0.4 C
Vancouver
Saturday, January 18, 2025

ਮਸਨੂਈ ਬੁੱਧੀ ਸਿੱਖਿਆ ਖੇਤਰ ਨੂੰ ਕਿਵੇਂ ਬਦਲੇਗੀ

 

ਲੇਖਕ : ਡਾ. ਸੋਨੂੰ ਰਾਣੀ,
ਸੰਪਰਕ: 91159-30504
ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਭਾਵ ਮਸਨੂਈ ਬੁੱਧੀ ਸਾਡੇ ਦਰਾਂ ‘ਤੇ ਆ ਚੁੱਕੀ ਹੈ। ਇਸ ਨਾਲ ਪਲ-ਪਲ ਮਨੁੱਖੀ ਜੀਵਨ ਜਾਚ ਬਦਲ ਰਹੀ ਹੈ। ਇਸ ਦੀ ਸ਼ੁਰੂਆਤ ਵੀਹਵੀਂ ਸਦੀ ਦਾ ਦੂਜਾ ਅੱਧ ਆਰੰਭ ਹੋਣ ਨਾਲ ਹੀ ਹੋ ਗਈ ਸੀ ਜਦੋਂ ਐਲਨ ਟਿਊਰਿੰਗ ਦੀ ਮੌਤ ਤੋਂ ਬਾਅਦ ਜੌਨ ਮੈਕਾਰਥੀ ਨੇ 1956 ਵਿੱਚ ਪਹਿਲੀ ਵਾਰ ਸ਼ਬਦ ‘ਆਰਟੀਫੀਸ਼ੀਅਲ ਇੰਟੈਲੀਜੈਂਸ’ ਵਰਤਿਆ। ਹੁਣ ਇੱਕੀਵੀਂ ਸਦੀ ਦੇ ਤੀਜੇ ਦਹਾਕੇ ਦੇ ਆਰੰਭ ਨਾਲ ਇਸ ਦੀ ਚਰਚਾ ਆਮ ਹੋ ਗਈ ਹੈ।
‘ਚੈਟਬੋਟ’ ਸਾਡੀ ਜ਼ਿੰਦਗੀ ਵਿੱਚ ਪੂਰੀ ਤਰ੍ਹਾਂ ਸ਼ਾਮਲ ਹੋ ਚੁੱਕੇ ਹਨ ਅਤੇ ਰੋਬੋਟ ਸਾਡੇ ਜੀਵਨ ਦਾ ਹਿੱਸਾ ਬਣ ਰਹੇ ਹਨ। ਬਹੁਤ ਹੱਦ ਤੱਕ ਉਹ ਸਾਡੇ ਫੋਨਾਂ ਰਾਹੀਂ ਸਾਡੇ ਜੀਵਨ ਵਿੱਚ ਦਾਖਲ ਹੋ ਵੀ ਚੁੱਕੇ ਹਨ। ‘ਚੈਟ ਜੀਪੀਟੀ’ ਨੇ ਸਿੱਖਿਆ ਵਿਧੀ ਬਦਲ ਕੇ ਰੱਖ ਦਿੱਤਾ ਹੈ। ਇਸ ਤੋਂ ਇਲਾਵਾ ਵੱਖ-ਵੱਖ ਐਪਸ ਵਿੱਚ ਅਵਤਾਰ ਅਤੇ ਚੈਟਬੋਟ ਨਾਂ ਦੀ ਮਸਨੂਈ ਬੁੱਧੀ ਹੈ ਜਿਸ ਨਾਲ ਤੁਸੀਂ ਆਪਣੀਆਂ ਤਸਵੀਰਾਂ ਦੇ ਅਵਤਾਰ ਤਿਆਰ ਕਰਨ ਦੇ ਨਾਲ-ਨਾਲ ਗੱਲਾਂ ਕਰ ਸਕਦੇ ਹੋ। ਇਸ ਤੋਂ ਇਲਾਵਾ ਰੋਬੋਟ ਮਨੁੱਖੀ ਮਜ਼ਦੂਰਾਂ ਦੀ ਥਾਂ ਕੰਮਕਾਰ ਕਰਨ ਲੱਗਿਆ ਹੈ ਜੋ ਸਿਰਫ਼ ਕੰਮ ਹੀ ਨਹੀਂ ਕਰਦਾ ਸਗੋਂ ਮਨੁੱਖ ਵਾਂਗ ਗੱਲਾਂ ਵੀ ਕਰਦਾ ਹੈ। ਉਦਾਹਰਨ ਵਜੋਂ ਅਮਰੀਕਾ ਵਿੱਚ ‘ਅਮੀਲੀਆ’ ਨਾਂ ਦੀ ਸਮਾਰਟ ਰੋਬੋਟ ਹੈ। ਅਮਰੀਕਾ ਵਿੱਚ ਰਹਿੰਦੇ ਚੇਤਨ ਦੁਬੇ ਦੁਆਰਾ ਤਿਆਰ ਕੀਤੀ ਹੋਈ ਹਿਊਮਨ-ਇੰਟੈਲੀਜੈਂਸ ਨਾਲ ਬਿਨਾਂ ਤਨਖਾਹ ਦੇ ਕੰਮ ਕਰਨ ਵਾਲੀ ਇਸ ਰੋਬੋਟ ਨੇ ਲੱਖਾਂ-ਕਰੋੜਾਂ ਦਫ਼ਤਰੀ ਕਾਮਿਆਂ ਲਈ ਖ਼ਤਰੇ ਦੀ ਘੰਟੀ ਵਜਾ ਦਿੱਤੀ ਹੈ। ਇਹ ਮਸਲਾ ਕਾਫ਼ੀ ਸੰਜੀਦਾ ਹੈ।
ਜੇ ਸਿੱਖਿਆ ਖੇਤਰ ਵਿੱਚ ਅਧਿਆਪਕ ਵਜੋਂ ਏਆਈ ਨਾਲ ਲਬਰੇਜ਼ ਰੋਬੋਟ ਦੇ ਆਗਮਨ ਦੀ ਗੱਲ ਕਰੀਏ ਤਾਂ ਇਸ ਦੀ ਸ਼ੁਰੂਆਤ 2019 ਵਿੱਚ ਹੋਈ ਸੀ। 2019 ਵਿੱਚ ਜਰਮਨ ਦੀ ਮਾਰਬਗ ਯੂਨੀਵਰਸਿਟੀ ਦੇ ਪ੍ਰੋਫੈਸਰ ਜਰਗਨ ਹੈਂਡਕੇ, ‘ਯੂਕੀ’ ਨਾਮਕ ਏਆਈ ਦੀ ਵਰਤੋਂ ਆਪਣੇ ਇੱਕ ਸਹਾਇਕ ਵਜੋਂ ਕਰਦੇ ਸਨ ਜਿਸ ਨਾਲ ਉਹ ਆਪਣੇ ਵਿਦਿਆਰਥੀਆਂ ਨਾਲ ਜ਼ਿਆਦਾ ਲੰਮੇ ਸਮੇਂ ਤੱਕ ਕਿਸੇ ਵਿਸ਼ੇ ਬਾਰੇ ਗੱਲਬਾਤ ਕਰ ਸਕਦੇ ਸਨ। ਇਸ ਤੋਂ ਬਾਅਦ ਦੇਵ ਅਦਿੱਤਿਆ ਅਤੇ ਡਾ. ਪਾਲਡੀ ਓਟਰਮੈਨ ਨੇ ਦੁਨੀਆ ਦਾ ਪਹਿਲਾ ਏਆਈ ਰੋਬੋਟ ਅਧਿਆਪਕ ‘ਬੀਅਟ੍ਰਿਸ’ ਬਣਾਇਆ। ਦੁਨੀਆ ਭਰ ਵਿੱਚ ਵੱਖੋ-ਵੱਖਰੇ ਨਾਵਾਂ ਵਾਲੇ ਕੁਝ ਹੋਰ ਏਆਈ ਅਧਿਆਪਕ ਵੀ ਸ਼ੁਰੂ ਕੀਤੇ ਜਾ ਚੁੱਕੇ ਹਨ। ਇਸੇ ਤਰ੍ਹਾਂ 2024 ਦੇ ਆਰੰਭ ਵਿੱਚ ਹੀ ਕੇਰਲਾ ਦੇ ਤਿਰੂਵਨੰਤਪੁਰਮ ਦੇ ਇੱਕ ਸਕੂਲ ਨੇ ‘ਆਈਰਿਸ’ ਨਾਮਕ ਏਆਈ ਅਧਿਆਪਕ ਰੋਬੋਟ ਦਾ ਉਦਘਾਟਨ ਕੀਤਾ। ‘ਆਈਰਿਸ’ ਰੋਬੋਟ ਅਧਿਆਪਕ ਨੂੰ ਨਵੰਬਰ 2024 ਵਿੱਚ ਪਟਿਆਲਾ ਦੇ ਇੱਕ ਸਕੂਲ ਨੇ ਆਪਣੇ ਅਧਿਆਪਨ ਕਾਰਜ ਲਈ ਅਪਣਾਇਆ ਹੈ।
ਸਿੱਖਿਆ ਖੇਤਰ ਵਿੱਚ ਇਨ੍ਹਾਂ ਏਆਈ ਨਾਲ ਲਬਰੇਜ਼ ਰੋਬੋਟ ਅਧਿਆਪਕਾਂ ਦੇ ਆਗਮਨ ਨਾਲ ਰਵਾਇਤੀ ਅਧਿਆਪਨ ਸ਼ੈਲੀ ਤਾਂ ਲਾਜ਼ਮੀ ਹੀ ਪ੍ਰਭਾਵਿਤ ਹੋਵੇਗੀ ਜਿਸ ਬਾਰੇ ਕੁਝ ਵਿਦਵਾਨ ਖ਼ਦਸ਼ੇ ਜ਼ਾਹਿਰ ਕਰ ਰਹੇ ਹਨ ਜਦੋਂਕਿ ਕੁਝ ਅਨੁਸਾਰ ਇਸ ਨਾਲ ਅਧਿਆਪਨ ਕਾਰਜ ਵਧੇਰੇ ਪ੍ਰਭਾਵਸ਼ਾਲੀ ਤੇ ਦਿਲਚਸਪ ਹੋ ਜਾਵੇਗਾ। ਯਕੀਨਨ ਸਿੱਖਿਆ ਖੇਤਰ ਵਿੱਚ ਇਸ ਦਾ ਪ੍ਰਭਾਵ ਪਹਿਲਾਂ ਸਕਾਰਾਤਮਕ ਅਤੇ ਸਮੇਂ ਦੇ ਨਾਲ ਨਕਾਰਾਤਮਕ ਵੀ ਹੋਵੇਗਾ। ਸਕਾਰਾਤਮਕ ਇਸ ਪੱਖੋਂ ਕਿ ਇਸ ਨਵੀਂ ਤਕਨੀਕ ਨਾਲ ਅਧਿਆਪਨ ਵਿੱਚ ਨਵੀਆਂ ਵਿਧੀਆਂ ਵਰਤੋਂ ਵਿੱਚ ਆਉਣਗੀਆਂ ਜਿਸ ਨਾਲ ਅਧਿਆਪਨ ਪ੍ਰਭਾਵਸ਼ਾਲੀ ਅਤੇ ਦਿਲਚਸਪ ਹੋਵੇਗਾ। ਕਾਗਜ਼ੀ ਕੰਮ ਘਟ ਜਾਣ ਨਾਲ ਅਧਿਆਪਕ ਵਿਦਿਆਰਥੀਆਂ ਨੂੰ ਸਿਖਾਉਣ ਵੱਲ ਵੱਧ ਧਿਆਨ ਦੇ ਸਕੇਗਾ। ਡੇਟਾ ਅਧਿਐਨ ਦੇ ਸੁਖਾਲੇ ਹੋ ਜਾਣ ਨਾਲ ਵਿਦਿਆਰਥੀਆਂ ਨੂੰ ਆਸਾਨੀ ਨਾਲ ਪੜ੍ਹਾਇਆ ਜਾ ਸਕੇਗਾ। ਵਿਦਿਅਕ ਅਦਾਰਿਆਂ ਵਿੱਚ ਵਿਦਿਆਰਥੀਆਂ ਦੀ ਹਾਜ਼ਰੀ ਨੂੰ ਡਿਜੀਟਲ ਵਿਧੀ ਰਾਹੀਂ ਦਰਜ ਕੀਤਾ ਜਾ ਸਕੇਗਾ।
ਇਸ ਤਰ੍ਹਾਂ ਆਪਣੇ ਸ਼ੁਰੂਆਤੀ ਦੌਰ ਵਿੱਚ ਇਹ ਮਸ਼ੀਨਾਂ ਮਨੁੱਖ ਦੇ ਸਹਾਇਕ ਵਜੋਂ ਕੰਮ ਕਰ ਸਕਦੀਆਂ ਹਨ ਪਰ ਸਮੇਂ ਨਾਲ ਜਦੋਂ ਇਹ ਮਸ਼ੀਨਾਂ ਹੋਰ ਜ਼ਿਆਦਾ ਡੇਟਾ ਨਾਲ ਲਬਰੇਜ਼ ਹੋ ਜਾਣਗੀਆਂ ਤਾਂ ਕੀ ਇਹ ਆਪ ਫ਼ੈਸਲੇ ਕਰਨ ਦੇ ਸਮਰੱਥ ਹੋ ਜਾਣਗੀਆਂ? ਜੇ ਅਜਿਹਾ ਹੋਇਆ ਤਾਂ ਉਸ ਸਮੇਂ ਅਧਿਆਪਕਾਂ ਲਈ ਨਵੀਆਂ ਚੁਣੌਤੀਆਂ ਖੜ੍ਹੀਆਂ ਹੋ ਸਕਦੀਆਂ ਹਨ; ਹਾਲਾਂਕਿ ਇਹ ਕਿਹਾ ਜਾ ਰਿਹਾ ਹੈ ਕਿ ਭਾਵੇਂ ਏਆਈ ਜਿੰਨੀ ਮਰਜ਼ੀ ਤਰੱਕੀ ਕਰ ਲਵੇ ਪਰ ਅਧਿਆਪਕ ਦੀ ਜ਼ਰੂਰਤ ਹਮੇਸ਼ਾ ਰਹੇਗੀ।
ਜਦੋਂ ਅਸੀਂ ਵਿਕਸਤ ਹੋ ਚੁੱਕੇ ਰੋਬੋਟ ਦੇਖਦੇ ਹਾਂ ਤਾਂ ਇਹ ਸਵਾਲ ਗੰਭੀਰ ਹੋ ਜਾਂਦਾ ਹੈ ਕਿ ਕੀ ਸਚਮੁੱਚ ਅਧਿਆਪਨ ਏਆਈ ਦੇ ਹੱਥ ਚਲਾ ਜਾਵੇਗਾ ਅਤੇ ਉਹ ਸਿਰਫ਼ ਰਿਕਾਰਡ ਡੇਟਾ ‘ਤੇ ਆਧਾਰਿਤ ਹੋ ਕੇ ਰਹਿ ਜਾਵੇਗਾ? ਉਹ ਹਿਊਮਨੋਇਡ ਰੋਬੋਟ ਕਿਸ ਡੇਟਾ ਨੂੰ ਆਪਣਾ ਆਧਾਰ ਬਣਾਉਣਗੇ? ਉਹ ਡੇਟਾ ਕਿਸ ਦੁਆਰਾ ਸਟੋਰ ਕੀਤਾ ਗਿਆ ਹੋਵੇਗਾ? ਏਆਈ ਦੀ ਨੈਤਿਕਤਾ ਕੌਣ ਨਿਰਧਾਰਤ ਕਰੇਗਾ? ਆਦਿ ਅਨੇਕਾਂ ਸਵਾਲ ਹਨ। ਸੰਸਾਰ ਪ੍ਰਸਿੱਧ ਵਿਦਵਾਨ ਯੁਵਾਲ ਨੋਹ ਹਰਾਰੀ ਆਪਣੀ ਪੁਸਤਕ ‘ਨੈਕਸਸ’ ਵਿੱਚ ਨੌਕਰੀ ਲਈ ਚੁਣੀਆਂ ਅਰਜ਼ੀਆਂ ਦੀ ਉਦਾਹਰਨ ਦਿੰਦਾ ਹੈ ਜਿਸ ਅਨੁਸਾਰ ਸਾਫਟਵੇਅਰ ਨੇ ਸਿਰਫ਼ ਪੁਰਸ਼ਾਂ ਦੀਆਂ ਅਰਜ਼ੀਆਂ ਨੂੰ ਉਸ ਨੌਕਰੀ ਦੇ ਯੋਗ ਸਮਝ ਕੇ ਚੁਣਿਆ ਤੇ ਔਰਤਾਂ ਦੀਆਂ ਅਰਜ਼ੀਆਂ ਖਾਰਜ ਕਰ ਦਿੱਤੀਆਂ। ਨੋਹ ਹਰਾਰੀ ਲਿਖਦਾ ਹੈ ਕਿ ਅਜਿਹਾ ਇਸ ਲਈ ਹੋਇਆ ਕਿਉਂਕਿ ਉਸ ਸਾਫਟਵੇਅਰ ਨੇ ਪੁਰਾਣੇ ਰਿਕਾਰਡ ਦੇ ਆਧਾਰ ‘ਤੇ ਔਰਤਾਂ ਨੂੰ ਉਸ ਨੌਕਰੀ ਲਈ ਅਯੋਗ ਸਮਝਿਆ।
ਇਹ ਘਟਨਾ ਇਹ ਦਰਸਾਉਂਦੀ ਹੈ ਕਿ ਮਸ਼ੀਨਾਂ ਜੋ ਨਤੀਜੇ ਪੇਸ਼ ਕਰਦੀਆਂ ਹਨ, ਉਹ ਇਤਿਹਾਸ ਵਿੱਚ ਮਨੁੱਖ ਵੱਲੋਂ ਵਾਰ-ਵਾਰ ਦੁਹਰਾਈਆਂ ਕਾਰਵਾਈਆਂ ‘ਤੇ ਆਧਾਰਿਤ ਹੁੰਦੀਆਂ ਹਨ; ਭਾਵ, ਮਸ਼ੀਨਾਂ ਉਹ ਸਿੱਖਣਗੀਆਂ ਜੋ ਮਨੁੱਖ ਉਸ ਨੂੰ ਸਿਖਾਵੇਗਾ ਤੇ ਜੇ ਅਜਿਹਾ ਅਧਿਆਪਨ ਦੇ ਖੇਤਰ ਵਿੱਚ ਹੁੰਦਾ ਹੈ ਤਾਂ ਇਸ ਦੇ ਨਤੀਜੇ ਚਿੰਤਾਜਨਕ ਹੋ ਸਕਦੇ ਹਨ। ਇਸ ਲਈ ਵਰਤਮਾਨ ਤੋਂ ਹੀ ਸਾਡੇ ਦੁਆਰਾ ਕੀਤੀਆਂ ਗਈਆਂ ਕਿਰਿਆਵਾਂ ਭਵਿੱਖ ਵਿੱਚ ਮਹੱਤਵਪੂਰਨ ਰੋਲ ਨਿਭਾਉਣਗੀਆਂ। ਸੋ, ਏਆਈ ਜਿੱਥੇ ਸਾਡੇ ਲਈ ਵਰਦਾਨ ਹੈ, ਉੱਥੇ ਅਨੇਕਾਂ ਚੁਣੌਤੀਆਂ ਲੈ ਕੇ ਖੜ੍ਹੀ ਹੈ।
