1.4 C
Vancouver
Saturday, January 18, 2025

ਨਸ਼ਾ ਛਡਾਊ ਕੇਂਦਰ ਕਿਹੋ ਜਿਹੇ ਹੋਣ..?

 

ਲੇਖਕ : ਮੋਹਨ ਸ਼ਰਮਾ
ਮੋਗਾ ਜ਼ਿਲ੍ਹੇ ਦੇ ਕੋਟ ਈਸੇ ਖਾਂ ਕਸਬੇ ਦੇ ਨੇੜੇ ਚੀਮਾ ਪਿੰਡ ਵਿੱਚ ‘ਆਸ ਦੀ ਕਿਰਨ’ ਨਾਂ ਦਾ ਅਣਅਧਿਕਾਰਤ ਨਸ਼ਾ ਛਡਾਊ ਕੇਂਦਰ ਇਲਾਕੇ ਦੇ ਚਾਰ ਪੰਜ ਨੌਜਵਾਨ ਲੜਕਿਆਂ ਨੇ ਰਲਕੇ ਖੋਲ੍ਹਿਆ ਹੋਇਆ ਸੀ। ਕਿਸੇ ਵੀ ਨਸ਼ਾ ਛਡਾਊ ਕੇਂਦਰ ਜਾਂ ਮੁੜ ਵਸਾਊ ਕੇਂਦਰ ਨੂੰ ਚਲਾਉਣ ਲਈ ਪੰਜਾਬ ਦੇ ਹੈਲਥ ਵਿਭਾਗ ਤੋਂ ਮਨਜੂਰੀ ਲੈਣੀ ਪੈਂਦੀ ਹੈ ਅਤੇ ਇਹ ਮਨਜ਼ੂਰੀ ਨਿਰਧਾਰਤ ਸ਼ਰਤਾਂ ਉਪਰੰਤ ਹੀ ਦਿੱਤੀ ਜਾਂਦੀ ਹੈ।
ਮਨੋਵਿਗਿਆਨਕ ਡਾਕਟਰ ਦਾ ਹੋਣਾ, ਸਿਹਤ ਕਰਮਚਾਰੀਆਂ ਦਾ ਹੋਣਾ, ਯੋਗ ਕਾਊਂਸਲਰ, ਨਰਸਾਂ, ਵਾਰਡ ਬੁਆਏ, ਸਾਫ ਸੁਥਰੀ ਹਵਾਦਾਰ ਇਮਾਰਤ ਅਤੇ ਸਾਫ ਸੁਥਰਾ ਵਾਤਾਵਰਣ ਇੱਕ ਨਸ਼ਾ ਛਡਾਊ ਕੇਂਦਰ ਵਿੱਚ ਹੋਣਾ ਜ਼ਰੂਰੀ ਹੈ। ਸਰਟੀਫਿਕੇਟ ਜਾਰੀ ਕਰਨ ਤੋਂ ਪਹਿਲਾਂ ਕਾਰਜਕਾਰੀ ਮੈਜਿਸਟਰੇਟ, ਸੀ.ਐੱਮ.ਓ. ਅਤੇ ਹੋਰ ਅਧਿਕਾਰੀ ਸੈਂਟਰ ਦਾ ਮੁਆਇਨਾ ਕਰਦੇ ਹਨ ਅਤੇ ਉਨ੍ਹਾਂ ਦੀ ਸਿਫਾਰਸ਼ ਉਪਰੰਤ ਸਿਹਤ ਵਿਭਾਗ ਸੈਂਟਰ ਚਾਲੂ ਕਰਨ ਲਈ ਤਿੰਨ ਸਾਲ ਵਾਸਤੇ ਲਾਇਸੰਸ ਜਾਰੀ ਕਰਦਾ ਹੈ। ਲਾਇਸੰਸਸ਼ੁਦਾ ਸੈਂਟਰ ਨੂੰ ਸੀ.ਐੱਮ.ਓ. ਸਮੇਂ ਸਮੇਂ ਸਿਰ ਚੈੱਕ ਵੀ ਕਰਦਾ ਹੈ ਅਤੇ ਦਾਖ਼ਲ ਨਸ਼ਈ ਮਰੀਜ਼ਾਂ ਦਾ ਹਾਲ-ਚਾਲ ਵੀ ਪੁੱਛਦਾ ਰਹਿੰਦਾ ਹੈ। ਊਣਤਾਈਆਂ ਸੰਬੰਧੀ ਨਿਰਦੇਸ਼ ਦੇਣੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਜ਼ਿਲ੍ਹਾ ਸਿਹਤ ਅਧਿਕਾਰੀ ਦੀ ਜ਼ਿੰਮੇਵਾਰੀ ਬਣਦੀ ਹੈ। ਪਰ ਚੀਮਾ ਪਿੰਡ ਵਿੱਚ ਖੋਲ੍ਹਿਆ ਗਿਆ ਨਸ਼ਾ ਛਡਾਊ ਕੇਂਦਰ ਸਾਰੇ ਨਿਯਮਾਂ ਨੂੰ ਛਿੱਕੇ ਤੇ ਟੰਗਕੇ ਆਪਣੀ ਮਰਜ਼ੀ ਨਾਲ ਖੋਲ੍ਹਿਆ ਗਿਆ। ਅਜਿਹੇ ਖੋਲ੍ਹੇ ਗਏ ਸੈਂਟਰਾਂ ਵਿੱਚ ਨਸ਼ਈਆਂ ਨੂੰ ‘ਇਲਾਜ’ ਲਈ ਦਾਖ਼ਲ ਕਰਕੇ ਮੋਟੀ ਰਕਮ ਵਸੂਲੀ ਜਾਂਦੀ ਹੈ। ਡਾਕਟਰੀ ਸਹੂਲਤਾਂ, ਰਹਿਣ ਸਹਿਣ ਦਾ ਪ੍ਰਬੰਧ, ਮਨੋਵਿਗਿਆਨਕ ਸੇਵਾਵਾਂ ਦੀ ਥਾਂ ਅਜਿਹੇ ਸੈਂਟਰਾਂ ਵਿੱਚ ਹਿੰਸਾਤਮਕ ਗਤੀਵਿਧੀਆਂ, ਭੁੱਖੇ ਰੱਖਣਾ, ਤਸੀਹੇ ਦੇਣੇ ਅਤੇ ਹੋਰ ਢੰਗ ਤਰੀਕਿਆਂ ਨਾਲ ‘ਸੋਧਣ’ ਨੂੰ ਹੀ ਸੈਂਟਰ ਦੇ ਸੰਚਾਲਕ ਸਭ ਤੋਂ ਵਧੀਆ ਇਲਾਜ ਸਮਝਦੇ ਹਨ। ਸਿਰਫ ਚੀਮਾ ਸੈਂਟਰ ਵਿੱਚ ਹੀ ਨਹੀਂ ਸਗੋਂ ਪੰਜਾਬ ਦੇ ਹੋਰ ਬਹੁਤ ਸਾਰੀਆਂ ਥਾਵਾਂ ‘ਤੇ ਅਜਿਹੇ ਅਣਅਧਿਕਾਰਤ ਸੈਂਟਰ ਪੰਜਾਬ ਨੂੰ ‘ਨਸ਼ਾ ਮੁਕਤ ਕਰਨ’ ਵਿੱਚ ‘ਆਪਣਾ ਬਣਦਾ ਯੋਗਦਾਨ’ ਪਾ ਕੇ ਜਿੱਥੇ ਜਵਾਨੀ ਦਾ ਘਾਣ ਕਰ ਰਹੇ ਹਨ, ਉੱਥੇ ਹੀ ਬੇਵੱਸ ਮਾਪਿਆਂ ਤੋਂ ਹਰ ਮਹੀਨੇ ਮੋਟੀ ਰਕਮ ਵੀ ਵਸੂਲਦੇ ਹਨ। ਨਸ਼ਈ ਮਰੀਜ਼ ਦੇ ਮਾਪਿਆਂ ਵੱਲੋਂ ਪੁੱਛਣ ‘ਤੇ ਉਨ੍ਹਾਂ ਦਾ ਘੜਿਆ ਘੜਾਇਆ ਜਵਾਬ ਹੁੰਦਾ ਹੈ, ”ਥੋਡਾ ਮੁੰਡਾ ਰਿਕਵਰੀ ਜ਼ੋਨ ਵਿੱਚ ਹੈ, ਕੋਈ ਫਿਕਰ ਨਾ ਕਰੋ।”
ਇਸ ਸੈਂਟਰ ਵਿੱਚ ਵੀਹ ਕੁ ਦਿਨ ਪਹਿਲਾਂ ਜਗਰਾਓਂ ਦਾ ਸਤਾਈ ਕੁ ਵਰ੍ਹਿਆਂ ਦਾ ਨੌਜਵਾਨ ਦਾਖ਼ਲ ਕਰਵਾਇਆ ਗਿਆ। ਉਸਦਾ ਵਿਆਹ ਵੀ ਪੰਜ-ਛੇ ਮਹੀਨੇ ਪਹਿਲਾਂ ਹੀ ਹੋਇਆ ਸੀ। ਹੋਰਾਂ ਮਾਪਿਆਂ ਦੀ ਤਰ੍ਹਾਂ ਉਸ ਨਸ਼ਈ ਨੌਜਵਾਨ ਦੇ ਮਾਪਿਆਂ ਨੂੰ ਨਸ਼ਾ ਮੁਕਤ ਕਰਕੇ ਵਧੀਆ ਇਨਸਾਨ ਬਣਾਉਣ ਦਾ ਝਾਂਸਾ ਦਿੱਤਾ ਗਿਆ। ਕੁੱਲ ਵੀਹ ਕੁ ਨੌਜਵਾਨ ਇੱਕ ਕਮਰੇ ਵਿੱਚ ਡੱਕ ਕੇ ਰੱਖੇ ਹੋਏ ਸਨ। ਉਨ੍ਹਾਂ ਵਿੱਚ ਜਗਰਾਉਂ ਵਾਲਾ ਲੜਕਾ ਵੀ ਸ਼ਾਮਲ ਹੋ ਗਿਆ।
ਉਸਦੀ ਬਦਕਿਸਮਤੀ ਕਿ 28.11.2024 ਦੀ ਰਾਤ ਨੂੰ ਉਹ ਰਸੋਈ ਵਿੱਚੋਂ ਪਾਣੀ ਲੈ ਰਿਹਾ ਸੀ। ਉਸ ਕੋਲੋਂ ਗਲਤੀ ਨਾਲ ਰਸੋਈ ਵਿੱਚ ਪਾਣੀ ਡੁੱਲ੍ਹ ਗਿਆ। ਨਸ਼ਾ ਛਡਾਊ ਕੇਂਦਰ ਦੇ ਸੰਚਾਲਕਾਂ ਨੇ ਉਸ ਨੂੰ ਲੋਹੇ ਦੀਆਂ ਰਾਡਾਂ ਨਾਲ ਅੰਨ੍ਹੇ ਵਾਹ ਕੁੱਟਿਆ। ਮਾਰ ਨਾ ਝੱਲਦਿਆਂ ਉਹ ਬੇਹੋਸ਼ ਹੋ ਗਿਆ। ਫਿਰ ਉਸ ‘ਤੇ ਠੰਢਾ ਪਾਣੀ ਪਾਕੇ ਪਸ਼ੂਆਂ ਵਾਂਗ ਕੁੱਟਦੇ ਰਹੇ। ਅਜਿਹੇ ਅਣਮਨੁੱਖੀ ਤਸੀਹੇ ਨਾ ਝੱਲਦਿਆਂ ਉਹ ਦਮ ਤੋੜ ਗਿਆ। ਮਾਪਿਆਂ ਨੂੰ ਇਸ ਅਨਹੋਣੀ ਦੀ ਖਬਰ ਮਿਲਦਿਆਂ ਹੀ ਘਰ ਵਿੱਚ ਚੀਕ-ਚਿਹਾੜਾ ਪੈ ਗਿਆ। ਮੌਕੇ ‘ਤੇ ਪੁਲਿਸ ਪਹੁੰਚ ਗਈ। ਸੰਚਾਲਕ ਫਰਾਰ ਹੋ ਗਏ। ਸਹਿਮੇ ਜਿਹੇ ਬੈਠੇ ਬਾਕੀ ਦਾਖ਼ਲ ਨਸ਼ਈਆਂ ਨੇ ਰੋਂਦਿਆਂ ਪ੍ਰਗਟਾਵਾ ਕੀਤਾ ਕਿ ਇਹ ਨਸ਼ਾ ਛਡਾਊ ਕੇਂਦਰ ਨਹੀਂ, ਤਸੀਹਾ ਕੇਂਦਰ ਹੈ। ਅਸੀਂ ਸਾਰੇ ਹੀ ਇਸ ਤਸ਼ੱਦਦ ਦਾ ਸ਼ਿਕਾਰ ਹੁੰਦੇ ਰਹੇ ਹਾਂ।
ਬਿਨਾਂ ਸ਼ੱਕ ਅੰਦਾਜ਼ਨ 71% ਨੌਜਵਾਨਾਂ ਦੀ ਜ਼ਿੰਦਗੀ ਨਸ਼ਿਆਂ ਦੇ ਨਾਗਵਲ ਵਿੱਚ ਫਸ ਚੁੱਕੀ ਹੈ। ਉਹ ਨਸ਼ਾ ਖਰੀਦਣ ਲਈ ਚੋਰੀਆਂ ਕਰਦੇ ਹਨ, ਆਪਣਾ ਖੂਨ ਵੇਚਦੇ ਹਨ, ਭੀਖ ਮੰਗਦੇ ਹਨ।
ਗੰਭੀਰ ਪ੍ਰਸ਼ਨ ਹੈ ਕਿ ਮਨੁੱਖੀ ਜ਼ਿੰਦਗੀ ਨਾਲ ਖਿਲਵਾੜ ਕਰਨ ਵਾਲੇ ਅਣਅਧਿਕਾਰਤ ਨਸ਼ਾ ਛਡਾਊ ਕੇਂਦਰ ਸੰਬੰਧੀ ਪ੍ਰਸ਼ਾਸਨ, ਸਿਹਤ ਵਿਭਾਗ ਅਤੇ ਪੁਲਿਸ ਵਿਭਾਗ ਨੂੰ ਸਿਰਫ ਉਦੋਂ ਹੀ ਪਤਾ ਲੱਗਾ ਜਦੋਂ ਇੱਕ ਨੌਜਵਾਨ ਤਸ਼ੱਦਦ ਦਾ ਸ਼ਿਕਾਰ ਹੋਕੇ ਦਮ ਤੋੜ ਗਿਆ ਅਤੇ ਬਾਕੀ ਦਾਖ਼ਲ ਨੌਜਵਾਨ ਸਾਹਾਂ ਦੀ ਭੀਖ਼ ਮੰਗ ਰਹੇ ਸਨ। ਅਜਿਹਾ ਇਹ ਪਹਿਲਾ ਕੇਸ ਨਹੀਂ, ਅਨੇਕਾਂ ਹੋਰ ਅਖਾਉਤੀ ਨਸ਼ਾ ਛਡਾਊ ਕੇਂਦਰ ਨਸ਼ਾ ਛੁਡਵਾਉਣ ਦੇ ਨਾਂ ‘ਤੇ ਜਵਾਨੀ ਨੂੰ ਅੰਨ੍ਹੇ ਵਾਹ ਕੁੱਟ ਵੀ ਰਹੇ ਹਨ ਅਤੇ ਬੇਵੱਸ ਮਾਪਿਆਂ ਨੂੰ ਲੁੱਟ ਵੀ ਰਹੇ ਹਨ।
ਦਰਅਸਲ ਪੰਜਾਬ ਵਿੱਚ ਨਸ਼ਿਆਂ ਦੀ ਮਹਾਂਮਾਰੀ ਨੇ ਬਹੁਤ ਸਾਰੇ ਮੈਡੀਕਲ ਸਟੋਰਾਂ, ਜੇਲ੍ਹਾਂ ਦੇ ਬਹੁਤ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ, ਪੁਲਿਸ ਵਿਭਾਗ ਦੀਆਂ ਕੁਝ ਕਾਲੀਆਂ ਭੇਂਡਾਂ, ਨਸ਼ੇ ਦੇ ਤਸਕਰਾਂ, ਮਨੁੱਖੀ ਜ਼ਿੰਦਗੀ ਦਾ ਖਿਲਵਾੜ ਕਰਨ ਵਾਲੇ ਕੁਝ ਸਿਆਸਤਦਾਨਾਂ ਅਤੇ ਕੁਝ ਸਿਹਤ ਕਰਮਚਾਰੀਆਂ ਨੇ ਨਸ਼ੇ ਦੀ ਅੰਨ੍ਹੀ ਕਮਾਈ ਨਾਲ ਮਹਿਲਨੁਮਾ ਕੋਠੀਆਂ ਵੀ ਉਸਾਰੀਆਂ ਹਨ ਅਤੇ ਬੈਂਕ ਲਾਕਰਾਂ ਵਿੱਚ ਵੀ ਬਹੁਤ ਕੁਝ ਛੁਪਾ ਕੇ ਰੱਖਿਆ ਹੈ। ਹਾਈ ਕੋਰਟ ਦੀ ਮਾਣਯੋਗ ਜੱਜ ਸ਼੍ਰੀ ਮਤੀ ਮੰਜਰੀ ਨਹਿਰੂ ਕੌਲ ਅਤੇ ਮਾਣਯੋਗ ਜੱਜ ਸ਼੍ਰੀ ਸੇਖ਼ਾਵਤ ਦੀਆਂ ਸਖਤ ਟਿੱਪਣੀਆਂ ਨੇ ਸਰਕਾਰ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ ਹੈ। ਈ.ਡੀ. ਦੇ ਸਾਬਕਾ ਅਧਿਕਾਰੀ ਨਿਰੰਜਨ ਸਿੰਘ ਨੇ ਇੰਟਰਨੈੱਟ ਮੀਡੀਆ ਪਲੇਟਫਾਰਮ ‘ਤੇ ਪ੍ਰਗਟਾਵਾ ਕੀਤਾ ਹੈ ਕਿ ਈ.ਡੀ. ਦੇ ਉੱਚ ਅਧਿਕਾਰੀ ਨੇ ਡਰੱਗਜ਼ ਨਾਲ ਸੰਬੰਧਿਤ ਕਈ ਕੇਸ ਉਸ ਕੋਲੋਂ ਖੋਹ ਕੇ ਨਵੀਂ ਦਿਲੀ ਟਰਾਂਸਫਰ ਕਰ ਦਿੱਤੇ ਸਨ ਤਾਂ ਜੋ ਨਸ਼ੇ ਦਾ ਧੰਦਾ ਕਰਨ ਵਾਲੇ ਕਾਨੂੰਨ ਦੇ ਸ਼ਿਕੰਜੇ ਤੋਂ ਬਚ ਸਕਣ। ਇੱਥੇ ਹੀ ਬੱਸ ਨਹੀਂ 14 ਜੁਲਾਈ 2018 ਨੂੰ ਆਪਣੇ ਪੇਸ਼ੇ ਪ੍ਰਤੀ ਸਮਰਪਿਤ, ਇਮਾਨਦਾਰ ਅਤੇ ਬੇਦਾਗ ਸੀਨੀਅਰ ਡਰੱਗ ਇੰਸਪੈਕਟਰ ਨੇਹਾ ਸ਼ੋਰੀ ਨੇ ਆਪਣੇ ਵਿਭਾਗ ਦੇ ਡਰੱਗ ਕੰਟਰੌਲਰ ਨੂੰ ਇੱਕ ਰਿਪੋਰਟ ਸੌਂਪੀ ਸੀ, ਜਿਸ ਵਿੱਚ ਉਸ ਵੱਲੋਂ ਨਿੱਜੀ ਨਸ਼ਾ ਛਡਾਊ ਕੇਂਦਰਾਂ ਵਿੱਚ ਬੁਪਰੀਨੌਰਫੀਨ (ਜੀਭ ਤੇ ਰੱਖਣ ਵਾਲੀ ਗੋਲੀ) ਦਾ 100 ਕਰੋੜ ਰੁਪਏ ਦੇ ਘਪਲੇ ਦਾ ਪਰਦਾ ਫਾਸ ਕੀਤਾ ਸੀ। ਅਜਿਹੇ ਵੱਡੇ ਘਪਲੇ ਦੀਆਂ ਪਰਤਾਂ ਖੋਲ੍ਹਣ ਵਾਲੀ ਨੇਹਾ ਸ਼ੋਰੀ ਨੂੰ 31 ਮਾਰਚ 2019 ਨੂੰ ਉਸਦੇ ਦਫਤਰ ਵਿੱਚ ਹੀ ਗੋਲੀਆਂ ਨਾਲ ਭੁੰਨ ਦਿੱਤਾ ਗਿਆ। ਗੋਲੀ ਮਾਰਨ ਵਾਲੇ ਬਲਵਿੰਦਰ ਸਿੰਘ ਨੇ ਭਾਵੇਂ ਬਾਅਦ ਵਿੱਚ ਆਪਣੇ ਆਪ ਨੂੰ ਗੋਲੀ ਮਾਰਕੇ ਆਤਮ ਹੱਤਿਆ ਕਰ ਲਈ, ਪਰ ਨੇਹਾ ਸ਼ੋਰੀ ਦਾ ਲੈਪਟਾਪ ਅਤੇ ਸਿੰਮ ਕਾਰਡ ਲੱਭੇ ਨਹੀਂ। ਸੌ ਕਰੋੜ ਦਾ ਘਪਲਾ ਵੀ ਫਾਈਲਾਂ ਦਾ ਸ਼ਿੰਗਾਰ ਬਣਕੇ ਰਹਿ ਗਿਆ। ਦੂਜੇ ਪਾਸੇ ਮੁਕਤਸਰ ਵਿਖੇ ਨਿਯੁਕਤ ਡਰੱਗ ਇੰਸਪੈਕਟਰ ਸ਼ਿਸਾਨ ਮਿੱਤਲ ਪੁਲਿਸ ਦੇ ਧੱਕੇ ਚੜ੍ਹਿਆ ਹੈ ਜੋ ਆਪਣੇ ਅਹੁਦੇ ਦੀ ਦੁਰਵਰਤੋਂ ਕਰਦਿਆਂ ਜੇਲ੍ਹਾਂ ਅਤੇ ਹੋਰ ਥਾਵਾਂ ‘ਤੇ ਨਸ਼ਾ ਸਪਲਾਈ ਕਰਦਾ ਸੀ। ਆਪਣੇ ਇਸ ਅਹੁਦੇ ਦੀ ਆੜ ਵਿੱਚ ‘ਚਿੱਟਾ’ ਤਿਆਰ ਕਰਨ ਲਈ ਹਿਮਾਚਲ ਪ੍ਰਦੇਸ਼ ਦੀ ਬੱਦੀ ਵਿੱਚ ਲੱਗੀ ਫੈਕਟਰੀ ਤੋਂ ‘ਸੁਡਰੋਫੈਡਰਿਨ’ ਵੀ ਸਪਲਾਈ ਕਰਦਾ ਸੀ। ਤਲਾਸ਼ੀ ਦਰਮਿਆਨ ਬੇਪਨਾਹ ਇਕੱਠੀ ਕੀਤੀ ਕਾਲੀ ਕਮਾਈ ਹੁਣ ਪੁਲਿਸ ਦੇ ਕਬਜ਼ੇ ਵਿੱਚ ਹੈ। ਗੰਭੀਰ ਹੋ ਕੇ ਚਿੰਤਨ ਕਰਨ ਦੀ ਲੋੜ ਹੈ ਕਿ ਅਜਿਹੀ ਕਮਾਈ ਨਾਲ ਜ਼ਰੂਰੀ ਨਹੀਂ ਵਿਆਹ ਦਾ ਜੋੜਾ ਖਰੀਦਿਆ ਜਾਵੇ, ਕੱਫ਼ਣ ਵੀ ਹਿੱਸੇ ਆ ਸਕਦਾ ਹੈ। ਪੱਥਰਾਂ ਨੂੰ ਵੀ ਰੁਆਉਣ ਵਾਲਿਆਂ ਦੇ ਕੀਰਨੇ ਸੁਖ ਦੀ ਨੀਂਦ ਨਹੀਂ ਸੌਣ ਦੇਣਗੇ। ਦੁਖਾਂਤ ਹੈ ਕਿ ਇੱਕ ਪਾਸੇ ਦੇਸ਼ ਨੂੰ ਅਜ਼ਾਦ ਕਰਵਾਉਣ ਵਾਲੇ ਸ਼ਹੀਦ ਹੋਏ, ਦੂਜੇ ਪਾਸੇ ਹੁਣ ਚਿੱਟੇ ਦੀ ਰੋਕਥਾਮ ਲਈ ਅਵਾਜ਼ ਉਠਾਉਣ ਵਾਲੇ ਕਈ ਥਾਂਈਂ ਸ਼ਹੀਦ ਹੋਏ ਹਨ।
ਹੁਣ ਸਾਡੀ ਸਰਕਾਰ ਨੂੰ ਅਪੀਲ ਹੈ ਕਿ ਥਾਂ ਥਾਂ ਖੁੰਬਾਂ ਵਾਂਗ ਖੁੱਲ੍ਹੇ ਅਜਿਹੇ ਨਸ਼ਾ ਛਡਾਊ ਕੇਂਦਰਾਂ ਨੂੰ ਤੁਰੰਤ ਬੰਦ ਕਰਕੇ ਜਵਾਨੀ ਨੂੰ ਇਸ ਹੋ ਰਹੇ ਘਾਣ ਤੋਂ ਬਚਾਇਆ ਜਾਵੇ। ਦੂਜੇ ਪਾਸੇ ਜਿਹੜੇ ਨਸ਼ਾ ਛਡਾਊ ਕੇਂਦਰਾਂ ਨੂੰ ਪੰਜਾਬ ਦੇ ਸਿਹਤ ਵਿਭਾਗ ਵੱਲੋਂ ਲਾਇਸੰਸ ਜਾਰੀ ਹੁੰਦਾ ਹੈ, ਉਸ ਸੰਬੰਧੀ ਸਖਤੀ ਨਾਲ ਪੜਤਾਲ ਕੀਤੀ ਜਾਵੇ ਤਾਂ ਕਿ ਨਸ਼ਾ ਛਡਾਉਣ ਦੀ ਥਾਂ ਮਾਪਿਆਂ ਦੀ ਲੁੱਟ ਨਾ ਹੋਵੇ ਅਤੇ ਜਵਾਨੀ ਤਸ਼ੱਦਦ ਦਾ ਸ਼ਿਕਾਰ ਨਾ ਹੋਵੇ।
ਦਰਅਸਲ ਨਸ਼ਿਆਂ ਦੀ ਦਲਦਲ ਵਿੱਚ ਧਸੇ ਨੌਜਵਾਨ ਗੁਮਰਾਹ ਹੋਏ ਨੌਜਵਾਨ ਹਨ। ਇਨ੍ਹਾਂ ਦਾ ਇਲਾਜ ਮਾਰ ਕੁੱਟ, ਜਲਾਲਤ, ਝਿੜਕਾਂ, ਸਮਾਜਿਕ ਬਾਈਕਾਟ, ਸੰਗਲਾਂ ਨਾਲ ਬੰਨ੍ਹ ਕੇ ਰੱਖਣਾ ਜਾਂ ਗਾਲੀ ਗਲੋਚ ਨਹੀਂ ਹੈ। ਇਨ੍ਹਾਂ ਭਟਕੇ ਹੋਏ ਨੌਜਵਾਨਾਂ ਨੂੰ ਧਰਮ, ਸਾਹਿਤ, ਕਿਰਤ ਅਤੇ ਖੇਡਾਂ ਦੇ ਸੰਕਲਪ ਨਾਲ ਜੋੜ ਕੇ ਮੁੱਖ ਧਾਰਾ ਵਿੱਚ ਲਿਆਂਦਾ ਜਾ ਸਕਦਾ ਹੈ। ਨਾਲ ਹੀ ਸਰੀਰਕ ਤਕਲੀਫ ਲਈ ਦਵਾਈ ਦਾ ਪ੍ਰਬੰਧ ਜ਼ਰੂਰੀ ਹੈ। ਇਨ੍ਹਾਂ ਥਿੜਕੇ ਹੋਏ ਜਵਾਨਾਂ ਨੂੰ ਮਾਨਸਿਕ ਤੌਰ ‘ਤੇ ਅਰੋਗੀ ਕਰਨਾ, ਅਤਿਅੰਤ ਜ਼ਰੂਰੀ ਹੈ। ਚੰਗਾ ਪੁੱਤ, ਚੰਗਾ ਬਾਪ, ਚੰਗਾ ਪਤੀ ਅਤੇ ਚੰਗਾ ਨਾਗਰਿਕ ਬਣਨ ਦੀ ਪ੍ਰੇਰਨਾ ਦੇਣ ਵਾਲੇ ਇਨ੍ਹਾਂ ਨੌਜਵਾਨਾਂ ਲਈ ਰੋਲ ਮਾਡਲ ਹੋਣੇ ਚਾਹੀਦੇ ਹਨ। ਕਿਸੇ ਨੂੰ ਉਸਾਰੂ ਪ੍ਰੇਰਨਾ ਤਦ ਹੀ ਪੂਰੀ ਤਰ੍ਹਾਂ ਅਸਰ ਕਰਦੀ ਹੈ ਜੇਕਰ ਪ੍ਰਰੇਨਾ ਦੇਣ ਵਾਲਾ ਆਪ ਉਸਾਰੂ ਸਿਧਾਂਤਾਂ ‘ਤੇ ਡਟ ਕੇ ਪਹਿਰਾ ਦੇਣ ਲਈ ਯਤਨਸ਼ੀਲ ਹੋਵੇ। ਹਾਂ, ਇਸ ਖੇਤਰ ਵਿੱਚ ਦੁਖੀ ਮਾਪਿਆਂ ਦਾ ਆਰਥਿਕ ਸ਼ੋਸ਼ਣ ਕਰਨ ਵਾਲੇ ਅਤੇ ਜਵਾਨੀ ਨੂੰ ਸਿਵਿਆਂ ਦੇ ਰਾਹ ਪਾਉਣ ਵਾਲਿਆਂ ਨੂੰ ਸਮਾਂ ਆਉਣ ‘ਤੇ ਆਪਣੇ ਬੀਜੇ ਕੰਡੇ ਆਪ ਚੁਗਣੇ ਪੈਣਗੇ।

Related Articles

Latest Articles