ਸ਼ਰਾਬ ਦਾ ਸਿਆਪਾ

 

ਲੇਖਕ : ਬਰਾੜ-ਭਗਤਾ ਭਾਈ ਕਾ
ਸੰਪਰਕ : 1-604-751-1113
ਨਾਥੇ ਅਮਲੀ ਨੇ ਸੱਥ ‘ਚ ਆਉਂਦਿਆਂ ਹੀ ਥੜ੍ਹੇ ‘ਤੇ ਬੈਠੇ ਮਾਹਲੇ ਨੰਬਰਦਾਰ ਨੂੰ ਪੁੱਛਿਆ, ”ਕਿਉਂ ਬਈ ਨੰਬਰਦਾਰਾ! ਆਹ ਕੱਲ੍ਹ ਮਾਈ ਰੇਲੋ ਕਿਮੇਂ ਆਵਦੇ ਘਰੇ ਈ ਇਉਂ ਟੱਪੀ ਜਾਂਦੀ ਸੀ ਜਿਮੇਂ ਜੈਨੂੰ ਘਮਿਆਰ ਦੇ ਘਰੇ ਲਾਚੜੇ ਵੇ ਗਧੇ ਕੱਛੂ ਕੁੰਮੇਂ ਨੂੰ ਵੇਖ ਕੇ ਸਾਰੀ ਰਾਤ ਹਿਣਕੀ ਗਏ ਸੀ। ਬਲ਼ਾ ਬਾਹਲ਼ਾ ਰੌਲ਼ਾ ਪਾਉਂਦੀ ਸੀ ਜਿਮੇਂ ਕਤੂਰੇ ਦੀ ਪੂੰਛ ‘ਤੇ ਪੈਰ ਧਰੇ ਤੋਂ ਕਤੂਰਾ ਚਊਂ ਚਊਂ ਕਰਦਾ ਪੀਹਪਨੀਆਂ ਜੀਆਂ ਵਜਾਉਂਦਾ ਹੁੰਦੈ। ਪਤਾ ਲੱਗਿਐ ਬਈ ਕੀ ਗੱਲ ਸੀ?”
ਸੀਤਾ ਮਰਾਸੀ ਕਹਿੰਦਾ, ”ਕਿਸੇ ਨਾ ਕਿਸੇ ਦੇ ਵਿਆਹ ਮੰਗਣੇ ‘ਚ ਗਈ ਹੋਣੀ ਐਂ ਕੰਮ ਧੰਦਾ ਕਰਾਉਣ, ਅਗਲਿਆਂ ਨੇ ਕਾਣੇ ਬੇਰਾਂ ਵੱਟੇ ਮਨ੍ਹੀ ਪੁੱਛਿਆ ਹੋਣਾ, ਘਰੇ ਆ ਕੇ ਠੂੰਹੇਂ ਆਂਗੂੰ ਟੱਪਣ ਲੱਗ ਗੀ ਹੋਣੀ ਐ ਹੋਰ ਕਿਹੜਾ ਪੰਜੇਬਾਂ ਲਾਹ ਲੀਆਂ ਕਿਸੇ ਨੇ ਬਈ ਮੁੜ ਕੇ ਮਿਲਣੀਆਂ ਨ੍ਹੀ।”
ਬੁੱਘਰ ਦਖਾਣ ਸੀਤੇ ਮਰਾਸੀ ਨੂੰ ਕਹਿੰਦਾ, ”ਪਹਿਲਾਂ ਨਾਥਾ ਸਿਉਂ ਦੀ ਗੱਲ ਦਾ ਜਵਾਬ ਦਿਉ ਸੀਤਾ ਸਿਆਂ ਫੇਰ ਘੋਟ ਲਿਓ ਆਵਦੀ ਵਕੀਲੀ।”
ਬਾਬੇ ਆਲਾ ਸਿਉਂ ਨੇ ਅਮਲੀ ਨੂੰ ਪੁੱਛਿਆ, ”ਕੀ ਪੁੱਛਿਆ ਨਾਥਾ ਸਿਆਂ ਤੈਂ ?”
