ਸਿੱਖ ਜਵਾਨੀ ਨੂੰ ਵੰਗਾਰ, ਆਪਣਾ ਵਿਰਸਾ, ਪਰੰਪਰਾਵਾਂ, ਧਰਮ ਤੇ ਰਾਜਨੀਤੀ ਸੰਭਾਲੋ

 

ਲੇਖਕ : ਗੁਰਤੇਜ ਸਿੰਘ ਆਈਏਐਸ
ਜਿਹੜੇ ਉਮਰ ਦੇ ਓਸ ਪੜਾਅ ਉਤੇ ਹਨ,ਜਿਸ ਉਤੇ ਪੰਥ ਦੀ ਚੜ੍ਹਦੀਕਲਾ ਦੀ ਕਨਸੋਅ ਸੁਣਕੇ ਜਾਣ ਨੂੰ ਜੀਅ ਤਰਸਦਾ ਹੈ,ਉਹਨਾਂ ਨੂੰ ਵਧਾਈ।ਸੱਚੇ ਤੇ ਸੁੱਚੇ ਤਖਤ ਤੋਂ ਸੁਣੇ ਹੱਕ -ਸੱਚ ਤ, ਨਿੱਗਰ ਤੇ ਸਾਊ ਬੋਲ ਉਹਨਾਂ ਲਈ ਪਹਿਲੀ ਕਨਸੋਅ ਹਨ।
ਜਿਹੜੇ ਸਾਡੇ ਪਰਉਪਕਾਰੀ ਵੀਰ ਅੱਧੀ ਸਦੀ ਤੋਂ ਅੰਨੇ ਕਨੂੰਨ ਦੀਆਂ ਸਲਾਖਾਂ,ਸਰਹੰਦ ਦੀਆਂ ਕੰਧਾਂ ਵਿਚ ਦਫਨ ਹਨ ,ਉਹਨਾਂ ਲਈ ਵੀ ਏਸ ਕਨਸੋਅ ਵਿਚ ਖੁਸ਼ਖਬਰੀ ਹੈ ਕਿ ਉਹਨਾਂ ਦੇ ਹਮਦਰਦ ਨੀਂਦ ਤੋਂ ਜਾਗ ਪਏ ਹਨ।ਹੁਣ ਸਲਾਖਾਂ ਗਲ ਜਾਣਗੀਆਂ, ਕੰਧਾਂ ਢਹਿਣਗੀਆਂ, ਸਰਹੰਦ ਦੀ ਤਰਜ਼ ਉਤੇ ਇੱਟ ਨਾਲ ਇੱਟ ਖੜਕੇਗੀ।ਜਿਹੜੇ ਪਿਤਾ ਪੁਰਖੀ ਜਾਇਦਾਦਾਂ ਨਾਲੋਂ ਧਾਹਾਂ ਮਾਰਕੇ ਵਿਛੜੇ ਹਨ,ਜਿੰਨ੍ਹਾਂ ਗੈਰਾਂ ਦੀ ਧਰਤਿ ਉਤੇ ਜਾ ਆਲ੍ਹਣੇ ਪਾਏ ਹਨ,ਉਹਨਾਂ ਨੂੰ ਵੀ ਏਸ ਵਰਤਾਰੇ ਨੂੰ ਠੱਲ ਪਾਉਣ ਤੇ ਪਰਤ ਆਉਣ ਦੇ ਭਰੋਸੇ ਦਾ ਸੋਹਣਾ ਮੁਖੜਾ ਇਹਨਾਂ ਕਨਸੋਆਂ ਵਿਚੋਂ ਦੀਦਾਰ ਦੇਵੇਗਾ।
ਅੰਨਦਾਤਾ ਹੁੰਦਿਆਂ ਮੰਡੀਆਂ ਵਿਚ ਆਪਣੀ ਅਣਮੁਲੀ ਦਾਤ ਨੂੰ ਭੁੱਖੇ ਮੂੰਹਾਂ ਤਕ ਪਹੁੰਚਾਉਣ ਲਈ ਚਿੱਲੇ ਕਟਦਿਆਂ ਨੂੰ ਵੀ ਹੱਕ- ਸੱਂਚ ਦੇ ਬੋਲ ਧਰਵਾਸ ਦੇਣਗੇ।