ਭਵਿੱਖ ਵਿੱਚ ਇਸ ਨਾਲ ਅਧਿਆਪਕ ਅਤੇ ਵਿਦਿਆਰਥੀ ਦਾ ਭਾਵਨਾਤਮਕ ਰਿਸ਼ਤਾ ਵੀ ਪ੍ਰਭਾਵਿਤ ਹੋਵੇਗਾ। ਏਆਈ ਨਾਲ ਲਬਰੇਜ਼ ਰੋਬੋਟ ਜਦੋਂ ਵੱਡੀ ਗਿਣਤੀ ਵਿੱਚ ਸਾਡੇ ਜੀਵਨ ਵਿੱਚ ਸ਼ਾਮਲ ਹੋ ਜਾਣਗੇ ਤਾਂ ਵਿਦਿਆਰਥੀ ਪੂਰਨ ਤੌਰ ‘ਤੇ ਮਸ਼ੀਨਾਂ ਦੁਆਰਾ ਦਿੱਤੀ ਜਾਣ ਵਾਲੀ ਵਿੱਦਿਆ ‘ਤੇ ਨਿਰਭਰ ਹੋ ਜਾਵੇਗਾ। ਜੇ ਅਧਿਆਪਨ ਪੂਰਨ ਤੌਰ ‘ਤੇ ਏਆਈ ਆਧਾਰਿਤ ਹੋ ਗਿਆ ਤਾਂ ਸਕੂਲਾਂ-ਕਾਲਜਾਂ ਵਿੱਚ ਅਧਿਆਪਕਾਂ ਦੀ ਜ਼ਰੂਰਤ ਨਹੀਂ ਰਹੇਗੀ। ਇਸ ਦਾ ਸਭ ਤੋਂ ਪਹਿਲਾ ਪ੍ਰਭਾਵ ਨਿੱਜੀ ਵਿਦਿਅਕ ਅਦਾਰਿਆਂ ਰਾਹੀਂ ਦੇਖਣ ਨੂੰ ਮਿਲੇਗਾ। ਇਨ੍ਹਾਂ ਨਿੱਜੀ ਅਦਾਰਿਆਂ ਵਿੱਚ ਮੌਜੂਦਾ ਸਥਿਤੀ ਇਹ ਹੈ ਕਿ ਅਧਿਆਪਕ ਬਹੁਤ ਨਿਗੂਣੀਆਂ ਤਨਖਾਹਾਂ ‘ਤੇ ਕੰਮ ਕਰਨ ਲਈ ਮਜਬੂਰ ਹਨ ਪਰ ਜਦੋਂ ਭਵਿੱਖ ਵਿੱਚ ਅਧਿਆਪਨ ਕਾਰਜ ਕਿਸੇ ਏਆਈ ਟੂਲ ਰਾਹੀਂ ਕੀਤਾ ਜਾਣਾ ਸੰਭਵ ਹੋ ਗਿਆ ਤਾਂ ਉਸ ਸਮੇਂ ਅਧਿਆਪਕ ਵਰਗ ਨੂੰ ਕਿਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ? ਇਹ ਸਭ ਸਵਾਲ ਭਵਿੱਖ ਵਿੱਚ ਵਿਦਿਅਕ ਖੇਤਰਾਂ ਵਿੱਚ ਅਧਿਆਪਕ ਵਰਗ ਦੀ ਭੂਮਿਕਾ, ਏਆਈ ਰਾਹੀਂ ਦਿੱਤੀ ਜਾਣ ਵਾਲੀ ਸਿੱਖਿਆ ਅਤੇ ਏਆਈ ਦੀ ਨੈਤਿਕਤਾ ਨਿਰਧਾਰਨ ਸਬੰਧੀ ਕੁੱਝ ਗੰਭੀਰ ਸਵਾਲ ਖੜ੍ਹੇ ਕਰਦੇ ਹਨ। ਇਸ ਬਾਰੇ ਹੁਣ ਤੋਂ ਹੀ ਸੰਜੀਦਾ ਹੋ ਕਿ ਸੋਚਣ ਅਤੇ ਸਮਝਣ ਦੀ ਜ਼ਰੂਰਤ ਹੈ।

Related Articles

Latest Articles