ਤੂੰ ਕੁਸ਼ਤੀ ਨੂੰ ਅਲਵਿਦਾ
ਕਹਿ ਦਿੱਤਾ ਹੈ-
ਨਮ ਅੱਖਾਂ ਨਾਲ।
ਅੱਖਾਂ ਨਮ ਨਾ ਕਰ।
ਤੂੰ ਜ਼ਿੰਦਗੀ ਦੇ ਘੋਲ ਵਿੱਚ ਪੈਰ ਪੱਕੇ
ਕਰ ਲਏ ਨੇ।
ਜ਼ਿੰਦਗੀ ਦੇ ਘੋਲਾਂ ਦੀ ਕੁਸ਼ਤੀ ਤਾਂ
ਤਾਉਮਰ ਚਲਦੀ ਹੈ।
ਏਥੇ ਉਹ ਮੈਡਲ ਨਹੀਂ ਮਿਲਦੇ
ਜੋ ਡਰਾਇੰਗ-ਰੂਮ ਦਾ
ਸ਼ਿੰਗਾਰ ਬਣਦੇ ਨੇ।
ਲੋਕਾਂ ਦੇਖਿਆ ਹੈ ਕਿ
ਨਵੀਂ ਇਮਾਰਤ
ਉਦਘਾਟਨੀ ਸਮਾਰੋਹ ‘ਤੇ ਹੀ
ਸ਼ਰਮਿੰਦਾ ਹੋ ਰਹੀ ਸੀ।
ਜਦ ਤੇਰੇ ਹੱਥ ਵਿਚਲੇ ਤਿਰੰਗੇ ਨੂੰ
ਦੇਸ਼ ਦੇ ‘ਰਾਖਿਆਂ’ ਵੱਲੋਂ ਪੈਰਾਂ ਥੱਲੇ
ਕੁਚਲਿਆ ਜਾ ਰਿਹਾ ਸੀ।
ਯਾਦ ਰੱਖੀਂ ਧੀਏ!
ਜਿੱਤ ਉਨ੍ਹਾਂ ਲੋਕਾਂ ਦੀ ਨਹੀਂ ਹੁੰਦੀ
ਜੋ ਵੋਟ ਪਰਚੀ ਨਾਲ ਹੋਰਾਂ ਨੂੰ
ਮਾਤ ਪਾ ਦਿੰਦੇ ਨੇ।
ਜਾਂ ਬਾਹੂਬਲ ਨਾਲ ਦਬਾ ਦਿੰਦੇ ਨੇ
ਸੱਚ ਦੀਆਂ ਆਵਾਜ਼ਾਂ ਨੂੰ।
ਕੁਚਲ ਦਿੰਦੇ ਨੇ ਪਰਵਾਜ਼ਾਂ ਨੂੰ।
ਜਿੱਤ ਉਨ੍ਹਾਂ ਲੋਕਾਂ ਦੀ ਹੁੰਦੀ ਹੈ
ਜੋ ਸੰਘਰਸ਼ਾਂ ‘ਚ ਹਾਰ ਨਹੀਂ ਮੰਨਦੇ।
ਬੇਸ਼ਕ ਹਾਰਦੇ ਨੇ
ਪਰ ਉਹ ਕਦੇ ਸਿਰੜ ਨਹੀਂ ਹਾਰਦੇ।
‘ਕੁਸ਼ਤੀ’ ਨੂੰ ਅਲਵਿਦਾ ਆਖਦਿਆਂ
ਤੇਰੀਆਂ ਨਮ ਅੱਖਾਂ ਨਾਲ
ਹੋਰ ਲੱਖਾਂ ਅੱਖਾਂ ਨਮ ਹੋਈਆਂ ਨੇ
ਜੋ ਤੇਰੀ ਜਿੱਤ ਦੀ ‘ਸਾਕਸ਼ੀ’
ਭਰਦੀਆਂ ਨੇ।
ਲੇਖਕ :ਕੁਲਵਿੰਦਰ ਸਿੰਘ ਮਲੋਟ
ਸੰਪਰਕ: 98760-64576