜੂਰੀਸ ਡਾਕਟਰ ਦੀ ਡਿਗਰੀ ਹਾਸਲ ਕੀਤੀ। ਹਰਮੀਤ ਦੇ ਪਿਤਾ ਡਾ. ਤੇਜਪਾਲ ਐਸ ਢਿੱਲੋਂ, ਜੋ ਕਿ ਇੱਕ ਆਰਥੋਪੀਡਿਕ ਸਰਜਨ ਸਨ, 1971 ਵਿੱਚ ਪਹਿਲਾਂ ਇੰਗਲੈਂਡ ਅਤੇ ਫਿਰ ਅਮਰੀਕਾ ਗਏ। ਉਨ੍ਹਾਂ ਦੀ ਕਉਮਕਾ ਸਿੱਖ ਧਰਮ ਪ੍ਰਤੀ ਦ੍ਰਿੜਤਾ ਤੇ ਸੰਵਿਧਾਨਕ ਅਧਿਕਾਰਾਂ ਲਈ ਢਿੱਲੋਂ ਦੇ ਸੰਘਰਸ਼ ਨੂੰ ਬਹੁਤ ਉਤਸ਼ਾਹ ਮਿਲਿਆ। ਹਰਮੀਤ ਢਿੱਲੋਂ ਨੂੰ ਟਰੰਪ ਕੈਬਨਿਟ ਵਿੱਚ ਸ਼ਾਮਲ ਕੀਤਾ ਜਾਣਾ ਸਿੱਖ ਭਾਈਚਾਰੇ ਅਤੇ ਭਾਰਤੀ ਮੂਲ ਦੇ ਲੋਕਾਂ ਲਈ ਮਾਣ ਵਾਲੀ ਗੱਲ ਹੈ। ਇਹ ਉਨ੍ਹਾਂ ਦੀ ਸਖ਼ਤ ਮਿਹਨਤ, ਦ੍ਰਿੜਤਾ ਅਤੇ ਸਮਰਪਨ ਦਾ ਨਤੀਜਾ ਹੈ, ਜਿਸ ਨਾਲ ਉਹ ਅਮਰੀਕਾ ਦੇ ਕਾਨੂੰਨੀ ਪ੍ਰਬੰਧ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਣਗੀਆਂ। ਹਰਮੀਤ ਦੀ ਨਿਯੁਕਤੀ ਨਾ ਸਿਰਫ਼ ਨਿਆਂ ਵਿਭਾਗ ਲਈ ਮਹੱਤਵਪੂਰਨ ਹੈ, ਸਗੋਂ ਇਹ ਸੰਵਿਧਾਨ ਅਤੇ ਨਾਗਰਿਕ ਅਧਿਕਾਰਾਂ ਦੀ ਰੱਖਿਆ ਵਿੱਚ ਇੱਕ ਨਵਾਂ ਪੜਾਅ ਸਾਬਤ ਹੋਵੇਗੀ।