ਪਹਿਲਾਂ ਖਰੂਦੀ,ਨਕਸਲੀ, ਅੱਤਵਾਦੀ, ਵੱਖਵਾਦੀ,ਦੇਸ- ਧ੍ਰੋਹੀ ਆਖਕੇ ਗੋਲੀਆਂ ਨਾਲ ਨਿਸ਼ਾਨਾ ਬਣਾਉਣ ਦੀ ਪ੍ਰਕਿਰਿਆ ਹੁਣ ਬੰਦ ਹੋਵੇਗੀ।ਮਾਵਾਂ ਦੇ ਪੁੱਤ ਗੋਦੀਆਂ ਸੁੱਨੀਆਂ ਨਹੀਂ ਕਰਨਗੇ,ਸ਼ੇਰਾਂ ਵਰਗੇ ਗਭਰੂ ਨਸ਼ਿਆਂ ਨਾਲ ਨਿਢਾਲ ਨਹੀਂ ਹੋਣਗੇ।ਤਖਤਾਂ-ਤਾਜਾਂ ਵਾਲੇ ਨਚਾਰ ਬਣਕੇ ਤਖਤਾਂ ਸਾਹਮਣੇ ਨਹੀਂ ਨੱਚਣਗੇ,ਨਹੀਂ ਗਾਉਣਗੇ।ਅਣਖਾਂ ਜਾਗਣਗੀਆਂ,ਭੈਣਾਂ ਦੀ,ਬੇਟੀਆਂ ਦੀ ਇਜ਼ਤ ਨਹੀਂ ਰੁਲੇਗੀ।
ਗੁਰੂ ਗ੍ਰੰਥ ਦੇ ਸਾਵੇਂ ਤੇ ਸਾਦੇ ਬੋਲਾਂ ਵਿਚ ਮਾਨਵਤਾ ਦੀ ਹੂਕ ਹੈ,ਚੜ੍ਹਦੀਕਲਾ ਦਾ ਸੁਨੇਹਾ ਹੈ,ਪਰ ਸਭ ਤੋਂ ਵਧ ਆਪਣੀ ਅਜ਼ਾਦ ਹਸਤੀ ਕਾਇਮ ਰੱਖਣ ਲਈ ਆਪਣੇ ਆਪ ਉਤੇ ਸਿੱਖੀ ਦਾ ਜ਼ਾਬਤਾ ਦਿਝੜਤਾ ਨਾਲ ਲਾਉਣ ਦਾ ਅਟਲ ਹੁਕਮ ਹੈ।ਕੋਈ ਕੌਮ ਆਪਣੀ ਜਮਾਤ ਦੀਆਂ ਵਾਗਾਂ ਗਦਾਰਾਂ ਦੇ ਹੱਥ ਦੇਕੇ ਅਣਖ ਦਾ ਜੀਵਨ ਨਹੀਂ ਜੀਉ ਸਕਦੀ।ਇਹ ਸਬਕ ਤਾਂ ਅਸੀਂ ਫੇਰੂ ਸ਼ਹਿਰ ਤੇ ਸਭਰਾਵਾਂ ਦੀ ਜੰਗ ਤੋਂ ਹੀ ਸਿਖ ਲਿਆ ਸੀ।ਕਿਹੜੀ ਮਜਬੂਰੀ ਵਿਚ ਅਸੀਂ ਧੁਰ ਤੋਂ ਗੁਰੂ ਦੇ ਅਜ਼ਾਦ ਕੀਤੇ ਬੰਦਿਆਂ ਨੇ ਆਪਣੇ ਨੱਕ ਵਿਚ ਆਪੇ ਨਕੇਲ ਪਾਈ ਤੇ ਆਪਣੇ ਹੱਥੀ ਆਪਣੀ ਮੁਹਾਰ ਨਵੇਂ ਡੋਗਰਿਆਂ ਦੇ ਹੱਥ ਫੜਾਈ।ਸ਼ਹੀਦ ਸਾਧੂ ਕੂਕਦਾ ਗਿਆ,ਅਸੀਂ ਕਿਉਂ ਸਾਵਧਾਨ ਨਾ ਹੋ ਸਕੇ।ਕਿਉਂ ਅਸੀਂ ਜ਼ੁਲਮ ,ਤਸ਼ਤੱਦ,ਕਤਲੇਆਮ ਨੂੰ ਸੱਦੇ ਦਿੱਤੇ।
ਆਗੇ ਸਮਝ ਚਲੋ ਨੰਦ ਲਾਲਾ, ਜੋ ਬੀਤੀ ਸੋ ਬੀਤੀ।