ਅਮਲੀ ਕਹਿੰਦਾ, ”ਮੈਂ ਤਾਂ ਬਾਬਾ ਇਉਂ ਪੁੱਛਦਾਂ ਬਈ ਮਾਈ ਰੇਲੋ ਤੜਕੇ ਈ ਕਿਮੇਂ ਬੁਲਬਲੀਆਂ ਆਲੇ ਮੀਂਹ ਆਂਗੂੰ ਬੁੱੜ੍ਹਕੀ ਜਾਂਦੀ ਸੀ ਜਿਮੇਂ ਪਾਥੀਆਂ ‘ਚ ਟੂਣਾ ਕਰ ‘ਤਾ ਹੁੰਦਾ ਕਿਸੇ ਨੇ?”
ਅਮਲੀ ਦੀ ਗੱਲ ਸੁਣ ਕੇ ਬਾਬਾ ਆਲਾ ਸਿਉਂ ਅਮਲੀ ਨੂੰ ਕਹਿੰਦਾ, ”ਪਹਿਲਾਂ ਤਾਂ ਤੂੰ ਦੱਸ ਨਾਥਾ ਸਿਆਂ ਅੱਜ ਕਿਮੇਂ ਪਛੜਿਆ ਫਿਰਦੈਂ। ਤੈਨੂੰ ਤਾਂ ਯਾਰ ਕਦੋਂ ਦੇ ਡੀਕੀ ਜਾਂਦੇ ਐ ਸੱਥ ਆਲੇ ਬਈ ਅੱਜ ਸੱਥ ਦੇ ਰੌਣਕ ਮੇਲੇ ਨੂੰ ਕੀ ਹੋ ਗਿਆ?”
ਅਮਲੀ ਬਾਬੇ ਦੀ ਗੱਲ ਤੋਂ ਇਉਂ ਨੀਵੀਂ ਪਾ ਗਿਆ ਜਿਮੇਂ ਕਤੂਰਾ ਸੂਰ ਨੂੰ ਵੇਖ ਕੇ ਧੌਣ ਸਿੱਟ ਕੇ ਬਹਿ ਗਿਆ ਹੋਵੇ। ਬਾਬੇ ਆਲਾ ਸਿਉਂ ਨੂੰ ਕਹਿੰਦਾ, ”ਬਾਬਾ!ਬਾਬਾ! ਮੈਂ ਅਣਪੜ੍ਹ ਨ੍ਹੀ। ਮੈਨੂੰ ਪਤਾ ਤੂੰ ਕਿੱਥੋਂ ਬੋਲਦੈਂ?”
ਅਮਲੀ ਦਾ ਬੋਲਿਆ ਸੁਣ ਕੇ ਸਾਰੀ ਸੱਥ ਵਾਲਿਆਂ ਨੇ ਇਉਂ ਕੰਨ ਚੁੱਕ ਲਏ ਜਿਮੇਂ ਕਣਕ ‘ਕੱਠੀ ਕਰਨ ਪਿੰਡ ‘ਚ ਵੜੇ ਪਾਖੰਡੀ ਸਾਧਾਂ ਨੂੰ ਘੇਰ ਕੇ ਕੁੱਟੀ ਜਾਂਦਿਆਂ ਦਾ ਗੁਰਦੁਆਰੇ ਦੇ ਸਪੀਕਰ ‘ਚੋਂ ਹੋਕਾ ਸੁਣ ਕੇ ਲੋਕ ਗੁਰਦੁਆਰੇ ਵੱਲ ਨੂੰ ਕੰਨ ਕਰਕੇ ਹੋਕਾ ਸੁਣੀ ਜਾਂਦੇ ਹੋਣ ਬਈ ਆਹ ਕਿਹੜੇ ਪਾਸੇ ਘੇਰ ਲੇ ਬੂਬਨੇ। ਤਾਸ਼ ਖੇਡੀ ਜਾਂਦਾ ਬੁੱਘਰ ਦਖਾਣ ਪੱਤੇ ਸੁੱਟ ਕੇ ਬਾਬੇ ਆਲਾ ਸਿਉਂ ਨੂੰ ਕੋਲੇ ਆ ਕੇ ਪੁੱਛਦਾ, ”ਕੀ ਕਿਹਾ ਬਾਬਾ ਤੂੰ ਬਈ ਸੱਥ ਦੀ ਕੀਹਨੂੰ ਕੀ ਹੋ ਗਿਐ?”
