3.6 C
Vancouver
Sunday, January 19, 2025

ਸਰੀ ਵਿੱਚ ਦਿਨ-ਦਿਹਾੜੇ ਚਾਕੂ ਨਾਲ 23 ਸਾਲਾ ਪੰਜਾਬਣ ਦੀ ਕੀਤੀ ਹੱਤਿਆ

ਸਰੀ (ਪਰਮਜੀਤ ਸਿੰਘ): ਸਰੀ ਦੇ 147 ਸਟਰੀਟ ਅਤੇ 108ਏ ਐਵੇਨਿਊ ਨੇੜੇ 14 ਦਸੰਬਰ ਨੂੰ ਤੜਕੇ 3 ਵਜੇ ਇੱਕ ਘਰ ਅੰਦਰ ਹੋਈ ਛੁਰੇਬਾਜ਼ੀ ਦੀ ਘਟਨਾ ਨੇ ਸਥਾਨਕ ਲੋਕਾਂ ‘ਚ ਸਹਿਮ ਦਾ ਮਹੌਲ ਪੈਦਾ ਕਰ ਦਿੱਤਾ ਹੈ। ਇਸ ਘਟਨਾ ਵਿੱਚ ਜਾਨ ਗੁਆਉਣ ਵਾਲੀ ਲੜਕੀ ਦੀ ਪਛਾਣ 23 ਸਾਲਾ ਸਿਮਰਨ ਕੌਰ ਵਜੋਂ ਹੋਈ ਹੈ। ਸਿਮਰਨ ਹਰਿਆਣਾ ਦੇ ਪਿਹੋਵਾ ਨੇੜਲੇ ਪਿੰਡ ਠਸਕਾ ਮਿਰਾਂਜੀ ਦੀ ਰਹਿਣ ਵਾਲੀ ਸੀ ਅਤੇ ਮਈ 2023 ਵਿੱਚ ਇੱਕ ਅੰਤਰਰਾਸ਼ਟਰੀ ਵਿਦਿਆਰਥਣ ਵਜੋਂ ਕੈਨੇਡਾ ਆਈ ਸੀ।
ਪੁਲਿਸ ਅਨੁਸਾਰ, ਕੁਝ ਹਮਲਾਵਰ ਕਿਰਾਏ ਦੇ ਘਰ ਵਿੱਚ ਵੜੇ ਅਤੇ ਦੋ ਵਿਦਿਆਰਥਣਾਂ ਉੱਤੇ ਤਿੱਖੇ ਹਥਿਆਰਾਂ ਨਾਲ ਹਮਲਾ ਕੀਤਾ। ਸਿਮਰਨਜੀਤ ਕੌਰ ਨੂੰ ਗੰਭੀਰ ਚੋਟਾਂ ਆਈਆਂ, ਅਤੇ ਉਸ ਦੀ ਮੌਤ ਘਟਨਾ ਸਥਾਨ ‘ਤੇ ਹੀ ਹੋ ਗਈ। ਦੂਜੀ ਵਿਦਿਆਰਥਣ, ਜਿਸ ਦੀ ਪਛਾਣ ਅਜੇ ਨਹੀਂ ਹੋ ਸਕੀ, ਨੂੰ ਨਾਜ਼ੁਕ ਹਾਲਤ ਵਿੱਚ ਹਸਪਤਾਲ ਪਹੁੰਚਾਇਆ ਗਿਆ ਹੈ। ਹਮਲਾਵਰ ਬਾਰੇ ਪੁਲਿਸ ਕੋਲ ਹਾਲੇ ਕੋਈ ਸੁਰਾਗ ਨਹੀਂ ਹੈ ਪਰ ਮਾਮਲੇ ਦੀ ਜਾਂਚ ਇਨਟਿਗ੍ਰੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ (ਆਈਹਿੱਟ) ਦੇ ਹਵਾਲੇ ਕਰ ਦਿੱਤੀ ਗਈ ਹੈ।
ਸਿਮਰਨ ਦੇ ਪਿਤਾ ਸ. ਬਗੀਚਾ ਸਿੰਘ ਹਰਿਆਣਾ ਵਿੱਚ ਇੱਕ ਪ੍ਰਾਈਵੇਟ ਸਕੂਲ ਦੀ ਬੱਸ ਚਲਾਉਂਦੇ ਹਨ। ਸਿਮਰਨ ਦਾ ਇੱਕ ਛੋਟਾ ਭਰਾ ਵੀ ਹੈ, ਜੋ 10ਵੀਂ ਜਮਾਤ ਦੇ ਬਾਅਦ ਅਮਰੀਕਾ ਚਲਾ ਗਿਆ ਸੀ। ਸਿਮਰਨ ਕੈਨੇਡਾ ‘ਚ ਉੱਚ-ਸਿੱਖਿਆ ਪ੍ਰਾਪਤ ਕਰਨ ਅਤੇ ਪਰਿਵਾਰ ਦੀ ਮਾਲੀ ਹਾਲਤ ਨੂੰ ਸੁਧਾਰਨਾ ਦਾ ਸੁਪਨਾ ਲੈ ਕੇ ਆਈ ਸੀ।
