ਔਟਵਾ : ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਕਾਰਜਕਾਲ ਦੀ ਭਰਪੂਰ ਤਾਰੀਫ਼ ਕੀਤੀ ਹੈ। ਬਾਈਡਨ ਨੇ ਕਿਹਾ ਕਿ 2015 ਵਿੱਚ ਟਰੂਡੋ ਦੇ ਸੱਤਾ ਸੰਭਾਲਣ ਤੋਂ ਬਾਅਦ ਦੁਨੀਆ, ਉੱਤਰੀ ਅਮਰੀਕੀ ਮਹਾਂਦੀਪ, ਅਤੇ ਦੋਵਾਂ ਦੇਸ਼ਾਂ ਦਰਮਿਆਨ ਦੇ ਰਿਸ਼ਤਿਆਂ ਵਿੱਚ ਮਹੱਤਵਪੂਰਨ ਸੁਧਾਰ ਹੋਇਆ। ਬਾਈਡਨ ਨੇ ਟਰੂਡੋ ਨੂੰ ਇੱਕ ਕਰੀਬੀ ਦੋਸਤ ਕਰਾਰ ਦਿੰਦਿਆਂ ਕਿਹਾ, “ਅਮਰੀਕਾ ਦਾ ਕੈਨੇਡਾ ਨਾਲੋਂ ਕੋਈ ਵੱਧ ਕਰੀਬੀ ਸਹਿਯੋਗੀ ਨਹੀਂ ਹੈ, ਅਤੇ ਜਸਟਿਨ ਟ੍ਰੂਡੋ ਬਾਰੇ ਵੀ ਇਹੀ ਕਿਹਾ ਜਾ ਸਕਦਾ ਹੈ।” ਬਾਈਡਨ ਨੇ ਦੱਸਿਆ ਕਿ ਰਾਸ਼ਟਰਪਤੀ ਬਣਨ ਤੋਂ ਬਾਅਦ ਟ੍ਰੂਡੋ ਪਹਿਲੇ ਵਿਦੇਸ਼ੀ ਨੇਤਾ ਸਨ, ਜਿਨ੍ਹਾਂ ਨਾਲ ਉਨ੍ਹਾਂ ਨੇ ਗੱਲ ਕੀਤੀ ਸੀ।
ਬਾਈਡਨ ਨੇ ਸੋਮਵਾਰ ਨੂੰ ਟਰੂਡੋ ਦੇ ਅਸਤੀਫ਼ੇ ਦਾ ਐਲਾਨ ਕਰਨ ਤੋਂ ਬਾਅਦ ਉਨ੍ਹਾਂ ਨਾਲ ਫਿਰ ਗੱਲ ਕੀਤੀ ਅਤੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਬਣਾਉਣ ਲਈ ਟਰੂਡੋ ਦੇ ਯੋਗਦਾਨ ਦੀ ਸਰਾਹਨਾ ਕੀਤੀ। ਉਨ੍ਹਾਂ ਕਿਹਾ, “ਅਸੀਂ ਕੋਵਿਡ-19 ਮਹਾਂਮਾਰੀ, ਜਲਵਾਯੂ ਪਰਿਵਰਤਨ ਅਤੇ ਫੈਂਟਾਨਿਲ ਦੀ ਬਿਪਤਾ ਵਰਗੀਆਂ ਮੁਸ਼ਕਲਾਂ ਦਾ ਸਾਮਣਾ ਮਿਲਕੇ ਕੀਤਾ।” ਬਾਈਡਨ ਨੇ ਕਿਹਾ, ” ਟਰੂਡੋ ਨੇ ਆਪਣੇ ਰਣਨੀਤਕ ਦ੍ਰਿਸ਼ਟੀਕੋਣ ਅਤੇ ਵਚਨਬੱਧਤਾ ਨਾਲ ਅਗਵਾਈ ਕੀਤੀ। ਉਨ੍ਹਾਂ ਦੇ ਕਾਰਨ ਅਮਰੀਕਾ-ਕੈਨੇਡਾ ਦੇ ਰਿਸ਼ਤੇ ਮਜ਼ਬੂਤ ਹੋਏ ਹਨ, ਲੋਕਾਂ ਦੀ ਸੁਰੱਖਿਆ ਬਰਕਰਾਰ ਹੈ, ਅਤੇ ਸੰਸਾਰ ਬਿਹਤਰ ਥਾਂ ਹੈ।”