ਨਾਥਾ ਅਮਲੀ ਬੁੱਘਰ ਦਖਾਣ ਦੀ ਗੱਲ ਵੀ ਸਮਝ ਗਿਆ ਸੀ ਕਿ ਉਹ ਬਾਬੇ ਤੋਂ ਇੱਕ ਵਾਰ ਫੇਰ ਕਹਾਉਣਾ ਚਾਹੁੰਦੈ ਬਈ ਅੱਜ ਸੱਥ ਦੇ ਰੌਣਕ ਮੇਲੇ ਨੂੰ ਕੀ ਹੋ ਗਿਆ।? ਜਦੋਂ ਬੁੱਘਰ ਦਖਾਣ ਨੇ ਬਾਬੇ ਤੋਂ ਇਹ ਗੱਲ ਦੋਬਾਰਾ ਪੁੱਛਣੀ ਚਾਹੀ ਤਾਂ ਨਾਥਾ ਅਮਲੀ ਬੁੱਘਰ ਦਖਾਣ ਵੱਲ ਸੁੱਖਾ ਖਾਧੇ ਗਧੇ ਵਾਂਗੂੰ ਵੇਖ ਕੇ ਬੋਲਿਆ,
”ਤੇ ਜੇ ਮਿਸਤਰੀਆ ਮੈਂ ਸੋਡੇ ਬੁੜ੍ਹੇ ਦਾ ਨਾਂਅ ਲੈਣ ਲੱਗ ਗਿਆ ਫੇਰ ਕੀ ਬਣੂ ਤੇਰਾ?”
ਨਾਥੇ ਅਮਲੀ ਨੂੰ ਹਰਖਿਆ ਵੇਖ ਕੇ ਬਾਬੇ ਆਲਾ ਸਿਉਂ ਨੇ ਬੁੱਘਰ ਦਖਾਣ ਨੂੰ ਘੂਰਿਆ, ”ਚੁੱਪ ਕਰ ਓਏ ਮਿਸਤਰੀਆ। ਬਾਹਲ਼ਾ ਨਾ ਗਾਹਾਂ ਵਧਿਆ ਕਰੋ। ਆਵਦੀ ਗੱਲ ਕਰਿਆ ਕਰੋ ਗਾਹਾਂ ਬੁੜ੍ਹੇ ਬੁੜ੍ਹੀਆਂ ਤੱਕ ਨਾ ਅੱਪੜਿਆ ਕਰੋ।”
ਮਾਹਲੇ ਨੰਬਰਦਾਰ ਨੇ ਬਾਬੇ ਆਲਾ ਸਿਉਂ ਨੂੰ ਪੁੱਛਿਆ, ”ਕਿਹੜੀ ਗੱਲ ਪਿੱਛੇ ਰੌਲ਼ਾ ਪੈਂਦਾ ਤਾਇਆ ਆਲਾ ਸਿਆਂ?”
ਬਾਬਾ ਆਲਾ ਸਿਉਂ ਕਹਿੰਦਾ, ”ਗੱਲ ਤਾਂ ਨੰਬਰਦਾਰਾ ਕੁਸ ਮਨ੍ਹੀ। ਮੈਂ ਤਾਂ ਨਾਥਾ ਸਿਉਂ ਨੂੰ ਸਹਿ ਸਭਾਅ ਈ ਕਿਹਾ ਸੀ ਬਈ ਸੱਥ ਆਲੇ ਤੇਰੇ ਬਾਰੇ ਪੁੱਛਦੇ ਸੀ ਬਈ ਅੱਜ ਸੱਥ ਦਾ ਰੌਣਕ ਮੇਲਾ ਕਿੱਧਰ ਰਹਿ ਗਿਆ। ਇਹ ਗੱਲ ਪਿੱਛੇ ਬੁੱਘਰ ਤੇ ਨਾਥਾ ਆਪਸ ‘ਚ ਮਾੜਾ ਮੋਟਾ ਤਾਹਾਂ ਠਾਹਾਂ ਹੋ ਗੇ।”
ਮਾਹਲਾ ਨੰਬਰਦਾਰ ਕਹਿੰਦਾ, ”ਇਹ ਗੱਲ ਕਹਿਣ ਨਾਲ ਕੀ ਕੰਧ ਢਹਿ ਗੀ।”
ਬਾਬਾ ਆਲਾ ਸਿਉਂ ਨੰਬਰਦਾਰ ਨੂੰ ਹੱਸ ਕੇ ਕਹਿੰਦਾ, ”ਕੰਧ ਛੱਡ ਇਹ ਤਾਂ ਚਬਾਰਾ ਢਹਿਣ ਆਲਾ ਹੋ ਗਿਆ।”
ਨੰਬਰਦਾਰ ਨੇ ਪੁੱਛਿਆ, ”ਉਹ ਕਿਮੇਂ?”