ਸਥਾਨਕ ਭਾਈਚਾਰਾ ਇਸ ਘਟਨਾ ਨਾਲ ਗਹਿਰੇ ਦੁਖ ਵਿੱਚ ਹੈ। ਕੈਨੇਡਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਸੁਰੱਖਿਆ ਇੱਕ ਵੱਡਾ ਮਸਲਾ ਬਣਦਾ ਜਾ ਰਿਹਾ ਹੈ। ਸਿਮਰਨ ਕੌਰ ਦੀ ਮੌਤ ਨੇ ਸਥਾਨਕ ਪੰਜਾਬ ਅਤੇ ਹਰਿਆਣਾ ਦੇ ਵਾਸੀਆਂ ਨੂੰ ਸਰੁੱਖਿਆ ਨੂੰ ਲੈ ਕੇ ਡੂੰਘਾ ਸੋਚਣ ‘ਤੇ ਮਜ਼ਬੂਰ ਕਰ ਦਿੱਤਾ ਹੈ। ਸਥਾਨਕ ਭਾਈਚਾਰੇ ਵਲੋਂ ਇਸ ਮਾਮਲੇ ‘ਚ ਸਰਕਾਰ ਤੋਂ ਸਖਤ ਕਦਮ ਚੁੱਕਣ ਦੀ ਮੰਗ ਕੀਤੀ ਹੈ, ਤਾਂ ਜੋ ਭਵਿੱਖ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ।
ਸਿਮਰਨਜੀਤ ਦੇ ਪਿੰਡ ਦੇ ਸਾਬਕਾ ਸਰਪੰਚ ਦਿਲਬਾਗ ਸਿੰਘ ਗੋਰਾਇਆ ਨੇ ਕਿਹਾ, “ਇਹ ਘਟਨਾ ਸਿਰਫ਼ ਉਸਦੇ ਪਰਿਵਾਰ ਲਈ ਨਹੀਂ ਸਗੋਂ ਪੂਰੇ ਪਿੰਡ ਲਈ ਦਿਲ ਦਹਲਾ ਦੇਣ ਵਾਲੀ ਹੈ। ਅਸੀਂ ਕੈਨੇਡਾ ਦੇ ਸਮਾਜਿਕ ਅਤੇ ਧਾਰਮਿਕ ਸੰਗਠਨਾਂ ਨਾਲ ਸੰਪਰਕ ਕਰ ਰਹੇ ਹਾਂ ਤਾਂ ਜੋ ਸਿਮਰਨਜੀਤ ਦੀ ਦੇਹ ਨੂੰ ਭਾਰਤ ਲਿਆਂਦਾ ਜਾ ਸਕੇ।”
ਪੁਲਿਸ ਵੱਲੋਂ ਹਮਲਾਵਰ ਦੀ ਪਛਾਣ ਅਤੇ ਮਕਸਦ ਬਾਰੇ ਜਾਣਕਾਰੀ ਲੱਭਣ ਲਈ ਜਾਂਚ ਕੀਤੀ ਜਾ ਰਹੀ ਹੈ ਅਤੇ ਜਨਤਾ ਨੂੰ ਵੀ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਵੀ ਇਸ ਮਾਮਲੇ ਬਾਰੇ ਕੋਈ ਜਾਣਕਾਰੀ ਹੋਵੇ, ਤਾਂ ਉਹ ਤੁਰੰਤ ਪੁਲਿਸ ਨਾਲ ਸੰਪਰਕ ਕਰੇ।

Related Articles

Latest Articles