ਨਿਊਯਾਰਕ : ਅਮਰੀਕਾ ਵਿੱਚ 24 ਘੰਟਿਆਂ ਦਰਮਿਆਨ ਤਿੰਨ ਗੋਲੀਬਾਰੀ ਦੀਆਂ ਘਟਨਾਵਾਂ ਵਾਪਰੀਆਂ ਜਿਸ ਕਾਰਨ ਅਮਰੀਕਾ ‘ਚ ਕਈ ਥਾਵਾਂ ‘ਤੇ ਨਵੇਂ ਸਾਲ ਦੇ ਜਸ਼ਨ ਵੀ ਫਿੱਕੇ ਰਹੇ ਨਿਊਯਾਰਕ ਵਿੱਚ ਅਮਜੂਰਾ ਨਾਈਟ ਕਲੱਬ ਵਿੱਚ ਹੋਈ ਅੰਨ੍ਹੇਵਾਹ ਗੋਲ਼ੀਬਾਰੀ ਨਾਲ ਹਲਚਲ ਮਚੀ ਹੋਈ ਹੈ। ਹਮਲਾਵਰ ਨੇ ਬੀਤੀ ਰਾਤ 11:45 ਵਜੇ ਕਲੱਬ ਦੇ ਅੰਦਰ ਗੋਲ਼ੀਆਂ ਚਲਾਈਆਂ, ਜਿਸ ਵਿੱਚ ਕਈ ਲੋਕ ਜ਼ਖ਼ਮੀ ਹੋ ਗਏ।
ਪੁਲਿਸ ਦੇ ਮੁਤਾਬਕ, ਹਮਲੇ ਤੋਂ ਤੁਰੰਤ ਬਾਅਦ ਜਮਾਇਕਾ ਲੌਂਗ ਆਈਲੈਂਡ ਰੇਲ ਰੋਡ ਸਟੇਸ਼ਨ ਦੇ ਨੇੜੇ ਸੁਰੱਖਿਆ ਵਧਾ ਦਿੱਤੀ ਗਈ ਅਤੇ ਸ਼ੱਕੀ ਦੀ ਪਛਾਣ ਲਈ ਕਾਰਵਾਈ ਜਾਰੀ ਹੈ। ਹਾਲਾਂਕਿ, ਹਮਲਾਵਰ ਦੀ ਪਛਾਣ ਹੋਣ ਬਾਰੇ ਅਜੇ ਤੱਕ ਕੋਈ ਪੁਸ਼ਟੀ ਨਹੀਂ ਹੋਈ। ਸਥਾਨਕ ਮੀਡੀਆ ਦੇ ਰਿਪੋਰਟਾਂ ਅਨੁਸਾਰ ਜ਼ਖ਼ਮੀਆਂ ਦੀ ਹਾਲਤ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਾ ਰਹੀ ਹੈ।
ਇਸ ਦੌਰਾਨ, ਨਿਊ ਓਰਲੀਨਜ਼ ਵਿੱਚ ਨਵੇਂ ਸਾਲ ਦਾ ਜਸ਼ਨ ਅਚਾਨਕ ਖ਼ਤਮ ਹੋ ਗਿਆ ਜਦੋਂ ਬੋਰਬਨ ਸਟ੍ਰੀਟ ‘ਤੇ ਇੱਕ ਤੇਜ਼ ਰਫ਼ਤਾਰ ਵਾਲੇ ਪਿਕਅੱਪ ਟਰੱਕ ਨੇ ਭੀੜ ਵਿੱਚ ਗੱਡੀ ਦੌੜਾ ਦਿੱਤੀ। ਇਸ ਹਾਦਸੇ ਵਿੱਚ 15 ਲੋਕ ਮਾਰੇ ਗਏ ਅਤੇ 30 ਹੋਰ ਜ਼ਖ਼ਮੀ ਹੋ ਗਏ।
ਪੁਲਿਸ ਅਤੇ ਐਫਬੀਆਈ ਨੇ ਇਸ ਹਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਦੌਰਾਨ ਪਤਾ ਲੱਗਾ ਕਿ ਟਰੱਕ ਚਲਾਉਣ ਵਾਲਾ ਵਿਅਕਤੀ ਸ਼ਮਸ਼ੁਦੀਨ ਜੱਬਾਰ ਸੀ, ਜੋ ਕਿ ਇੱਕ ਸਾਬਕਾ ਯੂਐਸ ਆਰਮੀ ਸਿਪਾਹੀ ਰਿਹਾ ਹੈ। ਉਸ ਦੇ ਟਰੱਕ ਉੱਤੇ ਅੱਤਵਾਦੀ ਸੰਗਠਨ ਦਾ ਝੰਡਾ ਲਗਾਇਆ ਹੋਇਆ ਸੀ।
ਇੱਕ ਵਾਇਰਲ ਵੀਡੀਓ ਵਿੱਚ ਜੱਬਾਰ ਦੇ ਚਿੱਟੇ ਪਿਕਅੱਪ ਟਰੱਕ ਨੂੰ ਟੈਕਸਾਸ ਪਲੇਟਾਂ ਦੇ ਨਾਲ ਬੋਰਬਨ ਸਟ੍ਰੀਟ ਵੱਲ ਦੌੜਦਾ ਹੋਇਆ ਦਿਖਾਇਆ ਗਿਆ। ਗੱਡੀ ਦੀ ਰਫ਼ਤਾਰ ਨੇ ਜਸ਼ਨ ਮਨਾਉਣ ਆਏ ਲੋਕਾਂ ਵਿੱਚ ਦਹਿਸ਼ਤ ਫੈਲਾ ਦਿੱਤੀ। ਜੱਬਾਰ ਨੇ ਅਸਥਾਈ ਬੈਰੀਕੇਡਾਂ ਨੂੰ ਤੋੜਦੇ ਹੋਏ ਆਪਣੀ ਗੱਡੀ ਭੀੜ ਵਿੱਚ ਦੌੜਾ ਦਿੱਤੀ।
ਇਸ ਹਮਲੇ ਨੇ ਸਥਾਨਕ ਅਧਿਕਾਰੀਆਂ ਅਤੇ ਅਮਰੀਕੀ ਜਨਤਾ ਵਿੱਚ ਗੁੱਸਾ ਅਤੇ ਚਿੰਤਾ ਪੈਦਾ ਕੀਤੀ ਹੈ। ਹੁਣ ਇਸ ਮਾਮਲੇ ਨੂੰ ਜ਼ਿਆਦਾ ਗੰਭੀਰਤਾ ਨਾਲ ਵੇਖਦੇ ਹੋਏ, ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ। ਸਰਕਾਰ ਅਤੇ ਸੁਰੱਖਿਆ ਏਜੰਸੀਆਂ ਨੇ ਹਮਲਾਵਰਾਂ ਦੇ ਖਿਲਾਫ਼ ਸਖ਼ਤ ਕਾਰਵਾਈ ਦਾ ਭਰੋਸਾ ਦਿੱਤਾ ਹੈ।