ਸੀਤਾ ਮਰਾਸੀ ਕਹਿੰਦਾ, ”ਨਾਥੇ ਦੇ ਦਾਦੇ ਦਾ ਨਾਂਅ ਰੌਣਕ ਸਿਉਂ ਸੀ ਤੇ ਪਿਉ ਦਾ ਨਾਂਅ ਮੇਲਾ ਸਿਉਂ। ਤਾਂ ਕਰਕੇ ਟੱਪਦਾ ਇਹੇ। ਹਾਂ-ਹਾਂ ਬਈ ਇਉਂ ਕਿਉਂ ਕਿਹਾ ਕਿ ਅੱਜ ਸੱਥ ਦਾ ਰੌਣਕ ਮੇਲਾ ਕਿੱਧਰ ਰਹਿ ਗਿਆ। ਵੱਸ ਐਨੀਉਂ ਈਂ ਗੱਲ ਐ। ਹੋਰ ਅਮਲੀ ਦੇ ਕਿਹੜਾ ਮਤੀਰੇ ਤੋੜ ਲੇ। ਇਹਦੇ ਬੁੜ੍ਹਿਆਂ ਦਾ ਨਾਂਅ ਲੈ ਤਾ। ਤਾਂ ਕਰਕੇ ਅਮਲੀ ਲਾਲ ਪੀਲਾ ਜਾ ਹੋ ਗਿਆ।”
ਬਾਬਾ ਆਲਾ ਸਿਉਂ ਕਹਿੰਦਾ, ”ਚੱਲੋ ਛੱਡੋ ਯਾਰ ਇਹ ਗੱਲਾਂ। ਹੁਣ ਤੁਸੀਂ ਮਾਈ ਰੋਲੋ ਆਲੀ ਗੱਲ ਦੱਸੋ ਬਈ ਉਹ ਕੀ ਗੱਲ ਐ?”
ਸੀਤਾ ਮਰਾਸੀ ਕਹਿੰਦਾ, ”ਮਾਈ ਰੇਲੋ ਤੇ ਗਰਜੇ ਕੇ ਲੜੇ ਲੱਗਦੇ ਐ। ਗਰਜੇ ਕੇ ਘਰੇ ਵੀ ਬਾਹਵਾ ਰੌਲਾ ਰੱਪਾ ਜਾ ਪਈ ਜਾਂਦਾ ਸੀ।”
ਨਾਥਾ ਅਮਲੀ ਕਹਿੰਦਾ, ”ਗਰਜੇ ਬਾਰੇ ਤਾਂ ਮੈਂ ਦੱਸ ਦਿੰਨਾਂ ਸੋਨੂੰ ਬਈ ਕੀ ਗੱਲ ਹੋਈ ਐ? ਗਰਜੇ ਨੂੰ ਤਾਂ ਗਰਜੇ ਦੇ ਸਹੁਰੇ ਕਣਕ ਦੇ ਮੰਡਿਆਂ ਆਂਗੂੰ ਕੁੱਟ ਕੇ ਗਏ ਐ। ਸ਼ਰਾਬ ਪੀਣੋ ਗਰਜਾ ਹੱਟਦਾ ਨ੍ਹੀ, ਅਗਲਿਆਂ ਨੇ ਪਹਾੜੀ ਨੂਣ ਆਂਗੂੰ ਭੰਨਿਆਂ।”
ਬਾਬੇ ਆਲਾ ਸਿਉਂ ਨੇ ਪੁੱਛਿਆ, ”ਉਨ੍ਹਾਂ ਦਾ ਕੀ ਹੱਕ ਸੀ ਬਈ ਪ੍ਰਾਹੁਣੇ ਨੂੰ ਕੁੱਟਣ ਦਾ ਬਈ?”