ਦੂਜੇ ਪਾਸੇ, ਸਾਬਕਾ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਟਰੂਡੋ ਦੇ ਅਸਤੀਫ਼ੇ ‘ਤੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਵਿਵਾਦਿਤ ਟਿੱਪਣੀ ਕੀਤੀ। ਟਰੰਪ ਨੇ ਲਿਖਿਆ, “ਕੈਨੇਡਾ ਦੇ ਬਹੁਤ ਸਾਰੇ ਲੋਕ ਚਾਹੁੰਦੇ ਹਨ ਕਿ ਕੈਨੇਡਾ ਅਮਰੀਕਾ ਦਾ 51ਵਾਂ ਸੂਬਾ ਬਣ ਜਾਵੇ। ਅਮਰੀਕਾ ਹੁਣ ਵਪਾਰਕ ਘਾਟੇ ਅਤੇ ਸਬਸਿਡੀਆਂ ਦਾ ਬੋਝ ਨਹੀਂ ਝੇਲ ਸਕਦਾ, ਜਿਸ ਦੀ ਕੈਨੇਡਾ ਨੂੰ ਲੋੜ ਹੈ।” ਉਨ੍ਹਾਂ ਕਿਹਾ, “ਜੇਕਰ ਕੈਨੇਡਾ ਅਮਰੀਕਾ ਦਾ ਹਿੱਸਾ ਬਣ ਜਾਂਦਾ ਹੈ ਤਾਂ ਕੋਈ ਟੈਕਸ ਜਾਂ ਟੈਰਿਫ ਨਹੀਂ ਹੋਣਗੇ, ਟੈਕਸ ਘਟ ਜਾਣਗੇ, ਅਤੇ ਕੈਨੇਡਾ ਰੂਸੀ ਅਤੇ ਚੀਨੀ ਜਹਾਜ਼ਾਂ ਦੇ ਖਤਰੇ ਤੋਂ ਪੂਰੀ ਤਰ੍ਹਾਂ ਸੁਰੱਖਿਅਤ ਹੋਵੇਗਾ। ਇਕੱਠਿਆਂ, ਇਹ ਕਿੰਨਾ ਮਹਾਨ ਰਾਸ਼ਟਰ ਹੋਵੇਗਾ।”
ਟਰੰਪ ਦੀ ਇਸ ਟਿੱਪਣੀ ਨੂੰ ਕੈਨੇਡਾ ਅਤੇ ਅਮਰੀਕਾ ਦੋਵਾਂ ਦੇ ਸਿਆਸੀ ਮਾਹਿਰਾਂ ਵੱਲੋਂ ਵਿਵਾਦਿਤ ਕਰਾਰ ਦਿੱਤਾ ਜਾ ਰਿਹਾ ਹੈ। ਜਦਕਿ ਬਾਈਡਨ ਦੇ ਕਹਿਣਾ ਹੈ ਕਿ ਟਰੂਡੋ ਨੇ ਸਦਾ ਸਹਿਯੋਗ ਅਤੇ ਦੋਸਤੀ ਨੂੰ ਪਹਿਲ ਦਿੱਤੀ, ਟਰੰਪ ਦੀ ਟਿੱਪਣੀ ਨੇ ਨਵੀਂ ਚਰਚਾ ਨੂੰ ਜਨਮ ਦੇ ਦਿੱਤਾ ਹੈ। ਇਹ ਸਪਸ਼ਟ ਹੈ ਕਿ ਟਰੂਡੋ ਦਾ ਅਸਤੀਫ਼ਾ ਕੈਨੇਡਾ ਅਤੇ ਅਮਰੀਕਾ ਦੋਵਾਂ ਦੇ ਰਾਜਨੀਤਿਕ ਮੰਚਾਂ ‘ਤੇ ਇੱਕ ਮੁੱਖ ਮਾਮਲਾ ਬਣ ਚੁੱਕਾ ਹੈ।