ਗੁਰੂ ਕਲਗੀਧਰ ਅੱਜ ਦੇ ਨੌਜਵਾਨਾਂ ਨੂੰ ਸੱਦਾ ਦੇ ਰਿਹਾ ਹੈ।ਕੰਨ ਲਾਕੇ ਸੁਣੋ। ਨੱਚਣਾ ,ਟੱਪਣਾ,ਗਾਉਣਾ ਹਰ ਸ਼ੁਹਦਾਪਣ ਤੁਰੰਤ ਤਿਆਗੋ।ਜਿਸਨੇ ਤੁਹਾਡੇ ਉਪਰ ਚਾਰ ਪੁੱਤ ਵਾਰੇ ਸਨ ਓਸਨੂੰ ਹਲੇਮੀ ਨਾਲ ਤੇ ਕਰਮ ਨਾਲ ਸੁਨੇਹਾ ਦਿਉ ਕਿ ਅਸੀਂ ਕਈ ਹਜ਼ਾਰ ਜਿਉਂਦੇ ਹਾਂ,ਉਹਨਾਂ ਵਾਂਗ ਹੀ
ਆਪਣੇ ਅਕਾਲ ਰੂਪ ਬਾਪ ਦੇ ਸਾਹਮਣੇ ਹੱਕ -ਸੱਚ ਲਈ ਜੂਝਣ ਨੂੰ ਤਿਆਰ ਹਾਂ।ਹਥਿਆਰਾਂ ਤੋਂ ਬਿਨਾਂ ਵੀ ਸੱਚ,ਧਰਮ ,ਨਿਆਂ ਦੇ ਆਸਰੇ ਨੰਗੇ ਧੜ ਲੜਨ ਦਾ ਯਕੀਨ ਦਿਵਾਓ।ਆਪਣੇ ਸਿਰਾਂ ਉਤੇ ਸਭ ਤੋਂ ਪਹਿਲਾਂ ਗੁਰੂ ਕਲਗੀਧਰ ਬਾਪਦਾ ਬਖਸ਼ਿਆ ਤਾਜ਼ ਰਖੋ,ਜਿਸਨੂੰ ਉਤਾਰਨ ਲਈ ਖੁਣਸੀਆਂ ਤੇ ਨਸਲਵਾਦੀਆਂ ਦੀਆਂ ਫੌਜਾਂ ਹਰਲ- ਹਰਲ ਕਰਦੀਆਂ ਫਿਰਦੀਆਂ ਹਨ।ਉਹਨਾਂ ਕੇਸ ਦਾਹੜੀਆਂ ਨੂੰ ਧਾਰੋ,ਜਿਹਨਾਂ ਵਿਚੋਂ ਹਰੇਕ ਦੀ ਕੀਮਤ ਦੋ ਜਹਾਨ ਹੈ।ਅੰਮ੍ਰਿਤ ਦੀ ਦਾਤ ਲਈ ਅਜੇ ਚੁਲੇ ਤਿਆਰ ਕਰੋ।ਬੀਰ ਆਸਣ ਹੋਣ ਦਾ ਅਭਿਆਸ ਕਰੋ।ਪਰ ਛਕਣਾ ਓਸ ਦਿਨ ਜਿਸ ਮੁਬਾਰਕ ਦਿਨ ਤੁਹਾਡੇ ਮਨਾਂ ,ਬਚਨਾਂ ਤੇ ਕਰਮਾਂ ਵਿਚੋਂ ਅੰਮ੍ਰਿਤ ਦੀ ਖੁਸ਼ਬੂ ਆਉਣ ਲਗ ਜਾਵੇ।ਅੰਮ੍ਰਿਤ ਸ਼ੇਰਨੀ ਦਾ ਦੁੱਧ ਹੈ,ਇਹ ਸੋਨੇ ਦੇ ਭਾਂਡੇ ਵਿਚ ਹੀ ਸਮਾ ਸਕਦਾ ਹੈ।
ਗੁਰੂ ਕਲਗੀਧਰ ਦਾ ਰੂਪ ਧਾਰੋ।ਸੁਚੱਜੇ ਪ੍ਰਚਾਰਕਾਂ,ਜਿਹਨਾਂ ਦੀ ਅਜੇ ਵੀ ਘਾਟ ਨਹੀਂ,ਦੇ ਅੱਖਰ ਬੋਲ ਸੁਣੋ,ਆਪਣੇ ਆਪ ਨੂੰ ਪਰਖ ਦੀ ਘੜੀ ਲਈ ਸਾਧੋ।