ਸੀਤਾ ਮਰਾਸੀ ਕਹਿੰਦਾ, ”ਫੇਰ ਕੀ ਹੋ ਗਿਆ ਜੇ ਚਾਰ ਲਫੇੜੇ ਵੱਜ ਗੇ। ਏਹੋ ਜੀ ਕੁੱਟ ਤਾਂ ਗਰਜੇ ਨੇ ਟਰੱਕ ‘ਤੇ ਜਾਂਦੇ ਨੇ ਵੀਹ ਵਾਰੀ ਖਾਧੀ ਐ ਜਦੋਂ ਪਾਤੜਾਂ ਆਲੇ ਮਕੰਦ ਸਿਉਂ ਕੇ ਟਰੱਕ ‘ਤੇ ਡਲੈਵਰ ਸੀ।”
ਨਾਥਾ ਅਮਲੀ ਕਹਿੰਦਾ, ”ਡਲੈਵਰ ਕਿੱਥੇ ਸੀ ਓਏ, ਕਲੀਂਢਰ ਸੀ।”
ਮਾਹਲਾ ਨੰਬਰਦਾਰ ਕਹਿੰਦਾ, ਚੱਲ ਕਲੀਂਢਰ ਹੋਊ, ਪਰ ਤੂੰ ਗੱਲ ਦੱਸ ਕਦੋਂ ਦੀ ਐ?”
ਨਾਥਾ ਅਮਲੀ ਕਹਿੰਦਾ, ”ਪਹਿਲਾਂ ਟਰੱਕ ਆਲੀਉ ਈ ਸੁਣ ਲੋ, ਸਹੁਰਿਆਂ ਆਲੀ ਫੇਰ ਦੱਸਦਾਂ। ਇਹ ਗਰਜਾ ਜਦੋਂ ਪਾਤੜਾਂ ਆਲੇ ਮਕੰਦ ਸਿਉਂ ਸਰਦਾਰ ਦੇ ਟਰੱਕ ‘ਤੇ ਕਲੀਂਢਰ ਹੁੰਦਾ ਸੀ, ਇਹ ਕਿਤੇ ਬੰਬੇ ਬੁੰਬੇ ਨੂੰ ਜਾਂਦੇ ਸੀ ਟਰੱਕ ਲਈ। ਚਾਰ ਪੰਜ ਟਰੱਕ ਸੀ ਮਗਰ ਮੂਹਰੇ। ਇਨ੍ਹਾਂ ਆਲਾ ਟਰੱਕ ਸਾਰਿਆਂ ਤੋਂ ਪਿੱਛੇ ਸੀ। ਜਦੋਂ ਇਹ ਅੱਧੀ ਰਾਤ ਨੂੰ ਜੈਪੁਰ ਜੋਧਪੁਰ ਵਿੱਚਦੀ ਨੰਘਣ ਲੱਗੇ ਤਾਂ ਉੱਥੇ ਕਿਤੇ ਪੁਲਸ ਨਾਕਾ ਲਾਈ ਖੜ੍ਹੀ ਸੀ। ਜਿਹੜੇ ਟਰੱਕ ਮੂਹਰੇ ਸੀ, ਜਦੋਂ ਉਨ੍ਹਾਂ ਨੂੰ ਪੁਲਸ ਨੇ ਰੋਕ ਲਿਆ ਤਾਂ ਇਹਦੇ ਆਲੇ ਡਲੈਵਰ ਨੇ ਟਰੱਕ ਦੂਜੇ ਟਰੱਕਾਂ ਤੋਂ ਖਾਸਾ ਸਾਰਾ ਪਿੱਛੇ ਖੜ੍ਹਾਅ ਲਿਆ। ਇਹ ਗਰਜਾ ਡਲੈਵਰ ਨੂੰ ਕਹਿੰਦਾ ‘ਤੂੰ ਖੜ੍ਹ ਏਥੇ ਮੈਂ ਤੁਰ ਕੇ ਵੇਖ ਕੇ ਆਉਣਾ ਬਈ ਪੁਲਸ ਕੀ ਕਰਦੀ ਐ। ਇਹ ਟਰੱਕ ਨੂੰ ਤਾਂ ਪਿੱਛੇ ਈ ਖੜ੍ਹਾਅ ਗਿਆ। ਜਦੋਂ ਅੱਧੀ ਕੁ ਵਾਟ ਤੁਰ ਕੇ ਪੁਲਸ ਵੱਲ ਗਿਆ ਤਾਂ ਇਹਨੇ ਵੇਖਿਆ ਬਈ ਇੱਕ ਪੁਲਸ ਆਲੀ ਚਪੈਹਣ ਖੜ੍ਹੀ ਐ ਮੂਹਰੇ, ਇਹਨੂੰ ਕੀ ਦੁਆਲ਼ ਆਂ ਅਸੀਂ। ਇਹ ਭਾਈ ਅੱਧ ‘ਚੋਂ ਮੁੜਿਆ। ਆਉਂਦਾ ਈ ਆਵਦੇ ਡਲੈਵਰ ਨੂੰ ਕਹਿੰਦਾ ਆਵੇ, ਲਿਆ-ਲਿਆ ਤੋਰ ਲਾ। ਆ ਜਾ ਛੇਤੀ ਛੇਤੀ, ਤੀਮੀਂਉਂ ਈਂ ਐਂ ਮੂਹਰੇ, ਇਹ ਕੀ ਕਰਦੂ ਗੀ ਤੀਮੀਂ। ਇਹ ਗੱਲ ਕਿਤੇ ਉਹ ਪੁਲਸ ਆਲੀ ਤੀਮੀਂ ਅਸਫਰ ਦੇ ਨਾਲ ਖੜ੍ਹੇ ਚਪਾਹੀਆਂ ਨੂੰ ਸੁਣ ਗੀ। ਉਨ੍ਹਾਂ ਨੇ ਉਹ ਪੁਲਸ ਅਸਫਰ ਨੂੰ ਦੱਸ ‘ਤਾ। ਵੱਸ ਫੇਰ! ਪੁਲਸ ਨੇ ਇਉਂ ਢਾਹ ਲਿਆ ਜਿਮੇਂ ਕੌਰੂ ਆਜੜੀ ਭੂਸਰੀ ਵੀ ਭੇਡ ਨੂੰ ਮੁੰਨਣ ਵੇਲੇ ਢਾਹ ਕੇ ਉੱਤੇ ਬਹਿ ਗਿਆ ਸੀ। ਕਹਿੰਦੇ ਦੱਸਦੇ ਆਂ ਤੈਨੂੰ ਤੀਮੀੰ ਕੌਣ ਐਂ ਇਹੇ?”
ਬਾਬੇ ਆਲਾ ਸਿਉਂ ਨੇ ਅਮਲੀ ਨੂੰ ਪੁੱਛਿਆ, ”ਅਮਲੀਆ ਹੁਣ ਫੇਰ ਗਰਜੇ ਨੂੰ ਸਹੁਰੇ ਕਾਹਤੋਂ ਕੁੱਟ ਕੇ ਗਏ ਐ ਬਈ?”
ਸੀਤਾ ਮਰਾਸੀ ਕਹਿੰਦਾ, ”ਸਾਲੇ ਦੇ ਮੁੰਡੇ ਦੀ ਤੜਾਗੀ ਤੋੜ ਲਿਆਇਆ ਹੋਣਾ ਗਰਜਾ, ਹੋਰ ਕਿਤੇ ਸਹੁਰਿਆਂ ਦੀ ਬੱਕਰੀ ਤਾਂ ਨ੍ਹੀ ਚੋਅ ਲੀ।”
ਸੀਤੇ ਮਰਾਸੀ ਦੀ ਗੱਲ ਸੁਣ ਕੇ ਬਾਬਾ ਆਲਾ ਸਿਉਂ ਹੱਸ ਕੇ ਕਹਿੰਦਾ, ”ਪਤਾ ਨ੍ਹੀ ਪਤੰਦਰੋ ਅੱਜ ਕੀ ਖਾ ਕੇ ਆਏ ਐ ਗੱਲ ਨ੍ਹੀ ਡਿੱਗਣ ਦਿੰਦੇ। ਹੁਣ ਗਰਜੇ ਦੇ ਸਹੁਰਿਆਂ ਦੇ ਬੱਕਰੀਆਂ ਭੇਡਾਂ ਵੀ ਬੰਨ੍ਹ ‘ਤੀਆਂ।”
