ਜੌਰਜੀਆ : ਜੌਰਜੀਆ ਦੇ 1 ਰੈਸਟੋਰੈਂਟ ਵਿੱਚ 11 ਪੰਜਾਬੀਆਂ ਸਮੇਤ ਕੁੱਲ 12 ਲੋਕਾਂ ਮ੍ਰਿਤ ਪਾਏ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਹਾਦਸਾ ਗੁਡੌਰੀ ਦੇ ਇੱਕ ਪਹਾੜੀ ਰਿਸੋਰਟ ਵਿੱਚ ਵਾਪਰਿਆ। ਜੌਰਜੀਆ ਦੇ ਟਬਿਲਿਸੀ ਸਥਿਤ ਭਾਰਤੀ ਦੂਤਾਵਾਸ ਨੇ ਇਸ ਦੁਖਦ ਘਟਨਾ ਦੀ ਪੁਸ਼ਟੀ ਕੀਤੀ ਹੈ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਜਤਾਈ ਹੈ।
ਭਾਰਤੀ ਦੂਤਾਵਾਸ ਅਨੁਸਾਰ, ਮ੍ਰਿਤਕ ਸਾਰੇ ਰੈਸਟੋਰੈਂਟ ਦੇ ਕਰਮਚਾਰੀ ਸਨ। ਸਥਾਨਕ ਅਧਿਕਾਰੀਆਂ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਸ਼ੁਰੂਆਤੀ ਰਿਪੋਰਟਾਂ ਅਨੁਸਾਰ ਇਹ ਮੌਤਾਂ ਕਾਰਬਨ ਮੋਨੋਕਸਾਈਡ ਦੇ ਕਾਰਨ ਹੋਈਆਂ ਹਨ। ਰੈਸਟੋਰੈਂਟ ਦੇ ਦੂਜੇ ਮੰਜਲ ਦੇ ਆਰਾਮ ਖੇਤਰ ਵਿੱਚ ਇਹ ਸਾਰੇ ਮ੍ਰਿਤਕ ਪਾਏ ਗਏ। ਪੁਲਿਸ ਨੇ ਜੌਰਜੀਆ ਦੇ ਫੌਜਦਾਰੀ ਕੋਡ ਦੇ ਆਰਟਿਕਲ 116 ਅਨੁਸਾਰ, ਜੋ ਲਾਪਰਵਾਹੀ ਨਾਲ ਮੌਤ ਦੇ ਮਾਮਲਿਆਂ ਨਾਲ ਸੰਬੰਧਤ ਹੈ, ਜਾਂਚ ਸ਼ੁਰੂ ਕਰ ਦਿੱਤੀ ਹੈ।
ਪ੍ਰਾਰੰਭਿਕ ਜਾਂਚ ਅਨੁਸਾਰ, ਇੱਕ ਜਨਰੇਟਰ ਜਿਸਨੂੰ ਬੰਦ ਕਮਰੇ ਵਿੱਚ ਰੱਖਿਆ ਗਿਆ ਸੀ, ਘਟਨਾ ਦਾ ਮੁੱਖ ਕਾਰਨ ਦੱਸਿਆ ਜਾ ਰਿਹਾ ਹੈ। ਇਹ ਜਨਰੇਟਰ 13 ਦਸੰਬਰ ਨੂੰ ਚਲਾਇਆ ਗਿਆ ਸੀ, ਜਦੋਂ ਬਿਜਲੀ ਸਪਲਾਈ ਰੁਕੀ ਹੋਈ ਸੀ। ਬੰਦ ਜਗ੍ਹਾ ਵਿੱਚ ਜਨਰੇਟਰ ਚਲਾਉਣ ਕਰਕੇ ਹੋ ਸਕਦਾ ਹੈ ਕਿ ਜ਼ਹਿਰੀਲੀ ਗੈਸ ਫੈਲਣ ਕਾਰਨ ਇਹ ਮੌਤਾਂ ਹੋਈਆਂ।
ਜੌਰਜੀਆ ਦੇ ਅੰਦਰੂਨੀ ਮਾਮਲਿਆਂ ਦੀ ਮੰਤਰਾਲਾ ਨੇ ਕਿਹਾ ਕਿ ਮੌਤਾਂ ਦੇ ਕਾਰਣ ਦਾ ਅਸਲ ਪਤਾ ਲਗਾਉਣ ਲਈ ਫੌਰੈਂਸਿਕ ਪਰੀਖਿਆ ਵੀ ਕੀਤੀ ਜਾਵੇਗੀ। ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ, ਇਹ ਮੌਤਾਂ ਸਾਫ਼ ਤੌਰ ਤੇ ਜਹਿਰਲੇਪਣ ਕਾਰਨ ਹੋਈਆਂ ਹਨ। ਹਾਲਾਂਕਿ, ਅਧਿਕਾਰੀਆਂ ਨੂੰ ਹਿੰਸਾ ਜਾਂ ਕੋਈ ਹੋਰ ਘਟਨਾ ਦੇ ਨਿਸ਼ਾਨ ਨਹੀਂ ਮਿਲੇ। ਪੁਲਿਸ ਨੇ ਮਾਮਲੇ ਦੀ ਜਾਂਚ ਕਰਨ ਲਈ ਮੌਕੇ ਤੋਂ ਸਬੂਤ ਇਕੱਠੇ ਕਰਨ ਸ਼ੁਰੂ ਕਰ ਦਿੱਤੇ ਹਨ। ਜਨਰੇਟਰ ਦੀ ਅਵਸਥਾ ਅਤੇ ਇਸ ਦੀ ਸਥਾਪਨਾ ਦੇ ਸਬੰਧ ਵਿੱਚ ਪੁੱਛਗਿੱਛ ਕੀਤੀ ਜਾ ਰਹੀ ਹੈ। ਜੇਕਰ ਜਾਂਚ ਵਿੱਚ ਲਾਪਰਵਾਹੀ ਦਾ ਸਬੂਤ ਮਿਲਦਾ ਹੈ ਤਾਂ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਾ ਸਾਹਮਣਾ ਕਰਨਾ ਪਵੇਗਾ।