ਗੁਰੂ ਗ੍ਰੰਥ ਦਾ ਹੁਕਮ ਹੈ ਕਿ ਸਭ ਧੜੇ ਤਿਆਗ ਕੇ ਨਿਰਵੈਰ ਸਤਿਗੁਰੂ ਦੇ ਧੜੇ ਵਿਚ ਸ਼ਾਮਲ ਹੋਵੋ,ਸੱਚੀ ਬਾਣੀ ਗਾਉ।ਸੁੱਚਾ ਆਚਰਣ ਬਣਾਉ।ਸਿੱਖੇ ਤਿੱਤਰਾਂ ਦੇ ਤਿੱਂਖੇ ਬੋਲ ਨਾ ਸੁਣੋ,ਇਹਨਾਂ ਦੀਆਂ ਲਾਈਆਂ ਫਾਹੀਆਂ ਵਿਚ ਫਸਕੇ ਭੋਲੇ ਪੰਛੀਆਂ ਵਾਂਗ ਛੁਰੀਆਂ ਹੇਠ ਨਾ ਆਉ।
ਜਮਾਨਾ ਤੁਹਾਡਾ ਅਕਾਲੀ ਜਲਾਲ ਵੇਖਣ ਨੂੰ ਅੱਖਾਂ ਵਿਛਾਈ ਬੈਠਾ ਹੈ।ਸਤਿਗੁਰੂ ਨੇ ਜਿਹਨਾਂ ਦੇ ਪੈਰਾਂ ਦੀ ਬੇੜੀ ਕੱਟੀ ਹੈ,ਉਹ ਆਪਣੀ ਸੁਰੱਖਿਆ ਢਾਲ ਨੂੰ ਚਾਵਾਂ,ਮਲ੍ਹਾਰਾਂ ਨਾਲ ਉਡੀਕ ਰਹੇ ਹਨ।ਬੇਗਮਪੁਰਾ ,ਹਲੇਮੀ ਰਾਜ ਦੀਆਂ ਨਉਬਤਾਂ ਦੇ ਸੰਘਾਂ ਵਿਚ ਸੁਰਾਂ ਸੁਕੀਆਂ ਪਈਆਂ ਹਨ।ਆਉ ਸੁਰਜੀਤ ਕਰੀਏ।
ਸਚੇ ਤਖਤ ਦੇ ਸੁਨੇਹੇ ਅਨੁਸਾਰ ਪਹਿਲੇ ਹਲੇ ਨਵਾਂ ਨਰੋਆ ਅਕਾਲੀ ਦਲ ਸਿਰਜੋ ਜੋ ਅਕਾਲ ਦੇ ਜਗਤ ਕਲਿਆਣਕਾਰੀ ਉਪਦੇਸ਼ ਨਾਲ ਇਕਸੁਰ ਹੋਵੋ।ਬੜੀ ਮੁਦਤ ਬਾਅਦ ਅਕਾਲ ਦਾ ਸੁਨੇਹਾ ਅਕਾਲ ਤਖਤ ਤੋਂ ਆਇਆ ਹੈ।ਏਸ ਨੂੰ ਬੰਜਰ ਧਰਤੀ ਉੱਤੇ ਨਾ ਡਿੱਗਣ ਦੇਵੋ।ਆਪਣੇ ਜਰਖੇਜ਼ ਮਨਾਂ ਵਿਚ ਸੰਭਾਲੋ ਤੇ ਦਸ ਪਾਤਸ਼ਾਹੀਆਂ ਦੇ ਕਉਲ ਨੂੰ ਪਾਲੋ,ਜਿਸ ਦਾ ਜਸ ਕਵੀਆਂ,ਉਚੀਆਂ ਹਸਤੀਆਂ ਨੇ ‘ਸਭ ਧਰਤੀ ਕੀਨੀ ਗੁਲਜ਼ਾਰੇ ਆਖਕੇ ਗਾਇਆ ਹੈ।
ਕਬ ਤਕਾਜਾ ਹੈ ਫਕਤੁ ਮੇਰੇ
ਦਿਲੇ ਸ਼ਰਸ਼ਾਰ ਕਾ
ਮੁੰਤਜਿਰ ਹੈ ਇਕ ਜਮਾਨਾ
ਸੁਬਹ ਪੁਰ ਅਨਵਾਰ ਕਾ
ਆ ਰਹਾ ਹੈ ਬਹਾਰੋਂ ਕਾ
ਮੌਸਮ ਕਰੀਬ
ਗੁੰਚਾ ਗੁੰਚਾ ਹਸ ਪੜ੍ਹੇਗਾ
ਜਬ ਮੇਰੀ ਗੁਲਜਾਰ ਕਾ।

Exit mobile version