ਨਾਥਾ ਅਮਲੀ ਕਹਿੰਦਾ, ”ਤੜਾਗੀ ਤੜੂਗੀ ਆਲੀ ਤਾਂ ਨ੍ਹੀ ਗੱਲ। ਗੱਲ ਤਾਂ ਗਰਜੇ ਦੇ ਸ਼ਰਾਬ ਪੀਣ ਦੀ ਐ। ਗਰਜਾ ਸ਼ਰਾਬ ਪੀ ਕੇ ਸ਼ਰਾਬੀ ਹੋਇਆ ਬਹੂ ਦੀ ਵੀ ਝਾੜ ਝੰਭ ਕਰ ਦਿੰਦਾ ਕਦੇ ਨਾ ਕਦੇ। ਉਹਦੇ ਸਹੁਰਿਆਂ ਨੇ ਕਈ ਵਾਰੀ ਆ ਕੇ ਸਮਝਾਇਆ ਬਈ ‘ਸ਼ਰਾਬ ਨਾ ਪੀਆ ਕਰ। ਇਹ ਸ਼ਰਾਬ ਛੱਡਦੇ ਤੂੰ। ਕਹਿੰਦੇ ਨਾਲੇ ਤੇਰੀ ਉਮਰ ਹੁਣ ਸ਼ਰਾਬ ਪੀਣ ਦੀ ਐ। ਤਿੰਨ ਵੀਹਾਂ ਤੋਂ ਤਾਂ ਤੂੰ ਟੱਪਿਆ ਵਿਐਂ’। ਆਹ ਕੱਲ੍ਹ ਜਦੋਂ ਗਰਜੇ ਦੇ ਮੌਰਾਂ ‘ਚ ਤਲੈਂਬੜ ਠੁਕੇ ਐ ਉਦੋਂ ਵੀ ਗਰਜੇ ਦੀ ਪੀਤੀ ਵੀ ਸੀ। ਇੱਕ ਦਿਨ ਪਹਿਲਾਂ ਵੀ ਬਹੂ ਨੂੰ ਕੁੱਟ ਕੇ ਹਟਿਆ ਸੀ। ਬਹੂ ਨੇ ਕਿਤੇ ਮੋਹਣੇ ਝਿਉਰ ਦੇ ਹੱਥ ਸਨੇਹਾ ਭੇਜ ਕੇ ਆਵਦੇ ਪੇਕਿਆਂ ਨੂੰ ਸੱਦ ਲਿਆ। ਜਦੋਂ ਗਰਜੇ ਦੇ ਸਾਲੇ ਪੰਜ ਸੱਤ ਬੰਦਿਆਂ ਨੂੰ ਲੈ ਕੇ ਗਰਜੇ ਨੂੰ ਆ ਕੇ ਸਮਝਾਉਣ ਲੱਗੇ ਬਈ ਤੂੰ ਬਿਨਾਂ ਕਸੂਰ ਤੋਂ ਸਾਡੀ ਭੈਣ ਨੂੰ ਨਾ ਕੁੱਟਿਆ ਕਰ, ਨਾਲੇ ਆਹ ਜਿਹੜੀ ਨਿੱਤ ਦੀ ਸ਼ਰਾਬ ਪੀਨੈ ਤੂੰ, ਇਹ ਇੱਕ ਦਿਨ ਤੈਨੂੰ ਛੱਡਣੀ ਪੈਣੀ ਐਂ, ਨਹੀਂ ਫੇਰ ਅਸੀਂ ਛਡਾ ਕੇ ਈ ਦਮ ਲਮਾਂਗੇ। ਫੇਰ ਨਾ ਆਖੀਂ ਬਈ ਸਹੁਰਿਆਂ ਨੇ ਮੇਰੇ ਧੌਲ਼ ਧੱਫਾ ਕੀਤਾ। ਕਹਿੰਦੇ ‘ਹੁਣ ਦੱਸਦੇ ਬਈ ਸ਼ਰਾਬ ਛੱਡਣੀ ਐ ਕੁ ਨਹੀਂ ਛੱਡਣੀ’? ਅਕੇ ਗਰਜਾ ਸ਼ਰਾਬ ਪੀਤੀ ‘ਚ ਉਨ੍ਹਾਂ ਨੂੰ ਪੁੱਛਦਾ ‘ਫੇਰ ਕੀ ਕਰੋਂਗੇ ਤੁਸੀਂ’? ਸਹੁਰੇ ਬੋਲੇ ‘ਇਹ ਤਾਂ ਫੇਰ ਸੋਚਾਂਗੇ ਬਈ ਕੀ ਹੁੰਦਾ’। ਅਕੇ ਗਰਜਾ ਕਹਿੰਦਾ ‘ਜਿੱਦੇ ਛੱਡੀਆਂ ਦੋਨੇਂ ਈਂ ਛੱਡ ਦੂੰ’। ਗਰਜੇ ਦੇ ਸਾਲੇ ਦੇ ਨਾਲ ਆਏ ਉੱਥੇ ਦੇ ਸਰਪੈਂਚ ਨੇ ਪੁੱਛਿਆ ‘ਦੋਨਾਂ ਦਾ ਕੀ ਮਤਲਬ, ਕੁਸ ਹੋਰ ਵੀ ਪੀਨੈਂ ਫੈਂਸੀ ਫੂਸੀਂ’? ਗਰਜਾ ਕਹਿੰਦਾ ‘ਹੋਰ ਤਾਂ ਨ੍ਹੀ ਮੈਂ ਕੁਸ ਪੀਂਦਾ। ਪਰ ਜਿਹੜੀ ਛੱਡਣ ਛਡਾਉਣ ਆਲੀ ਗੱਲ ਐ, ਉਹ ਇਹ ਐ ਬਈ ਜਿੱਦੇਂ ਸ਼ਰਾਬ ਛੱਡੀ, ਓੱਦੇਂ ਈ ਸੋਡੀ ਭੈਣ ਨੂੰ ਛੱਡ ਦੇਣਾ। ਵੱਢੀ ਤਾਂ ਦੋਨਾਂ ‘ਕੱਠੀਆਂ ਦੀ ਲੱਲੇਆਣ ਵੱਢੂੰ’। ਜਦੋਂ ਗਰਜੇ ਨੇ ਇਹ ਗੱਲ ਕਹੀ ਤਾਂ ਉਨ੍ਹਾਂ ਨੇ ਗਰਜੇ ਨੂੰ ਭੁੰਜੇ ਢਾਹ ਕੇ ਪੰਜਾਂ ਦੇ ਨੋਟ ਆਂਗੂੰ ਮਰੋੜ-ਮਰੋੜ ਕੇ ਕੁੱਟਿਆ। ਥੱਲੇ ਪਿਆ ਗਰਜਾ ਇਉਂ ਚੀਕੇ ਜਿਮੇਂ ਮਰੀਕਣ ਬੱਛੀ ਰੰਭਦੀ ਹੁੰਦੀ ਐ। ਗਰਜੇ ਕੇ ਘਰੇ ਤਾਂ ਆਹ ਰੌਲਾ ਸੀ ਬਾਬਾ। ਹੁਣ ਰੇਲੋ ਮਾਈ ਦਾ ਨ੍ਹੀ ਮੈਨੂੰ ਪਤਾ ਬਈ ਉਹ ਕਾਹਤੋਂ ਭੂਸਰੀ ਫਿਰਦੀ ਸੀ?”
ਗੱਲਾਂ ਕਰੀ ਜਾਂਦਿਆਂ ਤੋਂ ਏਨੇ ਚਿਰ ਨੂੰ ਗਰਜੇ ਦਾ ਮੁੰਡਾ ਬਾਬੇ ਆਲਾ ਸਿਉਂ ਨੂੰ ਸੱਥ ‘ਚ ਆ ਕੇ ਕਹਿੰਦਾ, ”ਬਾਬਾ ਜੀ! ਸੋਨੂੰ ਮੇਰੀ ਬੀਬੀ ਤੇ ਮੇਰੇ ਮਾਮੇ ਅਰਗਿਆਂ ਨੇ ਸੱਦਿਆ ਸਾਡੇ ਘਰੇ ਆਇਉ।”
ਗਰਜੇ ਦੇ ਮੁੰਡੇ ਤੋਂ ਸੁਨੇਹਾ ਸੁਣਦੇ ਸਾਰ ਹੀ ਬਾਬਾ ਆਲਾ ਸਿਉਂ ਤੇ ਬਾਕੀ ਦੇ ਹੋਰ ਬਹੁਤ ਸਾਰੇ ਬੰਦੇ ਗਰਜੇ ਕੇ ਘਰ ਨੂੰ ਇਉਂ ਤੁਰ ਪਏ ਜਿਵੇਂ ਪੰਚਾਇਤ ਦੀਆਂ ਵੋਟਾਂ ਵੇਲੇ ਘੁੱਲਾ ਸਰਪੰਚ ਇਕੱਠ ਕਰੀ ਘਰ ਘਰ ਤੁਰਿਆ ਫਿਰਦਾ ਸੀ। ਜਿਉਂ ਹੀ ਬੰਦੇ ਸੱਥ ‘ਚੋਂ ਉੱਠੇ ਤਾਂ ਬਾਕੀ ਬੰਦੇ ਵੀ ਆਪੋ ਆਪਣੇ ਘਰਾਂ ਨੂੰ ਤੁਰ ਗਏ।

Exit mobile version